ਅੰਤਰਰਾਸ਼ਟਰੀ ਪਰਵਾਸ ਦਿਵਸ ਸਾਨੂੰ ਸੰਸਾਰ ਵਿੱਚ ਲੱਖਾਂ ਪਰਵਾਸੀਆਂ ਦੇ ਅਣਮੁੱਲੇ ਯੋਗਦਾਨ ਬਾਰੇ ਚਾਨਣਾ ਪਾਉਂਦਾ ਹੈ। ਇਸ ਦਿਵਸ ਬਾਰੇ ਜਾਨਣ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਮਾਈਗ੍ਰੇਸ਼ਨ ਏਜੰਸੀ ਦੀ ਪਰਵਾਸੀ ਦੀ ਪਰਿਭਾਸ਼ਾ ਦੇਖ ਲਈਏ। ਇਸ ਪਰਿਭਾਸ਼ਾ ਅਨੁਸਾਰ ਪਰਵਾਸੀ ਇੱਕ ਅਜਿਹਾ ਵਿਅਕਤੀ ਹੈ ਜਿਹੜਾ ਆਪਣੀ ਰਿਹਾਇਸ਼ ਛੱਡ ਕੇ ਅੰਤਰਰਾਸ਼ਟਰੀ ਬਾਰਡਰ ਪਾਰ ਕਰ ਕੇ ਜਾਂ ਆਪਣੇ ਦੇਸ਼ ਵਿੱਚ ਹੀ ਕਿਸੇ ਦੂਸਰੇ ਸੂਬੇ ਵਿੱਚ ਜਾਂਦਾ ਹੈ — ੧. ਉਸਦੀ ਕਾਨੂੰਨੀ ਸਥਿਤੀ ਕੋਈ ਵੀ ਹੋਵੇ ੨. ਭਾਵੇ ਉਸਦਾ ਪਰਵਾਸ ਇੱਛਤ ਹੋਵੇ ਜਾਂ ਅਣਇੱਛਤ ੩.ਪਰਵਾਸ ਦੇ ਕਾਰਨ ਕੁਝ ਵੀ ਹੋਣ ੪ ਉਸਦੀ ਠਹਿਰ ਜਿੰਨੇ ਮਰਜ਼ੀ ਸਮੇਂ ਦੀ ਹੋਵੇ।
ਅੰਤਰਰਾਸ਼ਟਰੀ ਪਰਵਾਸ ਦਿਵਸ ਵੱਧ ਰਹੇ ਗੁੰਝਲਦਾਰ ਢਾਂਚੇ ਬਾਰੇ ਵਿਚਾਰ ਕਰਨ ਦਾ ਦਿਨ ਵੀ ਹੈ ਜਿਸ ਦਾ ਅਸਰ ਪਰਵਾਸ ਵਿੱਚ ਨਿਕਲਦਾ ਹੈ। ਵਿਵਾਦ, ਵਾਤਾਵਰਣ ਨਾਲ ਸੰਬੰਧਿਤ ਸੰਕਟ, ਆਰਥਿਕ ਦਬਾਅ ਲੱਖਾਂ ਲੋਕਾਂ ਨੂੰ ਚੰਗੇ ਮੌਕਿਆਂ ਦੀ ਭਾਲ ਵਿਚ ਅਤੇ ਸੁਰੱਖਿਆ ਲਈ ਪਰਵਾਸੀ ਬਣਾਉਂਦਾ ਹੈ। ਪਿਛਲੇ ਸਾਲਾਂ ਵਿੱਚ ਅਸੀਂ ਰਿਕਾਰਡ ਤੋੜ ਪਰਵਾਸ ਦੇਖਿਆ ਹੈ ਅਤੇ ਬਹੁਤ ਸਾਰੇ ਯਾਤਰੀਆਂ ਦੀ ਪਰਵਾਸ ਦੌਰਾਨ ਮੌਤ ਵੀ ਹੋਈ ਹੈ। ਇਹਨਾਂ ਸੰਕਟਾਂ ਦੇ ਬਾਵਜੂਦ ਸ਼ਾਂਤੀ, ਤਰੱਕੀ ਅਤੇ ਚੰਗੀ ਉਮੀਦ ਦੀਆਂ ਕਹਾਣੀਆਂ ਵੀ ਹਨ। ਸੁਰੱਖਿਅਤ ਅਤੇ ਵਧੀਆ ਪ੍ਰਬੰਧਿਤ ਪਰਵਾਸ ਅਸਧਾਰਨ ਯੋਗਤਾ ਮੰਗਦਾ ਹੈ। ਇਹ ਪਰਵਾਸੀ ਮਜਦੂਰ ਮੰਡੀਆਂ ਵਿੱਚ, ਹੁਨਰਮੰਦ ਕਾਮਿਆਂ ਦੀ ਖਾਲੀ ਥਾਂ ਭਰਨ ਵਿੱਚ, ਨਵੀਆਂ ਖੋਜਾਂ ਵਿਚ ਅਤੇ ਉਦੱਮਾਂ ਵਿੱਚ ਵੀ ਮਹੱਤਵਪੂਰਨ ਯੋਗਦਾਨ ਰੱਖਦੇ ਹਨ। ਇਹ ਆਪਣੇ ਪਰਿਵਾਰਾਂ ਅਤੇ ਆਪਣੇ ਸਮੁਦਾਇ ਦੇ ਆਰਥਿਕ ਵਿਕਾਸ ਵਿੱਚ ਸਹਾਈ ਹੁੰਦੇ ਹਨ। ਸਾਂਝੇ ਯਤਨਾਂ ਨਾਲ ਇੱਕ ਦਿਨ ਅਸੀਂ ਅਜਿਹਾ ਸੰਸਾਰ ਬਣਾਉਣ ਵਿੱਚ ਕਾਮਯਾਬ ਹੋ ਸਕਦੇ ਹਾਂ ਜਿੱਥੇ ਪਰਵਾਸ ਸੁਰੱਖਿਅਤ ਅਤੇ ਲਾਭਦਾਇਕ ਹੋਵੇਗਾ ਅਤੇ ਪਰਵਾਸੀਆਂ ਦੇ ਸਾਰੇ ਹੱਕਾਂ ਦੀ ਰਾਖੀ ਵੀ ਹੋ ਸਕੇਗੀ।
ਅੰਤਰਰਾਸ਼ਟਰੀ ਪਰਵਾਸ ਦਿਵਸ ਹਰ ਸਾਲ 18 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਹਮੇਸ਼ਾ ਪਰਵਾਸੀਆਂ ਦੇ ਯੋਗਦਾਨ ਨੂੰ ਉਜਾਗਰ ਕਰਨ ,ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਅਤੇ ਸੁਰੱਖਿਅਤ ਵਿਵਸਥਿਤ ਅਤੇ ਨਿਯਮਤ ਪਰਵਾਸ ਨੂੰ ਉਤਸ਼ਾਹਿਤ ਕਰਨ ਤੇ ਕੇਂਦਰਿਤ ਹੁੰਦਾ ਹੈ।
ਇਸ ਦਿਵਸ ਦਾ ਇਤਿਹਾਸ :- 18 ਦਸੰਬਰ 1990 ਨੂੰ ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਸਾਰੇ ਪਰਵਾਸੀ ਮਜ਼ਦੂਰਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਅਧਿਕਾਰਾਂ ਦੀ ਸੁਰੱਖਿਆ ਬਾਰੇ ਅੰਤਰਰਾਸ਼ਟਰੀ ਕਨਵੈਨਸ਼ਨ ਨੂੰ ਅਪਣਾਇਆ ਸੀ। ਇਹ ਇੱਕ ਬਹੁਤ ਹੀ ਮਹੱਤਵਪੂਰਨ ਮੀਲ ਪੱਥਰ ਸੀ। ਦੁਨੀਆਂ ਵਿੱਚ ਪਰਵਾਸੀਆਂ ਦੀ ਵੱਧ ਰਹੀ ਗਿਣਤੀ ਅਤੇ ਉਹਨਾਂ ਦੇ ਮਹੱਤਵ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਮਹਾਂ ਸਭ ਨੇ 4 ਦਸੰਬਰ 2000 ਦੇ ਮਤੇ ਰਾਹੀਂ ਹਰ ਸਾਲ 18 ਦਸੰਬਰ ਦਾ ਦਿਨ ਅੰਤਰਰਾਸ਼ਟਰੀ ਪਰਵਾਸ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ।
ਮਹੱਤਵ :- ਇਸ ਦਿਨ ਦੇ ਮਹੱਤਵ ਹੇਠ ਲਿਖੇ ਹਨ
ਪਰਵਾਸੀਆਂ ਦੇ ਯੋਗਦਾਨ ਨੂੰ ਮਾਨਤਾ :- ਇਹ ਦਿਨ ਦੁਨੀਆਂ ਭਰ ਦੇ ਪਰਵਾਸੀਆਂ ਦੁਆਰਾ ਮੇਜ਼ਬਾਨ ਅਤੇ ਆਪਣੇ ਮੂਲ ਦੇਸ਼ਾਂ ਦੀ ਆਰਥਿਕਤਾ, ਸੱਭਿਆਚਾਰ ਅਤੇ ਸਮਾਜ ਵਿੱਚ ਪਾਏ ਗਏ ਅਨਮੋਲ ਯੋਗਦਾਨ ਨੂੰ ਉਜਾਗਰ ਕਰਦਾ ਹੈ।
ਅਧਿਕਾਰਾਂ ਦੀ ਸੁਰੱਖਿਆ :- ਇਸ ਦਾ ਮੁੱਖ ਮਕਸਦ ਪਰਵਾਸੀਆਂ ਖਾਸ ਕਰਕੇ ਪਰਵਾਸੀ ਮਜ਼ਦੂਰਾਂ ਦੇ ਮਨੁੱਖੀ ਅਧਿਕਾਰਾਂ ਅਤੇ ਬੁਨਿਆਦੀ ਆਜਾਦੀਆਂ ਦੀ ਰੱਖਿਆ ਤੇ ਜੋਰ ਦੇਣਾ ਹੈ ਜਿਹਨਾਂ ਨੂੰ ਅਕਸਰ ਵਿਤਕਰੇ ਅਤੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਜਾਗਰੂਕਤਾ :- ਇਹ ਪਰਵਾਸ ਨਾਲ ਜੁੜੇ ਚੁਣੌਤੀਆਂ ਅਤੇ ਮੌਕਿਆਂ ਬਾਰੇ ਜਾਗਰੂਕਤਾ ਵਧਾਉਂਦਾ ਹੈ ਜਿਵੇਂ ਕਿ ਅਸੁਰੱਖਿਅਤ ਯਾਤਰਾ, ਮਨੁੱਖੀ ਤਸਕਰੀ ਅਤੇ ਏਕੀਕਰਨ ਦੇ ਮੁੱਦੇ ।
ਸਹਿਯੋਗ ਨੂੰ ਉਤਸ਼ਾਹਿਤ ਕਰਨਾ:- ਇਹ ਰਾਸ਼ਟਰਾਂ ਦਰਮਿਆਨ ਸੁਰੱਖਿਅਤ, ਵਿਵਸਥਿਤ ਅਤੇ ਨਿਯਮਤ ਪਰਵਾਸ ਲਈ ਆਪਸੀ ਸਹਿਯੋਗ ਅਤੇ ਨੀਤੀਆਂ ਬਣਾਉਣ ਦੀ ਲੋੜ ਤੇ ਜੋਰ ਦਿੰਦਾ ਹੈ।
ਅੰਤਰਰਾਸ਼ਟਰੀ ਪਰਵਾਸ ਦਿਵਸ 2025 ਦਾ ਥੀਮ :- ਸੰਯੁਕਤ ਰਾਸ਼ਟਰ ਹਰ ਸਾਲ ਇੱਕ ਥੀਮ ਦਿੰਦਾ ਹੈ। ਸਾਰੀਆਂ ਗਤੀਵਿਧੀਆਂ ਇਸ ਥੀਮ ਤੇ ਕੇਂਦਰਿਤ ਹੋ ਕੇ ਚੱਲਦੀਆਂ ਹਨ। 2025 ਦਾ ਇਸ ਦਿਵਸ ਦਾ ਥੀਮ ਹੈ -
“ਪਰਵਾਸੀਆਂ ਦੇ ਯੋਗਦਾਨ ਦਾ ਅਤੇ ਉਹਨਾਂ ਦੇ ਅਧਿਕਾਰਾਂ ਦਾ ਸਨਮਾਨ”:- ਇਸ ਵਿਸ਼ੇ ਅੰਦਰ ਸ਼ਮੂਲੀਅਤ, ਹਮਦਰਦੀ, ਅਤੇ ਪਰਵਾਸੀ ਅਨੁਭਵਾਂ ਦੀ ਸਮਝ ਵਰਗੇ ਉੱਪ ਵਿਸ਼ੇ ਸ਼ਾਮਿਲ ਹਨ। ਇਸ ਦਾ ਉਦੇਸ਼ ਸਮਾਜਿਕ ਏਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਪਰਵਾਸੀਆਂ ਖਿਲਾਫ ਭੇਦਭਾਵ ਦਾ ਵਿਰੋਧ ਕਰਨਾ ਹੈ। ਕੇਂਦਰੀ ਧਿਆਨ ਇਸ ਗੱਲ ਉੱਤੇ ਵੀ ਹੈ ਕਿ ਪਰਵਾਸੀਆਂ ਦੇ ਸਮਾਜ ਤੇ ਪਾਏ ਗਏ ਸਕਾਰਾਤਮਕ ਪ੍ਰਭਾਵਾਂ ਨੂੰ ਉਜਾਗਰ ਕੀਤਾ ਜਾਵੇ ਅਤੇ ਨਾਲ ਹੀ ਉਹਨਾਂ ਦੇ ਅਧਿਕਾਰਾਂ ਅਤੇ ਚੁਣੌਤੀਆਂ ਜਿਵੇਂ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਦੀ ਵੀ ਚਰਚਾ ਕੀਤੀ ਜਾਵੇ।
ਅੰਤਰਰਾਸ਼ਟਰੀ ਪਰਵਾਸ ਦਿਵਸ ਮਨਾਏ ਜਾਣ ਦੇ ਤਰੀਕੇ :- ਇਸ ਦਿਵਸ ਨੂੰ ਸੰਸਾਰ ਭਰ ਵਿੱਚ ਵੱਖ ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ।
ਸਰਕਾਰੀ ਪ੍ਰੋਗਰਾਮ :- ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਪਰਵਾਸ ਸੰਗਠਨ ਸਮੇਤ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਸੈਮੀਨਾਰ, ਕਾਨਫਰੰਸਾਂ ਅਤੇ ਪੈਨਲ ਚਰਚਾਵਾਂ ਆਯੋਜਿਤ ਕਰਦਿਆਂ ਹਨ। ਇਸ ਦਿਨ ਪਰਵਾਸੀਆਂ ਦੇ ਹੱਕਾਂ ਦੀ ਰੱਖਿਆ ਲਈ ਨਵੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਂਦਾ ਹੈ।
ਜਾਗਰੂਕਤਾ ਮੁਹਿੰਮਾਂ :- ਸੋਸ਼ਲ ਮੀਡੀਆ, ਮੀਡੀਆ ਅਤੇ ਵਿਦਿਅਕ ਸੰਸਥਾਵਾਂ ਰਾਹੀਂ ਪਰਵਾਸੀਆਂ ਦੀਆਂ ਕਹਾਣੀਆਂ, ਸਭਿਆਚਾਰਕ ਯੋਗਦਾਨਾਂ ਅਤੇ ਮਨੁੱਖੀ ਅਧਿਕਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ।
ਸੱਭਿਆਚਾਰਕ ਸਮਾਗਮ :- ਪਰਵਾਸੀ ਭਾਈਚਾਰਿਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ, ਕਲਾ ਪ੍ਰਦਰਸ਼ਨੀਆਂ, ਭੋਜਨ ਮੇਲੇ ਅਤੇ ਸੰਗੀਤ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ ਜੋ ਵੱਖ ਵੱਖ ਸਭਿਆਚਾਰਾਂ ਦੇ ਮੇਲ-ਜੋਲ ਨੂੰ ਦਰਸਾਉਂਦੇ ਹਨ।
ਪਰਵਾਸੀਆਂ ਦੇ ਤਜਰਬਿਆਂ ਤੇ ਆਧਾਰਿਤ ਫ਼ਿਲਮਾਂ ਜਾਂ ਦਸਤਾਵੇਜ਼ੀ ਫ਼ਿਲਮਾਂ ਦੀ ਸਕਰੀਨਿੰਗ ਕੀਤੀ ਜਾਂਦੀ ਹੈ।
ਸਥਾਨਕ ਕਮਿਊਨਿਟੀ ਦੀ ਸ਼ਮੂਲੀਅਤ :- ਸਕੂਲਾਂ ਕਾਲਜਾਂ ਵਿੱਚ ਪਰਵਾਸੀਆਂ ਦੀ ਸਹਾਇਤਾ ਨਾਲ ਸੰਬੰਧਿਤ ਵਿਸ਼ਿਆਂ ਤੇ ਮੁਕਾਬਲੇ ਜਾਂ ਭਾਸ਼ਨ ਕਰਵਾਏ ਜਾਂਦੇ ਹਨ। ਸਥਾਨਕ ਸਵੈ ਸੇਵੀ ਸੰਸਥਾਵਾਂ ਪਰਵਾਸੀਆਂ ਦੀ ਸਹਾਇਤਾ ਲਈ ਫੰਡ ਇਕੱਠਾ ਕਰਨ ਜਾਂ ਹੋਰ ਗਤੀਵਿਧੀਆਂ ਦਾ ਆਯੋਜਨ ਕਰਦੀਆਂ ਹਨ।
ਸੰਖੇਪ ਵਿੱਚ ਇਹ ਦਿਨ ਪਰਵਾਸੀਆਂ ਦੀ ਲਚਕਤਾ ਹਿੰਮਤ ਅਤੇ ਉਹਨਾਂ ਦੇ ਸਕਾਰਾਤਮਕ ਪ੍ਰਭਾਵ ਨੂੰ ਸਵੀਕਾਰ ਕਰਨ ਅਤੇ ਉਹਨਾਂ ਦੇ ਅਧਿਕਾਰਾਂ ਦੀ ਹਮਾਇਤ ਕਰਨ ਲਈ ਇਕ ਵਿਸ਼ਵਵਿਆਪੀ ਮੌਕਾ ਪ੍ਰਦਾਨ ਕਰਦਾ ਹੈ।
