ਸ਼ਾਇਦ ਕੁਦਰਤ ਦਾ ਸਭ ਤੋਂ ਗੁੰਝਲਦਾਰ ਜੀਵ ਹੈ ਇਨਸਾਨ । ਇਸ ਦੇ ਬੋਲਾਂ ਅਤੇ ਕਰਮ ਤੋਂ ਅਕਸਰ ਇਸਦੇ ਮਨ ਵਿਚਲੇ ਭਾਵਾਂ ਅਤੇ ਸੋਚਾਂ ਬਾਰੇ ਪੂਰਾ ਪਤਾ ਨਹੀਂ ਚੱਲਦਾ। ਜਿਵੇਂ ਕਿਸ਼ਤੀ ਦਾ ਵਧੇਰੇ ਹਿੱਸਾ ਪਾਣੀ ਵਿੱਚ ਡੁੱਬਿਆ ਹੁੰਦਾ ਹੈ ਅਤੇ ਥੋੜ੍ਹਾ ਦਿਖਾਈ ਦਿੰਦਾ ਹੈ, ਇਸੇ ਤਰਾਂ ਮਨੁੱਖ ਦੇ ਅਚੇਤ ਮਨ ਵਿੱਚ ਜੋ ਬਹੁਤ ਕੁਝ ਛੁਪਿਆ ਹੁੰਦਾ ਹੈ, ਅਸਲ ਵਿੱਚ ਓਹੀ ਸੰਚਾਲਕ ਸ਼ਕਤੀ ਹੁੰਦੀ ਹੈ। ਸਮਾਜ ਅਤੇ ਕਾਨੂੰਨ ਦਾ ਦਬਾਅ ਉਸਨੂੰ ਬਾਹਰ ਨਹੀਂ ਆਉਣ ਦਿੰਦਾ ਅਤੇ ਅੰਦਰੇ ਅੰਦਰ ਉਹ ਲਾਵਾ ਹੋਰ ਤੀਬਰ ਹੋਈ ਜਾਂਦਾ ਹੈ। ਅਤੇ ਕਦੇ ਕਦੇ ਅਚਨਚੇਤ ਹਲਕਾ ਜਿਹਾ ਨਿਕਾਸ ਮਿਲਣ ਤੇ ਜਾਂ ਕਈ ਵਾਰ ਆਪਣੇ ਹੀ ਦਬਾਅ ਨੂੰ ਨਾ ਝੱਲਦਾ ਹੋਇਆ ਜਦੋਂ ਬਾਹਰ ਆਉਂਦਾ ਹੈ, ਤਾਂ ਸਮਾਜ ਹੈਰਾਨ ਹੁੰਦਾ ਹੈ ਕਿਉਂਕਿ ਉਸਨੇ ਇਸਦਾ ਇਹ ਰੂਪ ਨਹੀਂ ਸੋਚਿਆ ਹੁੰਦਾ। ਇਹ ਹਰ ਮਨੁੱਖ ਨਾਲ ਵਾਪਰਦੀ ਕਿਰਿਆ ਹੈ ,ਕਿਤੇ ਇਸਦੀ ਮਾਤਰਾ ਥੋੜ੍ਹੀ ਹੈ ਅਤੇ ਕਿਤੇ ਜ਼ਿਆਦਾ। ਇੱਕ ਲੇਖਕ ਸੂਖਮ ਬਿਰਤੀ ਦਾ ਮਾਲਕ ਹੁੰਦਾ ਹੈ ਅਤੇ ਉਸਦੀ ਤੀਖਣ ਦ੍ਰਿਸ਼ਟੀ ਉਹ ਕੁਝ ਵੀ ਦੇਖ ਲੈਂਦੀ ਹੈ ਜਿਹੜੀ ਇੱਕ ਸਧਾਰਨ ਇਨਸਾਨ ਨਹੀਂ ਦੇਖ ਸਕਦਾ। ਲੇਖਕ ਨੇ ਸਮਾਜ ਨੂੰ ਇੱਕ ਸੇਧ ਵੀ ਦੇਣੀ ਹੁੰਦੀ ਹੈ, ਇਸਲਈ ਉਹ ਆਪਣੀ ਕਲਪਨਾ ਰਾਹੀਂ ਖੂਬਸੂਰਤ ਸ਼ਬਦਾਂ ਵਿੱਚ ਅਜਿਹਾ ਬਿਰਤਾਂਤ ਸਿਰਜਦਾ ਹੈ ਜਿਹੜਾ ਇੱਕ ਪਾਸੇ ਤਾਂ ਕੁਝ ਗੁੱਝੇ ਭੇਦ ਖੋਲ੍ਹਦਾ ਹੈ, ਦੂਜੇ ਪਾਸੇ ਸਮਾਜ ਨੂੰ ਇਸਦੇ ਜਖਮ ਦਿਖਾ ਕੇ ਉਹਨਾਂ ਨੂੰ ਠੀਕ ਕਰਨ ਲਈ ਵੀ ਆਖਦਾ ਹੈ।ਕਹਾਣੀ ਸੰਗ੍ਰਹਿ ਸ਼ਾਇਦ ਮੈਨੂੰ ਪਛਾਣ ਲੈਣ ਇਸਤਰਾਂ ਦੀ ਹੀ ਸਫਲ ਕੋਸ਼ਿਸ਼ ਹੈ। ਜਿਹੜੀ ਇੱਕ ਤਰਲ ਤਬੀਅਤ ਦੇ ਮਾਲਕ ਰਵਿੰਦਰ ਰੁਪਾਲ ਦੇ ਗਿਆਨ ,ਤਜਰਬੇ, ਅਤੇ ਉਸਦੀ ਸਮਾਜ ਪ੍ਰਤੀ ਸੁਲਝੀ ਹੋਈ ਤੀਖਣ ਬੁੱਧੀ ਦੇ ਸੰਗਮ ਦਾ ਨਤੀਜਾ ਹੈ।
ਪੁਸਤਕ ਦੀਆਂ ਕਹਾਣੀਆਂ ਵਿੱਚ ਮੁੱਖ ਵਿਸ਼ਾ ਮਰਦ ਅਤੇ ਔਰਤ ਅੰਦਰ ਛੁਪੀ ਹੋਈ ਕਾਮ ਬਿਰਤੀ ਹੈ। ਪ੍ਰਸਿੱਧ ਮਨੋਵਿਗਿਆਨਕ ਸਿਗਮੰਡ ਫਰਾਇਡ ਅਨੁਸਾਰ ਇਹ ਬਿਰਤੀ ਹੀ ਸਾਰੀਆਂ ਮਨੁੱਖੀ ਕਿਰਿਆਵਾਂ ਦਾ ਮੂਲ ਹੈ। ਸਾਡੇ ਸਮਾਜ ਵਿੱਚ ਕਾਮ ਇੱਕ ਵਰਜਿਤ ਵਿਸ਼ਾ ਹੈ। ਵਿਆਹੇ ਹੋਏ ਮਰਦ ਔਰਤ ਇਥੋਂ ਤੱਕ ਕਿ ਪਤੀ ਪਤਨੀ ਵੀ ਇਸ ਤੇ ਖੁੱਲ੍ਹ ਕੇ ਵਿਚਾਰ ਨਹੀਂ ਕਰਦੇ। ਜਿਸ ਨਾਲ ਬਹੁਤ ਸਾਰੀ ਨਾਸਮਝੀ ਅਤੇ ਕੁਝ ਅਣਖੋਲ੍ਹੀਆਂ ਗੁੰਝਲਾਂ ਰਹਿ ਜਾਂਦੀਆਂ ਹਨ ਜਿਹੜੀਆਂ ਅੱਗੇ ਚੱਲ ਕੇ ਸੰਬੰਧਿਤ ਵਿਅਕਤੀ ਜਾਂ ਉਸ ਨਾਲ ਜੁੜੇ ਰਿਸ਼ਤਿਆਂ ਨੂੰ ਹੀ ਨਹੀਂ, ਸਗੋਂ ਸਮਾਜ ਨੂੰ ਵੀ ਇੱਕ ਵੱਡਾ ਝਟਕਾ ਦਿੰਦੀਆਂ ਹਨ। ਕਿਉ ਇਸ ਬਿਰਤੀ ਦੀ ਠੀਕ ਅਤੇ ਸੰਤੁਲਿਤ ਪੂਰਤੀ ਨਹੀਂ ਹੁੰਦੀ ?? ਕਿੱਥੇ ਘਾਟ ਰਹਿ ਜਾਂਦੀ ਹੈ? ਨਿਤ ਵਧਦੇ ਬਲਾਤਕਾਰ ਵੀ ਸਮਾਜ ਦੇ ਦਾਨਿਸ਼ਵਰਾਂ ਨੂੰ ਇਸਦਾ ਹੱਲ ਸੋਚਣ ਲਈ ਮਜਬੂਰ ਕਿਉ ਨਹੀ ਕਰਦੇ ?? ਸਰਕਾਰਾਂ ਅਤੇ ਸਮਾਜ ਇਸਦੀ ਠੀਕ ਸਿੱਖਿਆ ਕਿਉ ਨਹੀ ਦੇ ਰਹੇ ?? ਅਜਿਹੇ ਸੈਂਕੜੇ ਸਵਾਲ ਇਹ ਕਹਾਣੀਆਂ ਛੱਡ ਜਾਂਦੀਆਂ ਹਨ। ਅਤੇ ਸੰਜੀਦਾ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ।
ਭਾਰਤੀ ਸਮਾਜ ਵਿੱਚ ਔਰਤ ਦੀ ਵਿਆਹ ਵਿਚ ਕੋਈ ਆਪਣੀ ਮਰਜੀ ਨਹੀਂ ਹੁੰਦੀ। ਮਾਪਿਆਂ ਨੇ ਆਪਣੇ ਮਾਪਦੰਡ ਦੇਖ ਕੇ ਜਿੱਥੇ ਲੜਕੀ ਤੋਰ ਦਿੱਤੀ ,ਉਸਨੂੰ ਮਜਬੂਰਨ ਉੱਥੇ ਹੀ ਜਾਣਾ ਪੈਂਦਾ ਹੈ । “ਉਦੋਂ ਮੈਨੂੰ ਹੀ ਸਮਝ ਲੈਣਾ”, “ਅੰਤਿਕਾ ਖਾਲੀ”, “ਨਖੱਟੂ”, “ਲੇਡੀਜ਼ ਬਾਥਰੂਮ” ਕਹਾਣੀਆਂ ਦੀਆਂ ਨਾਇਕਾਵਾਂ ਆਪੋ ਆਪਣੇ ਪਤੀਆਂ ਤੋਂ ਸੰਤੁਸ਼ਟ ਨਹੀਂ ਹਨ। ਜਿੱਥੇ ਹਰਜੀਤ ਰੁੱਸ ਕੇ ਪੇਕੇ ਚਲੀ ਜਾਂਦੀ ਹੈ, ਨਖੱਟੂ ਦੀ ਨਾਇਕਾ ਸਰੀਰ ਵੇਚਣ ਅਤੇ ਮਾਇਆ ਲਈ ਹੋਰਾਂ ਨੂੰ ਵੀ ਇਸ ਪਾਸੇ ਤੋਰਨ ਦਾ ਗਲਤ ਰਾਹ ਚੁਣਦੀ ਹੈ, ਪਰ “ਲੇਡੀਜ਼ ਬਾਥਰੂਮ” ਦੀ ਨਾਇਕਾ ਪਤੀ ਦੇ ਚੰਗੇ ਸੁਭਾਅ ਕਾਰਨ ਉਸਦੀ ਨਾਮਰਦੀ ਤੋਂ ਮਿਲਦੀ ਤੜਪ ਨੂੰ ਅੰਦਰ ਹੀ ਅੰਦਰ ਪੀਂਦੀ ਰਹਿੰਦੀ ਹੈ । ਅਖੀਰ ਤੇ ਉਸਦੀ ਤੜਪ ਆਪ ਮੁਹਾਰੇ ਬਾਹਰ ਨਿਕਲਦੀ ਹੈ, ਜਦੋਂ ਉਹ ਆਪਣੇ ਪਤੀ ਨੂੰ ਲੇਡੀਜ਼ ਬਾਥਰੂਮ ਵਿਚੋਂ ਬਾਹਰ ਨਿਕਲਦੇ ਦੇਖ ਕਹਿ ਉੱਠਦੀ ਹੈ ,”ਸਹੀ ਜਗ੍ਹਾ ਤੋੰ ਹੀ ਤਾਂ ਨਿਕਲ ਰਹੇ ਨੇ।” ਪਰ ਉਸਦੀ ਇਹ ਫੂਸਫੁਸਾਹਟ ਉਸਤੇ ਮਾਨਸਿਕ ਬੋਝ ਬਣਦੀ ਹੈ ਜਿਸ ਕਾਰਨ ਉਹ ਬੇਹੋਸ਼ ਹੋ ਕੇ ਡਿੱਗਦੀ ਹੈ। “ਬਿੰਦੀਆ ਚਮਕੇਗੀ” ਕਹਾਣੀ ਦੀ ਨੂੰਹ ਦਾ ਆੜ੍ਹਤੀਏ ਨਾਲ ਨਿਕਲਣਾ ਵੀ ਸਿਰਫ ਮਾਇਆਵੀ ਚਕਾਚੌਂਧ ਲਈ ਹੀ ਨਹੀਂ, ਸਗੋਂ ਉਸਦੇ ਪਤੀ ਦਾ ਸਿਰਫ ਕੰਮ ਵਿੱਚ ਰੁੱਝਿਆ ਹੋਣਾ ਅਤੇ ਪਤਨੀ ਨੂੰ ਪਿਆਰ ਨਾ ਦੇ ਸਕਣ ਕਾਰਨ ਵਾਪਰਦਾ ਹੈ।
ਮਰਦ ਦੀ ਕਾਮ ਬਿਰਤੀ ਐਨੀ ਭਾਰੂ ਹੋ ਜਾਂਦੀ ਹੈ ਕਿ ਉਹ ਰਿਸ਼ਤਿਆਂ ਦੀ ਅਤੇ ਸੰਬੰਧਾਂ ਦੀ ਮਾਣ ਮਰਿਆਦਾ ਵੀ ਉਲੰਘ ਜਾਂਦਾ ਹੈ। “ਕਾਲਾ ਦੁੱਧ” ਕਹਾਣੀ ਵਿੱਚ ਸਹੁਰੇ ਦਾ ਆਪਣੀ ਨੂੰਹ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਅਤੇ “ਤਿਲਕਦਾ ਅੜ੍ਹਕਦਾ ਹੱਥ” ਕਹਾਣੀ ਦੇ ਸੁੰਦਰ ਲਾਲ ਵੱਲੋਂ ਆਪਣੇ ਮਿਰਤਕ ਕੁਲੀਗ ਦੀ ਜਵਾਨ ਬੇਟੀ ਨੂੰ ਨੌਕਰੀ ਦਿਵਾਉਣ ਦੇ ਝਾਂਸੇ ਵਿੱਚ ਉਸਨਾਲ ਛੇੜ ਛਾੜ ਰਾਹੀਂ ਪ੍ਰਤੱਖ ਹੈ।
ਜਿੱਥੇ ਪਰਿਵਾਰ ਅਤੇ ਸਮਾਜ ਇਕ ਔਰਤ ਤੋਂ ਬੱਚੇ ਬਲਕਿ ਮੁੰਡੇ ਦੀ ਉਮੀਦ ਰੱਖਦੇ ਹਨ ਅਤੇ ਸਿਰਫ ਬੇਔਲਾਦ ਹੋਣ ਤੇ ਹੀ ਉਸਨੂੰ ਦੋਸ਼ੀ ਨਹੀਂ ਸਮਝਦੇ, ਸਗੋਂ ਵਿਗਿਆਨਕ ਸੱਚ ਤੋਂ ਉਲਟ ,ਪੁੱਤਰ ਨਾ ਹੋਣ ਦਾ ਕਾਰਨ ਵੀ ਔਰਤ ਨੂੰ ਸਮਝਕੇ ਉਸਨੂੰ ਤਾਹਨੇ ਮਿਹਣੇ ਮਾਰੇ ਜਾਂਦੇ ਹਨ, ਉੱਥੇ, ਕੁਝ ਇਸ ਸਮਾਜਿਕ ਆਸ ਕਾਰਨ ਅਤੇ ਕੁਝ ਆਪਣੀ ਸਰੀਰਕ ਅਤੇ ਮਾਨਸਿਕ ਤ੍ਰਿਪਤੀ ਲਈ ਉਹ ਖੁਦ ਵੀ ਬੱਚੇ ਨੂੰ ਜਨਮ ਦੇ ਕੇ ਹੀ ਸੰਪੂਰਨ ਹੋਣਾ ਲੋਚਦੀ ਹੈ। “ਲਾੜੀ” ਦੀ ਨਾਇਕਾ ਅਤੇ ਉਸਦੇ ਪਤੀ ਦੇ ਸਰੀਰਕ ਤੌਰ ਤੇ ਠੀਕ ਹੋਣ ਦੇ ਬਾਵਜੂਦ 20 ਸਾਲ ਤੱਕ ਬੱਚਾ ਨਾ ਹੋ ਸਕਣ ਦਾ ਦਰਦ ਝੱਲਦੀ ਹੈ, ਪਰ ਉਸਦੇ ਪਤੀ ਦੀ ਮੌਤ ਦੇ ਕੁਝ ਦਿਨਾਂ ਬਾਅਦ ਹੀ ਆਪਣੀ ਉਸ ਬਿਰਤੀ ਨੂੰ ਮੁੜ ਜਗਾ ਲੈਂਦੀ ਹੈ ਅਤੇ “…ਆਪਣੇ ਵਿਆਹ ਦੇ ਵਿਚ ਨੱਚਦੀ ਫਿਰਾਂ” ਨਾਲ ਪੁਨਰ ਵਿਆਹ ਕਰਵਾਉਣ ਦਾ ਸੁਪਨਾ ਦੇਖਦੀ ਹੈ। ਇਸੇ ਤਰਾਂ ਭੁੱਬਲ ਦੀ ਅੱਗ ਕਹਾਣੀ ਵਿੱਚ ਦੋ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਪਤੀ ਦੀ ਮੌਤ ਦੇ 7 ਸਾਲ ਬਾਅਦ ਉਹ ਲੁਕੀ ਹੋਈ ਤੇ ਦੱਬੀ ਹੋਈ ਬਿਰਤੀ ਅੰਗੜਾਈ ਲੈਂਦੀ ਹੈ ਅਤੇ ਮੱਝ ਦੇ ਰਾਹੀਂ ਆਪਣੀ ਸਿਰਜਣ ਕਿਰਿਆ ਦਾ ਕੈਥਾਰਸਿਸ ਕਰਨਾ ਲੋਚਦੀ ਹੈ। “ਲਟ ਲਟ ਬਲ਼ਦੀ ਅੱਗ” ਕਹਾਣੀ ਦੀ ਨਾਇਕਾ ਵੀ ਆਪਣੇ ਪਤੀ ਦੇ ਵਧੇਰੇ ਸਮਾਂ ਟਰਾਲੇ ਤੇ ਬਾਹਰ ਹੀ ਰਹਿਣ ਕਾਰਨ ਪੈਦਾ ਹੋਏ ਖਲਾਅ ਨੂੰ ਰੇਲ ਗੱਡੀ ਦੇ ਸਫਰ ਦੌਰਾਨ ਸਰਦਾਰ ਮੁੰਡੇ ਦੀ ਸਰੀਰਕ ਛੋਹ ਪ੍ਰਾਪਤ ਕਰਕੇ ਪੂਰਨ ਦੀ ਕੋਸ਼ਿਸ਼ ਕਰਦੀ ਹੈ। ਪਰ “ਚੁੰਨੀ ਦਾ ਸਫ਼ਰ” ਕਹਾਣੀ ਦੀ ਫੌਜਣ, ਜਗਤਾਰ ਦੀ ਵੀਰ ਅਖਵਾਉਣ ਦੀ ਦ੍ਰਿੜ੍ਹਤਾ ਦੇਖ ਕੇ ਆਪਣੀ ਡੋਲਦੀ ਬਿਰਤੀ ਤੇ ਕਾਬੂ ਪਾ ਲੈਂਦੀ ਹੈ।
ਔਰਤ ਵੱਲ ਕਾਮੀ ਨਜ਼ਰਾਂ ਨਾਲ ਹੁੰਦੇ ਹਮਲੇ ਤੇ ਉਸਦਾ ਰੋਲ ਕੀ ਹੋਣਾ ਚਾਹੀਦਾ ਹੈ, ਇਹ ਰੀਤੀ ਵੱਲੋਂ ਸੁੰਦਰ ਲਾਲ ਨੂੰ ਸੁਣਾਏ ਕੌੜੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ। ਲੜਕੀ ਦੀ ਇੱਜਤ ਦੇ ਸਵਾਲ ਤੇ “ਬਾਹਵਾਂ” ਕਹਾਣੀ ਦੇ ਜੱਗੇ ਵੱਲੋਂ ਆਪਣੇ ਉਸ ਭਰਾ ਨਾਲ ਖੜ੍ਹਨ ਦਾ ਫ਼ੈਸਲਾ ਪ੍ਰਸੰਸਾਯੋਗ ਹੈ, ਜਿਸਨੇ ਉਸਨੂੰ ਗਰੀਬ ਤੇ ਨਿਕੰਮਾ ਜਾਣ ਕੇ ਅਲੱਗ ਕੀਤਾ ਸੀ। ਅੱਜ ਧਨ ਅਤੇ ਪਹੁੰਚ ਪੱਖੋਂ ਚੰਗਾ ਹੋਣ ਦੇ ਬਾਵਜੂਦ, ਸਾਰੇ ਗਿਲੇ ਸ਼ਿਕਵੇ ਭੁੱਲ ਕੇ ਕਿਸ਼ਨਗੜ੍ਹੀਆਂ ਦੇ ਵਿਰੁੱਧ ਹੋਣਾ ਇੱਕ ਇਨਕਲਾਬੀ ਬਿਰਤੀ ਦੇ ਆਗਾਜ਼ ਦੀ ਸੂਚਕ ਹੈ।
” ਅੱਗੇ ਕਹਾਣੀ ਨਹੀਂ ਸੀ” ਦਾ ਵਿਸ਼ਾ ਭਾਰਤ ਲਈ ਨਵਾਂ ਅਤੇ ਅਣਛੂਹਿਆ ਹੈ। ਪੱਛਮੀ ਮੁਲਕਾਂ ਵਿੱਚ ਇਹ ਵਰਤਾਰਾ ਆਮ ਹੈ, ਪਰ ਭਾਰਤ ਵਿੱਚ ਇੱਕ ਲੜਕੇ ਵੱਲੋਂ ਆਪਣੇ ਆਪ ਨੂੰ ਲੜਕੀ ਸਮਝਣਾ ਅਤੇ ਇਸ ਤੀਬਰ ਤਾਂਘ ਦੇ ਚੱਲਦੇ ਕਾਫੀ ਯਤਨ ਕਰਕੇ ਆਪਣੇ ਸਰੀਰ ਨੂੰ ਲੜਕੀ ਦੇ ਸਰੀਰ ਵਿੱਚ ਰੂਪਾਂਤਰਣ ਕਰਵਾਉਣਾ ,ਬਹੁਤ ਹੀ ਘੱਟ ਹੈ। ਅਜਿਹੇ ਵਿਸ਼ੇ ਨੂੰ ਠੀਕ ਨਿਭਾ ਸਕਣ ਲਈ ਲੇਖਕ ਵਧਾਈ ਦਾ ਪਾਤਰ ਹੈ।
ਇਹਨਾਂ ਕਹਾਣੀਆਂ ਵਿੱਚ ਸਮਾਜ ਦੇ ਹੋਰ ਕੁਹਝ ਵੀ ਵੱਖ ਵੱਖ ਸਮੇਂ ਜਾਹਰ ਹੁੰਦੇ ਹਨ ਜਿਵੇਂ ਆਰਥਿਕ ਸੰਕਟ, ਕਰਜੇ, ਖੁਦਕੁਸ਼ੀਆਂ, ਰਿਸ਼ਵਤ,ਸਿਫਾਰਸ਼ਾਂ, ਸਰਮਾਏਦਾਰ ਵੱਲੋਂ ਮਜਦੂਰ ਅਤੇ ਕਿਸਾਨ ਦੀ ਲੁੱਟ, ਬਿਹਾਰੀ ਮਜ਼ਦੂਰਾਂ ਦੇ ਆਉਣ ਨਾਲ ਦਲਿਤ ਵਰਗ ਦੇ ਪੰਜਾਬੀਆਂ ਦੇ ਰੁਜ਼ਗਾਰ ਤੇ ਵੱਜੀ ਸੱਟ,ਸਮਾਜ ਵਿੱਚ ਔਰਤਾਂ ਅਤੇ ਬਜ਼ੁਰਗਾਂ ਦੀ ਦਸ਼ਾ, ਬਜ਼ਾਰ ਦੀਆਂ ਹਾਲਤਾਂ, ਆਦਿ ਆਦਿ । ਭਾਵੇਂ ਇਹ ਗੌਣ ਰੂਪ ਵਿੱਚ ਹੀ ਹਨ, ਪਰ ਕਲਮ ਦੇ ਤਿੱਖੇ ਵਾਰ ਤੋਂ ਬਚ ਨਹੀਂ ਸਕੇ ਇਹ ਸਭ।
ਪੁਸਤਕ ਦਾ ਰੂਪਕ ਪੱਖ ਵੀ ਕਾਫੀ ਪ੍ਰਸੰਸਾਯੋਗ ਹੈ। ਬੋਲੀ ਠੇਠ ਹੈ ਅਤੇ ਪਾਤਰਾਂ ਦੇ ਸੁਭਾਅ ਦੇ ਅਨੁਸਾਰ ਹੈ। ਵਿਸ਼ੇ ਦੇ ਅਨੁਸਾਰ ਕਿਤੇ ਕਿਤੇ ਭਾਸ਼ਾ ਦੀ ਖੁੱਲ੍ਹ ਵੀ ਲਈ ਗਈ ਹੈ ਅਤੇ ਕਿਤੇ ਖਾਲੀ ਥਾਂ ਤੇ ਬਿੰਦੀਆ ਪਾ ਕੇ ਗੱਲ ਅਣਕਹੀ ਵੀ ਛੱਡ ਦਿੱਤੀ ਗਈ ਹੈ। ਕਹਾਣੀ ਰਸ ਪੂਰਾ ਕਾਇਮ ਹੈ। ਕਹਾਣੀਆਂ ਵਿੱਚ ਰੌਚਿਕਤਾ ਅਤੇ ਰਵਾਨੀ ਕਿਤੇ ਨਹੀਂ ਟੁੱਟਦੀ। ਬਹੁਤੀਆਂ ਕਹਾਣੀਆਂ ਵਿੱਚ ਪਿੱਛ ਵਰਤੀ ਤਕਨੀਕ(ਭੳਚਕ ਲੳਸਹ ਟੲਚਹਨਤਿੁੲ) ਦੀ ਵਰਤੋਂ ਕੀਤੀ ਗਈ ਹੈ। ਪਾਤਰਾਂ ਦੀ ਮਾਨਸਿਕ ਅਵਸਥਾ ਨੂੰ ਦੱਸਣ ਲਈ ਲੇਖਕ ਆਪ ਫਜ਼ੂਲ ਦਾ ਲੈਕਚਰ ਨਹੀਂ ਦਿੰਦਾ, ਸਗੋਂ ਇਹ ਪਾਤਰ ਦੇ ਬੋਲਾਂ ਅਤੇ ਕਰਮਾਂ ਚੋਂ ਬਾਹਰ ਆਉਂਦੀ ਹੈ। ਲੋੜ ਅਨੁਸਾਰ ਵਿਗਿਆਨਕ ਜਾਣਕਾਰੀ ਵੀ ਸਿੱਧੇ ਰੂਪ ਵਿੱਚ ਨਾ ਦੇ ਕੇ ਪਾਤਰ ਵਾਰਤਾਲਾਪ ਵਿਚੋਂ ਹੀ ਨਿਕਲਦੀ ਹੈ। (ਜਿਵੇਂ ਮੱਝ ਦੇ ਸੂਣ ਨਾਲ ਸੰਬੰਧਿਤ ਅਤੇ ਲਿੰਗ ਪਰਿਵਰਤਨ ਸਮੇਂ ਦੀ ਜਾਣਕਾਰੀ) । ਮਨ ਦੀ ਅਵਸਥਾ ਨੂੰ ਵਧੇਰੇ ਚੰਗੀ ਤਰਾਂ ਸਮਝਾਉਣ ਲਈ ਕਿਤੇ ਕਿਤੇ ਕਹਾਣੀ ਵਿੱਚ ਦ੍ਰਿਸ਼ ਵਰਣਨ ਬੜਾ ਖਿੱਚਦਾ ਹੈ ਜਿਵੇਂ ਲਟ ਲਟ ਬਲ਼ਦੀ ਅੱਗ ਵਿੱਚ ਮਨ ਦੀ ਅੱਗ ,ਛਟੀਆਂ ਦੀ ਅੱਗ ਦੇ ਨਾਲ ਤੁਰਦੀ ਹੈ। ਅੰਤਿਕਾ ਖਾਲੀ ਵਿਚ ਸਮੋਸੇ ਦੇ ਦੋ ਟੋਟੇ ਦੀਪ ਦੇ ਦੋ ਹਿੱਸਿਆਂ ਵਿੱਚ ਵੰਡਣਾ ਸਮਝਣਾ, ਕਾਲਾ ਦੁੱਧ ਵਿੱਚ ਤਰਬੂਜ ਤੋੜਨਾ, ਕਹੀ ਨਾਲ ਸਿਰ ਵੱਢਣ ਦੀ ਰਿਹਰਸਲ ਜਾਪਦੀ ਹੈ। ਪੇਂਡੂ ਪਿਛੋਕੜ ਦੇ ਸਭਿਆਚਾਰ ਰਹੁ ਰੀਤਾਂ, ਵਹਿਮ ਅਤੇ ਵਿਸ਼ਵਾਸ਼ ਹੂਬਹੂ ਆਪਣੇ ਅਸਲੀ ਰੰਗ ਵਿੱਚ ਦਿਖਾਈ ਦਿੰਦੇ ਹਨ।
ਪੇਂਡੂ ਮੁਹਾਵਰੇ ਖੁਲ੍ਹੇ ਰੂਪ ਵਿੱਚ ਵਰਤੇ ਗਏ ਹਨ ਜਿਵੇਂ ਭਾਫ਼ ਨਾ ਨਿਕਲਣ ਦੇਣਾ, ਭਿੱਜੀ ਬਿੱਲੀ, ਮੌਰ ਸੇਕਣਾ, ਮੂੰਹ ਚ ਘੁੰਗਣੀਆਂ ਪਾਉਣੀਆਂ, ਕੱਚੀਆਂ ਗੋਲੀਆਂ ਖੇਡਣਾ,ਨੱਥ ਪਵਾਉਣੀ, ਡੌਰ ਭੌਰ ਝਾਕਣਾ, ਹਲਕਿਆ ਫਿਰਨਾ, ਕੁੱਤੇ ਦੀ ਪੂਛ ਸਿੱਧੀ ਨਾ ਹੋਣੀ, ਟੱਟੂ ਪਾਰ ਹੋਣਾ ,ਸਿਰੋਂ ਪਾਣੀ ਲੰਘਣਾ ਆਦਿ ਆਦਿ । ਇਸੇ ਤਰਾਂ ਕੁਝ ਖੇਤਰੀ ਅਤੇ ਠੇਠ ਸ਼ਬਦ ਵੀ ਹਨ ਜਿਹੜੇ ਅਜੋਕੇ ਪਾਠਕ ਨੂੰ ਇੱਕਦਮ ਸਮਝਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਜਿਵੇਂ ਵਾਂਗ ਨੂੰ ਮਾਂਗ, ਕੰਬਾਈਨ ਨੂੰ ਕਰਪੈਣ, ਥੈਂਅ,ਚਕਰ ਚੂੰਡੀ, ਉਖੜੀ ਰਹਿਣ, ਸੁਤਾ ਲੜੀ ,ਕਾਨਸ, ਚਬੋਲ,ਬਕੈਣ ਆਦਿ।
ਇਹਨਾਂ ਕਹਾਣੀਆਂ ਰਾਹੀਂ ਕਹਾਣੀਕਾਰ ਨੇ ਸਮਾਜ ਦੀ ਦੁਖਦੀ ਹੋਈ ਰਗ ਤੇ ਹੱਥ ਧਰਿਆ ਹੈ। ਜੇ ਇਸ ਰੋਗ ਦੀ ਗੱਲ ਹੀ ਨਹੀਂ ਕਰਨੀ ,ਤਾਂ ਉਸਦਾ ਇਲਾਜ ਕਿਵੇਂ ਹੋਏਗਾ ?? ਮਨ ਦੀਆਂ ਡੂੰਘੀਆਂ ਪਰਤਾਂ ਨੂੰ ਫੋਲਣ ਤੋਂ ਪਰਹੇਜ਼ ਕਿਉਂ ?? ਵੈਸੇ ਵੀ ਅੱਜ ਜਜ਼ਬੇ ਪ੍ਰਗਟਾਉਣ ਦੇ ਯੁੱਗ ਤੋਂ ਜਜ਼ਬੇ ਲੁਕੋਣ ਦੇ ਯੁੱਗ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ। ਮਰਦ ਦੀ ਕਾਮ ਬਿਰਤੀ ਕਿਉਂ ਕਾਬੂ ਨਹੀਂ ?? ਅਜੋਕਾ ਮਰਦ ਸਰੀਰਕ ਮਰਦਾਨਗੀ ਕਿਉਂ ਗਵਾਚ ਰਿਹਾ ਹੈ ??ਔਰਤ ਦੀ ਅੰਦਰਲੀ ਛੁਪੀ ਵੇਦਨਾ ਨੂੰ ਸਮਝਣਾ, ਉਸਦੀ ਪਿਆਰ ਭੁੱਖ, ਕਾਮ ਭੁੱਖ, ਸਤਿਕਾਰ ਦੀ ਲੋੜ ਅਤੇ ਸਮਾਜ ਵਿੱਚ ਉਸਦੇ ਸਨਮਾਨ ਦੀ ਬਾਤ ਪਾਉਂਦੀਆਂ ਇਹ ਕਹਾਣੀਆਂ ਸਮਾਜ ਦੇ ਠੇਕੇਦਾਰਾਂ ਨੂੰ ਹਲੂਣਦੀਆਂ ਹਨ। ਕਿਉਂਕਿ ਜੇ ਚੁੱਪ ਕਰਕੇ ਇਸ ਨੂੰ ਇਸੇ ਤਰਾਂ ਹੀ ਚੱਲੀ ਜਾਣ ਦਿੱਤਾ ,ਤਾਂ ਭਵਿੱਖ ਵਿੱਚ ਕੋਈ ਵੱਡਾ ਧਮਾਕਾ ਵੀ ਹੋ ਸਕਦਾ ਹੈ। ਰੋਗ ਦੀ ਪਹਿਚਾਣ ਉਸਨੇ ਕਰਵਾ ਦਿੱਤੀ ਹੈ। ਲੈਬ ਟੈਸਟਾਂ ਦੀਆਂ ਵੱਖ ਵੱਖ ਤਰਾਂ ਦੀਆਂ ਰਿਪੋਰਟਾਂ ਸਾਹਮਣੇ ਰੱਖ ਦਿੱਤੀਆਂ ਹਨ ।ਲੇਖਕ ਨੇ ਸਮੱਸਿਆ ਦੇ ਹੱਲ ਦੱਸਣ ਵੱਲ ਬਹੁਤੀ ਰੁਚੀ ਨਹੀਂ ਦਿਖਾਈ, ਯਥਾਰਥ ਪੇਸ਼ ਕਰ ਦਿੱਤਾ ਹੈ। ਤਸਵੀਰ ਸਾਹਮਣੇ ਰੱਖ ਦਿੱਤੀ ਹੈ, ਇਸ ਨਾਲ ਕਿਵੇਂ ਨਜਿੱਠਣਾ ਹੈ, ਸ਼ਾਇਦ ਇਹ ਕਲਮ ਦੇ ਅਗਲੇ ਸਫ਼ਰ ਲਈ ਰਾਖਵਾਂ ਰੱਖ ਲਿਆ ਹੋਵੇ। ਵਿਆਕਤੀਆਂ ਵਲੋਂ ਨਿੱਜੀ ਰੂਪ ਵਿੱਚ ਕੁਝ ਹੱਲ ਦਿਖਾਏ ਹਨ, ਜਿਵੇਂ ਮੁੰਡੇ ਵਲੋਂ ਕਾਮੀ ਪਿਓ ਨੂੰ ਮਾਰਨ ਦਾ ਫੈਸਲਾ, ਲੜਕੀ ਵਲੋਂ ਮੂੰਹ ਤੇ ਠੋਕਵਾਂ ਜਵਾਬ, ਨੂੰਹ ਵੱਲੋਂ ਆੜ੍ਹਤੀਏ ਨਾਲ ਭੱਜਣਾ ਆਦਿ ।। ਪਰ ਇਹਨਾਂ ਸਮੱਸਿਆਵਾਂ ਦੇ ਠੀਕ ਅਤੇ ਢੁਕਵੇਂ ਹੱਲ ਜਾਂ ਦਿਖਾਏ ਹੀ ਨਹੀਂ, ਜੇ ਕਿਤੇ ਕੋਸ਼ਿਸ਼ ਕੀਤੀ ਗਈ ਹੈ, ਉਹ ਸਫਲ ਨਹੀਂ ਹੋਈ। ਜਿਵੇਂ ਪੰਚਾਇਤ ਕੋਲ ਸ਼ਿਕਾਇਤ ਹੋਈ, ਪਰ ਪੰਚਾਇਤ ਜੁੜੀ ਹੀ ਨਹੀਂ। ਇਸੇ ਤਰਾਂ ਗਵਾਚੇ ਮਰਦ ਦੀ ਪੁਲਿਸ ਰਿਪੋਰਟ ਆਦਿ।। ਅਸੀਂ ਆਸ ਕਰਦੇ ਹਾਂ ਕਿ ਆਗਾਮੀ ਲਿਖਤਾਂ ਵਿੱਚ ਇਸ ਪੱਖ ਵੱਲ ਵੀ ਧਿਆਨ ਦਿੱਤਾ ਜਾਏਗਾ।
ਕਹਾਣੀਆਂ ਵਿਚੋਂ ਕੁਝ ਝਲਕੀਆਂ ਦੇਖਣੀਆਂ ਦਿਲਚਸਪੀ ਤੋਂ ਖਾਲੀ ਨਹੀਂ –
* ਜੇ ਤੀਵੀਂ ਨੇ ਘਰ ਵਸਾਉਣਾ ਈ ਹੋਵੇ, ਤਾਂ ਇਹੋ ਜਿਹਾ ਬੰਦਾ ਨਿਕਾਰਨ ਲਈ ਔਰਤ ਕੋਲੇ ਭਲਾ ਹੋਰ ਕਿਹੜਾ ਹਥਿਆਰ ਹੁੰਦੈ ??
(ਪੰਨਾ 19,ਉਦੋਂ ਮੈਨੂੰ ਹੀ ਸਮਝ ਲੈਣਾ )
* ਇੱਕ ਹੋਰ ਅਵਾਜ ਮੇਰੇ ਅੰਦਰੋਂ ਉੱਠਦੀ ਹੈ, ਜਿੱਦਣ ਮੇਰਾ ਮਨ ਚੁਲਬੁਲਾ ਉੱਠਿਆ,ਮੈਂ ਤਾਂ ਭਜਾ ਦੇਵਾਂਗੀ ਆਪਣੇ ਭਰਾ ਨੂੰ ਕਹਾਂਗੀ ਚੱਲ ਭਰਾਵਾਂ ਡੰਡੀ ਫੜ੍ਹ ਮੈਂ ਕਿਹੜਾ ਬੁੱਢੀ ਹੋ ਗਈ ਹਾਂ, ਕਿ ਸਾਰੀ ਉਮਰ ਸੰਤਾਪ ਭੋਗਾਂ ਬੈਠਕੇ ਮਾਸਟਰ ਜੀਂ ਦੀ ਯਾਦ ਵਿੱਚ।
(ਪੰਨਾ61, ਲਾੜੀ)
* ਜਦੋਂ ਵਿਹੜੇ ਆਲੇ ਬੰਦਿਆਂ ਨੂੰ ਬਾਹਵਾਂ ਲੱਗ ਜਾਂਦੀਆਂ ਨੇ ਤਾਂ ਜ਼ੁਰਅਤਾਂ ਆਲੇ ਟੱਬਰ ਬਾਹਵਾਂ ਤੋਂ ਹੀਣੇ ਕਿਉ ਹੋ ਜਾਂਦੇ ਨੇ ।
(ਪੰਨਾ90, ਬਾਹਵਾਂ)
* ਬੱਸ ਜੱਦਾ ਹਿੰਦੀ ਬੋਲਣ ਵਾਲਿਆਂ ਨੇ ਨੇ ਜੱਟਾਂ ਤੋਂ ਬਾਪੂ ਦਾ ਸੀਰਪੁਣਾ ਖੋਹਿਐ, ਉਦੋਂ ਤੋਂ ਉਹ ਹਿੰਦੀ ਬੋਲਣ ਵਾਲਿਆਂ ਤੋਂ ਭੜਕ ਜਾਂਦੈ।
(ਪੰਨਾ 103, ਬਿੰਦੀਆ ਚਮਕੇਗੀ)
ਕਹਾਣੀਆਂ ਦੇ ਸਿਰਲੇਖ ਆਧੁਨਿਕ ਰੀਤ ਅਨੁਸਾਰ ਵਿਸ਼ੇ ਵਿਚੋਂ ਲਏ ਗਏ ਹਨ ਜੋ ਕਿ ਕਾਫੀ ਢੁਕਵੇਂ ਹਨ। ਫੇਰ ਵੀ ਕਹਾਣੀ ਇਸ ਤੋਂ ਅੱਗੇ ਨਹੀਂ , ਅੰਤਿਕਾ ਖਾਲੀ ਅਤੇ ਲੀਹ ਕਹਾਣੀਆਂ ਦੇ ਸਿਰਲੇਖ ਬਦਲੇ ਜਾਣ ਦੀ ਲੋੜ ਹੈ। ਲੀਹ ਦਾ ਨਾਮ ਤੀਸਰਾ ਨੇਤਰ ਵਧੇਰੇ ਢੁਕਵਾਂ ਲੱਗਦਾ। ਸਮੁੱਚੇ ਤੌਰ ਤੇ ਪੁਸਤਕ ਪਾਠਕ ਨੂੰ ਝੰਜੋੜਦੀ ਹੈ ਅਤੇ ਸੋਚਣ ਲਈ ਮਜਬੂਰ ਕਰਦੀ ਹੈ। ਮੈਂ ਰਵਿੰਦਰ ਰੁਪਾਲ ਦੀ ਇਸ ਸ਼ਾਨਦਾਰ ਕਿਰਤ ਦਾ ਸਵਾਗਤ ਕਰਦਾ ਹਾਂ ਅਤੇ ਪਾਠਕਾਂ ਨੂੰ ਪੁਸਤਕ ਨੂੰ ਪੜ੍ਹਨ ਦੀ ਸਿਫਾਰਿਸ਼ ਵੀ ਕਰਦਾ ਹਾਂ।
ਪੁਸਤਕ (ਕਹਾਣੀ ਸੰਗ੍ਰਹਿ)ਦਾ ਨਾਮ :- ਸ਼ਾਇਦ ਮੈਨੂੰ ਪਛਾਣ ਲੈਣ
ਲੇਖਕ ਦਾ ਨਾਮ :- ਰਵਿੰਦਰ ਰੁਪਾਲ , ਕੌਲਗੜ੍ਹ
ਪ੍ਰਕਾਸ਼ਕ :- ਨੈਸ਼ਨਲ ਬੁੱਕ ਸ਼ਾਪ ,ਦਿੱਲੀ
ਪੰਨੇ :123 ਕੀਮਤ :- 350/-
