ਅੱਜ ਦੇ ਆਧੁਨਿਕ ਅਤੇ ਤੇਜ਼ ਰਫ਼ਤਾਰ ਵਾਲੇ ਸਮੇਂ ਵਿੱਚ ਪਰਿਵਾਰਕ ਰਿਸ਼ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਇੱਕ ਪਾਸੇ ਜਿੱਥੇ ਤਕਨੀਕ ਅਤੇ ਸੋਸ਼ਲ ਮੀਡੀਆ ਨੇ ਸਾਨੂੰ ਨਜ਼ਦੀਕ ਲਿਆਂਦਾ ਹੈ, ਉੱਥੇ ਹੀ ਪਰਿਵਾਰ ਅੰਦਰਲੇ ਰਿਸ਼ਤਿਆਂ ਵਿੱਚ ਵਧ ਰਹੀ ਦੂਰੀ ਅਤੇ ਤਣਾਅ ਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਖਾਸ ਕਰਕੇ ਮਾਂ-ਬਾਪ ਅਤੇ ਬੱਚਿਆਂ ਵਿਚਕਾਰਲੇ ਰਿਸ਼ਤੇ ਨੂੰ ਲੈ ਕੇ ਅਕਸਰ ਚਰਚਾ ਹੁੰਦੀ ਹੈ ਕਿ ਮਾਂ-ਬਾਪ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ? ਜਾਂ ਉਹ ਵੀ ਆਖਿਰਕਾਰ ਇਨਸਾਨ ਹੀ ਹਨ, ਜੋ ਗਲਤੀਆਂ ਕਰ ਸਕਦੇ ਹਨ। ਇਹ ਵਿਸ਼ਾ ਮੇਰੇ ਮਨ ਵਿੱਚ ਤਾਜ਼ਾ ਹੀ ਇੱਕ ਵਾਇਰਲ ਵੀਡੀਓ ਕਲਿੱਪ ਨਾਲ ਜੁੜਿਆ ਹੈ, ਜਿਸ ਨੇ ਨਾ ਸਿਰਫ਼ ਮੇਰੇ ਦਿਲ ਨੂੰ ਝੰਜੋੜਿਆ ਹੈ ਬਲਕਿ ਸਮਾਜ ਵਿੱਚ ਵਧ ਰਹੇ ਪਰਿਵਾਰਕ ਵਿਵਾਦਾਂ ਨੂੰ ਵੀ ਉਜਾਗਰ ਕੀਤਾ ਹੈ। ਉਸ ਵੀਡੀਓ ਵਿੱਚ ਇੱਕ ਬਜ਼ੁਰਗ ਜੋੜਾ, ਖਾਸ ਕਰਕੇ ਬਜ਼ੁਰਗ ਮਹਿਲਾ, ਸੜਕਾਂ ਉੱਤੇ ਨਾਟਕੀ ਅੰਦਾਜ਼ ਵਿੱਚ ਡਰਾਮਾ ਕਰ ਰਹੀ ਸੀ। ਉਹ ਆਪਣੀ ਵਿਧਵਾ ਨੂੰਹ ਉੱਤੇ ਇਲਜ਼ਾਮ ਲਗਾ ਰਹੇ ਸਨ ਕਿ ਉਸ ਨੇ ਉਨ੍ਹਾਂ ਨੂੰ ਘਰੋਂ ਕੱਢ ਕੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੱਤਾ ਹੈ। ਪਰ ਅਸਲੀ ਸੱਚਾਈ ਇਹ ਸੀ ਕਿ ਇਹ ਧਨਾਢ ਜੋੜਾ ਪੈਸੇ ਅਤੇ ਹੰਕਾਰ ਦੇ ਨਸ਼ੇ ਵਿੱਚ ਚੂਰ ਹੋ ਕੇ ਆਪਣੀ ਨੂੰਹ ਅਤੇ ਪੋਤੀਆਂ ਨੂੰ ਘਰੋਂ ਕੱਢਣਾ ਚਾਹੁੰਦਾ ਸੀ। ਪਿੰਡ ਵਾਸੀਆਂ ਨੇ ਨੂੰਹ ਦੇ ਹੱਕ ਵਿੱਚ ਖੜ੍ਹ ਕੇ ਉਨ੍ਹਾਂ ਨੂੰ ਰੋਕ ਲਿਆ, ਤਾਂ ਉਨ੍ਹਾਂ ਨੇ ਸੜਕਾਂ ਉੱਤੇ ਨਿਕਲ ਕੇ ਨੂੰਹ ਦੀ ਬਦਨਾਮੀ ਕਰਨ ਦਾ ਰਾਹ ਚੁਣ ਲਿਆ। ਇਹ ਦੇਖ ਕੇ ਮੇਰੇ ਮਨ ਵਿੱਚ ਉਨ੍ਹਾਂ ਪ੍ਰਤੀ ਗਹਿਰੀ ਨਿਰਾਸ਼ਾ ਅਤੇ ਲਾਹਨਤਾਂ ਨਿਕਲੀਆਂ। ਬਜ਼ੁਰਗ ਉਮਰ ਵਿੱਚ ਵੀ ਇਹ ਵਿਹਾਰ ਕਰਨ ਵਾਲੇ ਮਾਂ-ਬਾਪ ਨੂੰ ਸ਼ਾਇਦ ਇਹ ਅਹਿਸਾਸ ਨਹੀਂ ਹੋਇਆ ਕਿ ਉਨ੍ਹਾਂ ਦਾ ਪੁੱਤਰ ਪਹਿਲਾਂ ਹੀ ਪਰਲੋਕ ਸਿਧਾਰ ਚੁੱਕਾ ਹੈ ਅਤੇ ਬਾਕੀ ਰਹਿੰਦੀ ਜ਼ਿੰਦਗੀ ਨੂੰ ਰਲ-ਮਿਲ ਕੇ ਬਤੀਤ ਕੀਤੀ ਜਾ ਸਕਦੀ ਸੀ। ਪਰ ਅਫ਼ਸੋਸ ਕਿ ਅੱਜ ਦੇ ਸਮੇਂ ਵਿੱਚ ਮਾਂ-ਬਾਪ ਦੇ ਦਿਲਾਂ ਵਿੱਚ ਹੰਕਾਰ ਅਤੇ ਪੱਖਪਾਤ ਵਰਗੇ ਅਵਗੁਣ ਘਰ ਕਰ ਜਾਂਦੇ ਹਨ, ਜਿਸ ਕਾਰਨ ਉਹ ਆਪਣੇ ਬੱਚਿਆਂ ਦੀ ਵਿਆਹੀ ਜ਼ਿੰਦਗੀ ਵਿੱਚ ਜ਼ਰੂਰਤ ਤੋਂ ਵੱਧ ਦਖਲਅੰਦਾਜ਼ੀ ਕਰਨ ਲੱਗ ਪੈਂਦੇ ਹਨ।
ਅੱਜ ਕੱਲ੍ਹ ਦੇ ਸਮੇਂ ਵਿੱਚ ਮਾਂ-ਬਾਪ ਵੱਲੋਂ ਆਪਣੇ ਬੱਚਿਆਂ ਨਾਲ ਪੱਖਪਾਤੀ ਰਵਈਆ ਅਪਣਾਉਣਾ ਇੱਕ ਆਮ ਵਰਤਾਰਾ ਬਣ ਚੁੱਕਾ ਹੈ। ਖਾਸ ਕਰਕੇ ਜਦੋਂ ਬੱਚਿਆਂ ਦੇ ਵਿਆਹ ਹੋ ਜਾਂਦੇ ਹਨ, ਤਾਂ ਮਾਂ-ਬਾਪ ਆਪਣੇ ਪੁੱਤਰਾਂ ਜਾਂ ਧੀਆਂ ਵਿੱਚ ਫਰਕ ਕਰਨ ਲੱਗ ਪੈਂਦੇ ਹਨ। ਇਹ ਫਰਕ ਅਕਸਰ ਨੂੰਹ ਜਾਂ ਜਮਾਈ ਦੇ ਵਿਹਾਰ ਉੱਤੇ ਅਧਾਰਿਤ ਹੁੰਦਾ ਹੈ। ਜੇਕਰ ਕਿਸੇ ਪੁੱਤਰ ਦੀ ਪਤਨੀ ਮਾਂ-ਬਾਪ ਨੂੰ ਖੁਸ਼ ਰੱਖਣ ਵਾਲੀ ਅਤੇ ਉਨ੍ਹਾਂ ਨਾਲ ਹਾਂ ਵਿੱਚ ਹਾਂ ਮਿਲਾਉਣ ਵਾਲੀ ਹੁੰਦੀ ਹੈ, ਤਾਂ ਉਸ ਪੁੱਤਰ ਅਤੇ ਉਸ ਦੇ ਬੱਚਿਆਂ ਨੂੰ ਵੱਧ ਪਿਆਰ ਅਤੇ ਸਹਾਇਤਾ ਮਿਲਦੀ ਹੈ। ਪਰ ਜੇਕਰ ਕੋਈ ਨੂੰਹ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੀ ਹੈ ਜਾਂ ਆਪਣੇ ਪਤੀ ਨਾਲ ਆਜ਼ਾਦ ਜ਼ਿੰਦਗੀ ਜੀਣਾ ਚਾਹੁੰਦੀ ਹੈ, ਤਾਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਪੱਖਪਾਤ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਇਹ ਪੱਖਪਾਤ ਇੰਨਾ ਵਧ ਜਾਂਦਾ ਹੈ ਕਿ ਬੱਚੇ ਆਪਸ ਵਿੱਚ ਹੀ ਸ਼ਰੀਕ ਬਣ ਜਾਂਦੇ ਹਨ। ਮਾਂ-ਬਾਪ ਦੇ ਜਿਉਂਦੇ ਜੀ ਹੀ ਭਰਾ-ਭਰਾ ਵਿਚਕਾਰ ਵੈਰ ਵਧ ਜਾਂਦਾ ਹੈ ਅਤੇ ਪਰਿਵਾਰ ਵਿੱਚ ਵੰਡੀਆਂ ਪੈ ਜਾਂਦੀਆਂ ਹਨ। ਅਜਿਹੇ ਵਿੱਚ ਬੱਚੇ ਜਦੋਂ ਆਪਣੇ ਨਾਲ ਹੁੰਦੇ ਪੱਖਪਾਤ ਨੂੰ ਵੇਖਦੇ ਹਨ ਤਾਂ ਉਨ੍ਹਾਂ ਦੇ ਮਨ ਵਿੱਚ ਨਿਰਾਸ਼ਾ ਭਰ ਜਾਂਦੀ ਹੈ ਅਤੇ ਇਸ ਵਤੀਰੇ ਸੰਬੰਧੀ ਸ਼ਿਕਾਇਤ ਕਰਨ ਸਮੇਂ ਅਕਸਰ ਮਾਂ-ਬਾਪ ਇਸ ਨੂੰ ਨਕਾਰਦੇ ਹਨ ਅਤੇ ਕਹਿੰਦੇ ਹਨ ਕਿ ਇਹ ਤੁਹਾਡੇ ਮਨ ਦਾ ਵਹਿਮ ਹੈ, ਅਸੀਂ ਤਾਂ ਸਾਰੇ ਬੱਚਿਆਂ ਨੂੰ ਬਰਾਬਰ ਪਿਆਰ ਕਰਦੇ ਹਾਂ। ਪਰ ਉਨ੍ਹਾਂ ਦੀ ਅੰਤਰ ਆਤਮਾ ਨੂੰ ਪਤਾ ਹੁੰਦਾ ਹੈ ਕਿ ਉਹ ਪੱਖਪਾਤ ਕਰ ਰਹੇ ਹਨ। ਇਹ ਵਿਹਾਰ ਨਾ ਸਿਰਫ਼ ਬੱਚਿਆਂ ਨੂੰ ਮਾਨਸਿਕ ਤੌਰ ਤੇ ਤੋੜਦਾ ਹੈ ਬਲਕਿ ਪਰਿਵਾਰ ਨੂੰ ਵੀ ਵੰਡਦਾ ਹੈ।
ਇਸ ਪੱਖਪਾਤ ਦੇ ਨਤੀਜੇ ਵਜੋਂ ਮਾਂ-ਬਾਪ ਘਰ ਵਿੱਚ ਅਜਿਹਾ ਮਾਹੌਲ ਬਣਾ ਦਿੰਦੇ ਹਨ ਕਿ ਜਿਸ ਬੱਚੇ ਨਾਲ ਵਿਤਕਰਾ ਕੀਤਾ ਜਾਂਦਾ ਹੈ, ਉਹ ਥੱਕ ਹਾਰ ਕੇ ਘਰ ਛੱਡ ਕੇ ਚਲਾ ਜਾਂਦਾ ਹੈ। ਇਸ ਨਾਲ ਬੱਚੇ ਭਾਂਵੇ ਆਪਸ ਵਿੱਚ ਵੈਰੀ ਬਣ ਜਾਂਦੇ ਹਨ ਪਰ ਮਾਂ-ਬਾਪ ਦੇ ਆਪਣੇ ਹੰਕਾਰ ਨੂੰ ਸੰਤੁਸ਼ਟੀ ਮਿਲ ਜਾਂਦੀ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਉਹ ਬੱਚਾ ਵੀ ਤੁਹਾਡੀ ਹੀ ਔਲਾਦ ਹੈ। ਉਸ ਦਾ ਅਤੇ ਉਸ ਦੇ ਬੱਚਿਆਂ ਦਾ ਕੀ ਕਸੂਰ? ਅੱਜ ਕੱਲ੍ਹ ਅਕਸਰ ਵੇਖਿਆ ਜਾਂਦਾ ਹੈ ਕਿ ਵਿਆਹ ਉਪਰੰਤ ਸੱਸ ਅਤੇ ਨੂੰਹ ਵਿਚਕਾਰ ਤਣਾਅ ਵਧ ਜਾਂਦਾ ਹੈ। ਇਸ ਵਿੱਚ ਹਮੇਸ਼ਾ ਨੂੰਹ ਨੂੰ ਦੋਸ਼ੀ ਠਹਿਰਾਉਣਾ ਗਲਤ ਹੈ। ਅਕਸਰ ਸੱਸ ਆਪਣੀ ਜ਼ਿੰਦਗੀ ਦੇ ਦੁੱਖਾਂ ਨੂੰ ਯਾਦ ਕਰਕੇ ਕਹਿੰਦੀ ਹੈ ਕਿ ਉਸ ਨੂੰ ਵੀ ਆਪਣੇ ਸਹੁਰੇ ਪਰਿਵਾਰ ਵਿੱਚ ਦੁੱਖ ਮਿਲੇ ਸਨ। ਪਰ ਇਸ ਸੋਚ ਨੂੰ ਬਦਲ ਕੇ ਉਸ ਨੂੰ ਚਾਹੀਦਾ ਹੈ ਕਿ ਆਉਣ ਵਾਲੀ ਨੂੰਹ ਨੂੰ ਉਹ ਦੁੱਖ ਨਾ ਦੇਵੇ। ਪਰ ਅਫ਼ਸੋਸ ਕਿ ਅੱਜ ਦੇ ਸਮੇਂ ਵਿੱਚ ਇਹ ਸੋਚ ਉਲਟੀ ਹੋ ਜਾਂਦੀ ਹੈ ਅਤੇ ਸੱਸ ਆਪਣੇ ਪਾਏ ਦੁੱਖਾਂ ਤੋਂ ਵੱਧ ਦੁੱਖ ਨੂੰਹ ਨੂੰ ਦੇਣਾ ਚਾਹੁੰਦੀ ਹੈ। ਇਹ ਵਿਕਰਾਲ ਰੂਪ ਧਾਰਨ ਕਰ ਚੁੱਕੀ ਸੋਚ ਪਰਿਵਾਰਾਂ ਨੂੰ ਤਬਾਹ ਕਰ ਰਹੀ ਹੈ। ਜੇਕਰ ਮਾਂ-ਬਾਪ ਆਪਣੇ ਪੁੱਤਰ ਦੀ ਪਤਨੀ ਨੂੰ ਮਾਣ-ਸਨਮਾਨ ਨਾਲ ਨਹੀਂ ਰੱਖ ਸਕਦੇ ਤਾਂ ਉਨ੍ਹਾਂ ਨੂੰ ਆਪਣੇ ਪੁੱਤਰ ਦਾ ਵਿਆਹ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਵਿਆਹ ਉਪਰੰਤ ਨੂੰਹ ਨੂੰ ਵੀ ਪਰਿਵਾਰਕ ਅਤੇ ਸਮਾਜਿਕ ਜਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ ਅਤੇ ਇਸ ਵਿੱਚ ਮਾਂ-ਬਾਪ ਦੀ ਬੇਲੋੜੀ ਦਖਲਅੰਦਾਜ਼ੀ ਪੁੱਤਰ ਦੀ ਜ਼ਿੰਦਗੀ ਨੂੰ ਖਰਾਬ ਕਰਦੀ ਹੈ।
ਇਸ ਲੇਖ ਰਾਹੀਂ ਕਿਸੇ ਨੂੰ ਵੀ ਇਹ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ ਕਿ ਅੱਜ ਦੇ ਸਮੇਂ ਵਿੱਚ ਮਾਂ-ਬਾਪ ਹਮੇਸ਼ਾ ਗਲਤ ਹਨ ਜਾਂ ਬੱਚੇ ਹਮੇਸ਼ਾ ਸਹੀ ਹਨ। ਕਈ ਵਾਰ ਬੱਚੇ ਵੀ ਗਲਤ ਹੋਣ ਕਰਕੇ ਮਾਂ-ਬਾਪ ਨਾਲ ਬੁਢਾਪੇ ਵਿੱਚ ਗਲਤ ਸਲੂਕ ਕਰਦੇ ਹਨ ਅਤੇ ਅਜਿਹੇ ਬੱਚੇ ਸਮਾਜ ਲਈ ਘਟੀਆ ਤੱਤ ਹਨ। ਗੱਲ ਸਿਰਫ਼ ਜਨਰੇਸ਼ਨ ਗੈਪ ਦੀ ਹੈ, ਜਿਸ ਨੂੰ ਪੂਰਾ ਕਰਨ ਲਈ ਸਾਨੂੰ ਸਭ ਨੂੰ ਆਪਸੀ ਸਮਝ ਅਤੇ ਨਿਮਰਤਾ ਦੀ ਜ਼ਰੂਰਤ ਹੈ। ਰਲ-ਮਿਲ ਕੇ ਇਸ ਗੈਪ ਨੂੰ ਘਟਾ ਕੇ ਅਸੀਂ ਇੱਕ ਚੰਗੀ ਜ਼ਿੰਦਗੀ ਬਣਾ ਸਕਦੇ ਹਾਂ। ਪਰ ਇਸ ਲਈ ਹੰਕਾਰ ਅਤੇ ਹਉਮੈ ਨੂੰ ਛੱਡਣਾ ਪਵੇਗਾ। ਸਾਡੇ ਸਮਾਜ ਵਿੱਚ ਮਾਂ-ਬਾਪ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ, ਪਰ ਇਹ ਗਲਤ ਹੈ ਕਿਉਂਕਿ ਉਹ ਵੀ ਇਨਸਾਨ ਹਨ ਅਤੇ ਗਲਤੀਆਂ ਕਰ ਸਕਦੇ ਹਨ। ਅਸਲੀ ਇਨਸਾਨ ਉਹ ਹੈ ਜੋ ਗਲਤੀਆਂ ਤੋਂ ਸਿੱਖੇ ਅਤੇ ਆਪਣੇ ਆਪ ਵਿੱਚ ਸੁਧਾਰ ਕਰੇ। ਮਾਂ-ਬਾਪ ਨੂੰ ਬਣਦਾ ਸਤਿਕਾਰ ਮਿਲਣਾ ਚਾਹੀਦਾ ਹੈ, ਪਰ ਉਨ੍ਹਾਂ ਨੂੰ ਵੀ ਬੱਚਿਆਂ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਅਤੇ ਹਰੇਕ ਨੂੰ ਬਰਾਬਰ ਹੱਕ ਦੇਣਾ ਚਾਹੀਦਾ ਹੈ। ਬੱਚਿਆਂ ਦਾ ਵੀ ਫਰਜ਼ ਹੈ ਕਿ ਉਹ ਮਾਂ-ਬਾਪ ਨੂੰ ਸਤਿਕਾਰ ਦੇਣ ਅਤੇ ਜੇਕਰ ਪੱਖਪਾਤ ਹੋ ਰਿਹਾ ਹੋਵੇ ਤਾਂ ਉਸ ਨੂੰ ਅੱਖਾਂ ਬੰਦ ਕਰਕੇ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ ਕਿਉਂਕਿ ਇੱਕ ਤਰਫ਼ਾ ਰਿਸ਼ਤਾ ਲੰਮਾ ਨਹੀਂ ਚੱਲਦਾ। ਅੱਜ ਦੇ ਸਮੇਂ ਵਿੱਚ ਕਿਸੇ ਵੀ ਰਿਸ਼ਤੇ ਨੂੰ ਭਗਵਾਨ ਦਾ ਦਰਜਾ ਦੇਣਾ ਗਲਤ ਹੈ। ਇਨਸਾਨ ਨੂੰ ਇਨਸਾਨ ਵਜੋਂ ਹੀ ਰਹਿਣ ਦਿੱਤਾ ਜਾਵੇ ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਤਰੀਕੇ ਨਾਲ ਜੀਅ ਕੇ ਸਮਾਜਿਕ ਰਿਸ਼ਤਾ ਨੂੰ ਬਰਾਬਰਤਾ, ਸਤਿਕਾਰ ਦੇ ਸਕੇ ਅਤੇ ਸਮਾਜ ਨੂੰ ਬਿਹਤਰ ਬਣਾ ਸਕੇ।
ਇਸ ਵਿਸ਼ੇ ਉੱਤੇ ਗਹਿਰੀ ਚਰਚਾ ਕਰਨ ਨਾਲ ਪਤਾ ਲੱਗਦਾ ਹੈ ਕਿ ਪਰਿਵਾਰਕ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਸਾਨੂੰ ਆਪਸੀ ਸਮਝ ਅਤੇ ਸਤਿਕਾਰ ਦੀ ਜ਼ਰੂਰਤ ਹੈ। ਵਾਇਰਲ ਵੀਡੀਓ ਵਰਗੇ ਵਾਕਿਆਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਹੰਕਾਰ ਅਤੇ ਪੱਖਪਾਤ ਨਾਲ ਪਰਿਵਾਰ ਤਬਾਹ ਹੋ ਜਾਂਦੇ ਹਨ। ਜੇਕਰ ਮਾਂ-ਬਾਪ ਆਪਣੇ ਬੱਚਿਆਂ ਨੂੰ ਆਜ਼ਾਦੀ ਅਤੇ ਬਰਾਬਰੀ ਨਾਲ ਵੇਖਣਗੇ ਤਾਂ ਪਰਿਵਾਰ ਵਿੱਚ ਖੁਸ਼ਹਾਲੀ ਆਵੇਗੀ। ਆਖਿਰ ਵਿੱਚ ਇਹੀ ਕਹਾਂਗੇ ਕਿ ਮਾਂ-ਬਾਪ ਇਨਸਾਨ ਹਨ, ਨਾ ਕਿ ਭਗਵਾਨ, ਅਤੇ ਉਨ੍ਹਾਂ ਨੂੰ ਵੀ ਗਲਤੀਆਂ ਤੋਂ ਸਿੱਖ ਕੇ ਸੁਧਰਨਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚ ਚੰਗੇ ਰਿਸ਼ਤੇ ਬਣ ਸਕਣ ਅਤੇ ਇੱਕ ਸੁਚੱਜੇ ਪਰਿਵਾਰਿਕ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
