ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ-ਗੁਰੂ ਪ੍ਰਤੀ ਸਤਿਕਾਰ

ਸਿੱਖ ਕੌਮ ਇਸ ਗੱਲ ਤੋਂ ਨਿਰਾਲੀ ਹੈ ਅਤੇ ਮਾਣ ਕਰਦੀ ਆਈ ਹੈ ਕਿ ਇਸ ਵਿੱਚ ਸ਼ਬਦ ਨੂੰ ਗੁਰੂ ਦੀ ਉਪਾਧੀ ਦਿੱਤੀ ਗਈ ਹੈ। ਇਸ ਦੇ ਸੰਸਥਾਪਕ ਗੁਰੂ ਨਾਨਕ  ਜੀ ਤੋਂ ਜਦੋਂ ਸਿੱਧਾਂ ਨੇ ਪੁੱਛਿਆ ਸੀ ਕਿ ਤੇਰਾ ਗੁਰੂ ਕੌਣ ਹੈ, ਤਾਂ ਉਹਨਾਂ ਨੇ “ਸ਼ਬਦ ਗੁਰੂ ਸੁਰਤਿ ਧੁਨਿ ਚੇਲਾ” ਆਖ ਕੇ ਇੱਕ ਤਰਾਂ ਨਾਲ ਸ਼ਬਦ-ਗੁਰੂ ਨੂੰ ਗੁਰਿਆਈ ਦੇ ਦਿੱਤੀ ਸੀ। ਇਸੇ ਸ਼ਬਦ ਨੂੰ ਉਹਨਾਂ ਨੇ ਸਭ ਤੋਂ ਵੱਡੀ ਕਰਾਮਾਤ ਵੀ ਦੱਸਿਆ ਸੀ।ਇਸ ਵਿੱਚ ਕੋਈ ਦੋ ਰਾਵਾਂ ਨਹੀਂ, ਅੱਜ ਦੇ ਵਿਗਿਆਨ ਅਤੇ ਤਕਨਾਲੋਜੀ ਦੇ ਯੁੱਗ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਗਿਆਨ ਸਭ ਤੋਂ ਵੱਡੀ ਸ਼ਕਤੀ ਹੈ। ਗੁਰਬਾਣੀ ਦੇ ਹੋਰ ਹਵਾਲੇ ਅਤੇ ਬਾਕੀ ਗੁਰੂ ਸਾਹਿਬਾਨ ਦੇ ਜੀਵਨ ਅਤੇ ਬਚਨਾਂ ਵਿਚੋਂ ਬਾਣੀ-ਗੁਰੂ ਦੀਆਂ ਝਲਕਾਂ ਦੀ ਗੱਲ ਨਾ ਕਰਦੇ ਹੋਏ ਅੱਜ ਅਸੀਂ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ-ਸਤਿਕਾਰ ਤੇ ਕੇਂਦਰਿਤ ਹੋਵਾਂਗੇ।

ਗੁਰੂ ਗੋਬਿੰਦ ਸਿੰਘ ਜੀ ਨੂੰ ਬਾਣੀ ਦੀ ਗੁੜ੍ਹਤੀ ਘਰੋਂ ਹੀ ਮਿਲੀ । ਗੁਰਬਾਣੀ ਦਾ ਸਤਿਕਾਰ ਉਹਨਾਂ ਦੇ ਵੱਡੇ ਵਡੇਰੇ ਕਰਦੇ ਆਏ ਹੋਣ ਕਰਕੇ ਉਹਨਾਂ ਨੂੰ ਬਚਪਨ ਵਿੱਚ ਹੀ ਜਿੱਥੇ ਹੋਰ ਦੁਨਿਆਵੀ ਵਿੱਦਿਆ ਦਿੱਤੀ ਗਈ, ਉੱਥੇ ਗੁਰਬਾਣੀ ਦਾ ਗਿਆਨ ਅਤੇ ਪ੍ਰੇਮ ਵੀ ਪ੍ਰਤੱਖ ਰੂਪ ਵਿੱਚ ਮਿਲਿਆ। ਉਹਨਾਂ ਦੇ ਜੀਵਨ ਵਿਚੋਂ ਕੁਝ ਉਹਨਾਂ ਘਟਨਾਵਾਂ ਦਾ ਜਿਕਰ ਕਰਦੇ ਹਾਂ ਜਿਹੜੀਆਂ ਉਹਨਾਂ ਦੇ ਬਾਣੀ ਦੇ ਸਤਿਕਾਰ ਨੂੰ ਪ੍ਰਗਟਾਉਂਦੀਆਂ ਹਨ।

*ਦਸੰਬਰ 1704 ਈਸਵੀ ਵਿੱਚ ਅਨੰਦਪੁਰ ਸਾਹਿਬ ਦਾ ਕਿਲ੍ਹਾ ਦੁਸ਼ਮਣ ਵੱਲੋਂ ਆਪਣੇ ਆਪਣੇ ਇਸ਼ਟ ਦੀਆਂ ਖਾਧੀਆਂ  ਕਸਮਾਂ ਤੇ ਇਤਬਾਰ ਕਰਕੇ ਛੱਡਿਆ, ਤਾਂ ਦੁਸ਼ਮਣ ਨੇ ਕਸਮਾਂ ਤੋੜ ਕੇ ਪਿੱਛੋਂ ਹਮਲਾ ਕਰ ਦਿੱਤਾ। ਲੜਦੇ ਲੜਦੇ ਸਰਸਾ ਨਦੀ ਦੇ ਕੰਢੇ ਪੁੱਜ ਗਏ। ਅੰਮ੍ਰਿਤ ਵੇਲਾ ਹੋਇਆ ਜਾਣ ਕੇ, ਕੁਝ ਸਿੱਖਾਂ ਦੀ ਪਹਿਰੇ ਤੇ ਡਿਊਟੀ ਲਗਾਈ ਅਤੇ ਆਸਾ ਦੀ ਵਾਰ ਸ਼ੁਰੂ ਕਰ ਦਿੱਤੀ। ਇਸ ਅਵਸਥਾ ਨੂੰ ਜਾਨਣਾ ਅਤੇ ਡੂੰਘਾਈ ਵਿੱਚ ਸਮਝਣਾ ਬਹੁਤ ਜਰੂਰੀ ਅਤੇ ਮਹੱਤਵਪੂਰਨ ਹੈ ,ਗੁਰੂ ਸਾਹਿਬ ਇਸ ਸੰਕਟ ਦੇ ਸਮੇਂ ਵੀ ਆਪਣਾ ਨਿੱਤਨੇਮ ਛੱਡਣ ਲਈ ਤਿਆਰ ਨਹੀਂ, ਤੇ ਅਸੀਂ ਅੱਜ ਸਭ ਕੁਝ ਹੁੰਦੇ ਹੋਏ, ਸੁੱਖ ਸਹੂਲਤਾਂ ਮਾਣਦੇ ਹੋਏ ਵੀ ਨਿੱਤਨੇਮ ਨੂੰ ਵਿਸਾਰ ਬੈਠੇ ਹਾਂ।

*ਇੱਕ ਹੋਰ ਘਟਨਾ ਗੁਰੂ ਸਾਹਿਬ ਦੇ ਜੀਵਨ ਵਿੱਚ ਇੰਝ ਹੈ ਕਿ ਜਦੋਂ ਉਹਨਾਂ ਨੇ ਇੱਕ ਸਿੱਖ ਨੂੰ ਪਾਠ ਕਰਦੇ ਗਲਤ ਉਚਾਰਣ ਕਰਦੇ ਸੁਣਿਆ, ਤਾਂ ਉਹਨਾਂ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਸੀ। ਸਿੱਖ ਨੇ ਰਾਮਕਲੀ ਦੀ ਵਾਰ ਵਿਚਲੀ ਪੰਕਤੀ “ਕਰਤੇ ਕੀ ਮਿਤਿ ਕਰਤਾ ਜਾਣੈ, ਕੈ ਜਾਣੈ ਗੁਰ ਸੂਰਾ” ਨੂੰ ਗਲਤ ਪੜ੍ਹਿਆ ਸੀ। ਉਸਨੇ “ਕਰਤੇ ਕੀ ਮਿਤਿ ਕਰਤਾ ਜਾਣੈ ਕੇ ਜਾਣੇ ਗੁਰ ਸੂਰਾ” ਪੜ੍ਹ ਦਿੱਤਾ ਸੀ। ਗੁਰੂ ਜੀ ਨੇ ਅਰਥ ਸਮਝਾਉਂਦੇ ਹੋਏ ਦੱਸਿਆ ਸੀ ਕਿ ਦੁਲਾਵਾਂ ਲਗਾ ਕੇ “ਕੈ” ਉਚਾਰਣ ਕਰਨ ਨਾਲ ਇਸ ਦੇ ਅਰਥ ਹੋਣਗੇ, ਕਿ ਕਰਤੇ ਦੀ ਮਿਤਿ ਜਾਂ ਕਰਤਾ ਜਾਣਦਾ ਹੈ ਤੇ ਜਾਂ ਗੁਰੂ। ਜਦਕਿ ਜੇ ਲਾਵਾਂ ਲਗਾ ਕੇ  “ਕੇ” ਪੜ੍ਹਿਆ ਜਾਵੇ ਤਾਂ ਅਰਥ ਬਣਨਗੇ ਕਿ ਗੁਰੂ ਨੂੰ ਕਰਤੇ ਕੀ ਮਿਤਿ ਦਾ ਕੁਝ ਨਹੀਂ ਪਤਾ। ਇਸ ਲਈ ਗਲਤ ਉਚਾਰਣ ਕਰਨ ਨਾਲ ਅਰਥਾਂ ਦੇ ਅਨਰਥ ਹੋ ਰਹੇ ਹਨ। ਗੁਰੂ ਸਾਹਿਬ ਦੀ ਇੱਛਾ ਸੀ ਕਿ ਉਹਨਾਂ ਦੇ ਸਿੱਖ ਗੁਰਬਾਣੀ ਦੇ ਠੀਕ ਅਰਥ ਜਾਣਦੇ ਹੋਣ, ਅਤੇ ਸ਼ੁੱਧ  ਉਚਾਰਣ ਕਰਨ  ਤਦ ਹੀ ਉਹ ਗੁਰਬਾਣੀ ਅਨੁਸਾਰ ਜੀਵਨ ਜੀਊ ਸਕਦੇ ਹਨ।

* ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ-ਗੁਰੂ ,ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਆਦਿ ਗ੍ਰੰਥ ਵਿੱਚ ਉਸੇ ਤਰਤੀਬ ਵਿੱਚ ਚੜ੍ਹਾਇਆ ਜਿਸ ਤਰਤੀਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਸੰਪਾਦਿਤ ਕੀਤਾ ਸੀ।

* ਭਾਈ ਮਨੀ ਸਿੰਘ ਜੀ ਅਤੇ ਹੋਰ ਸਿੱਖਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਕਰਵਾਉਣੇ ਉਹਨਾਂ ਦੇ ਸ਼ਬਦ ਬਾਣੀ ਪ੍ਰਤੀ ਸਤਿਕਾਰ ਨੂੰ ਹੀ ਪਰਗਟ ਕਰਦੇ ਹਨ।

ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ:- ਸਮੇਂ ਦੇ ਹਾਲਾਤ ਦੇਖ ਕੇ ਅਤੇ ਆਉਣ ਵਾਲੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਆਪਣੇ ਅੰਤਿਮ ਸਮੇ ਨੰਦੇੜ ਵਿਖੇ ਸਮੂਹ ਸੰਗਤ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਨਿਵਾਇਆ ਅਤੇ ਫੁਰਮਾਇਆ ਕਿ ਅੱਗੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਹੋਣਗੇ।ਸਿੱਖਾਂ ਦੇ ਇਹ ਪੁੱਛਣ ਤੇ ਕਿ ਤੁਹਾਡੇ ਤੋਂ ਬਾਅਦ ਸਾਨੂੰ ਕਿਸ ਦੇ ਲੜ ਲਾ ਚੱਲੇ ਹੋ ?? ਤਾਂ ਗੁਰੂ ਸਾਹਿਬ ਜੀ ਨੇ ਆਖਿਆ ਸੀ ਕਿ ਜਿਸ ਨੇ ਮੇਰੇ ਨਾਲ ਗੱਲ ਕਰਨੀ ਹੋਵੇ, ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰੇਮ ਨਾਲ ਪਾਠ ਕਰੇ। ਗੁਰੂ ਜੀ ਨੇ ਆਖਿਆ ਸੀ ਕਿ ਮੇਰਾ ਸਰੀਰ ਪੰਥ ਵਿੱਚ, ਆਤਮਾ ਗ੍ਰੰਥ ਵਿੱਚ ਹੋਏਗੀ।( ਅੱਜ ਜਦੋਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਪੱਖੇ,ਏ.ਸੀ.ਅਤੇ ਰਜਾਈ ਦਿੰਦੇ ਦੇਖਦੇ ਹਾਂ ਤਾਂ ਹੈਰਾਨੀ ਹੁੰਦੀ ਹੈ ਕਿ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਬਚਨ ਕਿਉਂ ਭੁੱਲ ਗਏ ਹਨ ? ਆਤਮਾ ਨੂੰ ਤਾਂ ਗਰਮੀ ਸਰਦੀ ਨਹੀਂ ਲੱਗਦੀ, …….ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ਨੂੰ ਅੰਗ ਆਖਣ ਵਾਲੇ ਵੀ ਇਹ ਭੁੱਲ ਗਏ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ,ਗੁਰੂ ਗੋਬਿੰਦ ਸਿੰਘ ਜੀ ਦੀ ਆਤਮਾ ਹਨ।)

ਗੁਰੂ ਗ੍ਰੰਥ ਸਾਹਿਬ ਜੀ ਬਾਰੇ ਦੋ ਭੁਲੇਖੇ :-  ਗੁਰੂ ਗੋਬਿੰਦ ਸਿੰਘ ਜੀ ਬਾਰੇ ਦੋ ਭੁਲੇਖੇ ਸੰਗਤ ਵਿਚ ਬਣੇ ਹੋਏ ਹਨ ਜਿਹਨਾਂ ਬਾਰੇ ਗੱਲ ਕਰਨੀ ਜ਼ਰੂਰੀ ਹੈ।।

ਪਹਿਲਾ ਭੁਲੇਖਾ ਇਹ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਜੀ ਤੋਂ ਇੱਕ ਪ੍ਰਸ਼ਨ ਪੁੱਛਿਆ ਜਿਹੜਾ ਸਲੋਕ ਮਹਲਾ ੯ ਵਿਚ ਦਰਜ ਹੈ-

ਬਲੁ ਛੁਟਕਿਓ ਬੰਧਨੁ ਪਰੇ ਕਛੂ ਨ ਹੋਤ ਉਪਾਇ।।

ਕਹੁ ਨਾਨਕ ਅਬ ਓਟਿ ਹਰਿ ਗਜ ਜਿਉ ਹੋਹੁ ਸਹਾਇ।।……………………………..(ਸਲੋਕ ਮਹਲਾ ੯, ਪੰਨਾ ੧੪੨੯)

ਕਿਹਾ ਜਾਂਦਾ ਏ ਕਿ ਇਸ ਤੋਂ ਅਗਲਾ ਸਲੋਕ, ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤਾ ਗਿਆ ਜਵਾਬ ਹੈ। ਕੁਝ ਵਿਦਵਾਨ ਤਾਂ ਇਸ ਜਵਾਬ ਨੂੰ ਗੁਰਗੱਦੀ ਦੇਣ ਦਾ ਮਾਪਦੰਡ ਤੱਕ ਕਹਿਣ ਤੋਂ ਸੰਕੋਚ ਨਹੀਂ ਕਰਦੇ ।

ਦੂਸਰਾ ਸਲੋਕ ਇੰਝ ਹੈ -

ਬਲੁ ਹੋਆ ਬੰਧਨੁ ਛੁਟੇ ਸਭੁ ਕਿਛੁ ਹੋਤ ਉਪਾਇ ।।

ਨਾਨਕ ਸਭੁ ਕਿਛੁ ਤੁਮਰੇ ਹਾਥ ਮੈ ਤੁਮ ਹੀ ਹੋਤ ਸਹਾਇ ।।…………………………….(ਸਲੋਕ ਮਹਲਾ ੯, ਪੰਨਾ ੧੪੨੯)

ਸਚਾਈ ਇਹ ਹੈ ਕਿ ਇਹ ਦੋਵੇਂ ਸਲੋਕ ਗੁਰੂ ਤੇਗ ਬਹਾਦਰ ਜੀ ਦੇ ਆਪਣੇ ਹੀ ਲਿਖੇ ਹੋਏ ਹਨ। ਆਪ ਹੀ ਸਵਾਲ ਕਰਕੇ ਉਸਦਾ ਜਵਾਬ ਲਿਖਣ ਦਾ ਤਰੀਕਾ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੋਰ ਵੀ ਬਹੁਤ ਥਾਵਾਂ ਤੇ ਹੋਰ ਗੁਰੂ ਸਾਹਿਬਾਨ ਅਤੇ ਹੋਰ ਬਾਣੀਕਾਰਾਂ ਵਲੋਂ ਵੀ ਵਰਤਿਆ ਗਿਆ ਹੈ।

ਗੁਰੂ ਗੋਬਿੰਦ ਸਿੰਘ ਜੀ ਦੀ  ਲਿਖਤ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਾ ਹੋਣ ਦੇ ਦੋ ਹੋਰ ਵੱਡੇ ਕਾਰਨ ਹਨ।

ਪਹਿਲਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ( ਜੇ ਉਹ ਸੱਚਮੁੱਚ ਹੀ ਉਹਨਾਂ ਦੀ ਹੈ) ਦਾ ਅੰਦਾਜ਼ ਅਤੇ ਸ਼ੈਲੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੱਖਰੀ ਹੈ ।

ਦੂਸਰਾ ਹੋਰ ਵੀ ਮਹੱਤਵਪੂਰਨ ਪੱਖ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੀ ਹੀ ਲਿਖਤ ਨੂੰ ਗੁਰੂ ਆਖ ਕੇ ਸੀਸ ਨਹੀਂ ਸੀ ਨਿਵਾ ਸਕਦੇ ।

ਸੋ ਇਹ ਸਪਸ਼ਟ ਹੈ ਕਿ ਇਹ ਦੋਵੇਂ ਸਲੋਕ ਗੁਰੂ ਤੇਗ ਬਹਾਦਰ ਜੀ ਦੇ ਆਪਣੇ ਹੀ ਲਿਖੇ ਹੋਏ ਹਨ, ਨਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ।

ਦੂਸਰਾ ਭੁਲੇਖਾ ਇਹ ਪ੍ਰਚੱਲਿਤ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਕਬੀਰ ਜੀ ਦੇ ਸ਼ਬਦ ਵਿੱਚ ਆਇਆ

ਸ਼ਬਦ “ਖਲਾਸੇ” ਨੂੰ ਬਦਲ ਕੇ “ਖਾਲਸੇ”ਕੀਤਾ ਹੈ । ਇਹ ਸ਼ਬਦ ਇਸ ਤਰਾਂ ਹੈ –

ਪਰਿਓ ਕਾਲੁ ਸਭੈ ਜਗ ਊਪਰ, ਮਾਹਿ ਲਿਖੇ ਭ੍ਰਮ ਗਿਆਨੀ।।

ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ।।…… …………………..—(ਪੰਨਾ ੬੫੪,ਸੋਰਠਿ ਕਬੀਰ ਜੀ)

ਕਿਹਾ ਜਾਂਦਾ ਏ ਕਿ ਆਖਰੀ ਪੰਕਤੀ ਵਿਚ ਕਹੁ ਕਬੀਰ ਜਨ ਭਏ ਖਲਾਸੇ ਸ਼ਬਦ ਸੀ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਕਰ ਦਿੱਤਾ ਸੀ। ਪਰ ਹਕੀਕਤ ਵਿੱਚ  ਇਹ ਸੱਚ ਨਹੀਂ ਹੈ।

ਪਹਿਲੀ ਗੱਲ ਕਿਸੇ ਵੀ ਗੁਰੂ ਸਾਹਿਬ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬ ਜਾਂ ਭਗਤਾਂ ਦੀ ਬਾਣੀ ਦਾ ਇੱਕ ਵੀ ਸ਼ਬਦ ਨਹੀਂ ਬਦਲਿਆ। ਹੋਰ ਤਾਂ ਹੋਰ, ਸੰਪਾਦਕੀ ਹੱਕ ਰੱਖਣ ਵਾਲੇ ਗੁਰੂ ਅਰਜਨ ਦੇਵ ਜੀ ਨੇ ਵੀ ਜਿੱਥੇ ਕਿਤੇ ਲੋੜ ਪਈ ਹੈ, ਵੱਖਰਾ ਸ਼ਬਦ ਜਾਂ ਸਲੋਕ ਤਾਂ ਲਿਖ ਦਿੱਤਾ ਹੈ, ਪਰ ਮੂਲ ਸ਼ਬਦ ਨੂੰ ਨਹੀਂ ਬਦਲਿਆ।ਇਤਿਹਾਸ ਗਵਾਹ ਹੈ ਕਿ ਗੁਰੂ ਹਰਿ ਰਾਇ ਜੀ ਨੇ ਰਾਮ ਰਾਇ ਜੀ ਵਲੋਂ ਗੁਰਬਾਣੀ ਦਾ ਇੱਕ ਸ਼ਬਦ ਵੀ ਬਦਲਿਆ ਜਾਣਾ ਪ੍ਰਵਾਨ ਨਹੀਂ ਸੀ ਕੀਤਾ।( ਆਧੁਨਿਕ ਸੰਪਾਦਕ ਵੀ  ਮੂਲ ਲੇਖਕ ਦੀ ਰਚਨਾ ਵਿਚੋਂ ਜੋ ਆਪ ਨੂੰ ਠੀਕ ਨਹੀਂ ਲੱਗਦਾ, ਕੱਟ ਦਿੰਦੇ ਹਨ ਅਤੇ ਕੁਝ ਸੰਪਾਦਕ ਤਾਂ ਮੂਲ ਰਚਨਾ ਵਿਚ ਆਪਣੇ ਕੋਲੋਂ ਵੀ ਇੱਕ ਦੋ ਪੰਕਤੀਆਂ ਜੋੜ ਦਿੰਦੇ ਹਨ। ਹੈਰਾਨੀ ਹੁੰਦੀ ਹੈ ਜਦਕਿ ਹਰ ਅਖ਼ਬਾਰ ਅਤੇ ਮੈਗਜ਼ੀਨ ਦੇ ਸੰਪਾਦਕ ਸਾਫ ਲਿਖਦੇ ਹਨ ਕਿ ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜਰੂਰੀ ਨਹੀਂ। ਫੇਰ ਵੀ ਰਚਨਾ ਦੀ ਕਾਂਟੀ ਛਾਂਟੀ ਕਰਦੇ ਹਨ। ਗੁਰੂ ਅਰਜਨ ਸਾਹਿਬ ਜੀ ਤੋਂ ਸੰਪਾਦਕੀ ਸਿੱਖਣੀ ਚਾਹੀਦੀ ਹੈ ਜਿਹਨਾਂ ਨੇ ,ਨਾ ਕੇਵਲ ਹਰ ਲੇਖਕ ਦੀ ਰਚਨਾ ਦੀ ਜਿੰਮੇਵਾਰੀ ਹੀ ਲਈ ਹੈ। ਸਗੋਂ ਮੂਲ ਰਚਨਾ ਹੂਬਹੂ ਉਸੇ ਤਰਾਂ ਛਾਪੀ ਗਈ ਹੈ ।  ਜੇ ਕਿਤੇ ਕੋਈ ਗੱਲ ਸਪਸ਼ਟ ਕਰਨ ਵਾਲੀ ਲੱਗੀ ਹੈ, ਨਾਲ ਆਪਣਾ ਸਲੋਕ ਉਚਾਰਿਆ ਹੈ, ਪਰ ਮੂਲ ਲਿਖਤ ਨੂੰ ਉਸੇ ਤਰਾਂ ਲਿਖਿਆ ਗਿਆ ਹੈ।)

ਦੂਸਰੀ ਗੱਲ ਭਾਈ ਕਾਹਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਵਿੱਚ ਉਚੇਚਾ ਫੁੱਟਨੋਟ ਦੇ ਕੇ ਸਪਸ਼ਟ ਕੀਤਾ ਹੈ। ਭਾਈ ਸਾਹਿਬ ਜੀ ਦੇ ਸ਼ਬਦ ਇਸ ਤਰਾਂ ਹਨ–

“ਕਈ ਅਙਾਣ ਲੇਖਕਾਂ ਨੇ ਲਿਖਿਆ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ “ਖਲਾਸੇ” ਦੀ ਥਾਂ “ਖਾਲਸੇ”ਸ਼ਬਦ ਵਰਤਿਆ ਹੈ, ਪਰ ਇਹ ਉਨ੍ਹਾਂ ਦੀ ਭੁੱਲ ਹੈ।  ਗੁਰੂ  ਗ੍ਰੰਥ ਸਾਹਿਬ ਜੀ ਦੀ ਕਰਤਾਰਪੁਰ ਵਾਲੀ ਬੀੜ ਵਿੱਚ ਪੁਰਾਣੀ ਕਲਮ ਦਾ ਲਿਖਿਆ ਪਾਠ ਖਾਲਸੇ ਹੈ।”

ਸੋ ਇਹ ਭੁਲੇਖੇ ਮਨ ਵਿਚੋਂ ਕੱਢ ਦੇਣੇ ਚਾਹੀਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਮੂਲ ਰੂਪ ਨੂੰ ਹੀ ਗੁਰੂ ਆਖਿਆ ਹੈ। ਉਹਨਾਂ ਨੇ ਤਾਂ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਆਦਿ ਗ੍ਰੰਥ ਵਿਚ ਸ਼ਾਮਿਲ ਕੀਤਾ ਹੈ ਅਤੇ ਉਹ ਵੀ ਪਹਿਲਾਂ ਹੀ ਚਲਦੀ ਤਰਤੀਬ ਅਨੁਸਾਰ ਹੀ।

* ਭਾਵੇਂ ਇਸ ਮੱਤ ਤੇ ਸਿੱਖ ਕੌਮ ਵਿੱਚ ਵਿਵਾਦ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਬਾਣੀ ਰਚੀ ਕਿ ਨਹੀਂ ? ਦਸਮ ਗ੍ਰੰਥ ਵਿੱਚ ਉਹਨਾਂ ਦੀ ਉਹਨਾਂ ਬਾਣੀ ਕਿੰਨੀ ਕੁ ਹੈ, ਵਿਦਵਾਨਾਂ ਅੰਦਰ ਇਸ ਬਾਰੇ ਵੱਖ ਵੱਖ ਵਿਚਾਰ ਹਨ। ਅਸੀਂ ਉਸ ਸਾਰੇ ਵਿਵਾਦ ਨੂੰ ਪਰ੍ਹੇ ਰੱਖਦੇ ਹੋਏ ਇਹ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਵੀ ਸ਼ਬਦ ਨਹੀਂ। ਸ਼ਾਇਦ ਇੱਕ ਵੱਡਾ ਕਾਰਨ ਇਹੋ ਹੋਵੇ, ਕਿ ਉਹ ਆਪਣੀ ਲਿਖਤ ਨੂੰ ਹੀ ਗੁਰੂ ਆਖ ਕੇ ਮੱਥਾ ਨਹੀਂ ਸੀ ਟੇਕ ਸਕਦੇ। ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨ ਦੀ ਇਜਾਜ਼ਤ ਅਕਾਲ ਤਖਤ ਤੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਅਨੁਸਾਰ ਨਹੀਂ ਹੈ।

ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮਨਾਮੇ :- ਗੁਰੂ ਗੋਬਿੰਦ ਸਿੰਘ ਜੀ ਦੇ ਨੰਦੇੜ ਤੋਂ ਕੀਤੇ ਗਏ 52 ਹੁਕਮਨਾਮੇ ਸਿੱਖ ਪੰਥ ਵਿੱਚ ਬਹੁਤ ਸਤਿਕਾਰ ਦਾ ਸਥਾਨ ਰੱਖਦੇ ਹਨ । ਭਾਵੇਂ ਇਹਨਾਂ ਦਾ ਕੋਈ ਇਤਿਹਾਸਕ ਸਰੋਤ ਤਾਂ ਨਹੀਂ ਮਿਲਦਾ, ਪਰ ਫੇਰ ਵੀ ਸਾਰਾ ਪੰਥ ਇਹਨਾਂ ਹੁਕਮਨਾਮਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਹੁਕਮ ਹੀ ਮੰਨਦਾ ਹੈ ।ਇਹਨਾਂ ਵਿਚੋਂ 10 ਹੁਕਮਨਾਮੇ ਅਜਿਹੇ ਹਨ, ਜਿਹੜੇ ਗੁਰਬਾਣੀ ਦੇ ਸਤਿਕਾਰ ਨੂੰ ਦ੍ਰਿੜ ਕਰਵਾਉਂਦੇ ਹਨ । ਦੇਖੋ ਜਰਾ –

* ਤੀਸਰਾ ਹੁਕਮਨਾਮਾ – ਗੁਰਬਾਣੀ ਕੰਠ ਕਰਨੀ ।

* ਛੇਵਾਂ ਹੁਕਮਨਾਮਾ -ਗੁਰਸਿੱਖਾਂ ਪਾਸੋਂ ਗੁਰਬਾਣੀ ਦੇ ਅਰਥ ਸਮਝਣੇ ।

*ਅੱਠਵਾਂ ਹੁਕਮਨਾਮਾ -ਸ਼ਬਦ ਦਾ ਅਭਿਆਸ ਕਰਨਾ ।

* ਨੌਵਾਂ ਹੁਕਮਨਾਮਾ – ਧਿਆਨ ਸਤਿ ਸਰੂਪ ਸਤਿਗੁਰੂ ਜੀ ਦਾ ਧਰਨਾ ।

* ਦਸਵਾਂ ਹੁਕਮਨਾਮਾ – ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ।

*ਵੀਹਵਾਂ ਹੁਕਮਨਾਮਾ-ਗੁਰਬਾਣੀ ਦੀ ਕਥਾ ਅਤੇ ਕੀਰਤਨ ਰੋਜ ਸੁਣਨਾ ਅਤੇ ਕਰਨਾ।

*ਇੱਕਤੀਵਾ ਹੁਕਮਨਾਮਾ-ਦੂਸਰੇ ਧਰਮਾਂ ਦੀਆਂ ਪੁਸਤਕਾਂ, ਵਿੱਦਿਆ ਪੜ੍ਹਨੀ ਪਰ ਭਰੋਸਾ ਦ੍ਰਿੜ੍ਹ ਗੁਰਬਾਣੀ ਅਤੇ ਅਕਾਲ-ਪੁਰਖ ਉੱਤੇ ਹੀ ਰੱਖਣਾ ।

*ਤੇਤੀਵਾ ਹੁਕਮਨਾਮਾ – ਰਹਿਰਾਸ ਦਾ ਪਾਠ ਕਰਕੇ ਖੜ੍ਹੇ ਹੋ ਕੇ ਅਰਦਾਸ ਕਰਨੀ ।

* ਚੌਤੀਵਾਂ ਹੁਕਮਨਾਮਾ -ਸੌਣ ਸਮੇ ਸੋਹਿਲੇ ਦਾ ਪਾਠ ਕਰਨਾ ।

* ਉਨਤਾਲੀਵਾਂ ਹੁਕਮਨਾਮਾ – ਸਭ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਅਤੇ ਗੁਰਬਾਣੀ ਅਨੁਸਾਰ ਕਰਨੇ ।

ਅੰਤਿਕਾ:- ਉਪਰੋਕਤ ਵਿਚਾਰ ਚਰਚਾ ਤੋਂ ਅਸੀਂ ਦੇਖਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਵਿੱਚ ਸ਼ਬਦ-ਬਾਣੀ ਨੂੰ ਸਦਾ ਸਤਿਕਾਰ ਦਿੱਤਾ । ਉਦੋਂ ਦੁੱਖ ਲੱਗਦਾਹੈ ਜਦੋਂ ਅੱਜ ਸਿੱਖਾਂ ਨੂੰ , ਹੋਰ ਤਾਂ ਹੋਰ ਖਾਲਸਿਆਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਵੱਖ ਵੱਖ ਰੰਗ ਬਿਰੰਗੇ ਡੇਰਿਆਂ ਅਤੇ ਬਾਬਿਆਂ ਕੋਲ ਜਾਂਦੇ ਦੇਖਦੇ ਹਾਂ। ਗੁਰ-ਫੁਰਮਾਨ ਹੈ-

ਜਾ ਕੋ ਠਾਕੁਰੁ ਊਚਾ ਹੋਈ।

ਸੋ ਜਨੁ ਪਰ ਘਰ ਜਾਤ ਨ ਸੋਹੀ।….(ਗਉੜੀ ਭੀ ਸੋਰਠਿ ਭੀ ਪੰਨਾ 330)

ਸਪਸਟ ਹੈ ਕਿ ਅੱਜ ਸਿੱਖਾਂ ਨੂੰ ਆਪਣੇ ਗੁਰੂ ਤੇ ਭਰੋਸਾ ਵਿਸਵਾਸ਼ ਨਹੀ ਰਿਹਾ ਇਸੇ ਲਈ ਉਹ ਹੋਰ ਦੁਆਰਿਆਂ ਤੇ ਭਟਕਦੇ ਫਿਰਦੇ ਹਨ। ਪਾਤਸਾਹ ਬਖਸ਼ਿਸ ਕਰਨ ਸਾਨੂੰ ਗੁਰੂ ਸਾਹਿਬਾਨ ਨੇ ਜਿਸ ਸ਼ਬਦ ਦੇ ਲੜ ਲਾਇਆ ਹੈ, ਉਸ ਦਾ ਸਤਿਕਾਰ ਕਰਨਾ ਆ ਜਾਵੇ। ਸਬਦ ਦੀ ਸਮਝ ਆ ਸਕੇ, ਸਬਦ ਨੂੰ ਕਮਾਉਣਾ ਸਿੱਖ ਸਕੀਏ। ਸਬਦ ਅਨੁਸਾਰ ਆਪਣਾ ਜੀਵਨ ਢਾਲ ਸਕੀਏ।
********************************************************************

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>