ਭਾਗਾਂ ਵਾਲੇ ਪਟਨੇ ਸ਼ਹਿਰ, ਇੱਕ ਆਈ ਜੋਤ ਨੂਰਾਨੀ।
ਜਿਸ ਦਾ ਕੁੱਲ ਦੁਨੀਆਂ ਦੇ ਅੰਦਰ, ਹੋਇਆ ਨਾ ਕੋਈ ਸਾਨੀ।
ਸਭ ਦੇ ਸਾਂਝੇ ਸੱਚੇ ਸਤਿਗੁਰ, ਸ਼ੰਕਾ ਸਭ ਦੀ ਲਾਹੀ।
ਭੀਖਣ ਸ਼ਾਹ ਜਾਂ ਕੀਤਾ ਸਜਦਾ, ਦਿਸ ਪਈ ਜੋਤ ਇਲਾਹੀ।
ਉਸ ਦੀ ਸ਼ਖਸੀਅਤ ਨਾ ਜਾਏ, ਸ਼ਬਦਾਂ ਵਿੱਚ ਬਿਆਨੀ
ਭਾਗਾਂ …
ਮੁਰਦਾ ਰੂਹਾਂ ਦੇ ਵਿੱਚ ਉਸਨੇ, ਮੁੜ ਤੋਂ ਪਾਈਆਂ ਜਾਨਾਂ।
ਚਿੜੀਆਂ ਕੋਲੋਂ ਬਾਜ ਤੁੜਾ ਕੇ, ਲਿਖਿਆ ਇਕ ਅਫਸਾਨਾ ।
ਉਹਦੇ ਸਿੱਖਾਂ ਦੁਸ਼ਮਣ ਨੂੰ ਵੀ, ਰਣ ਪਿਲਾਇਆ ਪਾਣੀ
ਭਾਗਾਂ………
ਧਰਮਾਂ ਦੀ ਆਜ਼ਾਦੀ ਖ਼ਾਤਿਰ, ਸਾਇਆ ਸਿਰੋਂ ਮਿਟਾਇਆ।
ਸਾਰਾ ਹੀ ਸਰਬੰਸ ਓਸ ਨੇ, ਕੌਮ ਦੇ ਲੇਖੇ ਲਾਇਆ।
ਰੋਕੀ ਸੀ ਉਸ ਤਲਵਾਰਾਂ ਸੰਗ, ਜ਼ਾਲਿਮ ਦੀ ਮਨਮਾਨੀ
ਭਾਗਾਂ……..
ਉਸ ਦੇ ਨਿੱਕਿਆਂ ਵੱਡੇ ਸਾਕੇ, ਜੱਗ ਨੂੰ ਕਰ ਦਿਖਲਾਏ।
ਨੀਂਹ ਵਿੱਚ ਰੱਤ ਚੁਆ ਕੇ ਆਪਣੀ, ਸਿੱਖੀ ਮਹਿਲ ਬਣਾਏ।
ਜੱਸ ਉਹਦੇ ਗਾ ਨਹੀਂ ਸਕਦੀ, ‘ਦੀਸ਼’ ਦੀ ਕਲਮ ਨਿਮਾਣੀ
ਭਾਗਾਂ……
