ਸਿਡਨੀ – ਤੀਸਰਾ ਮਹਾਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦਾ “ਕੁਝ ਕਹੀਏ ਕੁਝ ਸੁਣੀਏ” ਸ਼ਾਇਰੀ ਦੇ ਅੰਗ ਸੰਗ ਮੁਸ਼ਾਇਰਾ ਦੁਨੀਆਂ ਭਰ ਦੇ ਪ੍ਰਸਿੱਧ ਸ਼ਾਇਰਾਂ ਕਵੀਆਂ ਗ਼ਜ਼ਲਗੋਆਂ ਦੀ ਸ਼ਮੂਲੀਅਤ ਸਦਕਾ ਯਾਦਗਾਰੀ ਬਣ ਗਿਆ ਤੇ ਬਹੁਤ ਹੀ ਰਮਣੀਕ ਤੇ ਕਾਮਯਾਬ ਰਿਹਾ, ਅਰਸ਼ ਦੇ ਚੰਨ ਤਾਰਿਆਂ ਵਾਂਗ ਚਮਕਦਾ।
ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ ਅਮਰਜੀਤ ਟਾਂਡਾ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਕੱਲ ਦੇ ਮੁਸ਼ਹਿਰੇ ਵਿੱਚ ਕੈਨੇਡਾ ਅਮਰੀਕਾ ਭਾਰਤ ਆਸਟਰੇਲੀਆ ਪਾਕਿਸਤਾਨ ਫ਼ਿਨਲੈਂਡ ਯੋਗੰਡਾ ਇਟਲੀ ਤੇ ਕਈ ਹੋਰ ਦੇਸ਼ਾਂ ਤੋਂ ਸ਼ਾਇਰਾਂ ਕਵੀਆਂ ਗ਼ਜ਼ਲਗੋਆਂ ਨੇ ਆਪਣੇ ਆਪਣੇ ਚੋਣਵੇਂ ਤੇ ਵਧੀਆ ਕਲਾਮ ਪੇਸ਼ ਕੀਤੇ।
ਡਾ ਅਮਰਜੀਤ ਟਾਂਡਾ ਨੇ ਕਿਹਾ ਕਿ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੇ ਚੀਫ ਪੈਟਰਨ ਡਾਕਟਰ ਐਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਜੀ ਨੇ ਆਪਣੀਆਂ ਸ਼ੁਭ ਇੱਛਾਵਾਂ ਪੇਸ਼ ਕਰਦਿਆਂ ਡਾ ਅਮਰਜੀਤ ਟਾਂਡਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜਿਹੜਾ ਇਹਨਾਂ ਨੇ ਅੰਤਰਰਾਸ਼ਟਰੀ ਮੁਸ਼ਾਇਰਾ ਸ਼ੁਰੂ ਕੀਤਾ ਹੈ ਇਸ ਦੀ ਮੈਂ ਦਿਲੋਂ ਪੁਰਜ਼ੋਰ ਸ਼ਲਾਘਾ ਕਰਦਾ ਹਾਂ। ਇਸ ਤਰ੍ਹਾਂ ਹੀ ਦੁਨੀਆਂ ਭਰ ਵਿੱਚ ਸਾਹਿਤਕ ਬੂਹੇ ਖੁੱਲਦੇ ਰਹਿਣ ਉਹਨਾਂ ਨੇ ਆਸ ਕਰਦਿਆਂ ਕਿਹਾ। ਦੁਨੀਆਂ ਭਰ ਦੇ ਦੇਸ਼ਾਂ ਤੋਂ ਸੋਹਣੀਆਂ ਅੱਛੀਆਂ ਸ਼ਬਦ ਆਵਾਜ਼ਾਂ ਇੱਕ ਮੰਚ ਤੇ ਇਕੱਠੀਆਂ ਹੋ ਰਹੀਆਂ ਹਨ, ਜੋ ਅੱਗੇ ਨਹੀਂ ਸੀ ਕਦੇ ਹੁੰਦੀਆਂ, ਉਹਨਾਂ ਨੇ ਇਸ ਕਾਰਜ਼ ਨਵੀਂ ਪੈੜ ਨੂੰ ਸਲਾਉਂਦਿਆਂ ਹੋਰ ਵੀ ਖੂਬਸੂਰਤ ਸ਼ਬਦ ਕਹੇ।
ਕਨੇਡਾ ਤੋਂ ਗੁਰਦੇਵ ਚੌਹਾਨ ਹੋਰਾਂ ਨੇ ਆਪਣੀ ਸੋਹਣੀ ਨਜ਼ਮ ਨਾਲ ਮੁਸ਼ਾਇਰੇ ਦਾ ਆਗਾਜ਼ ਕੀਤਾ ਤੇ ਵੰਨ ਸੁਵੰਨੀਆਂ ਸਿਮਲੀਆਂ ਦੇ ਨਾਲ ਦਿਲਾਂ ਤੇ ਨਵੀਂ ਛਾਪ ਛੱਡੀ।
ਪ੍ਰਸਿੱਧ ਸ਼ਾਇਰ ਤੇ ਲੇਖਕ ਡਾਕਟਰ ਰਵਿੰਦਰ ਰਵੀ ਨੇ ਸੂਲੀ ਨਜ਼ਮ ਪੜਦਿਆਂ ਕਮਾਲ ਦੇ ਸ਼ਬਦਾਂ ਦੀ ਚਾਦਰ ਵਿਛਾਈ
“ਪੈਰ ਪੁੱਟਾਂ, ਤਾਂ ਸੂਲੀਆਂ ਉੱਠਣ
ਨਜ਼ਰ ਚੁੱਕਾਂ, ਤਾਂ ਸੂਲੀਆਂ ਉੱਠਣ
ਹਰ ਸੂਲੀ ਮੇਰੇ ਰੰਗ ਰੰਗੀ
ਉਸ ਵਿੱਚ ਮੇਰਾ ਅਰਥ ਸਮਾਇਆ!
ਜਾਣੇ ਪਛਾਣੇ ਪੰਜਾਬੀ ਲੇਖਕ ਤੇ ਸ਼ਾਇਰ ਡਾਕਟਰ ਰਵਿੰਦਰ ਨੇ ਬਟਾਲਾ ਤੋਂ ਜੂਝਦਿਆਂ ਸਮਿਆਂ ਦੀ ਆਪਣੀ ਸੋਹਣੀ ਸੁਨੱਖੀ ਨਜ਼ਮ ਸੁੰਦਰ ਸ਼ਬਦਾਂ ਵਿੱਚ ਗੁੰਦੀ ਹੋਈ ਪੇਸ਼ ਕੀਤੀ।
ਦਿੱਲੀ ਤੋਂ ਸਾਡੀ ਨਾਮਵਰ ਲੇਖਕ ਤੇ ਸ਼ਾਇਰਾ ਡਾਕਟਰ ਵਨੀਤਾ ਨੇ ਆਪਣੀ ਚੋਣਵੀਂ ਨਵੀਂ ਨਜ਼ਮ ਵਧੀਆ ਕਸ਼ੀਦ ਕੀਤੀ ਹੋਈ ਹੌਲੀ ਹੌਲੀ ਪਿਆਰੀ ਆਵਾਜ਼ ਵਿੱਚ ਪੇਸ਼ ਕਰ ਕੇ ਸਰੋਤਿਆਂ ਦੇ ਦਿਲ ਮੋਹ ਲਏ।
ਸਾਹਿਤ ਅਕਾਦਮੀ ਅਵਾਰਡ ਵਿਜੇਤਾ ਤੇ ਚੇਅਰਮੈਨ ਕਲਾ ਪ੍ਰੀਸ਼ਦ ਚੰਡੀਗੜ੍ਹ ਸ ਸਵਰਨਜੀਤ ਸਵੀ ਨੇ ਆਪਣੀਆਂ ਦੋ ਨਜ਼ਮਾਂ ‘ਸਭ ਪਿਆਰ ਹੀ ਤਾਂ ਹੈ ਤੇ ਕਿੱਥੇ ਹਾਂ’ ਸੁਣਾਈਆਂ ਮਿੱਠੀ ਆਵਾਜ਼ ਵਿੱਚ ਸੁਣਾ ਕੇ ਮਾਹੌਲ ਵਿੱਚ ਪਿਨ ਡ੍ਰੋਪ ਸਾਈਲੈਂਸ ਹੀ ਕ੍ਰੀਏਟ ਕਰ ਦਿੱਤੀ। ਸਵੀ ਮੇਰਾ ਚਿਰਾਂ ਦਾ ਕਰੀਬੀ ਦੋਸਤ ਸ਼ਬਦਾਂ ਦਾ ਜਾਦੂਗਰ ਵੀ ਹੈ ਤੇ ਨਵੀਆਂ ਸੁਰਾਂ ਸਿਮਲੀਆਂ ਬਿੰਬਾਂ ਦਾ ਚੁੱਪ ਕੀਤਾ ਜਿਹਾ ਆਸ਼ਕ ਵੀ।
ਕਰਾਚੀ ਪਾਕਿਸਤਾਨ ਤੋਂ ਜਾਣੇ ਪਛਾਣੇ ਪੰਜਾਬੀ ਉਰਦੂ ਦੇ ਲੇਖਕ ਸ਼ਾਇਰ ਤੌਕੀਰ ਚੁਗਤਾਈ ਜੋ ਮੇਰੇ ਬ੍ਰਹਿਮੰਡੀ ਮਿੱਠੇ ਸੁਭਾਅ ਵਾਲੇ ਤੇ ਚਿਰਾਂ ਦੇ ਦੋਸਤ ਵੀ, ਨੇ ਆਪਣੀ ਕਵਿਤਾ ਸੁਣਾ ਕੇ ਸ਼ਬਦ ਸੁਰਾਂ ਨਾਲ ਸਾਰਿਆਂ ਤੋਂ ਵਾਹ ਵਾਹ ਖੱਟੀ।
ਇਸੇ ਤਰ੍ਹਾਂ ਹੀ ਕਸੂਰ ਪਾਕਿਸਤਾਨ ਤੋਂ ਇਕਬਾਲ ਕੈਸਰ ਨੇ ਆਪਣੀ ਕਵਿਤਾ ਨਾਲ ਕਈ ਰੰਗੀਨ ਦੁਪੱਟੇ ਵਰਗੇ ਰੰਗ ਖਿਲਾਰੇ। ਸ਼ਾਇਰ ਸਲੀਮ ਆਫ਼ਤਾਬ ਕਸੂਰੀ ਨੇ ਵੀ ਪਾਕਿਸਤਾਨ ਤੋਂ ਨਵਾਂ ਸਾਲ ਨਜ਼ਮ ਸਬਦ ਸਤਰਾਂ ਦੀਆਂ ਲੜੀਆਂ ਪੇਸ਼ ਕੀਤੀਆਂ।
ਦਿੱਲੀ ਤੋਂ ਜਾਣੇ ਪਛਾਣੇ ਸਾਡੇ ਗ਼ਜ਼ਲਗੋ ਪ੍ਰੋ ਬਰਜਿੰਦਰ ਚੌਹਾਨ ਨੇ ਆਪਣੀਆਂ ਚੋਣਵੀਆਂ ਦੋ ਉਮਦਾ ਨਵੀਨਤਮ ਸ਼ਿਲਪਕਲਾ ਵਿੱਚ ਉਣੀਆਂ ਗਜ਼ਲਾਂ ਸੁਣਾ ਕੇ ਬਹੁਤ ਪਿਆਰ ਗਲਵੱਕੜੀਆਂ ਖਿਲਾਰੀਆਂ।
ਸਿਡਨੀ ਤੋਂ ਹਰਮੋਹਨ ਵਾਲੀਆ ਨੇ ਆਪਣੀ ਨਵੀਂ ਕਵਿਤਾ ਸਰੋਤਿਆਂ ਨੂੰ ਸੁਣਾ ਕੇ ਖੁਸ਼ ਕੀਤਾ। ਫਿਨਲੈਂਡ ਤੋਂ ਸੁਰਜੀਤ ਗੱਗ ਨੇ ਆਪਣੀਆਂ ਨਜ਼ਮਾਂ
ਔਰਤਾਂ ਸ਼ਰਾਬ ਨਹੀਂ ਪੀਂਦੀਆਂ,
ਨਾ ਕੋਈ ਹੇਠ੍ਹ ਸਿਰ੍ਹਾਣਾ ਦੇਂਦਾ, ਨਾ ਕੋਈ ਉੱਤੇ ਖੇਸੀ, ਅਤੇ ਅਪਣਾ ਮੱਥਾ ਆਪੇ ਚੁੰਮਕੇ, ਸੌਂ ਜਾਂਦੇ ਪਰਦੇਸੀ, ਅਤੇ ਇੱਕ ਦਿਨ ਪਰਤਣਗੇ ਸੁਣਾ ਕੇ ਦੁਨੀਆਂ ਭਰ ਦੇ ਸਰੋਤਿਆਂ ਨੂੰ ਸ਼ਬਦ ਮਹਿਕਾਂ ਵੰਡੀਆਂ।
ਡਾਕਟਰ ਮਹਿੰਦਰ ਗਰੇਵਾਲ ਨੇ ਚਿਰ ਬਾਅਦ ਆਪਣੀ ਵਧੀਆ ਨਜ਼ਮ ਸੁਣਾਈ ਤੇ ਵਾਹ ਵਾਹ ਕਰਾ ਦਿੱਤੀ।
ਯੁਗੰਡਾ ਤੋਂ ਗਾਇਕ ਤੇ ਅਦਾਕਾਰ ਸ ਬਾਜਵਾ ਸਿੰਘ ਨੇ ਗੀਤ ਸੁਣਾ ਕੇ ਸਾਰਿਆਂ ਦਾ ਮਨ ਮੋਹ ਲਿਆ।
ਸਾਡੀ ਪਿਆਰੀ ਸ਼ਾਇਰਾ ਜਿਸ ਨੇ ਅਕਾਦਮੀ ਦੀ ਲੋਗੋ ਵੀ ਤਿਆਰ ਕੀਤੀ ਹੈ ਕਰਮ ਅਬੋਹਰ ਨੇ ਇਸ਼ਕ ਦੀ ਜ਼ਾਤ,
ਪਰਦੇਸੀ ਪੁੱਤ ਦੀ ਯਾਦ ਵਰਗੀਆਂ ਕਵਿਤਾਵਾਂ ਸੁਣਾ ਕੇ ਮਹਿਫ਼ਿਲ ਵਿੱਚ ਕਈ ਤਰ੍ਹਾਂ ਦੇ ਰੰਗ ਵਰਗੀਆਂ ਫੁੱਲ ਪੱਤੀਆਂ ਨਾਲ ਸਾਰੇ ਅਰਸ਼ ਦਾ ਵਿਹੜਾ ਭਰ ਦਿੱਤਾ।
ਆਖਰ ਵਿੱਚ ਮੈਨੂੰ ਵੀ ਹੁਕਮ ਹੋਇਆ ਤੇ ਮੈਂ ਵੀ ਸਰੋਤਿਆਂ ਨੂੰ ਆਪਣੀਆਂ ਨਿੱਕੀਆਂ ਨਿੱਕੀਆਂ ਨਜ਼ਮਾਂ ਸੁਣਾਈਆਂ। ਤੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਤੁਸੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦਾ ਬ੍ਰਹਿਮੰਡੀ ਵਿਹੜਾ ਆਪਣੀਆਂ ਰੂਹਾਂ ਤੇ ਅਰਮਾਨਾਂ, ਸ਼ਬਦਾਂ ਦੇ ਚਾਨਣ ਤੇ ਭਾਵਨਾਵਾਂ ਦੇ ਰੰਗਾਂ ਨਾਲ ਰੰਗ ਦਿੱਤਾ ਹੈ। ਤੁਹਾਡੇ ਹਰ ਅੱਖਰ ਨੇ ਸਮੇਂ ਦੀ ਉਦਾਸ ਪੌਣ ਗ਼ਮ ਪੂੰਝੇ ਹਨ ਤੇ ਮਹਿਕਾਂ ਖਿਲਾਰੀਆਂ ਹਨ। ਤੁਸੀਂ ਅੱਜ ਕਲਮ ਨੂੰ ਪ੍ਰੇਮ, ਦਰਦ, ਸੁੰਦਰਤਾ ਤੇ ਮਨੁੱਖਤਾ ਦਾ ਦੂਤ ਬਣਾਇਆ ਹੈ। ਅਸੀਂ ਤੁਹਾਡੇ ਸ਼ਬਦਾਂ ਅੱਗੇ ਸਿਰੋਧਾਰ ਕਰਦੇ ਹਾਂ — ਇਹ ਸ਼ਬਦ ਸਿਰਫ਼ ਕਵਿਤਾਵਾਂ ਨਹੀਂ, ਸੰਸਾਰਕ ਦਿਲਾਂ ਵਿਚ ਵਿੱਢੀਆਂ ਹੋਈਆਂ ਲੋਕ ਪ੍ਰਾਰਥਨਾਵਾਂ ਅਰਜ਼ਾਂ ਹੁੰਦੀਆਂ ਹਨ। ਵਿਸ਼ਵ ਪੰਜਾਬੀ ਸਹਿਤ ਅਕਾਦਮੀ ਤੁਹਾਡੀ ਕਲਾ ਨੂੰ ਸਲਾਮ ਕਰਦੀ ਹੈ— ਤੁਸੀਂ ਸਾਬਤ ਕਰ ਦਿੱਤਾ ਹੈ ਕਿ ਭਾਸ਼ਾ, ਦੇਸ਼ ਤੇ ਧਰਮ ਦੇ ਪਾਰ ਇੱਕ ਹੀ ਰਾਗ ਹੈ —ਮਨੁੱਖਤਾ ਦੀਆਂ ਸੁਰਾਂ ਤੇ ਪੈੜਾਂ ਦਾ।
ਕਈ ਸ਼ਾਇਰ ਗ਼ਜ਼ਲਗੋ ਜਿਵੇਂ ਡਾ ਪਾਲ ਕੌਰ ਡਾ ਗੁਰਸ਼ਾਨ ਰੰਧਾਵਾ ਬੀਬਾ ਬਲਵੰਤ ਸ ਜਸਵੰਤ ਜ਼ਫ਼ਰ ਸੁਖਵਿੰਦਰ ਕੰਬੋਜ਼ ਪ੍ਰੋ ਗੁਰਤੇਜ ਕੁਹਾਰਵਾਲਾ ਵਿਸ਼ਾਲ ਬਿਆਸ, ਡਾ ਗਗਨ ਸੰਧੂ ਡਾ ਤਰਸਪਾਲ ਕੌਰ ਡਾ ਸਿਮਰਨ ਅਕਸ ਕੁਝ ਆਪਣੇ ਰੁਝੇਵਿਆਂ ਕਰਕੇ ਤੇ ਤਕਨੀਕੀ ਵਜ੍ਹਾ ਕਰਕੇ ਜੁੜ ਨਾ ਸਕੇ ਅਸੀਂ ਉਹਨਾਂ ਦੇ ਵੀ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ ਤੇ ਧੰਨਵਾਦ ਕਰਦੇ ਹਾਂ।
ਡਾਕਟਰ ਜੋਗਿੰਦਰ ਸਿੰਘ ਕੈਰੋਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਸੰਸਾਰ ਪੱਧਰ ਤੇ ਵੱਸਦੇ ਪੰਜਾਬੀ ਦੋਸਤੋ ਤੁਸਾਂ ਸਾਰਿਆਂ ਨੇ ਇਸ ਬ੍ਰਹਿਮੰਡੀ ਸ਼ਾਇਰਾਂ ਦੀ ਮਹਿਫ਼ਿਲ ਵਿਚ ਹਿੱਸਾ ਲੈ ਕੇ ਸੁਣ ਕੇ ਆਨੰਦ ਮਾਣਿਆ ਹੈ। ਜਿਵੇਂ ਕਿ ਪੰਜਾਬੀ ਹੁਣ ਸਾਰੇ ਸੰਸਾਰ ਪੱਧਰ ਤੇ ਵੱਸ ਗਏ ਹਨ ਅਤੇ ਇਸ ਲਈ ਉਹਨਾਂ ਨੂੰ ਆਪਸੀ ਸੰਚਾਰ ਕਰਨ ਲਈ ਵੱਖ-ਵੱਖ ਜੁਗਤਾਂ ਨੂੰ ਅਪਣਾਉਣਾ ਪੈ ਰਿਹਾ ਹੈ ਤੇ ਇਸ ਜੁਗਤ ਵਿੱਚ ਡਾ ਅਮਰਜੀਤ ਸਿੰਘ ਟਾਂਡਾ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਜੋੜਿਆ ਹੈ। ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਅੱਗੇ ਤੋਂ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਕਰੋਗੇ ਤੇ ਇਹਨਾਂ ਸ਼ਬਦਾਂ ਨਾਲ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਇਹੋ ਜਿਹੀ ਪ੍ਰੋਗਰਾਮ ਹੁੰਦੇ ਰਹਿਣਗੇ ਤੇ ਆਪ ਸਾਰੇ ਇਹਨਾਂ ਦਾ ਆਨੰਦ ਮਾਣਦੇ ਰਹੋਗੇ ।
ਇਸ ਪ੍ਰੋਗਰਾਮ ਦੇ ਸੰਚਾਲਨ ਪਰਬੰਧਨ ਤੇ ਹੋਰ ਤਕਨੀਕੀ ਸਹਾਇਤਾ ਦਾ ਕਾਰਜ ਡਾ ਅਮਰਜੀਤ ਟਾਂਡਾ ਨੇ ਆਪ ਸੰਭਾਲਿਆ ਅਤੇ ਬਾਖੂਬੀ ਨਿਭਾਇਆ।
