ਜੰਮ ਜੰਮ ਲੋਹੜੀਆਂ ਮਨਾਓ ਮੇਰੇ ਸਾਥੀਓ।
ਬਦੀਆਂ ਨੂੰ ਚੁਲ੍ਹੇ ਵਿੱਚ ਪਾਓ ਮੇਰੇ ਸਾਥੀਓ।
ਘਰ ਵਿੱਚ ਹੋਣ ਚਾਹੇ ਪੁੱਤਰ ਜਾਂ ਧੀ ਨੇ।
ਰੱਬ ਦੀਆਂ ਦਾਤਾਂ ਦੋਵੇਂ ਰੱਬ ਦੇ ਹੀ ਜੀਅ ਨੇ।
ਖੁਸ਼ੀਆਂ ਨੂੰ ਵੰਡੋ ਵਰਤਾਓ ਮੇਰੇ ਸਾਥੀਓ
ਬਦੀਆਂ…
ਪਾਸ ਪੋਸ ਜਿਨ੍ਹਾਂ ਨੇ ਬਿਗਾਨੇ ਘਰੀਂ ਤੋਰੀਆਂ।
ਰੱਖਦੇ ਨੇ ਮਾਪੇ ਫਿਰ ਰੱਬ ਉੱਤੇ ਡੋਰੀਆਂ।
ਨੂੰਹ- ਧੀ ਦਾ ਫ਼ਰਕ ਮਿਟਾਓ ਮੇਰੇ ਸਾਥੀਓ
ਬਦੀਆਂ…
‘ਮਿੱਠੇ ਮੇਵੇ’ ਆਖ ਲੋਕੀਂ ਪੁੱਤ ਸਿਰ ਚਾੜ੍ਹਦੇ।
ਲਾਡ ਤੇ ਪਿਆਰ ਨਾਲ ਉਹਨਾਂ ਨੂੰ ਵਿਗਾੜਦੇ।
ਧੀਆਂ ਨੂੰ ਵੀ ਕਦੇ ਵਡਿਆਓ ਮੇਰੇ ਸਾਥੀਓ
ਬਦੀਆਂ…
ਪੁੱਤਾਂ ਨੇ ਤਾਂ ਹੱਕ ਜਾਇਦਾਦ ਤੇ ਜਤਾਉਣਾ ਹੈ।
ਧੀਆਂ ਨੇ ਤਾਂ ਮਾਪਿਆਂ ਦਾ ਦੁੱਖ ਹੀ ਵੰਡਾਉਣਾ ਹੈ।
ਧੀਆਂ ਦੀਆਂ ਲੋਹੜੀਆਂ ਮਨਾਓ ਮੇਰੇ ਸਾਥੀਓ
ਬਦੀਆਂ…
ਛੱਡ ਦੇ ਬੁਰਾਈਆਂ ‘ਦੀਸ਼’, ਕੋਸ ਨਾ ਜ਼ਮਾਨੇ ਨੂੰ।
ਦੇਈਏ ਧੀਆਂ ਪੁੱਤਾਂ ਤਾਈਂ ਗੁਣਾਂ ਦੇ ਖਜ਼ਾਨੇ ਨੂੰ।
ਚੰਗੇ ਸੰਸਕਾਰ ਝੋਲੀ ਪਾਓ ਮੇਰੇ ਸਾਥੀਓ
ਬਦੀਆਂ …
