ਮੁਖੌਟੇ

ਅੱਜ ਦੇ ਦੌਰ ਵਿੱਚ ਬਹੁਤੇ ਬੰਦੇ ਚਿਹਰਿਆਂ ਉੱਤੇ ਬਨਾਵਟੀ ਮੁਖੌਟੇ ਧਾਰਨ ਕਰਕੇ ਤੁਰੇ ਫਿਰਦੇ ਜਾਪਦੇ ਹਨ। ਬੰਦਿਆਂ ਦੇ ਅਸਲ ਚਿਹਰੇ ਕੁਝ ਹੋਰ ਹੁੰਦੇ ਹਨ ਪਰ! ਦਿਖਾਵਾ ਕੁਝ ਹੋਰ ਕਰਦੇ ਹਨ। ਕਹਿਣ ਤੋਂ ਭਾਵ ਬੰਦਿਆਂ ਦੇ ਮਨ ਦੀ ਬਿਰਤੀ ਵੱਖਰੀ ਕਿਸਮ ਦੀ ਹੁੰਦੀ ਹੈ ਅਤੇ ਉਹ ਪ੍ਰਗਟਾਵਾ ਕੁਝ ਹੋਰ ਕਰ ਰਹੇ ਹੁੰਦੇ ਹਨ। ਇਸਦਾ ਇੱਕ ਪ੍ਰਤੱਖ ਉਦਾਹਰਣ ਇਹ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਵੱਲੋਂ ਜਿੰਨੀ ਸਿਆਣਪ ਸੋਸ਼ਲ- ਮੀਡੀਆ ਉੱਪਰ ਪੇਸ਼ ਕੀਤੀ ਜਾਂਦੀ ਹੈ ਜਾਂ ਦਿਖਾਈ ਜਾਂਦੀ ਹੈ ਜੇਕਰ ਉਸਦਾ ਅੱਧਾ ਹਿੱਸਾ ਵੀ ਅਸਲ ਜ਼ਿੰਦਗੀ ਵਿੱਚ ਧਾਰਨ ਕਰ ਲਿਆ ਜਾਵੇ ਤਾਂ ਅਜੋਕਾ ਸਮਾਜ ਖ਼ੁਦ ਬ ਖ਼ੁਦ ਸੁਧਰ ਜਾਵੇਗਾ। ਫੇਰ ਕਿਸੇ ਨੂੰ ਸਮਝਣ- ਸਮਝਾਉਣ ਦੀ ਲੋੜ ਨਹੀਂ। ਫੇਰ ਵੱਡੇ- ਵੱਡੇ ਲੈਕਚਰ ਦੇਣ ਦੀ ਲੋੜ ਨਹੀਂ। ਫੇਰ ਧਰਮਗੁਰੂਆਂ ਨੂੰ ਟੈਲੀਵਿਜ਼ਨਾਂ ’ਤੇ ਬੈਠ ਕੇ ਪ੍ਰਵਚਨ ਦੇਣ ਦੀ ਲੋੜ ਨਹੀਂ। ਪਰ! ਇਹ ਸਭ ਕੁਝ ਦਿਖਾਵੇ ਕਰਕੇ ਕੀਤਾ ਜਾਂਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਅਜੋਕੇ ਸਮਾਜ ਦਾ ਮਨੁੱਖ ਅੰਦਰੋਂ ਕੁਝ ਹੋਰ ਹੈ ਅਤੇ ਬਾਹਰੋਂ ਕੁਝ ਹੋਰ।

ਦੂਜੇ ਪਾਸੇ, ਮੁਖੌਟਿਆਂ ਦੀ ਇਸ ਭੀੜ ਵਿੱਚ ਕੌਣ ਸੱਚਾ ਹੈ ਅਤੇ ਕੌਣ ਝੂਠਾ? ਇਹ ਪਤਾ ਕਰਨਾ ਬਹੁਤ ਮੁਸ਼ਕਿਲ ਕਾਰਜ ਬਣ ਗਿਆ ਹੈ। ਖ਼ੌਰੇ! ਇਸੇ ਕਰਕੇ ਅੱਜ ਕਿਸੇ ਉੱਤੇ ਝੱਟਪਟ ਵਿਸ਼ਵਾਸ ਕਰਨ ਦਾ ਦੌਰ ਨਹੀਂ ਰਿਹਾ। ਕਈ ਵਾਰ ਅਸੀਂ ਸਹੀ, ਸੱਚੇ ਅਤੇ ਇਮਾਨਦਾਰ ਬੰਦੇ ਉੱਪਰ ਵੀ ਯਕੀਨ ਨਹੀਂ ਕਰਦੇ। ਇਸ ਦਾ ਕਾਰਨ ਇਹ ਹੈ ਕਿ ਅੱਜ ਲੋਕਾਂ ਦੀ ਭੀੜ ਵਿੱਚ ਮੁਖੌਟੇ ਜ਼ਿਆਦਾ ਤੇ ਅਸਲ ਚਿਹਰੇ ਘੱਟ ਦੇਖਣ ਨੂੰ ਮਿਲਦੇ ਹਨ। ਜਦੋਂ ਕਿਸੇ ਬੰਦੇ ਨੂੰ ‘ਕੰਮ’ ਹੁੰਦਾ ਹੈ ਤਾਂ ਉਹ ਬਿਲਕੁਲ ਪਿਆਰ ਨਾਲ ਪੇਸ਼ ਆਉਂਦਾ ਹੈ। ਉਸਦੀ ਬੋਲੀ ਮਿੱਠੀ ਹੋ ਜਾਂਦੀ ਹੈ।

ਖ਼ਬਰੇ! ਇਸੇ ਕਰਕੇ ਕਿਹਾ ਜਾਂਦਾ ਹੈ ਕਿ ਦੁਨੀਆਂ ਦੀ ਸਭ ਤੋਂ ਮਿੱਠੀ ਬੋਲੀ “ਮਤਲਬ ਦੀ ਬੋਲੀ” ਹੁੰਦੀ ਹੈ। ਜਦੋਂ ਕਿਸੇ ਬੰਦੇ ਨੂੰ ਤੁਹਾਡੇ ਨਾਲ ਮਤਲਬ ਹੁੰਦਾ ਹੈ ਤਾਂ ਉਸਦਾ ਵਿਹਾਰ ਅਤੇ ਬੋਲਬਾਣੀ ਉੱਕਾ ਹੀ ਬਦਲ ਜਾਂਦੀ ਹੈ। ਉਹ ਪ੍ਰੇਮ ਦੀ ਬੋਲੀ ਬੋਲਣ ਲੱਗਦਾ ਹੈ। ਪਰ! ਜਦੋਂ ਮਤਲਬ ਨਿਕਲ ਜਾਂਦਾ ਹੈ ਜਾਂ ਤੁਸੀਂ ਕੋਈ ਹੱਥ- ਪੱਲਾ ਨਹੀਂ ਫੜਾਉਂਦੇ ਤਾਂ ਉਸਦਾ ਵਿਹਾਰ ਅਤੇ ਬੋਲਬਾਣੀ ਝੱਟ ਬਦਲ ਜਾਂਦੀ ਹੈ। ਚੰਦ ਸਕਿੰਟ ਪਹਿਲਾਂ ਤੁਹਾਨੂੰ ਆਪਣਾ ਪਿਆਰਾ ਸਮਝਣ ਵਾਲਾ/ ਪਿਆਰ ਜਤਾਉਣ ਵਾਲਾ ਸਖ਼ਸ਼ ਝੱਟ ਅੱਖਾਂ ਫੇਰ ਲੈਂਦਾ ਹੈ। ਕਈ ਵਾਰ ਅਜਿਹੀ ਸਥਿਤੀ ਆਉਂਦੀ ਹੈ ਕਿ ਉਹ ਬੋਲਣਾ ਤਾਂ ਦੂਰ ਦੀ ਗੱਲ; ਤੁਹਾਡੇ ਵੱਲ ਦੇਖਦਾ ਤੱਕ ਨਹੀਂ। ਇਹੀ ਮੁਖੌਟਿਆਂ ਦੀ ਪਛਾਣ ਹੁੰਦੀ ਹੈ। ਇਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।

ਬਾਬਾ ਫ਼ਰੀਦ ਜੀ ਕਹਿੰਦੇ ਹਨ ਕਿ ਜਿਹੜੇ ਮਨੁੱਖ ਦੇ ਮਨ ਵਿੱਚ ਕੁਝ ਹੋਰ ਹੁੰਦਾ ਹੈ ਅਤੇ ਮੂੰਹ ਤੇ ਕੁਝ ਹੋਰ; ਉਹ ਮਨੁੱਖ ਪ੍ਰਭੂ ਦੇ ਦਰ ’ਤੇ ਪ੍ਰਵਾਨ ਨਹੀਂ ਹੁੰਦੇ। ਉਹ ਮਨੁੱਖ ਅਸਲੋਂ ਕੱਚੇ ਹੁੰਦੇ ਹਨ ਅਤੇ ਉਨ੍ਹਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ;

“ਦਿਲਹੁ ਮੁਹਬਤਿ ਜਿੰਨ੍ ਸੇਇ ਸਚਿਆ।।

ਜਿਨ੍ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ।।” (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 488)

ਦੂਜੇ ਪਾਸੇ, ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੁੰਦਾ ਹੈ, ਉਹੀ ਸੱਚੇ (ਆਸ਼ਕ) ਹਨ। ਪਰ! ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੈ ਅਤੇ ਮੂੰਹੋਂ ਕੁਝ ਹੋਰ ਆਖਦੇ ਹਨ ਉਹ ਕੱਚੇ (ਆਸ਼ਕ) ਆਖੇ ਜਾਂਦੇ ਹਨ। ਅਜਿਹੇ ਮਨੁੱਖ ਆਪਣੇ ਕਰਮਾਂ ਦੇ ਨਤੀਜੇ ਕਰਕੇ ਸਦਾ ਖ਼ੁਆਰ ਹੁੰਦੇ ਰਹਿੰਦੇ ਹਨ ਅਤੇ ਪ੍ਰਮਾਤਮਾ ਦੇ ਦਰ ’ਤੇ ਕਦੇ ਪ੍ਰਵਾਨ ਨਹੀਂ ਹੁੰਦੇ। ਖ਼ੈਰ!

ਅੱਜ ਦੇ ਸੰਦਰਭ ਵਿੱਚ ਗੱਲ਼ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਅੱਜ ਅਜਿਹੇ ਲੋਕਾਂ ਦੀ ਭੀੜ ਜ਼ਿਆਦਾ ਹੈ ਜਿਹੜੇ ਆਪਣੇ ਸਵਾਰਥ ਲਈ ਮੋਹ- ਮੁਹੱਬਤ ਦਾ ਸਵਾਂਗ (ਨਾਟਕ) ਵਧੇਰੇ ਕਰਦੇ ਹਨ ਪਰ! ਅੰਦਰੋਂ ਕੁਝ ਹੋਰ ਹੁੰਦੇ ਹਨ। ਇਸ ਤਰ੍ਹਾਂ ਦੇ ਲੋਕਾਂ ਦੇ ਅਜਿਹੇ ਵਰਤਾਰੇ ਕਰਕੇ ਕਈ ਵਾਰ ਸਹੀ ਅਤੇ ਸੱਚੇ ਬੰਦੇ ਵੀ ਧੋਖ਼ੇ (ਲੁੱਟ) ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਕਰਕੇ ਕਈ ਵਾਰ ਸਹੀ ਤੇ ਸੱਚੇ ਬੰਦੇ ਦੀ ਮੱਦਦ ਵੀ ਲੋਕ ਨਹੀਂ ਕਰਦੇ। ਪਰ! ਇਸ ਵਰਤਾਰੇ ਲਈ ਮੁਖੌਟਿਆਂ ਪਿੱਛੇ ਲੁਕੇ ਚਿਹਰੇ ਹੀ ਵਧੇਰੇ ਜ਼ਿੰਮੇਵਾਰ ਹੁੰਦੇ ਹਨ।

ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਅਜਿਹੇ ਮਨੁੱਖਾਂ ਬਾਰੇ ਜ਼ਿਕਰ ਮਿਲਦਾ ਹੈ ਜਿਹੜੇ ਬਗੁਲੇ ਵਾਂਗ ਧਿਆਨ ਲਗਾਉਣ ਦਾ ਨਾਟਕ ਕਰਦੇ ਹਨ ਪਰ! ਉਨ੍ਹਾਂ ਦੀ ਨਜ਼ਰ ਸਰੋਵਰ ਦੀਆਂ ਮੱਛੀਆਂ ’ਤੇ ਹੀ ਹੁੰਦੀ ਹੈ। ਜਿਸ ਤਰ੍ਹਾਂ ਬਗੁਲਾ ਮਾਨਸਰੋਵਰ ਦੇ ਕੰਢੇ ’ਤੇ ਧਿਆਨ ਲਗਾ ਕੇ (ਮੱਛੀਆਂ) ਨੂੰ ਧੋਖ਼ਾ ਦਿੰਦਾ ਹੈ; ਇਸ ਤਰੀਕੇ ਨਾਲ ਮੁਖੌਟਿਆਂ ਪਿੱਛੇ ਲੁਕੇ ਚਿਹਰੇ ਚੰਗਿਆਈ ਦਾ ਆਡੰਬਰ (ਸਵਾਂਗ) ਰਚ ਕੇ ਆਮ ਲੋਕਾਂ ਨੂੰ ਗ਼ੁੰਮਰਾਹ ਕਰਦੇ ਹਨ;

“ਬਗੁਲ ਸਮਾਧਿ ਲਗਾਇ ਕੈ ਬੈਠਾ ਜਾਇ ਮਾਨਸਰੋਵਰੁ।।” (ਵਾਰਾਂ ਭਾਈ ਗੁਰਦਾਸ ਜੀ, ਵਾਰ- 15, ਪਉੜੀ- 21)

ਇਸ ਵਾਰ ਵਿੱਚ ਭਾਈ ਸਾਹਿਬ ਨੇ ਮੀਣੇ (ਕਪਟੀ) ਅਤੇ ਠੱਗਾਂ ਦੇ ਜੀਵਨ ਬਾਰੇ ਦੱਸਿਆ ਹੈ ਕਿ ਉਹ ਕਿਵੇਂ ਵਿਸ਼ਵਾਸਘਾਤ ਕਰਦੇ ਹਨ? ਉਨ੍ਹਾਂ ਨੇ ਲਿਖਿਆ ਹੈ ਕਿ ਜਿਵੇਂ ਕੋਈ ਠੱਗ ਕਿਸੇ ਮੁਸਾਫ਼ਰ ਨੂੰ ਰਸਤੇ ਵਿੱਚ ਮਿਲ ਕੇ ਮਿੱਠੀਆਂ ਗੱਲਾਂ ਕਰਦਾ ਹੈ ਪਰ! ਅੰਤ ਵਿੱਚ ਉਸਦਾ ਗਲ਼ਾ ਘੁੱਟ ਦਿੰਦਾ ਹੈ। ਪਾਖੰਡੀ ਬੰਦਾ ਵੀ ਉਸੇ ਤਰ੍ਹਾਂ ਦਾ ਹੁੰਦਾ ਹੈ ਜਿਹੜਾ ਅੰਦਰੋਂ ਹੋਰ ਅਤੇ ਬਾਹਰੋਂ ਹੋਰ ਹੁੰਦਾ ਹੈ। ਉਨ੍ਹਾਂ ਦੇ ਸੁਭਾਅ ਵਿੱਚ ਇਹ ਮਿੱਠਾਪਣ ਅਤੇ ਨਿਮਰਤਾ ਸਿਰਫ਼ ਧੋਖ਼ੇ ਦਾ ਇੱਕ ਹੱਥਿਆਰ ਹੀ ਹੁੰਦਾ ਹੈ ਹੋਰ ਕੁਝ ਨਹੀਂ।
ਇਸ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਸ਼ਬਦ ਵੀ ਦੇਖਿਆ ਜਾ ਸਕਦਾ ਹੈ ਜਿਹੜਾ ਉਨ੍ਹਾਂ ਨੇ ਸੱਜਣ ਠੱਗ ਦੇ ਪ੍ਰਥਾਇ ਉਚਾਰਨ ਕੀਤਾ ਸੀ। ਸੱਜਣ ਠੱਗ ਦਾ ਅਸਲ ਚਿਹਰਾ ਕੁਝ ਹੋਰ ਸੀ ਪਰ! ਉਹ ਧਾਰਮਿਕ ਲਿਬਾਸ ਦੀ ਆੜ ਵਿੱਚ ਗਲਤ ਕੰਮ ਕਰਦਾ ਸੀ ਅਤੇ ਆਮ ਲੋਕਾਂ ਨੂੰ ਲੁੱਟਦਾ ਸੀ ਅਤੇ ਮਾਰ ਦਿੰਦਾ ਸੀ;

“ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ।।

ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ।।” (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਰਾਗ ਸੂਹੀ, ਮਹਲਾ- 1, ਅੰਗ- 729)
ਅਤੇ

“ਗਲੀ ਅਸੀ ਚੰਗੀਆ ਆਚਾਰੀ ਬੁਰੀਆਹ।।
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ।।” (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 85)

ਗੱਲਾਂ ਨਾਲ ਚੰਗੇ ਬਣਨ ਵਾਲੇ ਲੋਕ ਅਸਲ ਵਿੱਚ ਕੁਝ ਹੋਰ ਹੁੰਦੇ ਹਨ ਅਤੇ ਬਾਹਰ ਚਿੱਟੇ ਕੱਪੜੇ ਧਾਰਨ ਕਰਨ ਨਾਲ ਕਿਸੇ ਮਨੁੱਖ ਦਾ ਹਿਰਦਾ ਸ਼ੁੱਧ ਨਹੀਂ ਹੋ ਜਾਂਦਾ ਬਲਕਿ ਅੰਦਰਲੀ ਵਿਚਾਰਧਾਰਾ ਨਾਲ ਹੀ ਬੰਦਾ ਸਹੀ, ਸੱਚਾ ਅਤੇ ਨੇਕ ਮੰਨਿਆ ਜਾ ਸਕਦਾ ਹੈ।

ਖ਼ੈਰ! ਆਧੁਨਿਕ ਸੰਦਰਭ ਵਿੱਚ ਗੱਲ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਇਸ ਤਰ੍ਹਾਂ ਦੇ ਲੋਕ ਮੁਖੌਟਿਆਂ ਪਿੱਛੇ ਲੁਕ ਕੇ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਅਤੇ ਫੇਰ ਮਤਲਬ ਨਿਕਲ ਜਾਣ ਤੋਂ ਬਾਅਦ ਅੱਖ ਤੱਕ ਨਹੀਂ ਮਿਲਾਉਂਦੇ। ਪੰਜਾਬੀ ਸਾਹਿਤ ਵਿੱਚ ਅਨੇਕਾਂ ਸ਼ੇਅਰ, ਕਵਿਤਾਵਾਂ ਮਿਲ ਜਾਣਗੀਆਂ ਜਿਨ੍ਹਾਂ ਵਿੱਚ ਇਨ੍ਹਾਂ ਮੁਖੌਟਿਆਂ ਦੀ ਅਸਲੀਅਤ ਬਾਰੇ ਵਿਸਥਾਰ- ਪੂਰਵਕ ਜ਼ਿਕਰ ਮਿਲਦਾ ਹੈ;

“ਲੱਗੇ ਹੋਏ ਨੇ ਸਾਰੇ ਇੱਥੇ ਮਤਲਬਾਂ ਦੇ ਅਹਿਰ ਵਿੱਚ
ਇੱਕ ਨਾ ਲੱਭਿਆ ਚਿਹਰਾ ਮੁਖੌਟਿਆਂ ਦੇ ਸ਼ਹਿਰ ਵਿੱਚ।” (ਬਲਵਾਨ ਔਜਲਾ)
ਅਤੇ

“ਚਿਹਰੇ ਉੱਤੇ ਮੁਖੌਟਾ ਲੋਕੀਂ ਲਾ ਰਹੇ ਨੇ ਇਸ ਤਰ੍ਹਾਂ
ਚਿੱਕੜ ਨੂੰ ਸਰਵਰ ਜਤਾ ਰਹੇ ਨੇ ਜਿਸ ਤਰ੍ਹਾਂ।” (ਬਲਵਾਨ ਔਜਲਾ)

ਇਸੇ ਤਰ੍ਹਾਂ ਕੁਝ ਹੋਰ ਸ਼ੇਅਰਾਂ ਨੂੰ ਦੇਖਿਆ ਜਾ ਸਕਦਾ ਹੈ ਜਿੱਥੇ ਬੰਦੇ ਭੇਖ ਦਾ ਜੀਵਨ ਜਿਉਂਦੇ ਦੇਖੇ ਜਾ ਸਕਦੇ ਹਨ;

“ਬੰਦੇ, ਬੰਦਾ ਮਾਰ ਕੇ ਢਿੱਡ ਵਿੱਚ ਪਾਈ ਫਿਰਦੇ ਨੇ
ਕਿੰਨੇ ਚਿਹਰੇ, ਚਿਹਰੇ ਉੱਤੇ ਲਾਈ ਫਿਰਦੇ ਨੇ।” (ਨਿਸ਼ਾਨ ਸਿੰਘ ਰਾਠੌਰ)

ਚਿਹਰਿਆਂ ਉੱਤੇ ਲੱਗੇ ਮੁਖੌਟੇ ਹੀ ਆਮ ਅਤੇ ਸਿੱਧੇ- ਸਾਦੇ ਲੋਕਾਂ ਨੂੰ ਭਰਮ ਵਿੱਚ ਪਾ ਦਿੰਦੇ ਹਨ ਅਤੇ ਫੇਰ ਸ਼ੁਰੂ ਹੁੰਦਾ ਹੈ ਲੁੱਟ ਦਾ ਸਿਲਸਿਲਾ। ਖ਼ੈਰ!

ਇਸ ਤਰ੍ਹਾਂ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਅੱਜ ਦੇ ਮਨੁੱਖ ਲਈ ਮੁਖੌਟਿਆਂ ਦੀ ਭੀੜ ਵਿੱਚ ਅਸਲ ਚਿਹਰੇ ਦੇਖਣੇ ਅਤੇ ਪਛਾਣਨੇ ਬੇਹੱਦ ਕਠਿਨ ਕਾਰਜ ਹੋ ਗਿਆ ਹੈ। ਸਿਆਣੇ ਅਤੇ ਵਿਦਵਾਨ ਬੰਦੇ ਵੀ ਕਈ ਵਾਰ ਇਨ੍ਹਾਂ ਮੁਖੌਟਿਆਂ ਦੇ ਭਰਮਜਾਲ਼ ਵਿੱਚ ਉਲਝ ਕੇ ਰਹਿ ਜਾਂਦੇ ਹਨ ਅਤੇ ਖ਼ਤਾ (ਧੋਖ਼ਾ) ਖਾ ਜਾਂਦੇ ਹਨ। ਇਸ ਕਰਕੇ ਅੱਜ ਦੇ ਦੌਰ ਵਿੱਚ ਲੋਕਾਂ ਵਿੱਚ ਯਕੀਨ ਕਰਨ- ਕਰਾਉਣ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ।

ਆਖ਼ਰ ਵਿੱਚ; ਮੁਖੌਟਿਆਂ ਉਹਲੇ ਲੁਕੇ ਚਿਹਰਿਆਂ ਨੂੰ ਪਛਾਣ ਕੇ ਸਹੀ ਬੰਦੇ ਦੀ ਮੱਦਦ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਆਪਣੀ ਬਿਰਤੀ ਦੇ ਮੁਤਾਬਕ ‘ਅਸਲ’ ਚਿਹਰੇ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਖ਼ਾਸ ਗੱਲ ਇਹ ਹੈ ਕਿ ਕਿਸੇ ਬੰਦੇ ਨੂੰ ਜ਼ਿੰਦਗੀ ਵਿੱਚ ਸਿਰਫ਼ ਇੱਕੋ ਵਾਰ ਹੀ ਠੱਗਿਆ ਜਾ ਸਕਦਾ ਹੈ, ਵਾਰ– ਵਾਰ ਨਹੀਂ। ਇਸ ਲਈ ਸਹੀ, ਸੱਚੇ, ਨੇਕ ਅਤੇ ਅਸਲ ਚਿਹਰਿਆਂ ਵਾਲੇ ਮਿੱਤਰ ਬਣਾਓ ਅਤੇ ਮੁਖੌਟਿਆਂ ਪਿੱਛੇ ਲੁਕੇ ਚਿਹਰਿਆਂ ਦੇ ਅਸਲ ਰੰਗ ਪਛਾਣੋ ਤਾਂ ਕਿ ਕਿਸੇ ਠੱਗੀ ਅਤੇ ਨੁਕਸਾਨ ਤੋਂ ਬਚਿਆ ਜਾ ਸਕੇ। ਜਿਉਂਦੇ- ਵੱਸਦੇ ਰਹੋ ਸਾਰੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>