ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਅਤੇ ਸਾਹਿਤ ਸਭਾ ਵੱਲੋਂ ਆਯੋਜਿਤ 12ਵਾਂ ਪੁਸਤਕ ਮੇਲਾ ਅਤੇ ਸਾਹਿਤ ਉਤਸਵ—2026 ਆਪਣੀ ਅਮੀਰ ਸਾਹਿਤਕ ਰੰਗਤ ਬਿਖੇਰਦਾ ਹੋਇਆ ਸਫਲਤਾਪੂਰਵਕ ਸੰਪੰਨ ਹੋ ਗਿਆ।ਮਿਤੀ 30 ਮਾਰਚ ਤੋਂ 3 ਅਪ੍ਰੈਲ, 2026 ਤੱਕ ਚੱਲੇ ਇਸ ਮੇਲੇ ਨੇ ਨਾ ਸਿਰਫ਼ ਪੁਸਤਕ ਪ੍ਰੇਮੀਆਂ ਦੀ ਭੀੜ ਜੁਟਾਈ, ਸਗੋਂ ਪੰਜਾਬੀ ਮਾਂ—ਬੋਲੀ ਅਤੇ ਪੜ੍ਹਨ—ਲਿਖਣ ਦੀ ਪ੍ਰਵਿਰਤੀ ਨੂੰ ਪ੍ਰਫੁੱਲਤ ਕਰਨ ਵਿੱਚ ਇੱਕ ਨਵਾਂ ਅਧਿਆਏ ਵੀ ਜੋੜਿਆ।ਵਿਦਾਇਗੀ ਸਮਾਰੋਹ ਵਿਚ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ‘ਪੰਜਾਬੀ* ਨੇ ਪਹੁੰਚੀਆਂ ਹੋਈਆਂ ਸ਼ਖ਼ਸੀਅਤਾਂ ਦਾ ਹਾਰਦਿਕ ਸਵਾਗਤ ਕੀਤਾ।ਵਾਈਸ—ਚਾਂਸਲਰ ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਪੰਜਾਬੀ ਵਿਭਾਗ ਵੱਲੋਂ ਆਯੋਜਿਤ ਇਸ ਸਾਹਿਤ ਉਤਸਵ ਨੇ ਵੱਡੀ ਪੱਧਰ ਤੇ ਪਾਠਕਾਂ,ਲਿਖਾਰੀਆਂ,ਵਿਦਵਾਨਾਂ ਅਤੇ ਅਕਾਦਮਿਕ ਸ਼ਖ਼ਸੀਅਤਾਂ ਨੂੰ ਆਪਣੇ ਨਾਲ ਜੋੜ ਕੇ ਯਾਦਗਾਰੀ ਕਾਰਜ ਕੀਤਾ ਹੈ। ਅਜਿਹੇ ਉਤਸਵ ਨਵੀਂ ਪੀੜ੍ਹੀ ਨੂੰ ਅਮੀਰ ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਾਤਾਵਰਣ ਅਤੇ ਸਾਹਿਤ ਦੇ ਸੁਮੇਲ ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਵੇਂ ਸਾਫ਼—ਸੁਥਰਾ ਵਾਤਾਵਰਣ ਸਰੀਰ ਲਈ ਜ਼ਰੂਰੀ ਹੈ, ਉਸੇ ਤਰ੍ਹਾਂ ਉੱਚ—ਕੋਟੀ ਦਾ ਸਾਹਿਤ ਮਨੁੱਖੀ ਮਨ ਦੀ ਅਰੋਗਤਾ ਲਈ ਲਾਜ਼ਮੀ ਹੈ।ਵਿਦਾਇਗੀ ਭਾਸ਼ਣ ਦਿੰਦਿਆਂ ਸ਼੍ਰੋਮਣੀ ਲੇਖਕ ਪ੍ਰਿੰ. ਸਰਵਣ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਦਿਨਾਂ ਵਿੱਚ ਹੋਈਆਂ ਗੋਸ਼ਟੀਆਂ, ਕਵੀ ਦਰਬਾਰ ਅਤੇ ਪੁਸਤਕ ਚਰਚਾਵਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਪਾਠਕ ਅੱਜ ਵੀ ਆਪਣੀ ਮਾਂ—ਬੋਲੀ ਅਤੇ ਉੱਚ—ਪਾਏ ਦੇ ਸਾਹਿਤ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ।ਵਿਸ਼ੇਸ਼ ਮਹਿਮਾਨ ਪ੍ਰੋਫੈਸਰ ਬਲਤੇਜ ਸਿੰਘ ਮਾਨ ਨੇ ਇਸ ਸਮਾਗਮ ਨੂੰ ਅਦਬ ਅਤੇ ਪੁਸਤਕ—ਸੰਸਾਰ ਦੇ ਖ਼ੂਬਸੂਰਤ ਸੰਗਮ ਨਾਲ ਤੁਲਨਾ ਦਿੱਤੀ।ਇਸ ਮੌਕੇ ਸਾਹਿਤਕ ਖੇਤਰ ਵਿੱਚ ਦਹਾਕਿਆਂ ਬੱਧੀ ਪਾਏ ਯੋਗਦਾਨ ਲਈ ਤੇਲੂ ਰਾਮ ਕੁਹਾੜਾ, ਬੀ.ਐੱਸ. ਰਤਨ, ਪ੍ਰੋ. ਅੱਛਰੂ ਸਿੰਘ ਅਤੇ ਡਾ. ਪ੍ਰਭਸ਼ਰਨ ਕੌਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਡੀਨ ਰਿਸਰਚ ਡਾ. ਰਿਤੂ ਲਹਿਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਡਾ. ਮੋਨਿਕਾ ਸੱਭਰਵਾਲ ਨੇ ਬਾਖ਼ੂਬੀ ਨਿਭਾਈ।
ਅੱਜ ਦੇ ਦਿਨ ਦੀਆਂ ਵੱਖ ਵੱਖ ਬੈਠਕਾਂ ਵਿਚ ‘ਪੰਜਾਬੀ ਗਲਪ ਵਿਚ ਪੰਜਾਬੀ ਬੰਦੇ ਦੀ ਘਾੜਤ ਦਾ ਸਵਾਲ* ਵਿਸ਼ੇ ਤੇ ਮਰਹੂਮ ਗਲਪਕਾਰ ਡਾ. ਬਲਜੀਤ ਕੌਰ ਬੱਲੀ ਦੀ ਨਿੱਘੀ ਯਾਦ ਨੂੰ ਸਮਰਪਿਤ ਬੈਠਕ ਵਿਚ ਬਲਦੇਵ ਸਿੰਘ ਸੜਕਨਾਮਾ ਨੇ ਪਾਤਰਾਂ ਦੀ ਚੋਣ ਅਤੇ ਘਾੜਤ ਬਾਰੇ ਗੱਲ ਕਰਦਿਆਂ ਕਿਹਾ ਕਿ ਇੱਕ ਲੇਖਕ ਪਾਤਰਾਂ ਦੀ ਪਛਾਣ ਲੋਕ—ਬੋਲੀ, ਮੁਹਾਵਰਿਆਂ ਅਤੇ ਅਖਾਣਾਂ ਰਾਹੀਂ ਕਰਦਾ ਹੈ। ਪ੍ਰਸਿੱਧ ਪਰਵਾਸੀ ਪੰਜਾਬੀ ਗਲਪਕਾਰ ਜਰਨੈਲ ਸਿੰਘ ਨੇ ਕਿਹਾ ਕਿ ਪਰਵਾਸ ਵਿਚ ਔਰਤ ਦੀ ਸਥਿਤੀ ਪੰਜਾਬ ਨਾਲੋਂ ਵੱਖਰੀ ਹੈ। ਇਸ ਲਈ ਪਾਤਰਾਂ ਦੀ ਘਾੜਤ ਵੱਖਰੀ ਹੋਣੀ ਸੁਭਾਵਿਕ ਹੈ।ਸਾਹਿਤ ਅਕਾਦਮੀ ਪੁਰਸਕਾਰ ਵਿਜੈਤਾ ਗਲਪਕਾਰ ਜਿੰਦਰ ਦਾ ਮੰਨਣਾ ਸੀ ਕਿ ਲੇਖਕ ਨੂੰ ਕਦੇ ਵੀ ਕਿਸੇ ਵਿਚਾਰਧਾਰਾ ਪ੍ਰਤੀ ਕੱਟੜਤਾ ਨਹੀਂ ਦਿਖਾਉਣੀ ਚਾਹੀਦੀ। ਗਲਪਕਾਰ ਭਗਵੰਤ ਰਸੂਲਪੁਰੀ ਨੇ ਵਿਚਾਰਧਾਰਾ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਪਾਤਰਾਂ ਦੀ ਪੇਸ਼ਕਾਰੀ ਪਿੱਛੇ ਲੇਖਕ ਦਾ ਦ੍ਰਿਸ਼਼ਟੀਕੋਣ ਪ੍ਰਮੁੱਖ ਹੁੰਦਾ ਹੈ। ਲੇਖਕ ਨੂੰ ਪਾਤਰ, ਜੀਵਨ ਅਤੇ ਜਗਤ ਨੂੰ ਸਮਝਣ ਦੀ ਡੂੰਘੀ ਲੋੜ ਹੁੰਦੀ ਹੈ। ਗਲਪਕਾਰ ਗ.ਸ. ਨਕਸ਼ਦੀਪ ਪੰਜਕੋਹਾ ਨੇ ਦੱਸਿਆ ਕਿ ਪੱਛਮੀ ਦੇਸ਼ਾਂ ਵਿੱਚ ਵਸਦੇ ਪੰਜਾਬੀ ਪਰਿਵਾਰਾਂ ਦੀਆਂ ਅਗਲੀਆਂ ਪੀੜ੍ਹੀਆਂ ਅਵੇਸਲੇਪਣ ਕਾਰਨ ਆਪਣੀਆਂ ਜੜ੍ਹਾਂ ਤੋਂ ਟੁੱਟ ਰਹੀਆਂ ਹਨ। ਇਸ ਬੈਠਕ ਦਾ ਸੰਚਾਲਨ ਡਾ. ਗੁਰਮੁਖ ਸਿੰਘ ਨੇ ਕੀਤਾ।
‘ਬਾਲ ਸਾਹਿਤ ਦਾ ਸੰਕਟ: ਗੁਣਵੱਤਾ ਜਾਂ ਘਾਟਾ?’ ਵਿਸ਼ੇ ਤੇ ਅਧਾਰਿਤ ਦੂਜੀ ਬੈਠਕ ਵਿਚ ‘ਬਾਲ ਸੰਦੇਸ਼ ਰਸਾਲੇ ਦੇ ਸੰਪਾਦਕ ਹਿਰਦੇਪਾਲ ਸਿੰਘ, ਡਾ. ਕੁਲਬੀਰ ਸਿੰਘ ਸੂਰੀ, ਡਾ. ਦਰਸ਼ਨ ਸਿੰਘ ਆਸ਼ਟ ਅਤੇ ਮਨਮੋਹਨ ਸਿੰਘ ਦਾਊਂ ਨੇ ਬਾਲ ਸਾਹਿਤ ਦੀਆਂ ਮੌਜੂਦਾ ਚੁਣੌਤੀਆਂ *ਤੇ ਚਰਚਾ ਕੀਤੀ। ਇਸ ਬੈਠਕ ਦੇ ਸੰਚਾਲਕ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਸਨ। ਇਨ੍ਹਾਂ ਅਹਿਮ ਬੈਠਕਾਂ ਵਿਚ ਪੰਜਾਬੀ ਸਾਹਿਤ ਦੀਆਂ ਅਹਿਮ ਸ਼ਖ਼ਸੀਅਤਾਂ ਅਤੇ ਮਾਹਿਰਾਂ ਤੋਂ ਇਲਾਵਾ ਖੋਜਾਰਥੀਆਂ,ਵਿਦਿਆਰਥੀਆਂ, ਸਾਹਿਤ ਪ੍ਰੇਮੀਆਂ ਅਤੇ ਪਾਠਕ ਵਰਗ ਨੇ ਸ਼ਮੂਲੀਅਤ ਕੀਤੀ।
