ਕੈਲਗਰੀ: ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਈ ਮਹੀਨੇ ਦੀ ਮੀਟਿੰਗ, 17 ਮਈ 2026 ਨੂੰ ਜੈਨਸਸ ਸੈਂਟਰ ਵਿਖੇ, ਬੜੀ ਭਰਵੀਂ ਹਾਜਰੀ ਨਾਲ ਸੰਪੰਨ ਹੋਈ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਬਰਾੜ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਮਾਂ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ‘ਮਾਂ ਸਾਡੇ ਜੀਵਨ ਦਾ ਆਧਾਰ ਹੈ!’ ਉਹਨਾਂ ਨੇ ਆਪਣੀ ਮਾਂ ਨਾਲ ਮੋਹ ਦੇ ਸਬੰਧ ਅਤੇ ਉਸੇ ਤਰ੍ਹਾਂ ਸੱਸ ਨਾਲ ਵੀ ਪਿਆਰ ਦੀਆਂ ਤੰਦਾਂ ਦੇ ਬਖਿਆਨ ਬੜੇ ਹੀ ਭਾਵੁਕ ਸ਼ਬਦਾਂ ਵਿੱਚ ਕੀਤੇ। ਸਭਾ ਦੀਆਂ ਮੈਂਬਰਾਂ ਨੂੰ ਉਨ੍ਹਾਂ ਨੇ, ਤਿੰਨ ਸਾਲ ਦੇ ਬੱਚੇ ਗੁਲਮੋਹਰ ਦੀ ਭਿਆਨਕ ਬਿਮਾਰੀ ਦੇ ਇਲਾਜ ਵਿੱਚ, ਤਿਲ ਫੁੱਲ ਹਿੱਸਾ ਪਾਉਣ ਦੀ ਅਪੀਲ ਵੀ ਕੀਤੀ।
ਸਭਾ ਦੀ ਉਪ ਪ੍ਰਧਾਨ ਗੁਰਦੀਸ਼ ਕੌਰ ਗਰੇਵਾਲ ਨੇ ਮੰਚ ਸੰਚਾਲਨ ਦੀ ਸੇਵਾ ਨਿਭਾਉਂਦਿਆਂ ਹੋਇਆਂ, ਸਾਰੀਆਂ ਭੈਣਾਂ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਅਸੀਂ ਜੋ ਕੁਝ ਵੀ ਹਾਂ ਆਪਣੀਆਂ ਮਾਵਾਂ ਦੀ ਬਦੌਲਤ ਹੀ ਹਾਂ। ਉਨਾਂ ਨੇ ਮਾਂ ਤੇ ਲਿਖਿਆ ਆਪਣਾ ਇੱਕ ਸ਼ਿਅਰ ‘ਕੌਣ ਕਹੇ ਮਾਂ ਮਰ ਜਾਂਦੀ ਏ। ਆਪਣਾ ਆਪਾ ਅਰਪਣ ਕਰਕੇ, ਉਹ ਤਾਂ ਆਪਣੇ ਬੱਚਿਆਂ ਅੰਦਰ, ਸਭ ਕੁਝ ਆਪਣਾ ਧਰ ਜਾਂਦੀ ਏ!” ਸੁਣਾ ਕੇ ਸਭ ਨੂੰ ਵਾਰੀ ਵਾਰੀ ਮੰਚ ਤੇ ਸੱਦਾ ਦਿੱਤਾ।
ਹਰ ਵਾਰ ਦੀ ਤਰ੍ਹਾਂ ਸਭ ਤੋਂ ਪਹਿਲਾਂ ਨਵੇਂ ਆਏ ਪੰਜ ਮੈਂਬਰਾਂ ਨਾਲ ਜਾਣ ਪਛਾਣ ਕਰਾਈ ਗਈ। ਇਸ ਮਹੀਨੇ – ਰਿਟਾਇਰਡ ਸਟਾਫ ਨਰਸ ਕਰਮਜੀਤ ਕੌਰ ਮੰਡੇਰ, ਕ੍ਰਿਸ਼ਨਾ ਬਾਵਾ, ਸਰਬਜੀਤ ਕੌਰ, ਬਲਵਿੰਦਰ ਕੌਰ ਜੱਸਲ ਅਤੇ ਉਨਾਂ ਦੀ ਬੇਟੀ ਸ਼ਲਿੰਦਰ ਕੌਰ (ਸ਼ਾਲਿਨੀ ) ਸ਼ਾਮਲ ਹੋਏ। ਸਭ ਨੇ ਆਪਣੀ ਸੰਖੇਪ ਜਾਣਕਾਰੀ ਦਿੰਦੇ ਹੋਏ, ਆਪੋ ਆਪਣੀਆਂ ਮਾਵਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ।
ਰਚਨਾਵਾਂ ਦੇ ਦੌਰ ਵਿੱਚ- ਕੁਲਵੰਤ ਕੌਰ ਗਿੱਲ ਨੇ ਆਪਣੀ ਮਾਂ ਨੂੰ ਸ਼ਰਧਾਂਜਲੀ ਦਿੰਦਿਆਂ ਕੁੱਝ ਬੋਲ ਸਾਂਝੇ ਕੀਤੇ। ਇੰਦੂ ਸ਼ਰਮਾ ਨੇ ਮਾਂ ਤੇ ਲਿਖਿਆ ਇੱਕ ਲੋਕ ਗੀਤ ਗਾ ਕੇ, ਮਾਹੌਲ ਸੁਰਮਈ ਬਣਾ ਦਿੱਤਾ। ਸੁਰਿੰਦਰ ਕੌਰ ਸੰਧੂ ਨੇ ਲੋਕ ਗੀਤ “ਨਿੰਮੜੀ ਤੇ ਚਿੜੀਆਂ ਰਹਿੰਦੀਆਂ” ਖੂਬਸੂਰਤ ਅੰਦਾਜ਼ ਵਿੱਚ ਗਾਇਆ। ਗੁਰਜੀਤ ਵੈਦਵਾਨ ਨੇ ਮਿੱਠੀ ਪਿਆਰੀ ਆਵਾਜ਼ ਵਿੱਚ “ਬਿਨ ਮਾਵਾਂ ਦੇ ਕਾਂ ਵੀ ਟੁੱਕੜ ਖੋਹ ਲੈਂਦੇ” ਗਾ ਕੇ ਮਾਂਵਾ ਨੂੰ ਯਾਦ ਕੀਤਾ। ਅਮਰਜੀਤ ਕੌਰ ਸੱਗੂ, ਜੋਗਿੰਦਰ ਕੌਰ ਪੁਰਬਾ, ਅਮਰਜੀਤ ਕੌਰ ਗਰੇਵਾਲ, ਜਸਮਿੰਦਰ ਕੌਰ ਬਰਾੜ, ਅਵਤਾਰ ਕੌਰ, ਲਖਵਿੰਦਰ ਕੌਰ ਸਚਦੇਵਾ, ਸੁਰਿੰਦਰ ਪਾਲ ਕੈਂਥ ਅਤੇ ਸੁਰਜੀਤ ਢਿੱਲੋਂ ਨੇ ਵੀ ਬੋਲੀਆਂ ਅਤੇ ਲੋਕ ਗੀਤਾਂ ਰਾਹੀਂ ਮਾਵਾਂ ਨੂੰ ਸਿਜਦਾ ਕੀਤਾ। ਹਰਦੇਵ ਕੌਰ ਮਾਟਾ ਨੇ ਇੱਕ ਚੀਨੀ ਕਹਾਣੀ ਸੁਣਾ ਦਰਸਾਇਆ ਕਿ ਮਾਂ ਦੀ ਮਮਤਾ ਕੇਵਲ ਇਨਸਾਨਾਂ ਵਿੱਚ ਹੀ ਨਹੀਂ, ਸਗੋਂ ਜਾਨਵਰਾਂ ਵਿੱਚ ਵੀ ਮੌਜੂਦ ਹੈ। ਰਜਿੰਦਰ ਕੌਰ ਚੋਹਕਾ ਨੇ ਮਈ ਮਹੀਨੇ ਵਿੱਚ ਹੋਰ ਮਹੱਤਵਪੂਰਨ ਦਿਹਾੜੇ ਜਿਵੇਂ ਮਜ਼ਦੂਰ ਦਿਵਸ, ਜੱਸਾ ਸਿੰਘ ਰਾਮਗੜੀਆ ਅਤੇ ਪੱਤਰਕਾਰਤਾ ਦਿਵਸ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ। ਸਭਾ ਦੀ ਖਜ਼ਾਨਚੀ ਕਿਰਨ ਕਲਸੀ ਨੇ ਮਾਂ ਬਾਰੇ ਕਵਿਤਾ, “ਮਾਂ ਜਾਗਦੀ ਹੈ ਤਾਂ ਘਰ ਜਾਗਦਾ ਹੈ” ਸਾਂਝੀ ਕੀਤੀ। ਆਪਣੀ ਮਾਂ ਨਾਲ ਆਈ ਨੌਜਵਾਨ ਬੇਟੀ ਸ਼ਾਲਿਨੀ ਜੋ ਕਿ ਅਜੇ ਇੱਕ ਮਹੀਨਾ ਪਹਿਲਾਂ ਹੀ ਇੱਕ ਪਿਆਰੀ ਜਿਹੀ ਬੱਚੀ ਰਬਾਬ ਕੌਰ ਦੀ ਮਾਂ ਬਣੀ ਹੈ, ਉਸਨੇ ਆਪਣੀ ਬੱਚੀ ਬਾਰੇ ਬਹੁਤ ਹੀ ਕੋਮਲ ਭਾਵਾਂ ਵਾਲੀ ਕਵਿਤਾ ਸੁਣਾ ਕੇ ਮਾਂ-ਧੀ ਦੇ ਪਿਆਰ ਦਾ ਇਜ਼ਹਾਰ ਕੀਤਾ । ਪ੍ਰਿੰ. ਚਰਨਦੀਪ ਕੌਰ ਨੇ ਮਾਂ ਤੇ ਲਿਖੀ ਆਪਣੀ ਭਾਵਪੂਰਤ ਕਵਿਤਾ, “ਅਗਲੀ ਵਾਰ ਤੂੰ ਧੀ ਤੇ ਮੈਂ ਤੇਰੀ ਮਾਂ ਬਣ ਜਾਵਾਂ” ਅਤੇ ਗੁਰਦੀਸ਼ ਕੌਰ ਗਰੇਵਾਲ ਨੇ “ਮਾਂ ਹੁੰਦੀ ਮਮਤਾ ਦੀ ਮੂਰਤ” ਕਵਿਤਾ ਨਾਲ ਹਾਜ਼ਰੀ ਲਗਵਾਈ।
ਡਾਕਟਰ ਅਮਨਦੀਪ ਕੌਰ ਜੋ ਕਿ ਇੱਕ ਹੋਮ ਕੇਅਰ ਕੰਪਨੀ ਵੀ ਚਲਾਉਂਦੇ ਹਨ, ਉਚੇਚੇ ਤੌਰ ਤੇ ਇਸ ਮੀਟਿੰਗ ਵਿੱਚ ਹਾਜ਼ਰ ਹੋਏ। ਜਿੱਥੇ ਉਨ੍ਹਾਂ ਨੇ ਭਾਵੁਕ ਹੁੰਦਿਆਂ, ਆਪਣੀ ਵਿੱਛੜੀ ਮਾਂ ਨੂੰ ਯਾਦ ਕੀਤਾ, ਉਥੇ ਉਨ੍ਹਾਂ ਨੇ ਸਾਰੀਆਂ ਔਰਤਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਪ੍ਰੇਰਿਆ ਅਤੇ ਉਸਾਰੂ ਸੁਝਾਅ ਵੀ ਦਿੱਤੇ। ਉਨ੍ਹਾਂ ਦੱਸਿਆ ਕਿ- ਕਿਵੇਂ ਸਕਾਰਾਤਮਕ ਸੋਚ ਨਾਲ, ਤਨਾਓ ਤੋਂ ਬਚਿਆ ਜਾ ਸਕਦਾ ਹੈ ਜਦ ਕਿ ਵਾਧੂ ਦੀਆਂ ਚਿੰਤਾਵਾਂ ਸਾਡੀ ਉਮਰ ਘਟਾ ਦਿੰਦੀਆਂ ਹਨ।
ਬਾਕੀ ਭੈਣਾਂ ਨੇ ਚੰਗੇ ਸਰੋਤੇ ਹੋਣ ਦਾ ਰੋਲ ਨਿਭਾਇਆ। ਬਰੇਕ ਵਿੱਚ ਸਭ ਨੇ ਚਾਹ ਨਾਲ ਸਮੋਸੇ ਲੱਡੂ ਅਤੇ ਜਲੇਬੀਆਂ ਦਾ ਆਨੰਦ ਮਾਣਿਆ । ਅੰਤ ਤੇ ਸਭ ਭੈਣਾਂ ਨੇ ਬੱਚੇ ਗੁਲਮੋਹਰ ਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਅਤੇ ਦਸਵੰਧ ਵੀ ਦਿੱਤੇ।
ਇਸ ਮੌਕੇ ਸ਼ਿਵਾਲਿਕ ਟੀ ਵੀ ਚੈਨਲ ਤੋਂ ਪਰਮਜੀਤ ਸਿੰਘ ਭੰਗੂ ਅਤੇ ‘ਬਾਤ ਪੰਜਾਬ ਦੀ’ ਤੋਂ ਸੁਭਾਸ਼ ਸ਼ਰਮਾ ਜੀ ਨੇ ਸਾਰੇ ਪ੍ਰੋਗਰਾਮ ਦੀ ਕਵਰੇਜ ਕੀਤੀ । ਸਮਾਪਤੀ ਤੇ ਗੁਰਦੀਸ਼ ਕੌਰ ਗਰੇਵਾਲ ਨੇ ਸਭ ਦਾ ਧੰਨਵਾਦ ਕਰਦਿਆਂ, ਕੈਲਗਰੀ ਲੇਖਕ ਸਭਾ ਵੱਲੋਂ ਟੈਂਪਲ ਕਮਿਊਨਟੀ ਹਾਲ ਵਿੱਚ, 14 ਜੂਨ ਨੂੰ ਹੋਣ ਵਾਲੇ ਕਲਚਰਲ ਸਮਾਗਮ ਦੀ, ਅਤੇ ਪੰਜਾਬੀ ਲਿਖਾਰੀ ਸਭਾ ਵੱਲੋਂ 20 ਜੂਨ ਨੂੰ ਕਰਵਾਏ ਜਾ ਰਹੇ ਬੱਚਿਆਂ ਦੇ ਪੰਜਾਬੀ ਬੋਲਣ ਦੇ ਮੁਕਾਬਲੇ ਦੀ, ਸੂਚਨਾ ਸਾਂਝੀ ਕੀਤੀ।
ਵਧੇਰੇ ਜਾਣਕਾਰੀ ਲਈ- ਬਲਵਿੰਦਰ ਕੌਰ ਬਰਾੜ 403 590 9629 ਜਾਂ ਗੁਰਦੀਸ਼ ਕੌਰ ਗਰੇਵਾਲ ਨਾਲ 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ। *ਰਿਪੋਰਟ ਕਰਤਾ* *ਗੁਰਦੀਸ਼ ਕੌਰ ਗਰੇਵਾਲ 403 404 1450*
