ਬੀ.ਬੀ.ਸੀ. ਦੀ ਨਾਟਕ ਸ਼ਾਖਾ ਦੀ ਸਾਬਕਾ ਮੁਖੀ ਮਾਰਟਿਨ ਐਸਲਿਨ ਨੇ ਆਪਣੀ ਪੁਸਤਕ ‘ਐਨਾਟਮੀ ਆਫ਼ ਡਰਾਮਾ’ ਵਿਚ ਪ੍ਰਗਟਾਵਾ ਕੀਤਾ ਕਿ ਸਾਹਿਤ ਦੀ ਟੈਲੀਵਿਜ਼ਨ ਨੂੰ ਵੱਡੀ ਦੇਣ ਹੈ ਪਰੰਤੂ ਬਦਲੇ ਵਿਚ ਟੈਲੀਵਿਜ਼ਨ ਨੇ ਸਾਹਿਤ ਨੂੰ ਪ੍ਰਫੁੱਲਤ ਕਰਨ ਵਿਚ ਵੱਡਾ ਯੋਗਦਾਨ ਨਹੀਂ ਪਾਇਆ। ਇਹ ਗੱਲ ਪੰਜਾਬੀ ਸਾਹਿਤ ਅਤੇ ਪੰਜਾਬੀ ਟੈਲੀਵਿਜ਼ਨ ’ਤੇ ਵੀ ਇੰਨ-ਬਿੰਨ ਢੁੱਕਦੀ ਹੈ।
ਪਰੰਤੂ ਇਸ ਸਿਲਸਿਲੇ ਵਿਚ ਦੂਰਦਰਸ਼ਨ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਦੂਰਦਰਸ਼ਨ ਦੇ ਸਾਹਿਤਕ ਪ੍ਰੋਗਰਾਮਾਂ ਅਤੇ ਲੜੀਵਾਰ ਨਾਟਕਾਂ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਲੋਕਾਂ ਤੱਕ ਲੈ ਕੇ ਜਾਣ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ। ਪੰਜਾਬੀ ਦੀਆਂ ਚੋਣਵੀਆਂ ਸਾਹਿਤਕ ਰਚਨਾਵਾਂ ਨੂੰ ਨਾਟਕੀ ਰੂਪ ਵਿਚ ਜਨ-ਸਮੂਹ ਤੱਕ ਪਹੁੰਚਾ ਕੇ ਲੋਕਾਂ ਨੂੰ ਸਾਹਿਤਕ ਚੇਟਕ ਲਾਉਣ ਵਿਚ ਮੋਹਰੀ ਭੂਮਿਕਾ ਨਿਭਾਈ ਹੈ।
ਦੂਰਦਰਸ਼ਨ ਜਲੰਧਰ ਹਰੇਕ ਸਾਲ 50 ਦੇ ਕਰੀਬ ਪੰਜਾਬੀ ਨਾਟਕ ਪ੍ਰਸਾਰਿਤ ਕਰਦਾ ਰਿਹਾ ਹੈ। ਹਰੇਕ ਹਫ਼ਤੇ ਦੇ ਨਾਟਕ ਵਿਖਾਏ ਜਾਂਦੇ ਸਨ। ਕਈ ਵਾਰ ਇਹ ਗਿਣਤੀ ਚਾਰ ਤੱਕ ਪਹੁੰਚ ਜਾਂਦੀ ਸੀ। ਇਹ ਉਹ ਸਮਾਂ ਸੀ ਜਦ ਸਾਹਿਤਕ ਪ੍ਰੋਗਰਾਮਾਂ ਦਾ ਬੋਲਬਾਲਾ ਸੀ ਅਤੇ ਦਰਸ਼ਕ ਹਰੇਕ ਹਫ਼ਤੇ ਸਾਹਿਤਕ ਪ੍ਰੋਗਰਾਮਾਂ ਅਤੇ ਲੜੀਵਾਰ ਨਾਟਕਾਂ ਦੀ ਬੇਸਬਰੀ ਨਾਲ ਉਡੀਕ ਕਰਿਆ ਕਰਦੇ ਸਨ।
ਸਮਾਂ ਬਦਲ ਗਿਆ ਹੈ। ਟੈਲੀਵਿਜ਼ਨ ਪ੍ਰੋਗਰਾਮਾਂ ਦੀ ਰੂਪ-ਰੇਖਾ ਅਤੇ ਮੂੰਹ-ਮੁਹਾਂਦਰਾ ਤਬਦੀਲ ਹੋ ਗਿਆ ਹੈ। ਸਮਾਰਟ ਫ਼ੋਨ ਅਤੇ ਸੋਸ਼ਲ ਮੀਡੀਆ ਨੇ ਲੋਕਾਂ ਦੇ ਸੁਹਜ-ਸੁਆਦ ਅਤੇ ਸਮੇਂ ਨੂੰ ਵੱਡੀ ਢਾਹ ਲਾਈ ਹੈ। ਬੀਤੇ ਇਕ ਦੋ ਦਹਾਕਿਆਂ ਦੌਰਾਨ ਭਾਰਤੀ ਟੈਲੀਵਿਜ਼ਨ ਨੇ ਕਈ ਰੰਗ ਵੇਖੇ ਹਨ। ਅਜਿਹੀ ਉਥਲ ਪੁਥਲ ਦੇ ਬਾਵਜੂਦ ਡੀ.ਡੀ. ਪੰਜਾਬੀ ਨੇ ਸਾਹਿਤਕ ਪ੍ਰੋਗਰਾਮਾਂ ਦੇ ਵਜੂਦ ਨੂੰ ਬਚਾ ਕੇ ਰੱਖਿਆ ਹੈ।
ਨਿਰਮਾਤਾ ਨਿਰਦੇਸ਼ਕ ਸ੍ਰੀ ਪੰਕਜ ਦੀ ਦੇਖ-ਰੇਖ ਅਧੀਨ ਪੰਜਾਬੀ, ਹਿੰਦੀ ਅਤੇ ਉਰਦੂ ਦੇ ਸਾਹਿਤਕ ਪ੍ਰੋਗਰਾਮ ਨਿਰੰਤਰ ਜਾਰੀ ਹਨ। ਸ਼ਬਦ ਲੋਕ (ਪੰਜਾਬੀ) ਮਹੀਨੇ ਵਿਚ ਤਿੰਨ ਵਾਰ ਪੇਸ਼ ਕੀਤਾ ਜਾਂਦਾ ਹੈ। ਰਚਨਾ (ਹਿੰਦੀ) ਅਤੇ ਅਦਬ (ਉਰਦੂ) ਮਹੀਨੇ ਵਿਚ ਦੋ ਵਾਰ ਪ੍ਰਸਾਰਿਤ ਹੁੰਦੇ ਹਨ। ਕਵੀ ਦਰਬਾਰ (ਪੰਜਾਬੀ) ਮਹੀਨੇ ਵਿਚ ਇਕ ਵਾਰ, ਕਵੀ ਗੋਸ਼ਟੀ (ਹਿੰਦੀ) ਅਤੇ ਉਰਦੂ ਮੁਸ਼ਾਇਰਾ ਤਿੰਨ ਮਹੀਨੇ ਵਿਚ ਇਕ ਵਾਰ ਪੇਸ਼ ਕੀਤੇ ਜਾਂਦੇ ਹਨ। ਗੱਲਾਂ ਤੇ ਗੀਤ ਅਤੇ ਉਮਰਾਂ ਦੇ ਪੈਂਡੇ ਜਿਹੇ ਪ੍ਰੋਗਰਾਮਾਂ ਵਿਚ ਵੀ ਕਦੇ ਕਦਾਈਂ ਸਾਹਿਤਕਾਰਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ।
ਸਾਹਿਤ ਅਤੇ ਮੀਡੀਆ ਦਾ ਮਨੋਰਥ ਇਕੋ ਜਿਹਾ ਹੈ। ਦੋਵੇਂ ਸੰਚਾਰ, ਸੂਚਨਾ, ਸਿੱਖਿਆ, ਸੁਹਜ ਅਤੇ ਮਨੋਰੰਜਨ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਜਾਗ੍ਰਿਤ ਕਰਦੇ ਹਨ। ਅਖਬਾਰਾਂ, ਰੇਡੀਓ, ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਜਿੱਥੇ ਖ਼ਬਰਾਂ ਅਤੇ ਵਿਚਾਰਾਂ ਨੂੰ ਜਨ-ਸਮੂਹ ਤੱਕ ਪਹੁੰਚਾਉਂਦੇ ਹਨ ਉੱਥੇ ਸਾਹਿਤ ਮਨੁੱਖੀ ਭਾਵਨਾਵਾਂ ਅਤੇ ਅਨੁਭਵਾਂ ਨੂੰ ਅਭਿਵਿਅਕਤ ਕਰਦਾ ਹੈ। ਮੀਡੀਆ ਅਤੇ ਸਾਹਿਤ ਇਕ ਦੂਜੇ ਦੇ ਪੂਰਕ ਹਨ। ਜੇਕਰ ਦੋਵੇਂ ਪ੍ਰਸਾਰ ਆਦਾਨ-ਪ੍ਰਦਾਨ ਦੀ ਨੀਤੀ ’ਤੇ ਚੱਲਣ ਤਾਂ ਨਤੀਜੇ ਹੋਰ ਬਿਹਤਰ, ਹੋਰ ਸੁਖਾਵੇਂ ਹੋ ਸਕਦੇ ਹਨ।
ਦੂਰਦਰਸ਼ਨ ਜਲੰਧਰ ਨੇ ਇਸ ਦਿਸ਼ਾ ਵਿਚ ਬਹੁਤ ਕੰਮ ਕੀਤਾ ਹੈ। ਅੰਮ੍ਰਿਤਸਰ ਵਿਖੇ 1973 ਵਿਚ ਆਰੰਭ ਹੋਏ ਦੂਰਦਰਸ਼ਨ ਨੂੰ ਜਦ 1979 ਵਿਚ ਜਲੰਧਰ ਪ੍ਰਸਥਾਨ ਕਰ ਦਿੱਤਾ ਗਿਆ ਤਾਂ ਸਮੇਂ-ਸਮੇਂ ਰਹੇ ਕੇਂਦਰ ਨਿਰਦੇਸ਼ਕਾਂ ਅਤੇ ਪ੍ਰੋਡਿਊਸਰਾਂ ਦੀ ਟੀਮ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਵੱਖ-ਵੱਖ ਭਾਂਤ ਦੇ ਸਾਹਿਤਕ ਪ੍ਰੋਗਰਾਮਾਂ ਨੂੰ ਬੁਲੰਦੀਆਂ ’ਤੇ ਪਹੁੰਚਾ ਦਿੱਤਾ। ਦਰਸ਼ਕਾਂ ਦੇ ਜ਼ਿਹਨਾਂ ਵਿਚ ਅੱਜ ਵੀ ਉਨ੍ਹਾਂ ਪ੍ਰੋਗਰਾਮਾਂ ਨੂੰ ਯਾਦ ਤਾਜ਼ਾ ਹੈ।
ਉਸੇ ਮਾਹੌਲ, ਉਸੇ ਕੋਸ਼ਿਸ਼ ਨੂੰ ਜਾਰੀ ਰੱਖਦਿਆਂ ਨਿਰਮਾਤਾ ਨਿਰਦੇਸ਼ਕ ਅਤੇ ਕਾਰਜਕਾਰੀ ਅਧਿਕਾਰੀ ਸ੍ਰੀ ਪੰਕਜ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਤਰ੍ਹਾਂ ਦੇ ਸਾਹਿਤਕ ਪ੍ਰੋਗਰਾਮ ਪੇਸ਼ ਕਰ ਰਹੇ ਹਨ ਜਿਨ੍ਹਾਂ ਦਾ ਜ਼ਿਕਰ ਉੱਪਰ ਕੀਤਾ ਗਿਆ ਹੈ।
ਪੰਜਾਬੀ, ਹਿੰਦੀ, ਉਰਦੂ ਦੇ ਸ਼ਾਇਰ, ਨਾਵਲਕਾਰ, ਨਾਟਕਕਾਰ, ਕਹਾਣੀਕਾਰ ਸਭ ਸ਼ਬਦ ਲੋਕ, ਰਚਨਾ, ਅਦਬ, ਕਵੀ ਦਰਬਾਰ, ਕਵੀ ਗੋਸ਼ਟੀ ਅਤੇ ਮੁਸ਼ਾਇਰਾ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਣਾ ਚਾਹੁੰਦੇ ਹਨ। ਜਦ ਮੈਂ ਸ੍ਰੀ ਪੰਕਜ ਨੂੰ ਪੁੱਛਿਆ ਕਿ ਉਰਦੂ ਪ੍ਰੋਗਰਾਮਾਂ ਲਈ ਮਾਹਿਰਾਂ ਅਤੇ ਸਾਹਿਤਕਾਰਾਂ ਦੀ ਮੁਸ਼ਕਲ ਨਹੀਂ ਆਉਂਦੀ ਤਾਂ ਉਨ੍ਹਾਂ ਦਾ ਜਵਾਬ ਸੀ-ਬਿਲਕੁਲ ਨਹੀਂ। ਉਹ ਬੜੇ ਉਤਸ਼ਾਹ ਅਤੇ ਦਿਲਚਸਪੀ ਨਾਲ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਲਈ ਪੁੱਜਦੇ ਹਨ।
ਉਪਰੋਕਤ ਸਾਰੇ ਪ੍ਰੋਗਰਾਮਾਂ ਦੇ ਪਿਛੋਕੜ ਦ੍ਰਿਸ਼ ਬੜੇ ਸੁਹਜ-ਭਰੇ, ਬੜੇ ਅਰਥ-ਭਰਪੂਰ ਅਤੇ ਆਕਰਸ਼ਕ ਹੁੰਦੇ ਹਨ ਜਿਹੜੇ ਪ੍ਰੋਗਰਾਮ ਦਾ ਮਿਆਰ ਸਿਖਰ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਆਰੰਭ ਤੋਂ ਅੰਤ ਤੱਕ ਸੰਬੰਧਤ ਭਾਸ਼ਾ ਦੇ ਸਿਰਕੱਢ ਸਾਹਿਤਕਾਰਾਂ ਦੀਆਂ ਤਸਵੀਰਾਂ ਦਿਖਾਉਣੀਆਂ ਸੋਨੇ ’ਤੇ ਸੁਹਾਗੇ ਦਾ ਕੰਮ ਕਰਦੀਆਂ ਹਨ। ਆਰੰਭਕ ਸੰਗੀਤ-ਧੁਨ ਪ੍ਰੋਗਰਾਮ ਲਈ ਲੋੜੀਂਦਾ ਮਾਹੌਲ ਤਿਆਰ ਕਰ ਦਿੰਦੀ ਹੈ।
ਭਾਸ਼ਾ ’ਤੇ ਮਜ਼ਬੂਤ ਪਕੜ ਰੱਖਣ ਵਾਲੇ ਤਜ਼ਰਬੇਕਾਰ ਐਂਕਰ ਪ੍ਰੋਗਰਾਮਾਂ ਨੂੰ ਸਹਿਜ ਰੱਖਣ, ਗਹਿਰਾਈ ਪ੍ਰਦਾਨ ਕਰਨ ਅਤੇ ਮਿਆਰੀ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਬਤੌਰ ਨਿਰਮਾਤਾ ਨਿਰਦੇਸ਼ਕ ਅਤੇ ਕਾਰਜਕਾਰੀ ਅਧਿਕਾਰੀ ਸ੍ਰੀ ਪੰਕਜ ਸ਼ਬਦ ਲੋਕ, ਰਚਨਾ ਅਤੇ ਅਦਬ ਪ੍ਰੋਗਰਾਮਾਂ ਨੂੰ ਸੁਹਜ, ਸਹਿਜ ਅਤੇ ਮਿਆਰ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹਨ।
