ਚੰਡੀਗੜ੍ਹ-: ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਸ ਸੁੱਚਾ ਸਿੰਘ ਛੋਟੇਪੁਰ ਨੇ ਸਾਂਝੇ ਪ੍ਰੈੱਸ ਬਿਆਨ ਰਾਹੀਂ ਪਟਿਆਲਾ ਵਿੱਚ ਧਰਨਾ ਦੇ ਰਹੇ ਅਪਰੈਂਟਸ਼ਿਪ ਨੌਜਵਾਨਾਂ ‘ਤੇ ਪੁਲਿਸ ਵੱਲੋਂ ਬਰਬਰਤਾ ਨਾਲ ਕੀਤੇ ਗਏ ਲਾਠੀਚਾਰਜ ਦੀ ਕਰੜੀ ਨਿੰਦਾ ਕੀਤੀ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਜਿਹੜੇ ਕਹਿੰਦੇ ਸਨ ਕਿ ਸਰਕਾਰ ਬਣਨ ਤੋਂ ਬਾਦ ਹਰਾ ਪੈੱਨ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਹੀ ਚੱਲੇਗਾ। ਅੱਜ ਉਹ ਨੌਕਰੀ ਮੰਗਦੇ ਨੌਜਵਾਨਾਂ ਦੇ ਜਿਸਮਾਂ ਨੂੰ ਲਾਠੀਆਂ ਨਾਲ ਨੀਲਾ ਕਰ ਰਹੇ ਹਨ। ਉਹਨਾਂ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਲਈ ਪਟਿਆਲਾ ਸਥਿਤ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਕਰ ਰਹੇ 2600 ਅਪਰੈਂਟਿਸ਼ਿਪ ਨੌਜਵਾਨਾਂ ‘ਤੇ ਭਗਵੰਤ ਮਾਨ ਸਰਕਾਰ ਵੱਲੋਂ ਕੀਤਾ ਗਿਆ ਲਾਠੀਚਾਰਜ਼ ਬੇਹੱਦ ਮੰਦਭਾਗਾ ਅਤੇ ਨਿੰਦਣਯੋਗ ਹੈ। ਸਰਕਾਰ ਨੂੰ ਇਹਨਾਂ ਸਿਖਿਅਤ ਅਤੇ ਪੜ੍ਹੇ ਲਿਖੇ ਨੌਜਵਾਨ ਨਾਲ ਇਨਸਾਨਾਂ ਵਾਂਗ ਵਿਹਾਰ ਕਰਕੇ ਗੱਲਬਾਤ ਰਾਹੀਂ ਮਸਲਾ ਹੱਲ ਕਰਨਾ ਚਾਹੀਦਾ ਸੀ। ਪਰ ਹਕੂਮਤੀ ਤਾਕਤ ਦੇ ਨਸ਼ੇ ਨੇ ਭਗਵੰਤ ਮਾਨ ਸਰਕਾਰ ਦੀ ਮੱਤ ਮਾਰ ਦਿੱਤੀ ਹੈ। ਜਿਸ ਕਰਕੇ ਉਹ ਹਰ ਵਿਰੋਧੀ ਆਵਾਜ ਅਤੇ ਰੋਜ਼ਗਾਰ ਮੰਗਦੇ ਹੱਥਾਂ ਨੂੰ ਡਾਂਗ ਨਾਲ ਦਬਾ ਦੇਣਾ ਚਾਹੁੰਦੀ ਹੈ। ਇਹ ਲੋਕਾਂ ਦੇ ਲੋਕਤੰਤਰੀ ਅਧਿਕਾਰਾਂ ਦਾ ਵੀ ਘਾਣ ਹੈ, ਜਿੰਨਾਂ ਨੂੰ ਆਪਣੇ ਹੱਕ ਲਈ ਰੋਸ ਪ੍ਰਦਰਸ਼ਨ ਕਰਨ ਦਾ ਅਧਿਕਾਰ ਭਾਰਤੀ ਸੰਵਿਧਾਨ ਵੀ ਦਿੰਦਾ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਨੌਜਵਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਅਤੇ ਉਹਨਾਂ ‘ਤੇ ਤਸ਼ੱਦਦ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਪ੍ਰੈੱਸ ਦੇ ਨਾਂ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
ਆਪਣੀਆਂ ਜਾਇਜ ਮੰਗਾਂ ਲਈ ਧਰਨਾ ਦੇਣ ਵਾਲਿਆਂ ‘ਤੇ ਲਾਠੀਚਾਰਜ ਬਹੁਤ ਹੀ ਘਟੀਆ ਕਾਰਵਾਈ ਹੈ- ਸ. ਵਡਾਲਾ, ਸ. ਛੋਟੇਪੁਰ
This entry was posted in ਪੰਜਾਬ, ਮੁਖੱ ਖ਼ਬਰਾਂ.
