ਗੁਰਬਾਣੀ ਚੈਨਲ ਬਣਾਉਣ ਲਈ ਜੀ.ਟੀ.ਸੀ ਨੈੱਟਵਰਕ ਤੋਂ ਆਈ ਪੇਸ਼ਕਸ਼ ‘ਤੇ ਗੌਰ ਕਰੇ ਐਸ.ਜੀ.ਪੀ.ਸੀ – ਗਿਆਨੀ ਹਰਪ੍ਰੀਤ ਸਿੰਘ

gaini ji.resizedਚੰਡੀਗੜ੍ਹ-: ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਹੈ ਕਿ ਉਹਨਾਂ ਨੂੰ ਜੀ.ਟੀ.ਸੀ ਨੈੱਟਵਰਕ ਦੇ ਮਾਲਕ ਡਾ ਰਾਬਿੰਦਰ ਨਰਾਇਣ ਦੀ ਉਸ ਲਿਖਤੀ ਪੇਸ਼ਕਸ਼ ਉਤੇ ਗੰਭੀਰਤਾ ਨਾਲ ਗੌਰ ਕਰਨਾ ਚਾਹੀਦਾ ਹੈ, ਜਿਸ ਵਿੱਚ ਉਹਨਾਂ ਨੇ ਇਕ ਗੁਰਬਾਣੀ ਚੈਨਲ ਸਥਾਪਤ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੀ ਮਾਲਕੀ ਵਿੱਚ ਸੌਂਪਣ ਬਾਰੇ ਕਿਹਾ ਹੈ। ਵੱਖ-ਵੱਖ ਚੈਨਲਾਂ ਰਾਹੀਂ ਸ੍ਰੀ ਦਰਬਾਰ ਸਾਹਿਬ ਤੋਂ ਕਰੀਬ ਅਠਾਈ ਸਾਲ ਤੱਕ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨ ਦਾ ਤਜਰਬਾ ਰੱਖਣ ਵਾਲੇ ਡਾ ਨਰਾਇਣ ਨੇ ਇਹ ਤਿੰਨ ਸਫਿਆਂ ਦੀ ਲਿਖਤ ਆਪਣੇ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਹੈ। ਜਿਸ ਵਿੱਚ ਉਹਨਾਂ ਨੇ ਗੁਰੂ ਪ੍ਰਤੀ ਆਪਣੀ ਸੇਵਾ ਅਤੇ ਸਮਰਪਣ ਦੀ ਭਾਵਨਾ ਪ੍ਰਗਟਾਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਲੰਬੇ ਸਮੇਂ ਤੋਂ ਇਹ ਭਾਵਨਾ ਰਹੀ ਹੈ ਕਿ ਪ੍ਰਸਾਰਣ ਦੇ ਅਧਿਕਾਰ ਕਿਸੇ ਇੱਕ ਖਾਸ ਚੈਨਲ ਜਾਂ ਧਿਰ ਦੇ ਕਬਜ਼ੇ ਹੇਠ ਨਹੀਂ ਹੋਣੇ ਚਾਹੀਦੇ, ਸਗੋਂ ਗੁਰੂ ਦੀ ਬਾਣੀ ਦਾ ਪ੍ਰਸਾਰਣ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਉਣ ਲਈ ਖੁੱਲ੍ਹਾ ਅਤੇ ਪਾਰਦਰਸ਼ੀ ਪ੍ਰਬੰਧ ਹੋਣਾ ਚਾਹੀਦਾ ਹੈ। ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਦਲੀਲ ਦਿੱਤੀ ਜਾਂਦੀ ਰਹੀ ਹੈ ਕਿ ਹੋਰ ਕਿਸੇ ਚੈਨਲ ਕੋਲ ਵਿਸ਼ਵ ਪੱਧਰ ‘ਤੇ ਪ੍ਰਸਾਰਣ ਕਰਨ ਲਈ ਲੋੜੀਂਦੇ ਸਾਧਨ ਨਹੀਂ ਹਨ। ਇਸ ਸੰਦਰਭ ਵਿੱਚ ਉਹਨਾਂ ਨੇ ਬਤੌਰ ਜਥੇਦਾਰ ਇਹ ਆਦੇਸ਼ ਵੀ ਕੀਤੇ ਸਨ ਕਿ ਸ਼੍ਰੋਮਣੀ ਕਮੇਟੀ ਇੱਕ ਮਹੀਨੇ ਦੇ ਅੰਦਰ ਆਪਣਾ ਚੈਨਲ ਸਥਾਪਤ ਕਰੇ, ਤਾਂ ਜੋ ਗੁਰਬਾਣੀ ਪ੍ਰਸਾਰਣ ਦਾ ਪ੍ਰਬੰਧ ਸਿੱਧੇ ਤੌਰ ‘ਤੇ ਪੰਥ ਦੇ ਹੱਥਾਂ ਵਿੱਚ ਹੋਵੇ। ਦੁੱਖ ਦੀ ਗੱਲ ਹੈ ਕਿ ਇਹ ਆਦੇਸ਼ ਅੱਜ ਤੱਕ ਲਾਗੂ ਨਹੀਂ ਹੋ ਸਕਿਆ। ਹੁਣ ਜਦੋਂ ਜੀ.ਟੀ.ਸੀ ਨੈੱਟਵਰਕ ਦੇ ਸੰਸਥਾਪਕ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮਰਪਿਤ 24 ਘੰਟੇ ਦੇ ਵਿਸ਼ਵ ਵਿਆਪੀ ਸੈਟੇਲਾਈਟ ਅਤੇ ਡਿਜ਼ੀਟਲ ਚੈਨਲ ਦੀ ਸਥਾਪਨਾ ਦੀ ਪੇਸ਼ਕਸ਼ ਕੀਤੀ ਹੈ, ਤਾਂ ਇਸ ‘ਤੇ ਗੰਭੀਰਤਾ ਨਾਲ ਵਿਚਾਰ ਹੋਣੀ ਚਾਹੀਦੀ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਵਿੱਚ ਅੱਗੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਮੌਕਾ ਪੰਥਕ ਹਿੱਤਾਂ ਲਈ ਵਰਤਦਿਆਂ ਗੁਰਬਾਣੀ ਪ੍ਰਸਾਰਣ ਬਾਰੇ ਕਿਸੇ ਇੱਕ ਨਿੱਜੀ ਚੈਨਲ ਦੀ ਨਿਰਭਰਤਾ ਤੋਂ ਮੁਕਤ ਹੋਣਾ ਚਾਹੀਦਾ ਹੈ ਅਤੇ ਸਮੂਹ ਪੰਥਕ ਸੰਸਥਾਵਾਂ ਅਤੇ ਜਥੇਬੰਦੀਆਂ ਦੀ ਸਾਂਝੀ ਰਾਇ ਨਾਲ ਇਕ ਅਜਿਹਾ ਪ੍ਰਬੰਧ ਸਥਾਪਤ ਕਰਨਾ ਚਾਹੀਦਾ ਹੈ ਜੋ ਪੂਰੀ ਤਰ੍ਹਾਂ ਪੰਥ ਦੀ ਮਾਲਕੀ ਅਤੇ ਨਿਗਰਾਨੀ ਹੇਠ ਹੋਵੇ। ਕਿਉਂਕਿ ਗੁਰਬਾਣੀ ਕਿਸੇ ਇੱਕ ਸੰਸਥਾ ਜਾਂ ਚੈਨਲ ਦੀ ਮਲਕੀਅਤ ਨਹੀਂ, ਸਗੋਂ ਸਮੁੱਚੀਆਂ ਸਿੱਖ ਸੰਗਤਾਂ ਦੀ ਸਾਂਝੀ ਵਿਰਾਸਤ ਹੈ। ਇਹ ਪ੍ਰੈੱਸ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>