ਕੱਪੜੇ ਬਦਲਣ ਵਾਲੇ ਕਮਰਿਆਂ ਵਿੱਚ ਔਰਤਾਂ ਅਤੇ ਨਾਬਾਲਗ ਲੜਕੀ ਦੀ ਗੁਪਤ ਵੀਡੀਓ ਬਣਾਉਣ ਵਾਲਾ ਵਿਅਕਤੀ ਜੇਲ੍ਹ ਤੋਂ ਬਚਿਆ

Screenshot_2026-07-29_20-29-13.resizedਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) - ਹੈਮਿਲਟਨ ਦੀ ਇੱਕ ਸੁਪਰਮਾਰਕੀਟ ਦੇ ਫਿਟਿੰਗ ਰੂਮ ਸਮੇਤ ਵੱਖ-ਵੱਖ ਥਾਵਾਂ ‘ਤੇ ਔਰਤਾਂ ਅਤੇ ਇੱਕ ਨਾਬਾਲਗ ਲੜਕੀ ਦੀ ਕੱਪੜੇ ਬਦਲਦੇ ਸਮੇਂ ਗੁਪਤ ਤੌਰ ‘ਤੇ ਵੀਡੀਓ ਬਣਾਉਣ ਵਾਲੇ 49 ਸਾਲਾ ਡੈਰਨ ਕਾਕਸ ਨੂੰ ਅਦਾਲਤ ਨੇ ਜੇਲ੍ਹ ਭੇਜਣ ਦੀ ਬਜਾਏ ਤਿੰਨ ਸਾਲ ਲਈ ਨਿਗਰਾਨੀ ਹੇਠ ਰੱਖਣ ਦੇ ਹੁਕਮ ਦਿੱਤੇ ਹਨ।

ਹੈਮਿਲਟਨ ਸ਼ੈਰਿਫ਼ ਅਦਾਲਤ ਵਿੱਚ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਕਾਰਸਟੇਅਰਜ਼ ਦੇ ਰਹਿਣ ਵਾਲੇ ਕਾਕਸ ਨੇ ਫਰਵਰੀ ਤੋਂ ਅਪ੍ਰੈਲ 2024 ਦਰਮਿਆਨ ਹੈਮਿਲਟਨ ਦੇ ਸੇਂਨਜਬਰੀਜ਼ ਸਟੋਰ ਅਤੇ ਹੋਰ ਅਣਪਛਾਤੀਆਂ ਥਾਵਾਂ ਦੇ ਫਿਟਿੰਗ ਰੂਮਾਂ ਵਿੱਚ ਔਰਤਾਂ ਦੀਆਂ ਗੁਪਤ ਵੀਡੀਓ ਬਣਾਈਆਂ।

ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਮਹਿਲਾ ਗਾਹਕ ਨੇ ਦੇਖਿਆ ਕਿ ਉਸ ਦੇ ਫਿਟਿੰਗ ਰੂਮ ਦੇ ਉੱਪਰ ਇੱਕ ਮੋਬਾਈਲ ਫੋਨ ਰੱਖਿਆ ਹੋਇਆ ਹੈ। ਸ਼ੱਕ ਹੋਣ ‘ਤੇ ਉਸ ਨੇ ਡੈਰਨ ਕਾਕਸ ਦਾ ਸਾਹਮਣਾ ਕੀਤਾ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਸੀਸੀਟੀਵੀ ਫੁਟੇਜ ਵਿੱਚ ਕਾਕਸ ਨੂੰ ਦੋ ਪੈਂਟਾਂ ਅਤੇ ਦੋ ਟੀ-ਸ਼ਰਟਾਂ ਲੈ ਕੇ ਫਿਟਿੰਗ ਰੂਮ ਵਿੱਚ ਦਾਖਲ ਹੁੰਦੇ ਦੇਖਿਆ ਗਿਆ, ਜਦਕਿ ਪੀੜਤ ਮਹਿਲਾ ਉਸ ਦੇ ਨਾਲ ਵਾਲੇ ਕਿਊਬਿਕਲ ਵਿੱਚ ਗਈ ਸੀ।

ਸਰਕਾਰੀ ਵਕੀਲ ਕੇਵਿਨ ਮੋਰੋ ਨੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਵੱਲੋਂ ਕਾਕਸ ਦਾ ਮੋਬਾਈਲ ਫੋਨ ਜ਼ਬਤ ਕਰਨ ‘ਤੇ ਉਸ ਵਿੱਚ ਫਿਟਿੰਗ ਰੂਮਾਂ ਵਿੱਚ ਕੱਪੜੇ ਬਦਲ ਰਹੀਆਂ 20 ਬਾਲਗ ਔਰਤਾਂ ਦੀਆਂ ਵੀਡੀਓ ਮਿਲੀਆਂ। ਇਸ ਤੋਂ ਇਲਾਵਾ ਇੱਕ ਅਜਿਹੀ ਲੜਕੀ ਦੀ ਵੀਡੀਓ ਵੀ ਮਿਲੀ ਜਿਸ ਦੀ ਉਮਰ ਲਗਭਗ 10 ਤੋਂ 12 ਸਾਲ ਦਰਮਿਆਨ ਮੰਨੀ ਜਾਂਦੀ ਹੈ। ਉਸ ਨੂੰ ਰੰਗੇ ਹੱਥੀਂ ਫੜਨ ਵਾਲੀ ਔਰਤ ਤੋਂ ਇਲਾਵਾ ਬਾਕੀ ਪੀੜਤਾਂ ਦੀ ਪਛਾਣ ਨਹੀਂ ਹੋ ਸਕੀ।

ਅਦਾਲਤ ਨੂੰ ਦੱਸਿਆ ਗਿਆ ਕਿ ਪੁੱਛਗਿੱਛ ਦੌਰਾਨ ਕਾਕਸ ਰੋ ਪਿਆ ਸੀ ਅਤੇ ਉਸ ਨੇ ਆਪਣੀ ਕਰਤੂਤ ਲਈ ਮੁਆਫ਼ੀ ਮੰਗੀ। ਉਸ ਨੇ ਪੁਲਿਸ ਨੂੰ ਕਿਹਾ ਕਿ ਉਹ ਲੋਕਾਂ ਨੂੰ ਫਿਟਿੰਗ ਰੂਮਾਂ ਵਿੱਚ ਦੇਖਦਾ ਅਤੇ ਉਨ੍ਹਾਂ ਦੀ ਵੀਡੀਓ ਬਣਾਉਂਦਾ ਸੀ। ਉਸ ਦਾ ਦਾਅਵਾ ਸੀ ਕਿ ਉਸ ਨੂੰ ਪਤਾ ਨਹੀਂ ਸੀ ਕਿ ਜਿਸ ਲੜਕੀ ਦੀ ਉਸ ਨੇ ਵੀਡੀਓ ਬਣਾਈ ਉਹ ਇੰਨੀ ਛੋਟੀ ਉਮਰ ਦੀ ਸੀ ਅਤੇ ਜਦੋਂ ਉਸ ਨੂੰ ਇਸ ਦਾ ਅਹਿਸਾਸ ਹੋਇਆ ਤਾਂ ਉਸ ਨੇ ਉਹ ਵੀਡੀਓ ਮਿਟਾ ਦਿੱਤੀ।

ਕਾਕਸ ਨੇ ਇਹ ਵੀ ਕਿਹਾ ਕਿ ਉਸ ਦੀ ਪਤਨੀ ਲੰਬੇ ਸਮੇਂ ਤੋਂ ਬਹੁਤ ਮੁਸ਼ਕਲ ਦੌਰ ਵਿੱਚੋਂ ਲੰਘ ਰਹੀ ਸੀ ਅਤੇ ਉਹ ਉਸ ਦੀ ਦੇਖਭਾਲ ਕਰ ਰਿਹਾ ਸੀ, ਜਿਸ ਕਾਰਨ ਉਹ ਮਾਨਸਿਕ ਦਬਾਅ ਵਿੱਚ ਸੀ। ਉਸ ਨੇ ਆਪਣੇ ਵਿਹਾਰ ਨੂੰ “ਬਹੁਤ ਮੂਰਖਤਾ ਭਰਿਆ” ਕਰਾਰ ਦਿੰਦਿਆਂ ਮੁੜ ਮੁਆਫ਼ੀ ਮੰਗੀ।

ਬਚਾਅ ਪੱਖ ਦੇ ਵਕੀਲ ਐਂਡੀ ਆਇਲਜ਼ ਨੇ ਕਿਹਾ ਕਿ ਕਾਕਸ, ਜੋ ਹੁਣ ਇੰਗਲੈਂਡ ਵਿੱਚ ਰਹਿੰਦਾ ਹੈ, ਆਪਣੇ ਇਸ ਗੰਭੀਰ ਅਪਰਾਧ ਦੀ ਪੂਰੀ ਜ਼ਿੰਮੇਵਾਰੀ ਸਵੀਕਾਰ ਕਰਦਾ ਹੈ ਅਤੇ ਉਸ ਨੂੰ ਇਸ ਘਟਨਾ ‘ਤੇ ਡੂੰਘਾ ਪਛਤਾਵਾ ਹੈ।

ਅਦਾਲਤ ਨੇ ਕਾਕਸ ਨੂੰ ਤਿੰਨ ਸਾਲ ਲਈ ਨਿਗਰਾਨੀ ਹੇਠ ਰੱਖਣ, 300 ਘੰਟੇ ਦੀ ਬਿਨਾਂ ਤਨਖ਼ਾਹ ਸਮਾਜਿਕ ਸੇਵਾ ਕਰਨ, ਪੀੜਤ ਮਹਿਲਾ ਨੂੰ £1,000 ਮੁਆਵਜ਼ਾ ਦੇਣ ਅਤੇ ਉਸ ਨਾਲ 10 ਸਾਲ ਤੱਕ ਕਿਸੇ ਵੀ ਤਰ੍ਹਾਂ ਦਾ ਸੰਪਰਕ ਨਾ ਕਰਨ ਦਾ ਹੁਕਮ ਦਿੱਤਾ। ਇਸ ਤੋਂ ਇਲਾਵਾ ਉਸ ਦਾ ਨਾਮ ਤਿੰਨ ਸਾਲ ਲਈ ਸੈਕਸ ਅਪਰਾਧੀਆਂ ਦੇ ਰਜਿਸਟਰ ਵਿੱਚ ਵੀ ਦਰਜ ਰਹੇਗਾ।

This entry was posted in ਅੰਤਰਰਾਸ਼ਟਰੀ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>