ਅਮਰੀਕਾ ਸੰਸਾਰ ਦਾ ਸਭ ਤੋਂ ਜ਼ਿਆਦਾ ਵਿਕਸਤ ਅਤੇ ਖ਼ੁਸ਼ਹਾਲ ਦੇਸ਼ ਗਿਣਿਆਂ ਜਾਂਦਾ ਹੈ। ਇਸ ਦੇਸ ਵਿੱਚ ਸੰਸਾਰ ਦੇ ਕੋਨੇ-ਕੋਨੇ ਤੋਂ ਲੋਕ ਆ ਕੇ ਵਸੇ ਹੋਏ ਹਨ। ਇਸ ਲਈ ਇਥੋਂ ਦੇ ਨਾਗਰਿਕਾਂ ਦੀ ਜ਼ਿੰਦਗੀ ਦੇ ਵੱਖੋ-ਵੱਖਰੇ ਤੇ ਨਿਆਰੇ ਰੰਗ ਵੇਖਣ ਨੂੰ ਮਿਲਦੇ ਹਨ। ਸੰਸਾਰ ਦੀ ਕੋਈ ਅਜਿਹੀ ਕੌਮ/ਦੇਸ਼ ਨਹੀਂ ਹੈ, ਜਿਸਦੇ ਨਾਗਰਿਕ ਅਮਰੀਕਾ ਵਿੱਚ ਨਾ ਮਿਲਦੇ ਹੋਣ, ਪ੍ਰੰਤੂ ਅਨੁਸ਼ਾਸ਼ਨ ਕਮਾਲ ਦਾ ਹੈ। ਛੇਤੀ ਕੀਤਿਆਂ ਕੋਈ ਨਾਗਰਿਕ ਇਥੋਂ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਦੀ ਹਿੰਮਤ ਹੀ ਨਹੀਂ ਕਰਦਾ। ਮੈਂ ਅਤੇ ਮੇਰੀ ਪਤਨੀ ਲਗਪਗ ਪਿਛਲੇ ਵੀਹ ਸਾਲਾਂ ਤੋਂ ਅਮਰੀਕਾ ਜਾ ਰਹੇ ਹਾਂ। ਇਸ ਲਈ ਮੈਂ ਆਪਣੇ ਤਜ਼ਰਬੇ ਦੇ ਅਧਾਰਤ ਦੱਸਣਾ ਚਾਹੁੰਦਾ ਹਾਂ ਕਿ ਇਥੋਂ ਦੇ ਸਥਾਨਕ ਪ੍ਰਸ਼ਾਸ਼ਨ ਵਿੱਚ ਸਿਆਸੀ ਲੋਕਾਂ ਦੀ ਕੋਈ ਦਖ਼ਲ ਅੰਦਾਜ਼ੀ ਨਹੀਂ ਹੈ, ਜਿਸ ਕਰਕੇ ਕੋਈ ਵੀ ਵਿਅਕਤੀ ਕੋਤਾਹੀ ਕਰਕੇ ਸਿਫਾਰਸ਼ ਕਰਵਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਜੇ ਕੋਈ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਦੁਗਣੀ ਸਜ਼ਾ ਦਿੱਤੀ ਜਾਂਦੀ ਹੈ। ਇਥੋਂ ਦੇ ਛੋਟੇ ਤੋਂ ਛੋਟੇ ਅਧਿਕਾਰੀ ਵੀ ਵੱਡੇ ਸਿਆਸਤਦਾਨਾ ਅਤੇ ਵੱਡੇ ਅਧਿਕਾਰੀਆਂ ਦੀ ਗ਼ਲਤੀ ਵਿਰੁੱਧ ਕਾਨੂੰਨੀ ਕਾਰਵਾਈ ਕਰ ਦਿੰਦੇ ਹਨ। ਸਿਪਾਹੀ ਵੀ ਮੰਤਰੀ ਦਾ ਚਲਾਣ ਕਰ ਸਕਦਾ ਹੈ। ਇਮਾਨਦਾਰੀ ਬਰਕਰਾਰ ਹੈ। ਜੇਕਰ ਕਿਸੇ ਵਿਅਕਤੀ ਨੇ ਕੋਈ ਗ਼ਲਤ ਕੰਮ ਕੀਤਾ ਹੈ ਤਾਂ ਪੁਲਿਸ ਕਥਿਤ ਦੋਸ਼ੀ ਨੂੰ ਪਕੜਕੇ ਹੱਥਕੜੀ ਉਸ ਵਿਅਕਤੀ ਦੇ ਹੱਥ ਪਿੱਛੇ ਕਰਕੇ ਬੰਨ੍ਹਦੀ ਹੈ। ਜੇਕਰ ਕਥਿਤ ਦੋਸ਼ੀ ਭੱਜਣ ਦੀ ਕੋਸਿਸ਼ ਕਰੇਗਾ ਤਾਂ ਉਹ ਗੋਲੀ ਮਾਰ ਦਿੰਦੇ ਹਨ। ਲੋਕ ਇਤਨੇ ਆਪੋ ਆਪਣੇ ਕੰਮਾ ਵਿੱਚ ਰੁੱਝੇ ਹੁੰਦੇ ਹਨ ਕਿ ਕੋਈ ਵੀ ਕਿਸੇ ਦੇ ਘਰ ਪਹਿਲਾਂ ਟੈਲੀਫੋਨ ਤੇ ਇਜ਼ਾਜ਼ਤ ਲੈਣ ਤੋਂ ਬਿਨਾ ਹੀ ਜਾਂਦੇ ਨਹੀਂ। ਘਰਾਂ ਦੇ ਆਲੇ ਦੁਆਲੇ ਆਮ ਤੌਰ ‘ਤੇ ਚਾਰਦੀਵਾਰੀ ਲੱਕੜ ਦੇ ਫੱਟਿਆਂ ਦੀ ਹੀ ਕੀਤੀ ਹੁੰਦੀ ਹੈ। ਇੱਟਾਂ ਵਾਲੀ ਚਾਰਦੀਵਾਰੀ ਨਹੀਂ ਹੁੰਦੀ। ਘਰ ਦੇ ਲਾਅਨ ਦਾ ਘਾਹ ਕੱਟਕੇ ਰੱਖਣਾ ਪੈਂਦਾ ਹੈ, ਭਾਵ ਸਾਫ ਸੁਥਰਾ ਰੱਖਣਾ ਪੈਂਦਾ ਹੈ। ਘਰ ਦੇ ਆਲੇ ਦੁਆਲੇ ਜਾਂ ਲਾਅਨ ਵਿੱਚ ਮਿੱਟੀ ਵਿਖਾਈ ਨਹੀਂ ਦੇਣੀ ਚਾਹੀਦੀ। ਇਸ ਕਰਕੇ ਮਿੱਟੀ ਘੱਟਾ ਉਡਦਾ ਹੀ ਨਹੀਂ। ਕੋਈ ਵੀ ਵਿਅਕਤੀ ਕਿਸੇ ਦੇ ਘਰ ਦੇ ਨਾਲ ਲਗਦੇ ਖਾਲ੍ਹੀ ਥਾਂ ਵਿੱਚ ਪੁੱਛੇ ਤੋਂ ਬਿਨਾ ਦਾਖ਼ਲ ਨਹੀਂ ਹੋ ਸਕਦਾ। ਅਮਰੀਕਾ ਵਿੱਚ ਜੇਕਰ ਕੋਈ ਬਿਨਾ ਪੁੱਛੇ ਵੜੇਗਾ ਤਾਂ ਉਸਦੇ ਗੋਲੀ ਮਾਰੀ ਜਾ ਸਕਦੀ ਹੈ। ਇਸਨੂੰ ਜ਼ੁਰਮ ਨਹੀਂ ਸਮਝਿਆ ਜਾਵੇਗਾ। ਕਿਤੇ ਵੀ ਕੋਈ ਮਰਦ ਜਾਂ ਔਰਤ ਸਾਹਮਣੇ ਮਿਲ ਜਾਵੇ ਤਾਂ ਉਹ ਹਾਏ ਹੈਲੋ ਕਰਕੇ ਮੁਸਕਰਾਹਟ ਦਿੰਦਾ ਹੈ, ਪ੍ਰੰਤੂ ਖੜ੍ਹਕੇ ਗੱਲ ਨਹੀਂ ਕਰੇਗਾ। ਇਥੇ ਲੜਕੇ ਅਤੇ ਲੜਕੀ ਦੀ ਦੋਸਤੀ ਵਰਜਿਤ ਨਹੀ, ਸਗੋਂ ਜੇਕਰ ਕਿਸੇ ਲੜਕੇ ਤੇ ਲੜਕੀ ਦਾ ਕੋਈ ਦੋਸਤ ਨਾ ਹੋਵੇ ਤਾਂ ਉਨ੍ਹਾਂ ਵਿੱਚ ਕੋਈ ਨੁਕਸ ਸਮਝਿਆ ਜਾਂਦਾ ਹੈ। ਲਗਪਗ ਹਰ ਲੜਕੇ ਅਤੇ ਲੜਕੀ ਦੀ ਕਰਮਵਾਰ ਗਰਲ ਅਤੇ ਬੁਆਏ ਫਰੈਂਡ ਹੁੰਦਾ ਹੈ, ਜਿਸਨੂੰ ਸਮਾਜ ਚੰਗਾ ਸਮਝਦਾ ਹੈ। ਇਥੋਂ ਤੱਕ ਕਿ ਵਿਆਹੇ ਜੋੜਿਆਂ ਦੇ ਫਰੈਂਡ ਹੁੰਦੇ ਹਨ ਤੇ ਉਨ੍ਹਾਂ ਨਾਲ ਸੈਰ ਸਪਾਟੇ ‘ਤੇ ਜਾਂਦੇ ਰਹਿੰਦੇ ਹਨ। ਇਥੇ ਵਿਆਹ ਵੀ ਆਪਸੀ ਦੋਸਤੀ ਰਾਹੀਂ ਹੀ ਹੁੰਦੇ ਹਨ। ਵਿਚੋਲੇ ਨਹੀਂ ਹੁੰਦੇ। ਵਿਆਹ ਦੀ ਸੰਸਥਾ ਨਾ ਵਰਗੀ ਹੀ ਹੈ। ਇਹ ਗੋਰੇ ਲੋਕ ਮਿੰਟਾਂ ਸਕਿੰਟਾਂ ਵਿੱਚ ਹੀ ਤਲਾਕ ਲੈ ਲੈਂਦੇ ਹਨ। ਇਥੇ ਗੋਰੇ ਆਦਮੀ ਤੀਵੀਂ ਦੀ ਲੜਾਈ ਘੱਟ ਹੀ ਹੁੰਦੀ ਹੈ, ਲੜਨ ਦੀ ਥਾਂ ਵੱਖ ਹੀ ਹੋ ਜਾਂਦੇ ਹਨ, ਪ੍ਰੰਤੂ ਜੇ ਕੋਈ ਮਸਲਾ ਹੋਵੇ ਤਾਂ ਆਦਮੀ ਨੂੰ ਪਹਿਲੀ ਸੱਟੇ ਘਰ ਛੱਡਣਾ ਪੈਂਦਾ ਹੈ। ਸਾਰੇ ਕਾਨੂੰਨ ਔਰਤ ਦੀ ਤਰਫਦਾਰੀ ਕਰਦੇ ਹਨ। ਵੈਸੇ ਅੱਜ ਕਲ੍ਹ ਗੋਰੇ ਗੋਰੀਆਂ ਵਿਆਹ ਵਿੱਚ ਰੁਚੀ ਨਹੀਂ ਰੱਖਦੇ। ਲਿਵ ਇਨ ਰਿਲੇਸ਼ਨ ਵਿੱਚ ਰਹਿਣ ਨੂੰ ਪਹਿਲ ਦਿੰਦੇ ਹਨ। ਆਮ ਤੌਰ ‘ਤੇ ਗੋਰਿਆਂ ਵਿੱਚ ਵਿਆਹ ਸਾਧਾਰਨ ਹੁੰਦੇ ਹਨ। ਕਚਹਿਰੀ ਜਾ ਕੇ ਮੈਰਿਜ ਰਜਿਸਟਰ ਕਰਵਾ ਲੈਂਦੇ ਹਨ। ਫਿਰ ਜਦੋਂ ਪਾਰਟੀ ਕਰਨੀ ਹੈ ਤਾਂ ਪਾਰਟੀ ਦਾ ਖਰਚਾ ਲੜਕੇ ਤੇ ਲੜਕੀ ਨੇ ਹੀ ਕਰਨਾ ਹੁੰਦਾ ਹੈ। ਮਾਪਿਆਂ ਨੇ ਤਾਂ ਜੇਕਰ ਕੋਈ ਤੋਹਫਾ ਦੇਣਾ ਦੇ ਦਿੰਦੇ ਹਨ। ਪਾਰਟੀਆਂ ਵੀ ਉਹ ਪਾਰਕਾਂ ਵਿੱਚ ਸਾਧਾਰਨ ਢੰਗ ਨਾਲ ਹੀ ਕਰ ਲੈਂਦੇ ਹਨ। ਕਈ ਵਾਰ ਦਰਿਆਵਾਂ ਦੇ ਕੰਢਿਆਂ ਤੇ ਪਾਰਟੀਆਂ ਕਰ ਲੈਂਦੇ ਹਨ। ਸ਼ਗਨ ਦੇਣ ਦੀ ਪ੍ਰਥਾ ਵੀ ਤੋਹਫੇ ਦੇ ਤੌਰ ‘ਤੇ ਹੀ ਹੁੰਦੀ ਹੈ। ਆਮ ਤੌਰ ‘ਤੇ ਦਸ ਡਾਲਰ ਹੀ ਸ਼ਗਨ ਦਿੰਦੇ ਹਨ, ਪ੍ਰੰਤੂ ਕਈ ਬਹੁਤੇ ਨਜ਼ਦੀਕੀ ਵੱਧ ਤੋਂ ਵੱਧ ਪੰਜਾਹ ਡਾਲਰ ਦੇ ਦਿੰਦੇ ਹਨ। ਅਮੀਰ ਗੋਰੇ ਹੋਟਲਾਂ ਵਿੱਚ ਪਾਰਟੀਆਂ ਕਰਦੇ ਹਨ। ਗੋਰੇ ਮਰਦਾਂ ਅਤੇ ਔਰਤਾਂ ਵਿੱਚ ਨੈਤਿਕਤਾ ਬਾਕਮਾਲ ਹੈ। ਉਨ੍ਹਾਂ ਦਾ ਪਹਿਰਾਵਾ ਉਥੋਂ ਦੀ ਪਰੰਪਰਾ ਹੈ। ਇਸਨੂੰ ਨੰਗੇਜ ਨਹੀਂ ਸਮਝਿਆ ਜਾਂਦਾ। ਅਮਰੀਕਾ ਵਿੱਚ ਲਗਪਗ ਹਰ ਘਰ ਵਿੱਚ ਪਾਲਤੂ ਕੁੱਤੇ ਬਿਲੀਆਂ ਰੱਖੇ ਹੁੰਦੇ ਹਨ, ਕਿਉਂਕਿ ਇਹ ਲੋਕ ਕੁੱਤੇ ਬਿਲੀਆਂ ਨਾਲ ਹੀ ਆਪਣਾ ਦਿਲ ਪ੍ਰਚਾਉਂਦੇ ਹਨ। ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਮੈਂਬਰ ਸਮਝਦੇ ਹਨ। ਕੁੱਤੇ ਬਿੱਲੀਆਂ ਨੂੰ ਵੀ ਘਰ ਵਿੱਚ ਇਕੱਲੇ ਨਹੀਂ ਛੱਡ ਸਕਦੇ। ਇਥੇ ਲੋਕਾਂ ਵਿੱਚ ਆਪਸੀ ਰਿਲੇਸ਼ਨ ਬਹੁਤ ਘੱਟ ਹੁੰਦੇ ਹਨ।
ਅਮਰੀਕਾ ਵਿੱਚ ਵਰਕ ਕਲਚਰ ਹੈ, ਲੋਕ ਕੰਮ ਕਰਨ ਵਿੱਚ ਯਕੀਨ ਰੱਖਦੇ ਹਨ। ਲਗਪਗ ਹਰ ਪਰਿਵਾਰ ਦੇ ਸਾਰੇ ਮੈਂਬਰ ਕੰਮ ਕਰਦੇ ਹਨ। ਬਜ਼ੁਰਗ ਵੀ ਅੱਸੀ ਨੱਬੇ ਸਾਲ ਦੀ ਉਮਰ ਤੱਕ ਕੰਮ ਕਰਦੇ ਰਹਿੰਦੇ ਹਨ। ਵਿਹਲਾ ਕੋਈ ਨਹੀਂ ਰਹਿੰਦਾ। ਬਜ਼ੁਰਗ ਵਾਲੰਟੀਅਰ ਸਰਵਿਸ ਵੀ ਕਰਨ ਲੱਗ ਜਾਂਦੇ ਹਨ। ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਕਸਰਤ ਬਹੁਤ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਆਪਣਾ ਹਰ ਕੰਮ ਆਪ ਹੀ ਕਰਨਾ ਹੁੰਦਾ ਹੈ। ਪੈਦਲ ਤੁਰਦੇ ਫਿਰਦੇ ਲੋਕ ਘੱਟ ਹੀ ਮਿਲਦੇ ਹਨ, ਪ੍ਰੰਤੂ ਸੜਕਾਂ ਦੇ ਫੁੱਟ ਪਾਥਾਂ ‘ਤੇ ਕਸਰਤ ਕਰਨ ਲਈ ਦੌੜਦੇ ਜ਼ਰੂਰ ਮਿਲਣਗੇ। ਕਸਰਤ ਕਰਨ ਲਈ ਜਿੰਮ ਜਾਂਦੇ ਤੇ ਸਾਈਕਲਾਂ ਦੀ ਵਰਤੋਂ ਵੀ ਕਰਦੇ ਹਨ। ਘਰਾਂ ਦੀ ਸਾਫ਼ ਸਫ਼ਾਈ ਆਪ ਹੀ ਕਰਦੇ ਹਨ। ਘਰਾਂ ਵਿੱਚ ਕੋਈ ਨੌਕਰ ਨਹੀਂ ਰੱਖਿਆ ਹੁੰਦਾ, ਕਿਉਂਕਿ ਨੌਕਰ ਰੱਖਣਾ ਬਹੁਤ ਮਹਿੰਗਾ ਪੈਂਦਾ ਹੈ। ਨਿੱਕੀ ਮੋਟੀ ਮੁਰੰਮਤ ਵੀ ਆਪ ਹੀ ਕਰਦੇ ਹਨ। ਇੰਜਿਨੀਅਰ ਡਾਕਟਰ ਅਤੇ ਹੋਰ ਮਹੱਤਵਪੂਰਨ ਅਹੁਦਿਆਂ ਵਾਲੇ ਵੀ ਸਾਰਾ ਕੰਮ ਆਪ ਹੀ ਕਰਦੇ ਹਨ। ਉਹ ਆਪ ਹੀ ਆਪਣੀ ਚਾਹ ਪਾਣੀ ਅਤੇ ਰੋਟੀ ਵੀ ਆਪ ਹੀ ਬਣਾਉਂਦੇ ਹਨ। ਬੱਚਿਆਂ ਦਾ ਅਮਰੀਕਾ ਵਿੱਚ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ, ਤੇਰਾਂ ਸਾਲ ਦੀ ਉਮਰ ਤੱਕ ਉਨ੍ਹਾਂ ਨੂੰ ਸਕੂਲ ਮਾਪੇ ਛੱਡਕੇ ਅਤੇ ਲੈ ਕੇ ਆਉਂਦੇ ਹਨ। ਘਰ ਵਿੱਚ ਵੀ ਇਕੱਲਿਆਂ ਨੂੰ ਨਹੀਂ ਛੱਡਿਆ ਜਾਂਦਾ। ਵੈਸੇ ਹਰ ਰਾਜ ਦਾ ਆਪਣਾ ਕਾਨੂੰਨ ਹੈ। ਬੱਚਿਆਂ ਨੂੰ ਆਪਣਾ ਹਰ ਕੰਮ ਕਰਨ ਦੀ ਆਦਤ ਪਾ ਦਿੱਤੀ ਜਾਂਦੀ ਹੈ ਤਾਂ ਜੋ ਵੱਡੇ ਹੋ ਕੇ ਆਪਣਾ ਕੰਮ ਆਪ ਕਰਨ ਅਰਥਾਤ ਆਤਮ ਨਿਰਭਰ ਬਣ ਜਾਣ। ਇੱਕ ਹੋਰ ਗੱਲ ਹੈ ਕਿ ਭਾਵੇਂ ਕਹੀ ਜਾਣ ਕਿ ਮਹਿੰਗਾਈ ਹੋ ਗਈ ਹੈ, ਪ੍ਰੰਤੂ ਇੱਕ ਡਾਲਰ ਦੀ ਬਰੈਡ ਲੈਣ ਲਈ ਫਟਾ ਫਟ ਕਾਰ ਵਿੱਚ ਚਲੇ ਜਾਂਦੇ ਹਨ।
ਬੱਚਿਆਂ ਨੂੰ ਮਾਪੇ ਘੂਰ ਵੀ ਨਹੀਂ ਸਕਦੇ, ਜੇਕਰ ਮਾਪੇ ਬੱਚੇ ਨੂੰ ਘੂਰਦੇ ਜਾਂ ਥੱਪੜ ਬਗੈਰਾ ਮਾਰਦੇ ਹਨ ਤਾਂ ਬੱਚੇ ਪੁਲਿਸ ਨੂੰ ਬੁਲਾ ਲੈਂਦੇ ਹਨ। ਪੁਲਿਸ ਬੱਚੇ ਦੀ ਮਦਦ ਕਰਦੀ ਹੈ। ਕਈ ਵਾਰ ਮਾਪਿਆਂ ਨੂੰ ਪੁਲਿਸ ਫੜ੍ਹਕੇ ਲੈ ਜਾਂਦੀ ਹੈ। ਜਦੋਂ ਬੱਚੇ
ਬਾਲਗ ਹੋ ਜਾਂਦੇ ਹਨ, ਭਾਵੇ ਲੜਕੇ ਤੇ ਲੜਕੀ ਹੋਵੇ, ਉਹ ਅਕਸਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਆਪ ਕਮਾਓ ਤੇ ਖਾਓ। ਫਿਰ ਉਹ ਮਾਪਿਆਂ ਤੋਂ ਵੱਖਰੇ ਰਹਿਣ ਲੱਗ ਜਾਂਦੇ ਹਨ। ਬਜ਼ੁਰਗ ਵੱਖਰੇ ਘਰਾਂ ਵਿੱਚ ਇਕੱਲਿਆਂ ਹੀ ਰਹਿੰਦੇ ਹਨ। ਹਫ਼ਤੇ ਦੋ ਹਫ਼ਤੇ ਬਾਅਦ ਬਾਅਦ ਬੱਚੇ ਆ ਕੇ ਮਾਪਿਆਂ ਨੂੰ ਮਿਲ ਜਾਂਦੇ ਹਨ। ਪਿਤਾ ਮਾਤਾ ਦਿਵਸ ‘ਤੇ ਤੋਹਫੇ ਦੇ ਜਾਂਦੇ ਹਨ। ਬਿਮਾਰ ਮਾਪਿਆਂ ਨੂੰ ਸਰਕਾਰੀ ਪ੍ਰਬੰਧਾਂ ਹੇਠ ਚਲ ਰਹੇ ਆਸ਼ਰਮਾਂ ਵਿੱਚ ਛੱਡ ਦਿੱਤਾ ਜਾਂਦਾ ਹੈ। ਉਥੇ ਵੀ ਦਿਨ ਤਿਓਹਾਰ ‘ਤੇ ਤੋਹਫੇ ਦੇਣ ਲਈ ਜਾਂਦੇ ਹਨ।
ਮੇਰਾ ਇਹ ਲੇਖ ਲਿਖਣ ਦਾ ਮੰਤਵ ਹੈ ਕਿ ਪੰਜਾਬੀ ਅਮਰੀਕਨਾ ਦੀਆਂ ਕੁਝ ਕੁ ਪਰੰਪਰਾਵਾਂ ਤੇ ਆਦਤਾਂ ਨੂੰ ਅਪਨਾਉਣ ਦੀ ਕੋਸ਼ਿਸ਼ ਕਰਨ ਜਿਹੜੀਆਂ ਪੰਜਾਬੀ ਸਭਿਆਚਾਰ ਨਾਲ ਮੇਲ ਖਾਂਦੀਆਂ ਹੋਣ। ਖਾਸ ਤੌਰ ‘ਤੇ ਇਮਾਨਦਾਰੀ, ਨੈਤਿਕਤਾ, ਵਰਕ ਕਲਚਰ, ਸਤਿਕਾਰ ਤੇ ਪਿਆਰ ਆਦਿ। ਘੱਟੋ ਘੱਟ ਇੱਕ ਦੂਜੇ ਦੇ ਮੁਕਾਬਲੇ ਵੱਡੇ ਘਰ ਤੇ ਕਾਰਾਂ ਖ੍ਰੀਦਣਾ ਬੰਦ ਕਰ ਦੇਣ ਅਤੇ ਨਫ਼ਰਤ ਦਾ ਤਿਆਗ ਕਰ ਦੇਣ ਤਾਂ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।
