ਡਾ. ਸੁਰਿੰਦਰ ਵਾਰਲਿੰਗੇ ਦਾ ਕਹਿਣਾ ਹੈ ਕਿ “ਯਥਾਰਥਵਾਦ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੋਇਆ ਹੈ: ਯਥਾ+ਅਰਥ। ਇਹ ਹੀ ਯਥਾ ਦਾ ਅਰਥ ਹੈ ਜਿਹਾ ਕਿ ਹੋਰ ਅਰਥ ਦਾ ਮੰਤਵ ‘ਵਸਤੂ’ ਮੰਨਿਆ ਗਿਆ ਹੈ। ਇਸ ਲਈ ਯਥਾਰਥ ਨੂੰ ਵਸਤੂ ਦੇ ਰੂਪ ਦੇ ਵਿੱਚ ਸਵੀਕਾਰਿਆ ਗਿਆ ਹੈ” । ਬਾਅਦ ਵਿੱਚ ਯਥਾਰਥਵਾਦ ਨੂੰ ਇਕ ਸਿਧਾਂਤ ਮੰਨ ਲਿਆ ਗਿਆ। 19ਵੀਂ ਸਦੀ ਵਿੱਚ ਫਰਾਂਸ ਵਿੱਚ ਚੱਲੇ ਅੰਦੋਲਨਾਂ ਦੌਰਾਨ ਇਸ ਯਥਾਰਥਵਾਦ ਤੇ ਬੜਾ ਜ਼ੋਰ ਦਿੱਤਾ ਗਿਆ। ਲੇਖਕ ਜੀਵਨ ਨੂੰ ਉਸ ਰੂਪ ਵਿੱਚ ਪੇਸ਼ ਕਰਨਾ ਚਾਹੁੰਦੇ ਸਨ ਜਿਸ ਰੂਪ ਵਿੱਚ ਨਜ਼ਰ ਆ ਰਿਹਾ ਹੁੰਦਾ ਹੈ। ਸ਼ਿਪਲੇ ਨੇ ਯਥਾਰਥ ਨੂੰ ਪਰਿਭਾਸ਼ਤ ਕਰਦਿਆਂ ਕਿਹਾ ਕਿ “ਜਿਹੜਾ ਵਸਤੂਗਤ ਫੋਟੋਗ੍ਰਾਫਰ ਕਲਾਹੀਨ ਚਿੱਤਰਣ ਕਰਦਾ ਅਤੇ ਰਚਨਾ ਵਿੱਚ ਆਪਣੀ ਭਾਵਨਾਵਾਂ ਤੇ ਵਿਚਾਰਾਂ ਨੂੰ ਨਹੀਂ ਆਉਣ ਦਿੰਦਾ ਉਹ ਯਥਾਰਥਵਾਦੀ ਹੈ” । ਇਸ ਤਰ੍ਹਾਂ ਦੇ ਕਈ ਭੁਲੇਖੇ ਉਸ ਸਮੇਂ ਪੈਦਾ ਹੋਏ ਜਦੋਂ ਪ੍ਰਕ੍ਰਿਤੀਵਾਦੀਆਂ ਨੇ ਸਮਾਜ ਦੇ ਗੰਦ ਤੇ ਕੋਹਜ ਦੇ ਚਿਤਰਣ ਨੂੰ ਸਮਾਜਿਕ ਯਥਾਰਥ ਦਾ ਨਾਂ ਦਿੱਤਾ। ਇਨਸਾਈਕਲੋਪੀਡੀਆ ਬ੍ਰਿਟੇਨਿਕਾ ਵਿੱਚ ਲਿਖਿਆ ਗਿਆ ਹੈ ਕਿ “ਯਥਾਰਥਵਾਦੀ ਲਿਖਾਰੀ ਸੁੰਦਰ ਵਸਤੂਆਂ ਬਾਰੇ ਲਿਖਣਾ ਚੰਗਾ ਨਹੀਂ ਸਮਝਦੇ ਤੇ ਗੰਦੀਆਂ ਘਿਰਣਾਯੋਗ ਚੀਜ਼ਾਂ ਬਾਰੇ ਲਿਖਣਾ ਜ਼ਰੂਰੀ ਸਮਝਦੇ ਹਨ।” ਇਹਨਾਂ ਸਾਰੀਆਂ ਗਲਤੀਆਂ ਦੀ ਸ਼ੁਧੀ ਮਾਰਕਸੀ ਦ੍ਰਿਸ਼ਟੀ ਨਾਲ ਇਸ ਸਮੱਸਿਆ ਤੇ ਵਿਚਾਰ ਕਰਨ ਮਗਰੋਂ ਹੋ ਜਾਂਦੀ ਹੈ। “ਮਾਰਕਸਵਾਦ ਦੇ ਘੇਰੇ ਵਿੱਚ ਵਰਗੀ ਪਾਤਰਾਂ ਦੀ ਸਹਾਇਤਾ ਨਾਲ ਠੋਸ ਹਾਲਾਤ ਉੱਤੇ ਆਧਾਰ ਰੱਖਣ ਵਾਲੇ ਜਿਹੜੇ ਵਸਤੂਨਿਸ਼ਠ ਦ੍ਰਿਸ਼ਟੀਕੋਣ ਦਾ ਵਿਕਾਸ ਹੁੰਦਾ ਹੈ ਉਹ ਸਮਾਜਵਾਦੀ ਯਥਾਰਥ ਦਾ ਆਧਾਰ ਹੁੰਦਾ ਹੈ” । ਲੇਨਿਨ ਅਨੁਸਾਰ “ਯਥਾਰਥਵਾਦ ਉਹ ਪ੍ਰਣਾਲੀ ਹੈ ਜਿਹੜੀ ਸਾਹਿਤ ਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ। ਉਸ ਅਨੁਸਾਰ ਸਮਾਜ ਦੀ ਯਥਾਰਥਕ ਦਸ਼ਾ ਤੋਂ ਜਾਣੂ ਹੋਣ ਪਿੱਛੋਂ ਅਸੀਂ ਇਹ ਸਮਝਣਯੋਗ ਹੋ ਜਾਂਦੇ ਹਾਂ ਕਿ ਕਿਹੜੇ-ਕਿਹੜੇ ਤੱਤ ਸਾਡੇ ਸਮਾਜ ਨੂੰ ਤਰੱਕੀ ਵੱਲ ਲਿਜਾ ਰਹੇ ਹਨ ਜਿਨ੍ਹਾਂ ਨੂੰ ਹੋਰ ਉਤਸ਼ਾਹ ਦੇਣ ਦੀ ਲੋੜ ਹੈ” । ਰੁਮਾਂਸਵਾਦ ਨੂੰ ਸਮਾਜਿਕ ਯਥਾਰਥ ਵਿੱਚ ਕੋਈ ਥਾਂ ਪ੍ਰਾਪਤ ਨਹੀਂ ਹੈ ਪਰ ਜੇਕਰ ਦੇਖਿਆ ਜਾਏ ਤਾਂ ਰੁਮਾਂਸ ਵੀ ਤਾਂ ਯਥਾਰਥ ਦਾ ਹੀ ਇਕ ਰੰਗ ਹੈ ਇਸ ਤੋਂ ਅਸੀਂ ਇਨਕਾਰੀ ਨਹੀਂ ਹੋ ਸਕਦੇ। ਗੋਰਕੀ ਕਹਿੰਦਾ ਹੈ ਕਿ “ਸਮਾਜਵਾਦੀ ਚਿਤਰਣ ਦੀ ਸੁਤੰਤਰਤਾ ਨੂੰ ਉਹਨਾਂ ਵਿਸ਼ੇਸ਼ਤਾਵਾਂ ਨਾਲ ਵਿਰੋਧ ਨਹੀਂ ਜਿਹੜੀਆਂ ਵਿਅਕਤੀਆਂ ਉਸ ਇੱਛਾ ਲਈ ਸ਼ਕਤੀ ਤੇ ਬਲ ਬਖਸ਼ਦੀਆਂ ਹਨ ਜਿਹੜੀਆਂ ਆਪਣੇ ਘੇਰੇ ਦੀਆਂ ਬੇੜੀਆਂ ਨੂੰ ਤੋੜਨ ਲਈ ਆਪਣੇ ਮਨ ਵਿੱਚ ਇਕੱਤਰ ਕਰਦੀਆਂ ਹਨ” । ਇਸੇ ਤਰ੍ਹਾਂ ਜੇ ਹਿੰਦੀ ਦੇ ਵਿਦਵਾਨਾਂ ਦੀ ਗੱਲ ਕਰੀਏ ਤਾਂ ਡਾ. ਮਹਿੰਦਰ ਸਿੰਘ ਢੀਂਗੜਾ ਅਨੁਸਾਰ “ਨਵੀਂ ਕਹਾਣੀ ਹੱਠ ਧਰਮਾਂ ਦੀ ਕਹਾਣੀ ਨਹੀਂ ਹੈ, ਪ੍ਰਵਿਰਤੀਆਂ ਦੀ ਹੋ ਸਕਦੀ ਹੈ ਅਤੇ ਉਸਦਾ ਮੁੱਢਲਾ ਸੋਮਾ ਯਥਾਰਥ ਬੋਧ।…………… ਯਥਾਰਥਵਾਦੀ ਸਾਹਿਤਕਾਰ ਦੀ ਨਜ਼ਰ ਸਮਾਜ ਵਿੱਚ ਆਈਆਂ ਕਮਜ਼ੋਰੀਆਂ ਵੱਲ ਸੁੱਤੇ ਸਿੱਧ ਪਹੁੰਚ ਜਾਂਦੀ ਹੈ” ।
ਕੋਈ ਵੀ ਸਾਹਿਤਕਾਰ ਸਾਹਿਤ ਰਚਨਾ ਕਰਦੇ ਸਮੇਂ ਯਥਾਰਥ ਨੂੰ ਅੱਖੋਂ ਉਹਲੇ ਨਹੀਂ ਕਰ ਸਕਦਾ ਬਲਕਿ ਉਸਦੀ ਲੇਖਣੀ ਦਾ ਆਧਾਰ ਹੀ ਉਸ ਸਮੇਂ ਦਾ ਸੱਚ ਹੁੰਦਾ ਹੈ। ਅਸੀਂ ਲਾਲ ਸਿੰਘ ਦੀਆਂ ਕਹਾਣੀਆਂ ਬਾਰੇ ਵੀ ਐਸਾ ਕਹਿ ਸਕਦੇ ਹਾਂ ਉਸਦੀਆਂ ਕਹਾਣੀਆਂ ਸਮੇਂ ਦੇ ਸੱਚ ਦੀ ਸਾਖੀ ਭਰਦੀਆਂ ਹਨ ਭਾਵੇਂ ਅਸੀਂ ਗੱਲ ਕਰੀਏ ਮਾਰਖੋਰੇ, ਬਲੌਰ, ਧੁੱਪ ਛਾਂ, ਕਾਲੀ ਮਿੱਟੀ, ਅੱਧੇ ਅਧੂਰੇ,ਗੜ੍ਹੀ ਬਖ਼ਸ਼ਾ ਸਿੰਘ,ਸੰਸਾਰ ਦੀ ਤੇ ਭਾਵੇ ਕਰੀਏ ਸਵੈਜੀਵਨੀਨੁਮਾ ਕਹਾਣੀਆਂ ਬੇਸਮਝੀਆਂ ਦੀ। ਜਿੱਥੇ ਉਸ ਦੀ ਕਹਾਣੀ ਮੁੱਖ ਸੁਰ ਨਾਲ ਇੱਕ ਸੁਰ ਹੁੰਦੀ ਹੈ ਉਥੇ ਉਸਦੀ ਕਹਾਣੀ ਕਲਾ ਦਾ ਵਿਕਾਸ ਵੀ ਦੇਖਣ ਨੂੰ ਮਿਲਦਾ ਹੈ।ਲਾਲ ਸਿੰਘ ਦੀਆਂ ਕਹਾਣੀਆਂ ਵਿੱਚਲਾ ਯਥਾਰਥ ਕਈ ਰੂਪਾਂ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਜੇ ਅਸੀਂ ਉਸਦੇ ਕਹਾਣੀ ਸੰਗ੍ਰਹਿ ‘ਯੁੱਧਵੀਰ’ ਦੀ ਗੱਲ ਕਰੀਏ ਤਾਂ ਉਸ ਵਿੱਚ ਵੀ ਸਮੇਂ ਦੇ ਸਮਾਜ ਦੇ ਯਥਾਰਥ ਦੀ ਪੇਸ਼ਕਾਰੀ ਬਾਖੂਬੀ ਹੋਈ ਹੈ।
ਕਹਾਣੀ ‘ਮਹਾਂਮਾਰੀ’ ਮੰਦਰ ਵਿੱਚ ਨਵਾਂ ਪਾਂਧਾ ਰੱਖਣ ਦੇ ਮਸਲੇ ਦੀ ਕਹਾਣੀ ਹੈ। ਜਿਸ ਵਿੱਚ ਪਿੰਡ ਵਾਲਿਆਂ ਦੀ ਸੋਚ ਉਹਨਾਂ ਦੀ ਵਿਚਾਰਧਾਰਾ ਤੇ ਆਪਸੀ ਦਵੰਦ ਦੀ ਪੇਸ਼ਕਾਰੀ ਕੀਤੀ ਗਈ ਹੈ ਇਹ ਮਸਲਾ ਸਾਰੇ ਪਿੰਡ ਵਿੱਚ ਵਿਚਾਰਾਂ ਦੀ ਹਲਚਲ ਪੈਦਾ ਕਰ ਦਿੰਦਾ ਹੈ ਤੇ ਇੱਕ ਦੂਜੇ ਦੇ ਮਨਾਂ ਵਿੱਚ ਵਿਰੋਧ ਦੀ ਭਾਵਨਾ ਪੈਦਾ ਹੁੰਦੀ ਹੈ। ਕਹਾਣੀ ਵਿੱਚ ਕਰਮਵੀਰ ਹੀ ਐਸਾ ਪਾਤਰ ਹੈ ਜੋ ਸਹੀ ਫੈਸਲਾ ਲੈਣ ਦੀ ਹਿੰਮਤ ਕਰਦਾ ਹੈ। ਸਮਾਜ ਦਾ ਯਥਾਰਥ ਇਹ ਹੈ ਕਿ ਸਹੀ ਫੈਸਲਾ ਲੈਣ ਦੀ ਹਿੰਮਤ ਘੱਟ ਹੀ ਲੋਕਾਂ ਵਿੱਚ ਹੁੰਦੀ ਹੈ ਕਿਉਂਕਿ ਸਭ ਦੀ ਆਪਣੀ-ਆਪਣੀ ਸਮਝ ਹੈ। ਸੋ ਕਰਮਵੀਰ ਵਰਗੇ ਪੜੇ-ਲਿਖੇ ਪਾਤਰ ਹੀ ਹਨ ਜੋ ਦੇਸ਼ ਭਗਤਾਂ ਦੀ ਵਿਚਾਰਧਾਰਾ ਤੇ ਪਹਿਰਾ ਦਿੰਦੇ ਹਨ।ਇਹੀ ਉਹ ਪਾਤਰ ਹਨ ਜੋ ਸਮਾਜ ਵਿੱਚ ਹਰ ਬਦਲਾਵ ਲਿਆ ਸਕਦੇ ਹਨ। ਕਰਮਾ ਇਕ ਥਾਂ ਜਗੀਰੇ ਸਰਪੰਚ ਨੂੰ ਕਹਿੰਦਾ ਹੈ, “ਸੱਤਾ ਦਾ ਕਾਲਾ ਚਸ਼ਮਾ ਸਰਪੰਚ ਸਾਹਿਬ ਹਰ ਤਰ੍ਹਾਂ ਦੀਆਂ ਸਰਕਾਰਾਂ ਦੀਆਂ ਅੱਖਾਂ ‘ਚ ਹਨੇਰਾ ਤਾਂ ਉਤਾਰਦਾ ਹੀ ਉਤਾਰਦਾ,ਇਹਨਾਂ ਦੇ ਤਾਂ ਕੰਨਾਂ ਨੂੰ ਵੀ ਜਿਵੇਂ ਸੁਣਨਾ ਬੰਦ ਹੋ ਜਾਂਦਾ। ਨਾ ਇਹਨਾਂ ਨੂੰ ਗਰੀਬ-ਗੁਰਬਿਆਂ ਦੀਆਂ ਚੀਕਾਂ-ਆਵਾਜ਼ਾਂ ਸੁਣਦੀਆਂ, ਨਾ ਕਿਰਤੀਆਂ, ਕਾਮਿਆਂ ਤੇ ਵਿਦਿਆਰਥੀਆਂ ਦੇ ਹਉਕੇ-ਹਾਵੇ।………ਇਹ ਦੇਖ ਲਓ ਮੇਰੀ ਬਾਂਹ ਦਾ ਹਾਲ।”
ਪਿੰਡ ਵਿੱਚ ਫਿਰਕਾ ਪ੍ਰਸਤੀ ਮਹਾਂਮਾਰੀ ਦੀ ਤਰ੍ਹਾਂ ਫੈਲ ਜਾਂਦੀ ਹੈ ਤੇ ਜਿਸ ਨੂੰ ਕਰਮਵੀਰ ਵਰਗੇ ਪਾਤਰ ਹੀ ਸਿਆਣਪ ਨਾਲ ਠੱਲ ਸਕਦੇ ਹਨ। ਇਕ ਐਸੀ ਮਹਾਂਮਾਰੀ ਜਿਸ ਵਿੱਚ ਸਰਕਾਰਾਂ ਦੀ ਜੀ ਹਜੂਰੀ ਕਰਦਿਆਂ ਜਾਤਾਂ-ਗੋਤਾਂ ਧਰਮਾਂ ਦੀ ਆੜ ਵਿੱਚ ਵੋਟਾਂ ਲਈ ਕੁਝ ਵੀ ਕੀਤਾ ਜਾ ਸਕਦਾ ਹੈ ਪਰ ਕਰਮਦੀਨ ਵਰਗੇ ਜਾਗਰੂਕ ਪਾਤਰ ਨੂੰ ਬਾਬੇ ਜੀਵਨ ਸਿੰਘ ਤੇ ਦਾਦੇ ਬੱਬਰ ਹੀਰਾ ਸਿੰਘ ਦੀਆਂ ਸਿੱਖਿਆਵਾਂ ਪਿੱਠ ਤੇ ਚੂੰਢੀ ਵਢਦੀਆਂ ਹਨ ਤੇ ਉਹ ਇਸ ਮਹਾਂਮਾਰੀ ਤੋਂ ਪਿੰਡ ਈਸਾ ਨੂੰ ਬਚਾ ਲੈਂਦਾ ਹੈ ਇਹੀ ਸਮਾਜ ਦਾ ਯਥਾਰਥ ਹੈ ਕਿ ਡੋਬਣ ਵਾਲੇ ਕਈ ਹੁੰਦੇ ਹਨ ਲੇਕਿਨ ਬਚਾਉਣ ਵਾਲੇ ਬਹੁਤ ਘੱਟ ਹੁੰਦੇ ਹਨ। ਕਹਾਣੀ ‘ਯੁਧਵੀਰ’ ਮਨੁੱਖ ਦੇ ਅੰਦਰ ਚੱਲ ਰਹੇ ਸੰਘਰਸ਼ ਦੀ ਕਹਾਣੀ ਹੈ। ਅੰਦਰੂਨੀ ਸੰਘਰਸ਼ ਕਿਵੇਂ ਛੋਟੇ ਛੋਟੇ ਬੱਚਿਆਂ ਨੂੰ ਯੁੱਧਵੀਰ ਬਣਨ ਦੀ ਪ੍ਰੇਰਨਾ ਦਿੰਦਾ ਹੈ। ਐਸੀ ਘੜੀ ਆਉਣ ਤੇ ਹੀ ਮਨੁੱਖ ਦੀ ਪਰਖ ਹੁੰਦੀ ਹੈ। ਕਹਾਣੀ ਵਿੱਚ ਘਰ ਦੇ ਹਾਲਾਤਾਂ ਤੋਂ ਦੁਖੀ ਹੋ ਕੇ ਮਾਂ ਆਤਮਘਾਤ ਕਰ ਲੈਂਦੀ ਹੈ ਤੇ ਬੱਚੇ ਵਿਚਾਰੇ ਪਿਓ ਦੀ ਜਿੰਮੇਵਾਰੀ ਬਣ ਜਾਂਦੇ ਹਨ। ਪਹਿਲਾਂ ਤਾਂ ਬੱਚਿਆਂ ਨੂੰ ਦੱਸਿਆ ਹੀ ਨਹੀਂ ਜਾਂਦਾ ਪਰ ਪਤਾ ਲੱਗਣ ਤੇ ਬੱਚਿਆਂ ਦਾ ਵਿਰਲਾਪ ਰੋਣ-ਧੋਣ ਸਭ ਨੂੰ ਸੁੰਨ ਕਰ ਦਿੰਦਾ ਹੈ। ਇਹੀ ਬੱਚੇ ਯੁੱਧ ਵੀਰਾਂ ਦੀ ਤਰ੍ਹਾਂ ਅਗਲਾ ਮੋਰਚਾ ਸਾਂਭਣ ਦੇ ਲਈ ਤੁਰ ਪੈਂਦੇ ਹਨ। ਕਿਸੇ ਦੀਆਂ ਪਲਕਾਂ ਨਮ ਸਨ ਤੇ ਕਿਸੇ ਦੀਆਂ ਅੱਖਾਂ ‘ਚ ਭਰਵੇਂ ਅਥਰੂ। ਇਹ ਅਥਰੂ ਗ੍ਰਹਿ ਜੰਗ ਵਿਚ ਹੋਈ ਪਹਿਲੀ ਹਾਰ ਦੀ ਨਮੋਸ਼ੀ ਸਨ ਤੇ ਜਾਂ ਬੱਚਿਆਂ ਦੇ ਯੁੱਧਵੀਰਾਂ ਦੀ ਤਰ੍ਹਾਂ ਅਗਲਾ ਮੋਰਚਾ ਸਾਂਭਣ ਲਈ ਤੁਰਨ ਦੀ ਪਹਿਲ ਕਦਮੀ। ਕਹਾਣੀ ‘ਕਾਲੀ ਕਿਤਾਬ’ ਇੱਕ ਪ੍ਰਤੀਕਾਤਮਕ ਕਹਾਣੀ ਹੈ। ਜੋ ਸਮਾਜ ਦੇ ਐਸੇ ਯਥਾਰਥ ਦੀ ਪੇਸ਼ਕਾਰੀ ਕਰਦੀ ਹੈ ਜਿਸ ਵਿੱਚ ਸੱਚਾਈ ਨੂੰ ਸਮਾਜ ਤੋਂ ਲੁਕਾਇਆ ਜਾਂਦਾ ਹੈ ਇੱਕ ਐਸੀ ਕਿਤਾਬ ਜੋ ਸੱਤਾ ਦੇ ਹਨੇਰੇ ਪੱਖ ਨੂੰ ਉਜਾਗਰ ਕਰਦੀ ਹੈ ਜਿਸ ਵਿੱਚ ਭੋਲੇ ਭਾਲੇ ਸੱਚੇ ਲੋਕ ਨੂੰ ਸਮਾਜ ਵੱਲੋਂ ਪ੍ਰਤਾੜਿਤ ਕੀਤਾ ਜਾਂਦਾ ਹੈ। ਐਸੇ ਲੋਕਾਂ ਦੀਆਂ ਵਧੀਕੀਆਂ ਨੂਰੀ ਵਰਗੇ ਪਾਤਰਾਂ ਦੀ ਮਾਨਸਿਕ ਹਾਲਤ ਖਰਾਬ ਹੋਣ ਲਈ ਜਿੰਮੇਵਾਰ ਬਣਦੀਆਂ ਹਨ। ਇੱਕ ਇਮਾਨਦਾਰ ਬੰਦਾ ਦਫਤਰਾਂ ਦੀ ਕਾਰਗੁਜ਼ਾਰੀ ਭ੍ਰਿਸ਼ਟ ਨੀਤੀਆਂ ਕਾਰਨ ਆਤਮਘਾਤ ਕਰਨ ਤੱਕ ਦਾ ਹੌਸਲਾ ਕਰਦਾ ਹੈ। ਉਸਦੀ ਹਸਤੀ ਵਸਦੀ ਜ਼ਿੰਦਗੀ ਕਾਲੀ ਕਿਤਾਬ ਬਣ ਕੇ ਰਹਿ ਜਾਂਦੀ ਹੈ।ਮਾਨਸਿਕ ਸੰਤੁਲਨ ਗੁਆ ਬੈਠੀ ਬੇਟੀ ਨੂਰੀ ਦੇ ਠੀਕ ਹੋਣ ਦੀ ਆਸ ਨਹੀਂ ਰਹਿੰਦੀ।ਇਹ ਸਮਾਜ ਦਾ ਕਰੂਰ ਯਥਾਰਥ ਹੀ ਹੈ ਜਿਸ ਵਿੱਚ ਵੱਸਦੇ ਅਣਖੀਲੇ ਬੰਦੇ ਅਣਖ ਦੀ ਖਾਤਰ ਆਤਮਘਾਤ ਕਰ ਲੈਂਦੇ ਹਨ। ਇਸੇ ਤਰ੍ਹਾਂ ਦੀ ਇਕ ਕਹਾਣੀ ਅਜੀਤ ਕੌਰ ਦੀ ‘ਮੌਤ ਲਈ ਬਾਬੇ ਦੀ’ ਸੀ ਜਿਸ ਵਿੱਚ ਰਾਮਲਾਲ ਵਰਗਾ ਪਾਤਰ ਆਪਣੇ ਆਲੇ ਦੁਆਲੇ ਦੇ ਭ੍ਰਿਸ਼ਟ ਮਾਹੌਲ ਨੂੰ ਠੀਕ ਤਾਂ ਨਹੀਂ ਕਰ ਸਕਿਆ ਲੇਕਿਨ ਉਸ ਨੇ ਆਪਣਾ ਅੰਤ ਕਰ ਦਿੱਤਾ। ਪੁਰਾਣੇ ਵੇਲੇ ਦੇ ਅਲੀ ਬਾਬੇ ਨੇ ਚਾਲੀ ਚੋਰ ਫੜਵਾ ਦਿਤੇ ਸਨ ਪਰ ਇਸ ਵੇਲੇ ਦਾ ਰਾਮਲਾਲ ਵਰਗਾ ਅਲੀ ਬਾਬਾ ਚੋਰਾਂ ਨੂੰ ਤਾਂ ਨਹੀਂ ਫੜਵਾ ਸਕਿਆ ਪਰ ਆਪ ਅਣਖ ਦੀ ਖਾਤਰ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਹੈ।ਇਹ ਕਹਾਣੀ ਉਸ ਨਾਲ ਮੇਲ ਖਾਂਦੀ ਹੋਈ ਪ੍ਰਤੀਤ ਹੁੰਦੀ ਹੈ। ‘ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ1’ ਕਹਾਣੀ ਵਿੱਚ ਪਿੰਡਾਂ ਦੀ ਬਦਲਦੀ ਨੁਹਾਰ, ਬਦਲਦੇ ਪਿੰਡਾਂ ਦੀ ਸਥਿਤੀ ਵਿਕਾਸ ਦੇ ਨਾਂ ਤੇ ਪਿੰਡਾਂ ਦੀ ਮਰਦੀ ਹੋਈ ਰੂਹ ਬਾਰੇ ਦੱਸਿਆ ਗਿਆ ਹੈ। ਕਹਾਣੀ ਵਿੱਚ ਇਸੇ ਯਥਾਰਥ ਨੂੰ ਫੋਕਸ ਕੀਤਾ ਗਿਆ ਹੈ।ਸੰਵਾਦ ਰਾਹੀਂ ਕਹਾਣੀ ਵਿੱਚ ਬਿਰਤਾਂਤਕਾਰ ਤੇ ਅਰਜਣ ਵਰਗੇ ਚੇਤੰਨ ਪਾਤਰ ਸਿਰਜੇ ਹਨ। ਅਰਜਨ ਪੜ ਲਿਖ ਕੇ ਮਿਹਨਤ ਕਰਨ ਕਾਰਨ ਜੀਵਨ ਪ੍ਰਤੀ ਚੇਤੰਨਤਾ ਦਾ ਸਬੂਤ ਦਿੰਦਾ ਹੈ। ਜਦੋਂ ਇਹੀ ਪਾਤਰ ਹੋਰਾਂ ਨਾਲ ਵੱਖ ਵੱਖ ਵਿਸ਼ਿਆਂ ਤੇ ਚਰਚਾ ਕਰਦਾ ਹੈ ਤਾਂ ਚਰਚਾ ਹੀ ਮਨੁੱਖ ਦੀ ਚੇਤੰਨਤਾ ਨੂੰ ਉਜਾਗਰ ਕਰਦੀ ਪ੍ਰਤੀਤ ਹੁੰਦੀ ਹੈ। ਅਰਜਨ ਦੀਆਂ ਗੱਲ੍ਹਾਂ ਨੇ ਬਿਰਤਾਂਤਕਾਰ ਦੀ ਸੋਚ ਨੂੰ ਹਲੂਣ ਕੇ ਰੱਖ ਦਿਤਾ ਉਹ ਆਪਣੇ ਆਪ ਨੂੰ ਕਹਿੰਦਾ ਲਗਿਆ, “ਤੂੰ ਕਿਹੜੇ ਹੇਰਵੇ ‘ਚ ਡੁੱਬ ਗਿਆਂ। ਤਕੜਾ ਹੋ ਤਕੜਾ। ਖਰੀ ਤਰ੍ਹਾਂ ਵਾਚ। ਆਕਾਰ ਹੀ ਬਦਲਿਆ ਹੈ ਪਿੰਡ ਨੇ, ਢਹਿ-ਢੇਰੀ ਤਾਂ ਨਈ ਹੋਇਆ। ਨਕਸ਼ ਈ ਸੁੰਗੜੇ ਐ ਜਾਂ ਖਿੱਲਰੇ-ਫੈਲੇ ਐ, ਰੂਹ-ਜਾਨ ਤਾਂ ਕਿਧਰੇ ਨਈ ਗਈ। ਇਹ ਪ੍ਰਕਿਰਿਆ ਤਾਂ ਮੇਰੇ ਪਿੰਡ ਸਮੇਤ ਧਰਤੀ ਦੀ ਹਰ ਥਾਂ, ਹਰ ਸ਼ੈਅ-ਵਸਤ ਤੇ ਵੀ ਲਾਗੂ ਐ। ਜੀਵਾਂ-ਜੰਤੂਆਂ, ਫੁੱਲਾਂ-ਬੂਟਿਆਂ ਸਮੇਤ ਮਨੁੱਖੀ ਨਸਲ ਦੇ ਹਰ ਵਰਤਾਰੇ, ਹਰ ਖੇਤਰ ‘ਚ ਚਿਰਾਂ ਤੋਂ ਕਾਰਜਸ਼ੀਲ ਰਹੀ ਐ। ਫਿਰ…. ਫਿਰ….!” ਵਾਪਸ ਆਉਂਦਿਆਂ ਬਿਰਤਾਂਤਕਾਰ ਦਾ ਆਪਾ ਹੀ ਉਸ ਨੂੰ ਹੁੱਝਾਂ ਮਾਰਦਾ ਰਿਹਾ ਕਿ ਉਹ ਨਸੀਬ ਚਾਚੇ ਦਾ ਘਰ ਪੁੱਛਣ ਗਿਆ ਸੀ ਜਾਂ ਗੁੰਮੇ ਗੁਆਚੇ ਨਿਹਾਲਪੁਰ ਨੂੰ ਲੱਭਣ ਗਿਆ ਸੀ। ‘ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ-2’ ਵਿੱਚ ਪਿੰਡਾਂ ਵਿੱਚ ਆਏ ਬਦਲਾਵ ਨੂੰ ਪੇਸ਼ ਕੀਤਾ ਗਿਆ ਹੈ। ਲੋਕਾਂ ਦੀ ਬਦਲਦੀ ਸੋਚ ਤੇ ਇਸ ਬਦਲਦੀ ਸੋਚ ਕਾਰਨ ਵਿਕਾਸ ਦੇ ਨਾਂ ਤੇ ਕੁਦਰਤੀ ਨਿਆਮਤਾਂ ਦਾ ਘਾਣ, ਸੋਚਣ ਤੇ ਮਜ਼ਬੂਰ ਕਰਦਾ ਹੈ ਕਿ ਮਨੁੱਖ ਕਿੱਥੇ ਸੀ ਤੇ ਕਿੱਥੇ ਪਹੁੰਚ ਗਿਆ। ਪੁਰਾਣਾ ਵੇਲਾ ਚੰਗਾ ਸੀ ਜਦੋਂ ਆਸ਼ਰਮ ਨੌਜਵਾਨਾਂ ਨੂੰ ਯੁੱਧ ਵਿੱਦਿਆ ਦੀ ਸਿਖਲਾਈ ਤੇ ਬਿਰਧ ਉਮਰ ਵਿੱਚ ਸੰਨਿਆਸ ਵਰਗੇ ਕੇਂਦਰ ਮਨ ਨੂੰ ਸ਼ਾਂਤ ਕਰਦੇ ਸਨ ਪਰ ਅੱਜ ਡੇਰਾਵਾਦ ਨੇ ਮਨੁੱਖ ਦੀ ਸ਼ਾਂਤੀ ਭੰਗ ਕਰ ਦਿੱਤੀ ਹੈ। ਅੱਜ ਵਿਦਿਆ ਵਪਾਰ ਬਣ ਕੇ ਰਹਿ ਗਈ ਹੈ।ਹਰ ਪਾਸੇ ਕਾਰਪੋਰੇਟ ਜਗਤ ਨੇ ਨੈਤਿਕ ਕਦਰਾਂ-ਕੀਮਤਾਂ ਤੇ ਮਾਨਵੀ ਮੁੱਲਾਂ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਮਨੁੱਖ ਮਨੁੱਖ ਨਾ ਹੋ ਕੇ ਇਕ ਵਸਤੂ ਹੀ ਬਣ ਕੇ ਰਹਿ ਗਿਆ ਹੈ।ਪਰ ਕਹਾਣੀ ਦੇ ਅੰਤ ਵਿੱਚ ਤਾਰੀ ਨੂੰ ਸਕੂਨ ਦੀ ਨੀਂਦ ਇਕ ਆਸ ਉਪਜਾਉਂਦੀ ਹੈ, “ਉਹਦੇ ਜੋਟੀਦਾਰਾਂ ਦਾ ਕੱਦ-ਕਾਠ ਹੋਰ ਵੱਡਾ ਹੋ ਕੇ ਅਮਰੂ ਵਰਗੇ ਵਾਹੀਕਾਰਾਂ ਦੇ ਬਚਦੇ ਖੇਤ ਬੰਨਿਆਂ ਦੇ ਉਜਾੜੇ ਤੋਂ ਬਚਾਅ ਵੀ ਕਰੇਗਾ ਤੇ…. ਤੇ ਪਿੰਡਾਂ ਦੇ ਪਿੰਡ ਨਿਗਲ ਕੇ ਪੈਰ-ਦਰ-ਪੈਰ ਖਿਲਰਦੇ ਸ਼ਹਿਰੀ-ਤੰਤਰ ਤੋਂ ਖੇਤੀ ਹੁਨਰ ਬਚਦਾ ਕਰਕੇ ਸਭ ਦੇ ਗੁਆਚੇ ਪਿੰਡਾਂ ਵਰਗਾ ਉਸ ਦਾ ਪਿੰਡ ਨਿਹਾਲਪੁਰ ਵੀ ਜ਼ਰੂਰ ਲੱਭਦਾ ਹੋ ਜਾਵੇਗਾ, ਉਹਨੂੰ–ਇੱਕ ਨਾ ਇੱਕ ਦਿਨ” । ਕਹਾਣੀ ‘ਰੂਬਰੂ’ ਆਪਣੇ ਆਪ ਨਾਲ ਰੂਬਰੂ ਹੋਣ ਦੀ ਕਹਾਣੀ, ਆਤਮ ਚਿੰਤਨ, ਰਿਸ਼ਤਿਆਂ ਦੀ ਗੁੰਝਲ ਤੇ ਸੱਚ ਦਾ ਟਾਕਰਾ ਕਰਨ ਦੀ ਕਹਾਣੀ ਹੈ।ਸਮਾਜ ਦੇ ਯਥਾਰਥ ਨੂੰ ਚਿੱਤਰਦੀ ਇਹ ਕਹਾਣੀ ਕਈ ਸੱਚਾਈਆਂ ਨੂੰ ਸਾਡੇ ਸਾਹਮਣੇ ਕਰਦੀ ਹੈ ਇੱਕ ਥਾਂ ਕਹਾਣੀਕਾਰ ਦੱਸਦਾ ਹੈ “ਅਜੋਕੇ ਸਮੇਂ ਧੜਾਧੜ ਛੱਪ ਰਹੀਆਂ, ਐਵੇਂ ਕਿਵੇਂ ਦੀ ਪੱਧਰ ਦੀਆਂ ਪੁਸਤਕਾਂ ਨੂੰ ਸਿਫਾਰਸ਼ੀ ਗੋਸ਼ਟੀਆਂ ਸਮੇਂ, ਅਸੀਂ ਨਾਮ-ਨਿਹਾਦ ਵਿਦਵਾਨ ਵਿਚਾਰ-ਅਧੀਨ ਕਿਸੇ ਵੀ ਪੁਸਤਕ ਨੂੰ ਵਿਸ਼ਵ ਪੱਧਰ ਦੀ ਲਿਖਤ ਗਰਦਾਨ ਕੇ ਸੰਬੰਧਤ ਲੇਖਕ ਦਾ ਨੁਕਸਾਨ ਤੇ ਆਪਣੀ ਵਿਦਵਤਾ ਦਾ ਜਲੂਸ ਕੱਢਦੇ ਹਾਂ। ਸਾਹਿਤ ਨਾਲ ਇਹ ਸਰਾਸਰ ਬੇਇਨਸਾਫੀ ਹੈ। ਅਸਲ ਵਿੱਚ ਸਾਡਾ ਵਿਚਾਰ-ਅਧੀਨ ਪੁਸਤਕ ਦੇ ਗੁਣ ਔਗੁਣ ਦੱਸ ਕੇ ਉਸ ਦੇ ਲੇਖਕ ਨੂੰ ਬਣਦੇ ਸੁਝਾਅ ਦੇਣ ਵੱਲ ਘੱਟ ਹੁੰਦਾ ਹੈ। ਅੱਵਲ ਤਾਂ ਹੁੰਦਾ ਹੀ ਨਹੀਂ। ਸਾਡੀ ਸੁਰਤੀ-ਬਿਰਤੀ ਤਾਂ ਗੋਸ਼ਟੀ ਉਪਰੰਤ ਚਲਣ ਵਾਲੇ ਗਲਾਸੀ-ਦੌਰ ਤੇ ਲੇਬਰ-ਟੈਗ ‘ਤੇ ਟਿਕੀ ਹੁੰਦੀ ਹੈ।” ਕਹਾਣੀਕਾਰ ਸਾਡੇ ਆਲੇ ਦੁਆਲੇ ਹੋ ਰਹੀਆਂ ਵਿਚਾਰ ਗੋਸ਼ਟੀਆਂ ਦੀ ਸੱਚਾਈ ਨੂੰ ਵੀ ਇਸ ਕਹਾਣੀ ਰਾਹੀਂ ਸਾਹਮਣੇ ਰੱਖਦਾ ਹੈ ।ਜਦੋਂ ਵੀ ਕੋਈ ਸਾਹਿਤਕ ਪ੍ਰੋਗਰਾਮ ਹੁੰਦਾ ਹੈ ਵਿਚਾਰ ਚਰਚਾ ਨਾਲੋਂ ਇਧਰ-ਉਧਰ ਦੀਆਂ ਗੱਲਾਂ-ਗੜਪਾਂ ਜ਼ਿਆਦਾ ਮਾਰੀਆਂ ਜਾਂਦੀਆਂ ਹਨ। ਧੜਾਧੜ ਛਪ ਰਹੀ ਆਂ ਕੱਚੀਆਂ-ਪੱਕੀਆਂ ਪੁਸਤਕਾਂ ਨੂੰ ਸੰਸਾਰ ਪੱਧਰ ਦੀਆਂ ਕਿਰਤਾਂ ਨਾਲ ਗੰਢ ਦਿਤਾ ਜਾਂਦਾ ਹੈ। ਇਉ ਅਨਾੜੀ ਲੇਖਕ ਵੀ ਆਪਣੇ ਆਪ ਨੂੰ ਉੱਚਤਮ ਦਰਜੇ ਦਾ ਲੇਖਕ ਸਮਝਣ ਲੱਗ ਪੈਂਦਾ ਹੈ। ਪਾਠਕ ਵਰਗ ਅੰਦਰ ਪੜਨ ਲਿਖਣ ਰੁਚੀ ਘੱਟਦੀ ਜਾ ਰਹੀ ਹੈ।ਇਸ ਕਿਸਮ ਦਾ ਸਮਾਜਿਕ ਯਥਾਰਥ ਹੀ ਕਹਾਣੀ ਦਾ ਫੋਕਸ ਹੈ। ਅਖੀਰਲੀ ਕਹਾਣੀ ‘ਸੱਥ’ ਵਿਚਲਾ ਪਾਤਰ ਰਾਜਦੀਪ ਇੱਕ ਐਸਾ ਸੁਚੇਤ ਪਾਤਰ ਹੈ ਜੋ ਹਾਲਾਤ ਦਾ ਮਾਰਿਆ ਹੋਇਆ ਹੈ। ਉਸ ਦੇ ਅੰਦਰ ਹਰਜਿੰਦਰ ਦੇ ਅਫ਼ਸੋਸ ਲਈ ਆਏ ਸਾਥੀਆਂ ਦੀਆਂ ਗੱਲਾਂ ਕਈ ਸਵਾਲ ਖੜੇ ਕਰ ਦਿੰਦੀਆਂ ਹਨ। ਹਰਜਿੰਦਰ ਕੌਰ ਦੀ ਮੌਤ ਲਈ ਅਫਸੋਸ ਤੇ ਆਏ ਹੋਏ ਅਧਿਆਪਕਾਂ ਦਾ ਸੰਵਾਦ ਸਮਾਜ ਦੇ ਕਰੂਰ ਯਥਾਰਥ ਨੂੰ ਪੇਸ਼ ਕਰਦਾ ਹੈ। ਜਿੱਥੇ ਉਹ ਹਸਪਤਾਲਾਂ ਦੇ ਡਾਕਟਰੀ ਇਲਾਜ ਦੀ ਸੱਚਾਈ ਨੂੰ ਸਾਹਮਣੇ ਰੱਖਦਾ ਹੈ ਉਥੇ ਮਨੁੱਖ ਦੇ ਮਧੋਲੇ ਜਾ ਰਹੇ ਅਰਮਾਨਾਂ ਤੇ ਜਜ਼ਬਿਆਂ ਬਾਰੇ ਵੀ ਗੱਲ ਕਰਦਾ ਹੈ। ਅਫ਼ਸੋਸ ਲਈ ਆਇਆ ਹਰ ਇੱਕ ਪਾਤਰ ਆਪਣੇ ਮਨ ਦੀ ਭੜਾਸ ਕੱਢਦਾ ਹੈ ਤੇ ਸਮਾਜ ਦੇ ਯਥਾਰਥ ਨੂੰ ਪੇਸ਼ ਕਰਦਾ ਹੈ। ਇਕ ਥਾਂ ਬਿਕਰ ਸਿੰਘ ਕਹਿੰਦਾ ਹੈ, “ਸਾਥੀਓ! ਤੁਹਾਡੇ ਸਭਨਾਂ ਅੰਦਰਲੇ ਤੌਖ਼ਲੇ ਐਵੇਂ-ਕਿਵੇਂ ਦੇ ਉਪਰੇ-ਉਪਰੇ ਕਾਰਨਾਂ ਦਾ ਸਿੱਟਾ ਨਹੀਂ ਹਨ। ਇਹਨਾਂ ਦੀ ਪਿੱਠਭੂਮੀ ‘ਚ ਵਿਸ਼ਵੀਕਰਨ ਦੇ ਸਰਮਾਏ ਦਾ ਸਾਮਰਾਜ ਕਾਰਜਸ਼ੀਲ ਐ। ਇਸ ਦੀਆਂ ਕਈ ਸਾਰੀਆਂ ਅਲਾਮਤਾਂ ਵਿੱਚੋਂ ਦੋ ਬਹੁਤੀਆਂ ਮਹੱਤਵਪੂਰਨ ਹਨ- ਇੱਕ-ਇੱਕ ਨੇ ਮਨੁੱਖ ਦੀ ਪੂਰੀ ਦੀ ਪੂਰੀ ਕਿਰਤ ਸ਼ਕਤੀ ਆਪਣੇ ਮੁਨਾਫੇ਼ ਲਈ ਗਿਰਵੀ ਰੱਖ ਰੱਖੀ ਐ ਤੇ ਦੁਜੀ ਇਸ ਨੇ ਦੁਨੀਆ ਭਰ ਦੀ ਮਨੁੱਖਤਾ ਕੋ ਲਈ ਐ। ਇਸ ਨੇ ਮਨੁੱਖ ਨੂੰ ਧੁਰ ਅੰਦਰ ਤੱਕ ਤੋੜ ਦਿੱਤਾ ਏ। ਹੁਣ ਇਸ ਲਈ ਘਰ-ਪਰਿਵਾਰ ਵਰਗੇ ਗੁਣ ਕੋਈ ਅਰਥ ਨਹੀਂ ਰੱਖਦੇ। ਆਪਣੇ ਗਿਣ ਹੁੰਦੇ ਆਪਣਿਆਂ ਦੇ ਕਤਲ ਨੂੰ ਸਭ ਇਸੇ ਦੀ ਜ਼ਰੂਰਤਾਂ ਦੀ ਬਦੌਲਤ ਐ ਮਿੱਤਰੋ।” ਇਸ ਤਰ੍ਹਾਂ ਦੇ ਹੋਰ ਵੀ ਕਈ ਵਿਚਾਰ ਇਸ ਕਹਾਣੀ ਵਿੱਚੋਂ ਪਾਠਕਾਂ ਨੂੰ ਦੀ ਸੋਚ ਨੂੰ ਹਲੂਣਾ ਦਿੰਦੇ ਹਨ। ਕਹਾਣੀ ਦੇ ਅੰਤ ਵਿੱਚ ਰਾਜਦੀਪ ਸੋਚਦਾ ਹੈ ਕਿ ਇਹ ਅਧਿਆਪਕ ਜਿੰਦਰ ਲਈ ਵਿੱਛੇ ਸੱਥਰ ਤੇ ਬੈਠਣ ਲਈ ਹੀ ਆਏ ਸਨ ਜਾਂ ਸਮੁੱਚੀ ਮਾਨਵਤਾ ਦੀ ਹੋਂਦ ਲਈ ਲਗਾਤਾਰ ਵਧਦੀ ਘੁਟਣ ਦੀ ਵੰਗਾਰ ਲਈ ਵਿਉਂਤਬੰਦੀ ਕਰਨ ਦੇ ਉਪਰਾਲੇ ਵਜੋਂ ਉਹਨੂੰ ਆਪਣੇ ਨਾਲ-ਨਾਲ ਤੁਰਦਾ ਰੱਖਣ ਲਈ। ਅਸਲ ਵਿੱਚ ਉਹ ਸਾਰੇ ਇਸ ਬੈਠਕ ਨੂੰ ਇੱਕ ਸੱਥ ਵਿੱਚ ਬਦਲਣ ਲਈ ਆਏ ਪ੍ਰਤੀਤ ਹੁੰਦੇ ਸਨ।
ਅਸਲ ਵਿੱਚ ਲਾਲ ਸਿੰਘ ਦੀਆਂ ਕਹਾਣੀਆਂ ਸ਼ੁਰੂ ਤੋਂ ਹੀ ਸਮਾਜਿਕ ਯਥਾਰਥ ਦੀ ਪੇਸ਼ਕਾਰੀ ਕਰਦੀਆਂ ਰਹੀਆਂ ਹਨ ਕਦੀ ਇਹ ਯਥਾਰਥ ਦਲਿਤ ਵਰਗ ਦਾ ਸੀ,ਕਦੀ ਖੁਰਦੀ ਕਿਰਸਾਨੀ ਦਾ ਤੇ ਕਦੀ ਮੱਧਵਰਗੀ ਧੜੇ ਦਾ ਜਾਂ ਨਕਸਲਬਾੜੀ ਲਹਿਰ ਦਾ ਤੇ ਕਦੀ ਅੱਤਵਾਦੀ ਲਹਿਰ ਦਾ ਤੇ ਸਮੇਂ ਦੇ ਨਾਲ-ਨਾਲ ਹੋਰ ਵੀ ਕ ਕਿਸਮ ਦੀਆਂ ਕਰੂਰ ਸੱਚਾਈਆਂ ਨੂੰ ਲਾਲ ਸਿੰਘ ਨੇ ਆਪਣੀ ਕਹਾਣੀ ਦਾ ਵਿਸ਼ਾ ਬਣਾਇਆ ਹੈ ।ਯੁਧਵੀਰ ਦੀਆਂ ਸਾਰੀਆਂ ਹੀ ਕਹਾਣੀਆਂ ਸਮੇਂ ਦੇ ਯਥਾਰਥ ਨੂੰ ਸਿਰਜਦੀਆਂ ਹਨ। ਲਾਲ ਸਿੰਘ ਨੂੰ ਯਥਾਰਥ ਨੂੰ ਯਥਾਰਥ ਦੀ ਤਰ੍ਹਾਂ ਹੀ ਪੇਸ਼ ਕਰਦਾ ਰਿਹਾ ਹੈ ਉਸਨੇ ਕਦੀ ਵੀ ਇਸ ਨੂੰ ਰੋਚਕ ਬਣਾ ਕੇ ਪੇਸ਼ ਕਰਨਾ ਚੰਗਾ ਨਹੀਂ ਸੀ ਸਮਝਿਆ ਕਿਉਂਕਿ ਯਥਾਰਥ ਕੋੜਾ ਹੁੰਦਾ ਹੈ ਰੋਚਕ ਨਹੀਂ ਹੁੰਦਾ ਡਾ ਕਰਮਜੀਤ ਲਾਲ ਸਿੰਘ ਦੀਆਂ ਯਥਾਰਥਕ ਰਚਨਾਵਾਂ ਤੇ ਉਨ੍ਹਾਂ ਦੀ ਸੋਚ ਬਾਰੇ ਲਿਖਦੇ ਹਨ, “ਭਾਵਨਾਵਾਂ ਪੇਸ਼ ਕਰਕੇ ਵਾਹ ਵਾਹ ਖੱਟ ਕੇ ਸਵੈ ਧੋਖੇ ਵਿੱਚ ਰਹਿਣਾ ਲਾਲ ਸਿੰਘ ਨੂੰ ਮਨਜ਼ੂਰ ਨਹੀਂ ਇਸ ਲਈ ਉਹ ਸਵੈ ਸੂਝ ਜਾਂ ਯਥਾਰਥ ਸੂਝ ਪ੍ਰਾਪਤ ਕਰਨ ਦੇ ਰਾਹੇ ਪੈਂਦਾ ਹੈ।”
ਅੰਤ ਵਿੱਚ ਮੈਂ ਇਹ ਕਹਾਂਗੀ ਕਿ ਲਾਲ ਸਿੰਘ ਆਪਣੇ ਅੰਤ ਸਮੇਂ ਤੱਕ ਸਮੇਂ ਦੇ ਕੌੜੇ ਯਥਾਰਥ ਨੂੰ ਆਪਣੀ ਕਹਾਣੀਆਂ ਰਾਹੀਂ ਪਾਠਕਾਂ ਦੇ ਰੁਬਰੂ ਕਰ ਕੇ ਸਮਾਜ ਦੇ ਕੋਹੜ ਨੂੰ ਦੂਰ ਕਰਨ ਲਈ ਤਰਲੋ ਮੱਛੀ ਹੁੰਦਾ ਰਿਹਾ ਤੇ ਅੰਤ ਉਹ ਸਾਡੇ ਤੋਂ ਇੰਨ੍ਹੀ ਦੂਰ ਚਲਾ ਗਿਆ ਜਿਥੋਂ ਕਦੇ ਵਾਪਸ ਨਹੀਂ ਆਇਆ ਜਾ ਸਕਦਾ।ਉਸ ਦੀਆਂ ਕਹਾਣੀਆਂ ਹਮੇਸ਼ਾ ਪੰਜਾਬੀ ਸਾਹਿਤ ਵਿੱਚ ਯਾਦ ਕੀਤੀਆਂ ਜਾਂਦੀਆਂ ਰਹਿਣਗੀਆਂ।।
ਹਵਾਲੇ ਤੇ ਟਿੱਪਣੀਆਂ
1. ਡਾ. ਸੁਰਿੰਦਰ ਵਾਰਲਿੰਗੇ ਸਮਾਲੋਚਕ (ਯਥਾਰਥਵਾਦ ਅੰਕ) ਪੰਨਾ 03
2. Shiply-Dictionary of word literature: 355
3. Encyclopedia Britanica volume XIX :10
4. ਡਾ ਮੱਖਣ ਲਾਲ ਸ਼ਰਮਾ ‘ਮਾਰਕਸਵਾਦੀ ਕਾਵਿਸਾਗਰ’ ਪੰਨਾ-128
5. ਲੇਨਿਨ ਤੋਲਸਟਾਏ ਸਬੰਧੀ ਲੇਖ ਪੰਨਾ-9
6. Gorkey on Litrature page: 32-33 : 32-33
7. ਡਾ. ਮਹਿੰਦਰ ਧੀਂਗੜਾ ‘ਪੰਜਾਬੀ ਹਿੰਦੀ ਕਹਾਣੀ ਤੁਲਨਾਤਮਕ ਅਧਿਐਨ’ ਪੰਨਾ- 89
8. ਮਹਾਂਮਾਰੀ, ਪੰਨਾ-19
9. ਐਥੇ ਕੋਈ ਪਿੰਡ ਹੁੰਦਾ ਸੀ ਨਿਹਾਲਪੁਰ-1 ਪੰਨਾ-69-70
10. ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ-2 ਪੰਨਾ-104
11. ਰੂਬਰੂ, ਪੰਨਾ-118
12. ਉਹੀ, ਪੰਨਾ-146
13. ‘ਕਾਲੀ ਮਿੱਟੀ’ ਉਪਰ ਗੋਸ਼ਟੀ ਸਮੇ ਪੜਿਆ ਗਿਆ ਪੇਪਰ 26-10-96 ਡਾ. ਕਰਮਜੀਤ ਸਿੰਘ
ਡਾ. ਭੁਪਿੰਦਰ ਕੌਰ
ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਹਿੰਦੂ ਕੰਨਿਆ ਕਾਲਜ ਕਪੂਰਥਲਾ
