ਪੰਜਾਬੀ ਦੀ ਲੋਕ ਆਵਾਜ਼ ਦਾ ਚਿਰਾਗ : ਉਸਤਾਦ ਦਾਮਨ

Screenshot_2026-09-02_21-40-14.resized ਸਾਹਿਤ ਦੇ ਵਿਹੜੇ ਵਿੱਚ ਕੁੱਝ ਅਜਿਹੇ ਕਵੀ ਹੋਏ ਹਨ, ਜਿਨ੍ਹਾਂ ਨੇ ਸਿਰਫ ਕਵਿਤਾ ਹੀ ਨਹੀਂ ਲਿਖੀ, ਸਗੋਂ ਆਪਣੇ ਸਮੇਂ ਦੀ ਹਰ ਧੜਕਣ ਨੂੰ ਸ਼ਬਦ ਦਿੱਤੇ ਹਨ। ਉਸਤਾਦ ਦਾਮਨ ਉਨ੍ਹਾਂ ਵਿੱਚੋਂ ਇੱਕ ਅਜਿਹਾ ਕਵੀ ਸੀ, ਜਿਸਦੀ ਕਲਮ ਆਮ ਲੋਕਾਂ ਦੇ ਦੁੱਖਾਂ, ਸੁਪਨਿਆਂਂ, ਹੱਕਾਂ ਅਤੇ ਹਾਕਮਾਂ ਦੀਆਂ ਵਧੀਕੀਆਂ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਆਵਾਜ਼ ਦਿੱਤੀ ਸੀ। ਇਸ ਸਾਧਾਰਣ ਕਵੀ ਅੰਦਰ ਸ਼ਬਦਾਂ ਦੀ ਅਜਿਹੀ ਦੁਨੀਆਂ ਵਸਦੀ ਸੀ, ਜਿਸਨੇ ਉਸਨੂੰ ਲੋਕ ਕਵੀ ਬਣਾ ਦਿੱਤਾ। ਉਸਤਾਦ ਦਾਮਨ ਨੇ ਆਪਣੀ ਕਵਿਤਾ ਵਿੱਚ ਆਮ ਆਦਮੀ ਦੀ ਬੋਲੀ ਅਤੇ ਉਸਦੇ ਜੀਵਨ ਦੀਆਂ ਹਕੀਕਤਾਂ ਨੂੰ ਕਵਿਤਾ ਦੇ ਰੂਪ ਵਿੱਚ ਪ੍ਰਗਟਾ ਦਿੱਤਾ ਸੀ। ਉਸਦੀ ਕਵਿਤਾ ਦਾ ਸਭ ਤੋਂ ਵੱਡਾ ਗੁਣ ਉਸਦੀ ਸਿੱਧੀ ਸਾਦੀ ਸਪੱਸ਼ਟ ਅਤੇ ਲੋਕ ਮੁਖੀ ਭਾਸ਼ਾ ਸੀ। ਉਹ ਔਖੇ ਸ਼ਬਦਾਂ ਅਤੇ ਬਨਾਵਟੀ ਅਲੰਕਾਰਾਂ ਦੀ ਵਰਤੋਂ ਨਹੀਂ ਕਰਦਾ ਸੀ। ਉਹ ਉਹੀ ਗੱਲ ਲਿਖਦਾ ਸੀ, ਜਿਹੜੀ ਲੋਕਾਂ ਦੇ ਦਿਲ ਵਿੱਚ ਹੁੰਦੀ ਸੀ। ਉਹ ਪੰਜਾਬੀ ਨੂੰ ਸਿਰਫ ਬੋਲੀ ਹੀ ਨਹੀਂ ਸਗੋਂ ਪੰਜਾਬ ਦੀ ਪਛਾਣ ਅਤੇ ਲੋਕ ਜੀਵਨ ਦੀ ਰੂਹ ਸਮਝਦੇ ਸਨ। ਦਾਮਨ ਦੀ ਸ਼ਾਇਰੀ ਵਿੱਚ ਵਿਅੰਗ, ਲੋਕਾਂ ਦਾ ਦਰਦ, ਮੁਹੱਬਤ ਅਤੇ ਬਗ਼ਾਬਤ ਵੀ ਹੈ।

ਉਹ ਬੇਬਾਕ ਸ਼ਾਇਰ ਸੀ। ਇਸ ਕਰਕੇ ਹੀ ਉਸਦੀਆਂ ਕਵਿਤਾਵਾਂ ਜਲਸਿਆਂ, ਜਲੂਸਾਂ ਅਤੇ ਅੰਦੋਲਨਾ ਵਿੱਚ ਪ੍ਰਭਾਵਸ਼ਾਲੀ ਅਸਰ ਪਾ ਜਾਂਦੀਆਂ ਸਨ। ਉਸਨੇ ਆਪਣੀ ਕਲਮ ਦਾ ਕੇਂਦਰ ਬਿੰਦੂ ਗ਼ਰੀਬਾਂ, ਮਜ਼ਦੂਰਾਂ ਅਤੇ ਦੱਬੇ ਕੁੱਚਲੇ ਲੋਕਾਂ ਨੂੰ ਬਣਾਇਆ। 1947 ਵਿੱਚ ਦੇਸ਼ ਦੀ ਵੰਡ ਸਮੇਂ ਪੰਜਾਬ ਭਾਵੇਂ ਵੰਡਿਆ ਗਿਆ, ਪ੍ਰੰਤੂ ਪੰਜਾਬੀ ਦਾ ਚੜ੍ਹਦੇ ਅਤੇ ਲਹਿੰਦੇ ਦੋਹਾਂ ਪੰਜਾਬਾਂ ਵਿੱਚ ਬੋਲਬਾਲਾ ਬਰਕਰਾਰ ਰਿਹਾ ਹੈ। ਕੁੱਝ ਪੰਜਾਬੀ ਵਿਦਵਾਨ ਸ਼ੰਕੇ ਖੜ੍ਹੇ ਕਰ ਰਹੇ ਹਨ ਕਿ ਪੰਜਾਬੀ ਬੋਲੀ ਅਗਲੇ 50 ਸਾਲਾਂ ਵਿੱਚ ਖ਼ਤਮ ਹੋ ਜਾਵੇਗੀ। ਉਹ ਬੋਲੀ ਕਦੀਂ ਵੀ ਖ਼ਤਮ ਨਹੀਂ ਹੋ ਸਕਦੀ, ਜਿਹੜੀ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੋਵੇ। ਪੰਜਾਬੀ ਬੋਲੀ ਜਿਸ ਦਾ ਸੰਬੰਧ ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਧਾਰਮਿਕ ਲੋਕਾਂ ਦੀਆਂ ਭਾਵਨਾਵਾਂ ਨਾਲ ਸੰਬੰਧ ਜੁੜਿਆ ਹੋਇਆ ਹੈ। ਪੰਜਾਬੀ ਤਾਂ ਸੰਸਾਰ ਵਿੱਚ ਫ਼ੈਲੇ ਹੋਏ ਹਨ, ਪਾਕਿਸਤਾਨ ਵਿੱਚ ਵੀ ਅੱਜ ਕਲ੍ਹ ਪੰਜਾਬੀ ਦੇ ਅਲੰਬਰਦਾਰ ਉਥੇ ਦੇ ਵਸਿੰਦਿਆਂ ਨੂੰ ਪੰਜਾਬੀ ਬੋਲਣ ਤੇ ਪੰਜਾਬੀ ਪਹਿਰਾਵਾ ਪਾਉਣ ਦੀ ਮੁਹਿੰਮ ਚਲਾ ਰਹੇ ਹਨ।

ਦੇਸ਼ ਦੀ ਅਜਿਹੀ ਅਜ਼ਾਦੀ ਨੂੰ ਇਨਸਾਨੀਅਤ ਦੀ ਬਰਬਾਦੀ ਕਿਹਾ ਜਾ ਸਕਦਾ ਹੈ ਕਿਉਂਕਿ ਅਣਗਿਣਤ ਬੇਕਸੂਰ ਇਨਸਾਨਾਂ ਦੇ ਕਤਲਾਂ ਨੇ ਆਜ਼ਾਦੀ ਨੂੰ ਦਾਗ਼ਦਾਰ ਕਰ ਦਿੱਤਾ ਸੀ। ਨਹੁੰ ਮਾਸ ਦੇ ਰਿਸ਼ਤੇ ਖੇਰੂੰ ਖੇਰੂੰ ਹੋ ਗਏ ਸਨ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀ ਦੇ ਸਾਹਿਤਕਾਰਾਂ ਨੇ ਖ਼ੂਨੀ ਬ੍ਰਿਤਾਂਤ ਲਿਖਿਆ ਸੀ। ਪਾਕਿਸਤਾਨ ਜਾ ਕੇ ਵਸੇ ਲੋਕ ਕਵੀ ਉਸਤਾਦ ਦਾਮਨ ਨੇ ਮਨੁੱਖਤਾ ਦੇ ਕਤਲਾਂ ਨੂੰ ਇਨਸਾਨੀਅਤ ਦਾ ਘਾਣ ਦੱਸਦਿਆਂ ਆਪਣੀਆਂ ਭਾਵਪੂਰਤ ਕਵਿਤਾਵਾਂ ਵਿੱਚ ਸਰਲ ਤੇ ਸਾਦੀ ਬੋਲੀ ਵਿੱਚ ਲਿਖਿਆ ਸੀ। ਉਸਤਾਦ ਦਾਮਨ, ਜਿਨ੍ਹਾਂ ਦਾ ਨਾਮ ਚਿਰਾਗ ਦੀਨ ਸੀ, ਉਨ੍ਹਾਂ ਨੇ ਆਪਣੇ ਨਾਮ

ਨੂੰ ਪੰਜਾਬੀ ਦਾ ਝੰਡਾਬਰਦਾਰ ਬਣਨ ਦਾ ਮਾਣ ਦਿੱਤਾ। ਚਿਰਾਗ ਰੌਸ਼ਨੀ ਦੇਣ ਵਾਲੇ ਦੀਵੇ ਦਾ ਪਵਿਤਰ ਨਾਮ ਗਿਣਿਆਂ ਜਾਂਦਾ ਹੈ। ਉਸਤਾਦ ਦਾਮਨ ਨੂੰ ਪੰਜਾਬੀ ਬੋਲੀ ਦੇ ਨਾਲ ਅਥਾਹ ਪਿਆਰ ਅਤੇ ਸਤਿਕਾਰ ਸੀ। ਪੰਜਾਬੀ ਭਾਵੇਂ ਦੋ ਖਿਤਿਆਂ ਵਿਚ ਵੰਡੇ ਜਾ ਚੁੱਕੇ ਸਨ, ਪ੍ਰੰਤੂ ਉਨ੍ਹਾਂ ਦੀਆਂ ਭਾਵਨਾਵਾਂ ਆਪਣੀ ਮਾਤਭੂਮੀ ਲਈ ਭੱਟਕ ਰਹੀਆਂ ਸਨ। ਉਹ ਮਾਨਸਿਕ ਅਤੇ ਆਤਮਿਕ ਤੌਰ ਤੇ ਮਾਖਿਓਂ ਮਿੱਠੀ ਪੰਜਾਬੀ ਭਾਸ਼ਾ ਨਾਲ ਓਤਪੋਤ ਸਨ। ਲਹਿੰਦੇ ਪੰਜਾਬ ਦੇ ਲੋਕ ਕਵੀਆਂ ਵਿਚੋਂ ਚਿਰਾਗ ਦੀਨ ਦਾਮਨ ਭਾਰਤ ਵਿਚ ਹੋਣ ਵਾਲੇ ਕਵੀ ਦਰਬਾਰਾਂ ਦਾ ਸ਼ਿੰਗਾਰ ਬਣਦਾ ਰਿਹਾ। ਦੇਸ਼ ਦੀ ਵੰਡ ਸੰਬੰਧੀ ਉਸ ਨੇ ਬੜੀਆਂ ਹੀ ਦਿਲ ਨੂੰ ਕੁਰੇਦਣ ਤੇ ਟੁੰਬਣ ਵਾਲੀਆਂ ਕਵਿਤਾਵਾਂ ਲਿਖੀਆਂ ਹਨ, ਜਿਹੜੀਆਂ ਰਹਿੰਦੀ ਦੁਨੀਆਂ ਤੱਕ ਤਰੋ ਤਾਜਾ ਰਹਿਣਗੀਆਂ। ਗੂੜ੍ਹੀ ਸ਼ਬਦਾਵਲੀ ਦੀ ਥਾਂ ਅਜਿਹੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਹੜੀ ਸੌਖਿਆਂ ਹੀ ਲੋਕਾਂ ਦੇ ਪੱਲੇ ਪੈ ਜਾਵੇ ਅਤੇ ਉਸਦੀ ਸਾਰਥਿਕਤਾ ਦਾ ਪਤਾ ਲੱਗੇ।

ਪੰਜਾਬੀ ਦਾ ਉਹ ਨਿਧੜਕ ਜਰਨੈਲ ਲੋਕ ਕਵੀ ਸੀ, ਜਿਸਨੇ ਤਾਹਨੇ ਮਿਹਣੇ ਸਹਿੰਦਿਆਂ ਪੰਜਾਬੀ ਵਿਚ ਕਵਿਤਾ ਲਿਖਣੋਂ ਗੁਰੇਜ ਨਹੀਂ ਕੀਤਾ। ਹਾਲਾਂਕਿ ਉਸ ਨੂੰ ਪਤਾ ਸੀ ਕਿ ਕਿਸੇ ਵੀ ਸਮੇਂ ਉਸ ਨੂੰ ਸਰੀਰਕ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਜਦੋਂ ਵਾਰ-ਵਾਰ ਉਸ ਉਪਰ ਦਬਾਅ ਪਾਇਆ ਗਿਆ ਕਿ ਮੁਸਲਮਾਨ ਹੋਣ ਅਤੇ ਪਾਕਿਸਤਾਨ ਵਿਚ ਰਹਿਣ ਕਰਕੇ ਉਸ ਨੂੰ ਪੰਜਾਬੀ ਦੀ ਥਾਂ ਉਰਦੂ ਵਿਚ ਆਪਣੀਆਂ ਨਜ਼ਮਾਂ ਲਿਖਣੀਆਂ ਚਾਹੀਦੀਆਂ ਹਨ ਤਾਂ ਉਸ ਨੇ ਕਵਿਤਾ ਵਿਚ ਹੀ ਉਨ੍ਹਾਂ ਨੂੰ ਜਵਾਬ ਦਿੰਦਿਆਂ ਲਿਖਿਆ:

ਉਰਦੂ ਦਾ ਮੈਂ ਦੋਖੀ ਨਾਹੀਂ ਤੇ ਦੁਸ਼ਮਣ ਨਾਹੀਂ ਅੰਗਰੇਜ਼ੀ ਦਾ,

ਪੁਛਦੇ ਹੋ ਮੇਰੇ ਦਿਲ ਦੀ ਬੋਲੀ, ਹਾਂ ਜੀ ਹਾਂ ਪੰਜਾਬੀ ਏ।

ਮੈਨੂੰ ਕਈਆਂ ਨੇ ਆਖਿਆ ਕਈ ਵਾਰ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡਦੇ।

ਗੋਦੀ ਜਿਹਦੀ ਵਿਚ ਪਲਕੇ ਜਵਾਨ ਹੋਇਆਂ, ਉਹ ਮਾਂ ਛੱਡਦੇ ਤੇ ਗਰਾਂ ਛੱਡਦੇ।

ਜੇ ਪੰਜਾਬੀ ਪੰਜਾਬੀ ਈ ਕੂਕਣਾ ਏ, ਜਿਥੇ ਖਲੋਤਾ ਏਂ ਥਾਂ ਛੱਡਦੇ।

ਮੈਨੂੰ ਇੰਜ ਲੱਗਦੈ ਲੋਕੀ ਆਖਦੇ ਨੇ, ਤੂੰ ਪੁੱਤਰਾ ਆਪਣੀ ਮਾਂ ਛੱਡਦੇ।

ਜਦੋਂ ਫਿਰਕਾਪ੍ਰਸਤਾਂ ਨੇ ਉਸਨੂੰ ਵਾਰ-ਵਾਰ ਪੰਜਾਬੀ ਵਿਚ ਕਵਿਤਾ ਲਿਖਣ ਤੋਂ ਵਰਜਿਆ ਗਿਆ ਤਾਂ ਉਹ ਡਰਿਆ ਨਹੀਂ ਸਗੋਂ ਉਸਨੇ ਲਿਖਿਆ ਕਿ—-

ਇਥੇ ਬੋਲੀ ਪੰਜਾਬੀ ਹੀ ਬੋਲੀ ਜਾਵੇਗੀ, ਉਰਦੂ ਵਿਚ ਕਿਤਾਬਾਂ ਦੇ ਠੱਣਦੀ ਰਹੇਗੀ।

ਇਹਦਾ ਪੁੱਤਰ ਹਾਂ ਇਹਦੇ ਤੋਂ ਦੁੱਧ ਮੰਗਨਾ, ਮੇਰੀ ਭੁੱਖ ਇਹਦੀ ਛਾਤੀ ਤਣਦੀ ਰਹੇਗੀ।

ਇਹਦੇ ਲੱਖ ਹਰੀਫ ਪਏ ਹੋਣ ਪੈਦਾ, ਦਿਨ-ਬ-ਦਿਨ ਇਹਦੀ ਸ਼ਕਲ ਬਣਦੀ ਰਹੇਗੀ।

ਉਦੋਂ ਤੀਕ ਤੇ ਪੰਜਾਬੀ ਨਹੀਂ ਮਰਦੀ, ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।

ਉਸਤਾਦ ਦਾਮਨ ਨੇ ਸਾਰੀ ਉਮਰ ਅਣਖ ਨਾਲ ਸ਼ਾਇਰੀ ਕੀਤੀ। ਸਰਕਾਰਾਂ ਦੇ ਦਮਨ ਦਾ ਸ਼ਿਕਾਰ ਵੀ ਹੋਇਆ। ਇਨਕਲਾਬੀ ਕਵਿਤਾ ਸਮਾਜਿਕ ਬੁਰਾਈਆਂ ਅਤੇ ਆਮ ਜਨਤਾ ਉਪਰ ਸਰਕਾਰ ਵਲੋਂ ਕੀਤੇ ਜਾਂਦੇ ਜ਼ੋਰ ਜ਼ਬਰਦਸਤੀ ਦੀਆਂ ਕਾਰਵਾਈਆਂ ਵਿਰੁਧ ਲਿਖਣ ਕਰਕੇ ਉਸ ਉਪਰ ਕਈ ਕੇਸ ਦਰਜ ਕਰਕੇ ਜੇਲ੍ਹ ਵਿਚ ਬੰਦ ਰੱਖਿਆ ਗਿਆ, ਪ੍ਰੰਤੂ ਉਸ ਨੇ ਸਰਕਾਰਾਂ ਨਾਲ ਆਡ੍ਹਾ ਲਾਈ ਰੱਖਿਆ। ਫ਼ੌੌਜੀ ਰਾਜ ਤੋਂ ਵੀ ਉਹ ਡਰਿਆ ਨਹੀਂ ਸਗੋਂ ਉਸਨੇ ਫ਼ੌਜੀ ਰਾਜ ਤੇ ਟਕੋਰ ਕਰਦਿਆਂ ਅਰਥ ਭਰਪੂਰ ਕਵਿਤਾ ਲਿਖੀ-

ਸਾਡੇ ਮੁਲਕ ਦੀਆਂ ਮੌਜਾਂ ਹੀ ਮੌਜਾਂ, ਜਿਧਰ ਦੇਖੋ ਫ਼ੌਜਾਂ ਹੀ ਫ਼ੌਜਾਂ।

ਇਹ ਕੀ ਕਰੀ ਜਾਨਾ, ਕਦੀ ਚੀਨ ਜਾਨਾ ਕਦੀ ਰੂਸ ਜਾਨਾ।

ਕਦੀ ਸਿਮਲੇ ਜਾਨਾ ਕਦੀ ਮਰੀ ਜਾਨਾ, ਜਿਧਰ ਜਾਨਾ ਬਣਕੇ ਜਲੂਸ ਜਾਨਾ।

ਲਈ ਖੇਸ ਜਾਨਾ ਖਿੱਚੀ ਦਰੀ ਜਾਨਾ, ਇਹ ਕੀ ਕਰੀ ਜਾਨਾ।

ਉਸਤਾਦ ਦਾਮਨ ਜਿਓਂਦੇ ਜੀਅ ਗ਼ਰੀਬੀ ਕਰਕੇ ਆਪਣੀਆਂ ਕਵਿਤਾਵਾਂ ਦੀ ਕੋਈ ਵੀ ਪੁਸਤਕ ਪ੍ਰਕਾਸ਼ਤ ਨਹੀਂ ਕਰਵਾ ਸਕਿਆ। ਉਸਤਾਦ ਦਾਮਨ ਦੀ ਮੌਤ ਤੋਂ ਬਾਅਦ ਉਸ ਦੀਆਂ ਕਵਿਤਾਵਾਂ ਦਾ ਕਾਵਿ ਸੰਗ੍ਰਹਿ ‘ਦਾਮਨ ਦੇ ਮੋਤੀ’ ਪਾਕਿਸਤਾਨ ਦੇ ਲੋਕਾਂ ਨੇ ਗੁਰਮੁਖੀ ਵਿਚ ਪ੍ਰਕਾਸ਼ਤ ਨਹੀਂ ਕੀਤੀ, ਸਗੋਂ ਉਰਦੂ ਵਿਚ ਪ੍ਰਕਾਸ਼ਤ ਕਰਕੇ ਉਸਨੂੰ ਉਰਦੂ ਦਾ ਸ਼ਾਇਰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਉਸਤਾਦ ਦਾਮਨ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਆਪਣੀਆਂ ਇਨਕਲਾਬੀ ਕਵਿਤਾਵਾਂ ਕਰਕੇ ਜੇਲ੍ਹ ਵਿਚ ਹੀ ਰਿਹਾ ਹੈ। ਜੇਲ੍ਹ ਵਿਚ ਰਹਿਣ ਸੰਬੰਧੀ ਉਹ ਲਿਖਦਾ ਹੈ ਕਿ-

ਸਟੇਜਾਂ ਤੇ ਆਈਏ ਸਿਕੰਦਰ ਹੋਈਦਾ ਏ, ਸਟੇਜੋਂ ਉਤਰਕੇ ਕਲੰਦਰ ਹੋਈਦਾ ਏ।

ਉਲਝੇ ਜੋ ਦਾਮਨ ਹਕੂਮਤ ਕਿਸੇ ਨਾਲ, ਬਸ ਏਨਾ ਹੀ ਹੁੰਦਾ, ਅੰਦਰ ਹੋਈਦਾ ਏ।

ਦਾਮਨ ਦੀਆਂ ਕਤਿਾਵਾਂ ਕਰਾਂਤੀਕਾਰੀ ਅਤੇ ਧਾਰਮਿਕ ਜਨੂੰਨੀਆਂ ਦੇ ਵਿਰੁੱਧ ਹੋਣ ਕਰਕੇ ਉਸਦੇ ਘਰ ਨੂੰ ਅੱਗ ਲਗਾ ਕੇ ਸਾੜ ਦਿੱਤਾ ਤਾਂ ਉਸਨੇ ਇੱਕ ਕਵਿਤਾ ਵਿੱਚ ਲਿਖਿਆ:

ਕਿਸੇ ਤੀਲ੍ਹੀ ਐਸੀ ਲਗਾਈ ਏ, ਥਾਂ ਥਾਂ ਤੇ ਅੱਗ ਮਚਾਈ ਏ।

ਪਈ ਸੜਦੀ ਲੋਕਾਈ ਏ, ਤੇ ਪੈਂਦੀ ਹਾਲ ਦੁਹਾਈ ਏ।

ਆਜ਼ਾਦੀ ਤੋਂ ਬਾਅਦ ਇੱਕ ਵਾਰ ਉਸਤਾਦ ਦਾਮਨ ਨੇ ਲਾਲ ਕਿਲ੍ਹੇ ਦਿੱਲੀ ਵਿਚ ਹੋਏ ਇੱਕ ਕਵੀ ਦਰਬਾਰ ਵਿਚ ਆਪਣੀ ਕਵਿਤਾ ਪੜ੍ਹਕੇ ਉਥੇ ਹਾਜ਼ਰ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਰੁਆ ਦਿੱਤਾ ਸੀ। ਉਸ ਦੀ ਕਵਿਤਾ ਦੇ ਬੋਲ ਹਨ-

ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿਚੀਂ, ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ।

ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਏ, ਤੁਸੀਂ ਵੀ ਓ ਹੋਏ ਅਸੀਂ ਵੀ ਆਂ।

ਕੁਝ ਉਮੀਦ ਏ ਜ਼ਿੰਦਗੀ ਮਿਲ ਜਾਵੇਗੀ, ਮੋਏ ਤੁਸੀਂ ਵੀ ਓ ਮੋਏ ਅਸੀਂ ਵੀ ਆਂ।

ਜਿਓਂਦੀ ਜਾਨ ਵੀ ਮੌਤ ਦੇ ਮੂੰਹ ਅੰਦਰ, ਢੋਏ ਤੁਸੀਂ ਵੀ ਓ ਢੋਏ ਅਸੀਂ ਵੀ ਆਂ।

ਜਾਗਣੇ ਵਾਲਿਆਂ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਓ ਸੋਏ ਅਸੀਂ ਵੀ ਆਂ।

ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਓ ਰੋਏ ਅਸੀਂ ਵੀ ਆਂ।

ਪੰਡਤ ਜਵਾਹਰ ਲਾਲ ਨਹਿਰੂ ਨੇ ਉਸਤਾਦ ਦਾਮਨ ਨੂੰ ਉਠ ਕੇ ਕਲਾਵੇ ਵਿਚ ਲੈ ਲਿਆ ਅਤੇ ਉਸ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ, ਪ੍ਰੰਤੂ ਉਸਤਾਦ ਦਾਮਨ ਨੇ ਕਿਹਾ ਕਿ ਉਹ ਰਹੇਗਾ ਤਾਂ ਪਾਕਿਸਤਾਨ ਵਿਚ ਹੀ ਭਾਵੇਂ ਜੇਲ੍ਹ ਵਿਚ ਹੀ ਰਹਿਣਾ ਪਵੇ। ਉਸਤਾਦ ਦਾਮਨ ਅੱਜ ਭਾਵੇਂ ਸਾਡੇ ਵਿਚਕਾਰ ਸਰੀਰਕ ਰੂਪ ਵਿੱਚ ਨਹੀਂ ਹਨ, ਪ੍ਰੰਤੂ ਉਨ੍ਹਾਂ ਦੀ ਕਲਮ ਦੀ ਕਰਾਮਾਤ ਅਜੇ ਵੀ ਜਿਉਂਦੀ ਹੈ। ਉਨ੍ਹਾਂ ਦਾ ਚਿਰਾਗ ਬੁੱਝਿਆ ਨਹੀਂ, ਉਹ ਪੰਜਾਬੀ ਲੋਕ ਚੇਤਨਾ ਵਿੱਚ ਰੌਸ਼ਨੀ ਫੈਲਾ ਰਿਹਾ ਹੈ। 3 ਸਤੰਬਰ ਨੂੰ ਉਨ੍ਹਾਂ ਦੇ ਜਨਮ ਦਿਵਸ ‘ਤੇ ਯਾਦ ਕਰਨਾ ਕੇਵਲ ਇੱਕ ਮਹਾਨ ਕਵੀ ਨੂੰ ਸ਼ਰਧਾਂਜ਼ਲੀ ਦੇਣਾ ਨਹੀਂ, ਸਗੋਂ ਪੰਜਾਬੀ ਬੋਲੀ, ਹੱਕ ਸੱਚ, ਇਨਸਾਫ਼ ਅਤੇ ਲੋਕ ਹਿੱਤਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੜ ਤਾਜ਼ਾ ਕਰਨਾ ਹੈ। ਉਸਤਾਦ ਦਾਮਨ ਦੀ ਵਿਰਾਸਤ ਪੰਜਾਬੀਆਂ ਨੂੰ ਇਹ ਹੀ ਸੁਨੇਹਾ ਦਿੰਦੀ ਹੈ ਕਿ ਕਲਮ ਜੇ ਸੱਚ ‘ਤੇ ਪਹਿਰਾ ਦੇਵੇ ਤਾਂ ਉਹ ਇਨਸਾਨੀਅਤ ਦੀ ਸਭ ਤੋਂ ਵੱਡੀ ਪਹਿਰੇਦਾਰ ਬਣ ਸਕਦੀ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>