ਕਨਾਟ ਪਲੇਸ ਨੂੰ ਦਿੱਲੀ ਦਾ ਦਿਲ ਕਿਹਾ ਜਾਂਦਾ ਹੈ। ਕਾਰੋਬਾਰ ਦਾ ਕੇਂਦਰ ਹੈ, ਗੌਰਵਸ਼ਾਲੀ ਹੈ, ਵਿਰਪ੍ਰਸਤੀ ਸਥਾਨਾਂ ਵਿਚੋਂ ਇਕ ਹੈ।
ਇਸਦਾ ਨਿਰਮਾਣ ਕਾਰਜ 1929 ਵਿਚ ਆਰੰਭ ਹੋਇਆ ਅਤੇ ਪੰਜ ਸਾਲ ਬਾਅਦ 1933 ਵਿਚ ਮੁਕੰਮਲ ਹੋ ਗਿਆ। ਇਸਦਾ ਨਾਂ ਸ਼ਾਹੀ ਪਰਿਵਾਰ ਦੇ ਮੈਂਬਰ ਡਿਊਨ ਆਫ਼ ਕਨਾਟ ਅਤੇ ਸਟ੍ਰਾਥਰਨ ਦੇ ਨਾਮ ‘ਤੇ ਰੱਖਿਆ ਗਿਆ। ਰੌਬਰਟ ਟੋਰ ਰਸਲ ਅਤੇ ਡਬਲਯੂ ਐਚ ਨਿਕੋਲਸ ਇਸਦੇ ਆਰਕੀਟੈਕਟ ਸਨ। ਸਰ ਸੋਭਾ ਸਿੰਘ, ਸਰਦਾਰ ਬਹਾਦਰ ਧਰਮ ਸਿੰਘ ਸੇਠੀ ਅਤੇ ਸਰਦਾਰ ਬਹਾਦੁਰ ਨਰਾਇਣ ਸਿੰਘ ਦੀ ਵੀ ਨਿਰਮਾਣ ਕਾਰਜ ਵਿਚ ਅਹਿਮ ਭੂਮਿਕਾ ਰਹੀ। ਇਸਦਾ ਡਿਜ਼ਾਈਨ ਇਉਂ ਤਿਆਰ ਕੀਤਾ ਗਿਆ ਕਿ ਇੰਗਲੈਂਡ ਦੀਆਂ ਪ੍ਰਸਿੱਧ ਇਮਾਰਤਾ ਰਾਇਲ ਕ੍ਰੇਸੈਂਟ ਅਤੇ ਰੋਮਨ ਕੋਲੋਸੀਅਮ ਵਾਂਗ ਨਜ਼ਰ ਆਏ। ਅੱਜ ਕਨਾਟ ਪਲੇਸ ਦੁਨੀਆਂ ਦੇ ਮਹਿੰਗੇੇ ਬਜ਼ਾਰਾਂ ਵਿਚੋਂ ਇਕ ਹੈ।
ਪਾਠਕਾਂ ਨੂੰ ਹੈਰਾਨੀ ਹੋਵੇਗੀ ਕਿ ਨਿਰਮਾਣ ਤੋਂ ਪਹਿਲਾਂ ਇਹ ਨੀਮ-ਪਹਾੜੀ ਇਲਾਕਾ ਸੀ ਜਿੱਥੇ ਚਾਰੇ ਪਾਸੇ ਕਿੱਕਰ ਦੇ ਰੁੱਖ ਨਜ਼ਰ ਆਉਂਦੇ ਸਨ। ਆਸ-ਪਾਸ ਕੁਝ ਪਿੰਡ ਸਨ ਜਿਨ੍ਹਾਂ ਨੂੰ ਵਿਕਾਸ ਦੇ ਨਾਂ ‘ਤੇ ਖਾਲੀ ਕਰਵਾ ਲਿਆ ਗਿਆ।
ਕਨਾਟ ਪਲੇਸ-ਦੋ ਮੰਜ਼ਿਲਾ ਹੈ ਅਤੇ ਲੱਗਭਗ ਗੋਲ ਚੱਕਰ ਵਿਚ ਹੈ। ਹਰੇਕ ਦੁਕਾਨ, ਸ਼ੋਅਰੂਮ ਖੁਲ੍ਹਾ ਡੁਲ੍ਹਾ ਹੈ ਜਿੱਥੇ ਹਰ ਸਮੇਂ ਗਾਹਕਾਂ ਅਤੇ ਘੁੰਮਣ-ਫਿਰਨ ਦੇ ਸ਼ੌਕੀਨ ਲੋਕਾਂ ਦੀ ਰੌਣਕ ਲੱਗੀ ਰਹਿੰਦੀ ਹੈ।
ਮੈਂ ਕਦੋਂ ਵੀ ਦਿੱਲੀ ਜਾਂਦਾ ਹਾਂ, ਕਨਾਟ ਪਲੇਸ ਜਾਣਾ ਨਹੀਂ ਭੁੱਲਦਾ। ਕਿਤਾਬਾਂ ਵਾਲੀਆਂ ਦੁਕਾਨਾਂ ’ਤੇ। ਜਿਹੜੀ ਕਿਤਾਬ ਕਿਧਰੋਂ ਨਹੀਂ ਮਿਲਦੀ ਕਨਾਟ ਪਲੇਸ ਵਿਚੋਂ ਮਿਲ ਜਾਂਦੀ ਹੈ। ਜਾਂ ਫਿਰ ਕੋਈ ਮਨਪਸੰਦ ਕੋਟ, ਬੂਟ ।
ਕਨਾਟ ਪਲੇਸ ਦੇ ਗੋਲ ਸਰਕਲ ਵਿਚੋਂ 12 ਸੜਕਾਂ ਬਾਹਰ ਵੱਲ ਨਿਕਲਦੀਆਂ ਹਨ। ਇਸਦੇ ਵਿਚਕਾਰਲੀ ਪਾਰਕ ਦੇ ਇਕ ਪਾਸੇ 1970 ਵਿਚ ਅੰਡਰ-ਗਰਾਊਂਡ ਬਜ਼ਾਰ ਦਾ ਨਿਰਮਾਣ ਕੀਤਾ ਗਿਆ ਜਿਸਨੂੰ ਪਾਲਿਕਾ ਬਜ਼ਾਰ ਕਿਹਾ ਜਾਂਦਾ ਹੈ। ਖਰੀਦੋ-ਫਿਰੋਖ਼ਤ ਲਈ ਪਾਲਿਕਾ ਬਜ਼ਾਰ ਵੀ ਯਾਤਰੀਆਂ ਲਈ ਖਿੱਚ ਦਾ ਕੇਂਦਰ ਰਹਿੰਦਾ ਹੈ।
ਇਤਿਹਾਸਕ ਰੀਗਲ ਇਮਾਰਤ ਨੂੰ 2017 ਵਿਚ ਮੈਡਮ ਤੁਸਾਦ ਵੈਕਸ ਮਿਊਜ਼ੀਅਮ ਦੇ ਰੂਪ ਵਿਚ ਫਿਰ ਤੋਂ ਖੋਲ੍ਹਿਆ ਗਿਆ। ਇਹ ਭਾਰਤ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਮਿਊਜ਼ੀਅਮ ਹੈ।
ਕਨਾਟ ਪਲੇਸ ਦੇ ਸੈਂਟਰ ਵਾਲੀ ਪਾਰਕ ਦੇ ਹੇਠਾਂ 2005-06 ਵਿਚ ਮੈਟਰੋ ਸਟੇਸ਼ਨ ਦਾ ਨਿਰਮਾਣ ਕੀਤਾ ਗਿਆ। ਮੈਟਰੋ ਸਟੇਸ਼ਨ ਮੁਕੰਮਲ ਹੋਣ ਉਪਰੰਤ ਪਾਰਕ ਦਾ ਪੁਨਰ-ਨਿਰਮਾਣ ਕੀਤਾ ਗਿਆ। ਇਹ ਸਾਰਾ ਦਿਨ ਰੁੱਝਿਆ ਰਹਿਣ ਵਾਲਾ ਸਟੇਸ਼ਨ ਹੈ।
ਕਲਾਟ ਪਲੇਸ ਸੈਂਟਰਲ ਪਾਰਕ ਤਰ੍ਹਾਂ ਤਰ੍ਹਾਂ ਦੀਆਂ ਸੱਭਿਆਚਾਰਕ ਸਰਗਰਮੀਆ ਦਾ ਕੇਂਦਰ ਹੈ। ਉਰਦੂ ਹੈਰੀਟੇਜ ਫੈਸਟੀਵਲ, ਯੁਵਾ ਮਹਾਂ-ਉਤਸਵ, ਆਵਾਮ ਕੀ ਆਵਾਜ਼ ਸੰਗੀਤਕ ਪ੍ਰੋਗਰਾਮ ਇਥੇ ਹੀ ਕਰਵਾਏ ਜਾਂਦੇ ਹਨ। ਇਸ ਪਾਰਕ ਦੇ ਵਿਚਾਲੇ 2014 ਤੋਂ 207 ਫੁੱਟ ਦੀ ਉਚਾਈ ’ਤੇ 90 ਣ 60 ਆਕਾਰ ਦਾ ਤਿਰੰਗਾ ਲਹਿਰਾਇਆ ਗਿਆ ਹੈ।
ਕਨਾਟ ਪਲੇਸ ਹਫ਼ਤ ਦੇ ਸੱਤੇ ਦਿਨ ਖੁਲ੍ਹਦਾ ਹੈ। ਸਵੇਰੇ 10 ਵਜੇ ਤੋਂ ਰਾਤ 8.30 ਵਜੇ ਤੱਕ। ਦੁਕਾਨਾਂ ਦੇ ਅੱਗੇ ਨਾਲ-ਨਾਲ ਘੁੰਮਦਾ ਖੁਲ੍ਹਾ ਵਰਾਂਡਾ ਕਨਾਟ ਪਲੇਸ ਨੂੰ ਚਾਰ ਚੰਨ ਲਾਉਂਦਾ ਹੈ। ਗਰਮੀ ਸਰਦੀ ਵਿਚ, ਮੀਂਹ ਕਣੀ ਵਿਚ ਵੀ ਲੋਕਾਂ ਨੂੰ ਘੁੰਮਣ-ਫਿਰਨ, ਖਰੀਦੋ-ਫਿਰੋਖਤ ਕਰਨ ਵਿਚ ਸੌਖ ਰਹਿੰਦੀ ਹੈ।
ਕਨਾਟ ਪਲੇਸ ਨੇ ਹੁਣ ਤੱਕ 92 ਸਾਲ ਦਾ ਸਫ਼ਰ ਤੈਅ ਕਰ ਲਿਆ ਹੈ। ਇਸ ਦੌਰਾਨ ਇਸਨੇ ਅਨੇਕਾਂ ਰੰਗ-ਢੰਗ ਵੇਖੇ। ਕਦੇ ਅੰਗਰੇਜ਼ਾਂ ਦਾ ਵਿਰੋਧ ਕਰ ਰਹੇ ਲੋਕਾਂ ਨੇ ਦੁਕਾਨਾਂ ਨੂੰ ਅੱਗਾਂ ਲਾਈਆਂ। ਕਦੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਇਸਦੇ ਨਾਂ ਬਦਲੇ ਗਏ।
ਵਿਸ਼ਵ ਵਿਚ ਦਿੱਲੀ ਦੀ ਪਹਿਚਾਣ ਕਨਾਟ ਪਲੇਸ ਨਾਲ ਜੁੜੀ ਹੋਈ ਹੈ। ਇਸੇ ਕਾਰਨ ਦੇਸ਼ ਵਿਦੇਸ਼ ਤੋਂ ਦਿੱਲੀ ਆਉਣ ਵਾਲੇ ਯਾਤਰੀ ਕਨਾਟ ਪਲੇਸ ਜ਼ਰੂਰ ਘੁੰਮਣ ਜਾਂਦੇ ਹਨ। ਨਤੀਜੇ ਵਜੋਂ ਇਥੇ ਹਮੇਸ਼ਾਂ ਚਹਿ ਪਹਿਲ ਰਹਿੰਦੀ ਹੈ। ਦੇਸ਼ ਵਿਦੇਸ਼ ਦੇ ਯਾਤਰੀਆਂ ਦਾ ਅਨੁਭਵ ਸੁਖਦ ਹੋਵੇ ਅਤੇ ਉਹ ਚੰਗਾ ਪ੍ਰਭਾਵ ਲੈ ਕੇ ਜਾਣ ਇਸ ਲਈ ਸੰਬੰਧਤ ਅਦਾਰਾ ਇਸਦੀ ਦਸ਼ਾ ਸੁਧਾਰਨ ਲਈ ਕਾਰਜਸ਼ੀਲ ਹੈ।
ਜਲਦੀ ਹੀ ਇਥੇ ਦੇਸ਼ ਦਾ ਪਹਿਲਾ ਖਾਦੀ ਮਾਲ ਖੁਲ੍ਹਣ ਜਾ ਰਿਹਾ ਹੈ ਜਿਥੇ ਗਾਹਕਾਂ ਦੀ ਸਹੂਲਤ ਅਤੇ ਪਸੰਦ ਦਾ ਖਾਸ ਧਿਆਨ ਰੱਖਿਆ ਜਾਵੇਗਾ। ਏ.ਆਈ. (ਆਰਟੀਫ਼ੀਸ਼ੀਅਲ ਇੰਟੈਲੀਜੈਂਸ) ਦਾ ਵਿਸ਼ੇਸ਼ ਮਾਡਲ ਦੱਸੇਗਾ ਕਿ ਕਿਹੜੇ ਰੰਗ ਅਤੇ ਡਿਜ਼ਾਇਨ ਦਾ ਖਾਦੀ ਕੱਪੜਾ ਰੱਖਣਾ ਲਾਹੇਵੰਦ ਹੋਵੇਗਾ। ਇਸੇ ਤਰ੍ਹਾਂ ਇਹ ਮਾਡਲ ਗਾਹਕਾਂ ਨੂੰ ਦੱਸੇਗਾ ਕਿ ਉਨ੍ਹਾਂ ’ਤੇ ਕਿਹੜੇ ਰੰਗ ਅਤੇ ਡਿਜ਼ਾਈਨ ਦੇ ਕੱਪੜੇ ਵਧੇਰੇ ਫੱਬਣਗੇ।
ਕਨਾਟ ਪਲੇਸ ਦਿੱਲੀ ਆਪਣੇ ਡਿਜ਼ਾਈਨ, ਜੀਵੰਤ ਮਾਹੌਲ, ਵੰਨ ਸਵੰਨੇ ਸ਼ੋਅਰੂਮ, ਰੈਸਟੋਰੈਂਟ ਅਤੇ ਮਨੋਰੰਜਨ ਸਥਾਨਾਂ ਕਰਕੇ ਵੀ ਪ੍ਰਸਿੱਧ ਹੈ। ਇਥੇ ਕਈ ਸਿਨੇਮਾਂ ਘਰ ਅਤੇ ਕੌਫ਼ੀ ਹਾਊਸ ਹਨ। ਇਹ ਸਥਾਨ ਦਿੱਲੀ ਦੇ ਵੱਖ-ਵੱਖ ਇਲਾਕਿਆਂ ਨਾਲ ਸਿੱਧੇ, ਸੌਖੇ ਤੇ ਬਿਹਤਰ ਢੰਗ ਨਾਲ ਜੁੜਿਆ ਹੋਇਆ ਹੈ।
ਕਨਾਟ ਪਲੇਸ ਦੀ ਸੈਂਟਰਲ ਪਾਰਕ ਹੇਠਾਂ ਮੈਟਰੋ ਸਟੇਸ਼ਨ ਬਣਨ ਨਾਲ ਇੱਥੇ ਆਉਣਾ ਜਾਣਾ ਹੋਰ ਅਸਾਨ ਹੋ ਗਿਆ ਹੈ। ਇਸੇ ਕਾਰਨ ਪਹਿਲਾਂ ਦੇ ਮੁਕਾਬਲੇ ਹੁਣ ਇੱਥੇ ਚਹਿਲ-ਪਹਿਲ ਹੋਰ ਵੱਧ ਗਈ ਹੈ।
