ਤੇਜਿੰਦਰ ਚੰਡਿਹੋਕ ਬਹੁ-ਵਿਧਾਵੀ ਸਾਹਿਤਕਾਰ ਹੈ। ਉਸਦੀਆਂ ਹੁਣ ਤੱਕ ਦਸ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਇੱਕ ਕਾਵਿ, ਇੱਕ ਮਿੰਨੀ ਕਹਾਣੀ, ਇੱਕ ਸਮੀਖਿਆ ਸੰਗ੍ਰਹਿ ਅਤੇ ਸਤ ਅਨੁਵਾਦਿਤ ਪੁਸਤਕਾਂ ਸ਼ਾਮਲ ਹਨ। ਅਨੁਵਾਦਿਤ ਪੁਸਤਕਾਂ ਵਿੱਚ ਦੋ ਕਾਵਿ ਸੰਗ੍ਰਹਿ, ਦੋ ਕਹਾਣੀ ਸੰਗ੍ਰਹਿ, ਇੱਕ ਰੁਬਾਈ ਸੰਗ੍ਰਹਿ, ਇੱਕ ਸਫਰਨਾਮਾ ਅਤੇ ਇੱਕ ਵਾਰਤਕ ਦੀ ਪੁਸਤਕ ਹੈ। ‘ਯਾਦਾਂ ਤੇਰੀਆਂ’ ਉਸਦੀ ਬਾਰਵੀਂ ਪੁਸਤਕ ਹੈ। ਉਸਨੇ ਇਸ ਪੁਸਤਕ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ (ਵਾਰਤਕ) ਵਿੱਚ 24 ਲੇਖ, ਦੂਜੇ ਭਾਗ (ਕਾਵਿ-ਕਿਆਰੀ) ਵਿੱਚ ਤੇਜਿੰਦਰ ਚੰਡਿਹੋਕ ਦੀਆਂ 14 ਗ਼ਜ਼ਲਾਂ, 2 ਕਵਿਤਾਵਾਂ ਅਤੇ ਹੋਰ ਵਿਅਕਤੀਆਂ ਦੀਆਂ 6 ਕਵਿਤਾਵਾਂ ਅਤੇ ਤੀਜੇ ਭਾਗ ਵਿੱਚ 16 ਤਸਵੀਰਾਂ ਹਨ। ਇੱਕ ਕਿਸਮ ਨਾਲ ਇਹ ਪੁਸਤਕ ਤੇਜਿੰਦਰ ਚੰਡਿਹੋਕ ਨੇ ਆਪਣੀ ਪਤਨੀ ਹਰਦੀਪ ਕੌਰ ਚੰਡਿਹੋਕ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਹੀ ਸੰਪਾਦਿਤ ਕੀਤੀ ਗਈ ਹੈ। ਲੇਖ ਅਤੇ ਕਵਿਤਾਵਾਂ ਚੰਡਿਹੋਕ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿਤਰਾਂ ਦੀਆਂ ਹੀ ਲਿਖੀਆਂ ਹੋਈਆਂ ਹਨ। ਸਾਰੀਆਂ ਤਸਵੀਰਾਂ ਵੀ ਹਰਦੀਪ ਕੌਰ ਚੰਡਿਹੋਕ ਦੀਆਂ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਹੀ ਸੰਬੰਧਤ ਹਨ। ਇੱਕ ਕਿਸਮ ਨਾਲ ਹਰਦੀਪ ਕੌਰ ਚੰਡਿਹੋਕ ਨੂੰ ਸ਼ਰਧਾਂਜ਼ਲੀ ਹੀ ਹੈ। ਇਸ ਪੁਸਤਕ ਨੂੰ ਹਰਦੀਪ ਕੌਰ ਚੰਡਿਹੋਕ ਸਿਮਰਤੀ ਗ੍ਰੰਥ ਵੀ ਕਿਹਾ ਜਾ ਸਕਦਾ ਹੈ। ਇਸ ਪੁਸਤਕ ਨੂੰ ਮੌਲਿਕ ਪੁਸਤਕ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਪੁਸਤਕ ਦੇ 42 ਪੰਨਿਆਂ ‘ਤੇ ਤੇਜਿੰਦਰ ਚੰਡਿਹੋਕ ਦਾ ਲੇਖ ਅਤੇ ਗ਼ਜ਼ਲਾਂ/ਕਵਿਤਾਵਾਂ ਹਨ। ਪਹਿਲਾ ਲੇਖ ‘ਯਾਦਾਂ ‘ਚ ਤੂੰ’ ਬਹੁਤ ਹੀ ਭਾਵਪੂਰਤ ਤੇ ਲੰਬਾ ਲੇਖ ਹੈ, ਜਿਸ ਵਿੱਚ ਇੱਕ ਕਿਸਮ ਨਾਲ ਤੇਜਿੰਦਰ ਚੰਡਿਹੋਕ ਨੇ ਸੰਖੇਪ ਵਿੱਚ ਆਪਣੀ ਸਵੈ-ਜੀਵਨੀ/ਹਰਦੀਪ ਕੌਰ ਚੰਡਿਹੋਕ ਦੀ ਜੀਵਨੀ ਲਿਖ ਦਿੱਤੀ ਹੈ। ਉਸਨੇ ਆਪਣੇ ਵਿਆਹ ਸੰਬੰਧੀ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਬਾਖ਼ੂਬੀ ਨਾਲ ਵਰਣਨ ਕਰ ਦਿੱਤਾ ਹੈ ਪ੍ਰੰਤੂ ਛੁਪਾਇਆ ਕੁਝ ਵੀ ਨਹੀ, ਜਿਸ ਕਰਕੇ ਇਸ ਲੇਖ ਨੂੰ ਪੜ੍ਹਨ ਦੀ ਚੇਸ਼ਟਾ ਬਣੀ ਰਹਿੰਦੀ ਹੈ। ਵਿਆਹ ਕਦੋਂ, ਕਿਵੇਂ, ਦਾਜ, ਪਰਿਵਾਰਾਂ ਦੀਆਂ ਚੁੰਝ ਚਰਚਾਵਾਂ, ਬੱਚਿਆਂ ਦੇ ਵਿਆਹ, ਗ਼ਰੀਬਾਂ ਦੀ ਮਦਦ, ਸਮਾਜ ਸੇਵਾ, ਸਾਹਿਤਕ ਦਿਲਚਸਪੀ, ਹਸਤਪਤਾਲਾਂ ਦੇ ਚਕਰ ਆਦਿ। ਇਸ ਤੋਂ ਇਲਾਵਾ ਹਰਦੀਪ ਕੌਰ ਚੰਡਿਹੋਕ ਦੇ ਸੁਭਾਅ ਜਿਸ ਵਿੱਚ ਨਮਰਤਾ, ਸਤਿਕਾਰ ਅਤੇ ਦੂਜਿਆਂ ਨਾਲ ਮੋਹ ਤੇ ਹਮਦਰਦੀ ਦੀ ਝਲਕ ਵਿਖਾਈ ਦਿੰਦੀ ਹੈ। ਲੇਖਕ ਨੇ ਆਪਣੀ ਸਰਕਾਰੀ ਨੌਕਰੀ ਦੇ ਝਮੇਲਿਆਂ ਅਤੇ ਜ਼ਿੰਮੇਵਾਰੀਆਂ ਨੂੰ ਵੀ ਤਫ਼ਸੀਲ ਨਾਲ ਲਿਖਿਆ ਹੈ। ਹਰਦੀਪ ਕੌਰ ਚੰਡਿਹੋਕ ਦੀ ਧਾਰਮਿਕ ਪ੍ਰਵਿਰਤੀ, ਮਹਿਮਾਨ ਨਿਵਾਜ਼ੀ, ਫ਼ਿਰਾਕਦਿਲੀ, ਤਹਿਜ਼ੀਬ, ਅਪਣੱਤ, ਬੁਰਾ ਨਾ ਸੋਚਣਾ, ਚੰਗੀ ਸੱਸ/ਨਣਦ/ਭਰਜਾਈ, ਮਿਲਣਸਾਰ, ਔਰਤਾਂ ਦੀ ਮਾਨਸਿਕਤਾ, ਮਿਲਵਰਤਨ, ਮਾਂ ਦਾ ਪੁੱਤ ਅਤੇ ਪਿਤਾ ਦਾ ਲੜਕੀ ਨਾਲ ਵਧੇਰੇ ਮੋਹ, ਸ਼ਹਿਨਸ਼ੀਲਤਾ ਅਤੇ ਘਰੇਲ ਕਾਰਜਾਂ ਨੂੰ ਨੇਪਰੇ ਚਾੜ੍ਹਨ ਦੀ ਚੁਸਤੀ-ਫ਼ੁਰਤੀ ਬਾਰੇ ਵੀ
ਪਿਤਾ ਦਾ ਲੜਕੀ ਨਾਲ ਵਧੇਰੇ ਮੋਹ, ਸ਼ਹਿਨਸ਼ੀਲਤਾ ਅਤੇ ਘਰੇਲ ਕਾਰਜਾਂ ਨੂੰ ਨੇਪਰੇ ਚਾੜ੍ਹਨ ਦੀ ਚੁਸਤੀ-ਫ਼ੁਰਤੀ ਬਾਰੇ ਵੀ ਜਾਣਕਾਰੀ ਦਿੱਤੀ ਹੈੈ। ਔਰਤਾਂ ਦਾ ਕੁੜੀ ਜੰਮਣ ਵਿੱਚ ਦਿਲਚਸਪੀ ਨਾ ਹੋਣਾ ਵੀ ਦਰਸਾਇਆ ਗਿਆ ਹੈ। ਹਰਦੀਪ ਕੌਰ ਚੰਡਿਹੋਕ ਨੇ ਬੱਚਿਆਂ ਦੇ ਪਾਲਣ ਪੋਸਣ ਲਈ ਨੌਕਰੀ ਵੀ ਛੱਡ ਦਿੱਤੀ ਸੀ। ਇਸੇ ਤਰ੍ਹਾਂ ਦੂਜੇ ਭਾਗ (ਕਾਵਿ-ਕਿਆਰੀ) ਵਿੱਚ ਤੇਜਿੰਦਰ ਚੰਡਿਹੋਕ ਨੇ ਆਪਣੀਆਂ ਗ਼ਜ਼ਲਾਂ/ਕਵਿਤਾਵਾਂ ਰਾਹੀਂ ਆਪਣੀ ਪਤਨੀ ਹਰਦੀਪ ਕੌਰ ਚੰਡਿਹੋਕ ਦੀ ਯਾਦ ਤੇ
ਵਿਛੋੜੇ ਦੇ ਦਰਦ ਨੂੰ ਪ੍ਰਗਟ ਕੀਤਾ ਹੈ, ਭਾਵੇਂ ਕੁਝ ਗ਼ਜ਼ਲਾਂ ਰੁਮਾਂਟਿਕ ਵੀ ਹਨ ਪ੍ਰੰਤੂ ਮੁੱਖ ਤੌਰ ‘ਤੇ ਬਿ੍ਰਹਾ ਦੀ ਚੀਸ ਸੁਣਾਈ ਦਿੰਦੀ ਹੈ। ਇਨ੍ਹਾਂ ਗ਼ਜ਼ਲਾਂ ਦੇ ਕੁਝ ਸ਼ਿਅਰ ਦੇ ਰਿਹਾ ਹਾਂ, ਜਿਹੜੇ ਵਿਛੋੜੇ ਦੀ ਹੂਕ ਦਾ ਪ੍ਰਗਟਾਵਾ ਕਰਦੇ ਹਨ :
ਅੰਦਰ ਬਹਿ ਕੇ ਰੋ ਲੈਨੇ ਆਂ, ਦਿਲ ਦਾ ਬੂਹਾ ਢੋ ਲੈਨੇ ਆਂ।
ਤੇਰੀ ਯਾਦ ਭੁਲਾਵਾਂ ਕਿੱਦਾਂ? ਆਪਣਾ ਆਪ ਮਿਟਾਵਾਂ ਕਿੱਦਾਂ?
ਤੇਰੇ ਬਾਝੋਂ ਰੁੱਲ ਗਏ ਆਂ, ਹਲਕੇ ਪਲੜੇ ਤੁਲ ਗਏ ਆਂ।
ਤੈਨੂੰ ਯਾਦਾਂ ਵਿੱਚ ਵਸਾ ਕੇ- ਆਪਣਾ ਆਪਾ ਭੁੱਲ ਗਏ ਆਂ।
ਲੋਕਾਂ ਦੀ ਦੀਵਾਲੀ ਪਰ- ਮੇਰੇ ਘਰ ਵਿੱਚ ਨੇ੍ਹਰਾ।
ਤੇਰੇ ਬਿਨ ਦੀਵਾ ਬਾਲਣ ਦਾ ਕਿੰਝ ਕਰਾਂ ਮੈਂ ਜੇਰਾ।
ਸੀਨੇ ਪੱਥਰ ਲਾਈ ਬੈਠਾਂ, ਆਪਣਾ ਦਰਦ ਦਬਾਈ ਬੈਠਾਂ।
ਆਇਆ ਨਾ ਸੰਦੇਸ਼ਾ ਤੇਰਾ- ਆਸ ‘ਚ ਵਕਤ ਬਿਤਾਉਂਦਾ ਰਹਿਨਾ।
ਯਾਦਾਂ ਦੇ ਵਿੱਚ ਵਹਿ ਜਾਨਾ ਵਾਂ, ਦਰਦਾਂ ਨੂੰ ਬਸ ਸਹਿ ਜਾਨਾ ਵਾਂ।
ਇਸ ਤੋਂ ਇਲਾਵਾ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਛੇ ਕਵੀਆਂ ਨੇ ਵੀ ਹਰਦੀਪ ਕੌਰ ਚੰਡਿਹੋਕ ਦੀ ਯਾਦ ਵਿੱਚ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਵਿਤਾਵਾਂ ਰਾਹੀਂ ਕੀਤਾ ਹੈ।
104 ਪੰਨਿਆਂ, 250 ਰੁਪਏ ਵਾਲੀ ਇਹ ਪੁਸਤਕ ਤਾਲਿਫ਼ ਪ੍ਰਕਾਸ਼ਨ, ਬਰਨਾਲਾ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ : ਤੇਜਿੰਦਰ ਚੰਡਿਹੋਕ : 9501000224
