ਝੋਟੇ ਦੀ ਹੱਤਿਆ ਨੇ ‘ਆਪ’ ਦੀ ਨਸ਼ਾ ਵਿਰੋਧੀ ਮੁਹਿੰਮ ਤੇ ਕਾਨੂੰਨ-ਵਿਵਸਥਾ ਦੀ ਪੋਲ ਖੋਲ੍ਹੀ: ਪ੍ਰੋ. ਸਰਚਾਂਦ ਸਿੰਘ ਖਿਆਲਾ

Screenshot_2026-10-13_14-22-15.resizedਅੰਮ੍ਰਿਤਸਰ : ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਖ਼ਬਰ ’ਤੇ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਸ ਘਟਨਾ ਨੇ ਆਮ ਆਦਮੀ ਪਾਰਟੀ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਦਾਅਵਿਆਂ ਅਤੇ ਪੰਜਾਬ ਦੀ ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਪ੍ਰੋ. ਖਿਆਲਾ ਨੇ ਕਿਹਾ ਕਿ ਤਿੰਨ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦੀ ਗਾਰੰਟੀ ਦੇ ਕੇ ਸੱਤਾ ਵਿੱਚ ਆਈ ‘ਆਪ’ ਸਰਕਾਰ ਅੱਜ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਵੀ ਯਕੀਨੀ ਨਹੀਂ ਬਣਾ ਸਕੀ। ਸਵਾਲ ਹੈ ਕਿ ਸਰਕਾਰ ਦੇ ਵੱਡੇ-ਵੱਡੇ ਵਾਅਦਿਆਂ ਦਾ ਕੀ ਬਣਿਆ? ਸਿਰਫ਼ ਛਾਪਿਆਂ, ਗ੍ਰਿਫ਼ਤਾਰੀਆਂ ਅਤੇ ਪ੍ਰਚਾਰ ਮੁਹਿੰਮਾਂ ਨਾਲ ਨਸ਼ਿਆਂ ’ਤੇ ਕਾਬੂ ਨਹੀਂ ਪਾਇਆ ਜਾ ਸਕਦਾ, ਜਦੋਂ ਤੱਕ ਤਸਕਰੀ ਦੇ ਨੈੱਟਵਰਕ ਤੋੜੇ ਨਹੀਂ ਜਾਂਦੇ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਂਦੀ।

ਉਨ੍ਹਾਂ ਨਸ਼ਿਆਂ ਦੇ ਮੁੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲੀ ਝੰਡੀ ਦਿਖਾਉਣ ਵਾਲੇ ਮੋਹਨਜੀਤ ਸਿੰਘ ਸ਼ੇਰੋਂ ਨਾਲ ਪੁਲਿਸ ਤਸ਼ੱਦਦ ਅਤੇ ਆਪਣੇ ਪੁੱਤਰ ਦੀ ਨਸ਼ੇ ਦੀ ਲਤ ਤੋਂ ਦੁਖੀ ਹੋ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਵਾਲ ਕਰਨ ਵਾਲੇ ਗੁਲਜ਼ਾਰ ਸਿੰਘ ਦੀ ਖ਼ੁਦਕੁਸ਼ੀ ਵਰਗੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਘਟਨਾਵਾਂ ਸਰਕਾਰ ਦੀ ਜਵਾਬਦੇਹੀ ਅਤੇ ਨਸ਼ਾ-ਪੀੜਤ ਪਰਿਵਾਰਾਂ ਪ੍ਰਤੀ ਸੰਵੇਦਨਸ਼ੀਲਤਾ ’ਤੇ ਸਵਾਲ ਖੜ੍ਹੇ ਕਰਦੀਆਂ ਹਨ।

ਉਨ੍ਹਾਂ ਕਿਹਾ, ਹੁਣ “ਜਦੋਂ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਹੀ ਅਸੁਰੱਖਿਅਤ ਹੋਣ, ਨਸ਼ਿਆਂ ਤੋਂ ਪੀੜਤ ਪਰਿਵਾਰ ਇਨਸਾਫ਼ ਲਈ ਭਟਕਣ ਅਤੇ ਇੱਕ ਨਸ਼ਾ ਵਿਰੋਧੀ ਕਾਰਕੁਨ ਦੀ ਗੋਲੀ ਮਾਰ ਕੇ ਹੱਤਿਆ ਦੀ ਖ਼ਬਰ ਸਾਹਮਣੇ ਆਵੇ, ਤਾਂ ਸਰਕਾਰ ਸਿਰਫ਼ ਮੀਟਿੰਗਾਂ ਸੱਦ ਕੇ ਅਤੇ ਬਿਆਨ ਜਾਰੀ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੀ। ਪੰਜਾਬ ਨੂੰ ਪ੍ਰਚਾਰ ਨਹੀਂ, ਜਵਾਬਦੇਹੀ ਚਾਹੀਦੀ ਹੈ।”

ਪ੍ਰੋ. ਖਿਆਲਾ ਨੇ ਸਵਾਲ ਕੀਤਾ ਕਿ ਕੀ ਸਰਕਾਰ ਕੋਲ ਨਸ਼ਾ ਵਿਰੋਧੀ ਕਾਰਕੁਨਾਂ ਦੀ ਸੁਰੱਖਿਆ, ਸ਼ਿਕਾਇਤਾਂ ’ਤੇ ਤੁਰੰਤਕਾਰਵਾਈ ਅਤੇ ਸ਼ੱਕੀ ਗੈਰ-ਕਾਨੂੰਨੀ ਦਵਾਈਆਂ ਦੀ ਵਿਕਰੀ ਦੀ ਜਾਂਚ ਲਈ ਕੋਈ ਪ੍ਰਭਾਵਸ਼ਾਲੀ ਪ੍ਰਣਾਲੀ ਹੈ? ਉਨ੍ਹਾਂ ਪੁਲਿਸ ਅਤੇ ਡਰੱਗ ਕੰਟਰੋਲ ਵਿਭਾਗ ਵਿਚਾਲੇ ਬਿਹਤਰ ਤਾਲਮੇਲ ਰਾਹੀਂ ਵੱਡੇ ਨਸ਼ਾ ਤਸਕਰਾਂ, ਉਨ੍ਹਾਂ ਦੇ ਵਿੱਤੀ ਨੈੱਟਵਰਕ, ਸਰਹੱਦ ਪਾਰ ਤਸਕਰੀ ਅਤੇ ਸਥਾਨਕ ਸਪਲਾਈ ਚੇਨ ਵਿਰੁੱਧ ਨਿਰਣਾਇਕ ਕਾਰਵਾਈ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰੀਆਂ ਦੀ ਗਿਣਤੀ ਵਧਣਾ ਨਸ਼ਿਆਂ ਦੇ ਕਾਰੋਬਾਰ ’ਤੇ ਕਾਬੂ ਪੈਣ ਦਾ ਸਬੂਤ ਨਹੀਂ ਹੈ। ਸਰਕਾਰ ਨੂੰ ਨਸ਼ਿਆਂ ਦੀ ਉਪਲਬਧਤਾ ਵਿੱਚ ਕਮੀ ਅਤੇ ਨਸ਼ਾ-ਪੀੜਤਾਂ ਦੇ ਮੁੜ ਵਸੇਬੇ ਦੇ ਠੋਸ ਅੰਕੜੇ ਵੀ ਜਨਤਕ ਕਰਨੇ ਚਾਹੀਦੇ ਹਨ।
ਪ੍ਰੋ. ਖਿਆਲਾ ਨੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੀ ਤੁਰੰਤ, ਨਿਰਪੱਖ ਅਤੇ ਸਮਾਂਬੱਧ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਅਤੇ ਸਾਜ਼ਿਸ਼ ਵਿੱਚ ਸ਼ਾਮਲ ਪਾਏ ਜਾਣ ਵਾਲੇ ਸਾਰੇ ਵਿਅਕਤੀਆਂ ਵਿਰੁੱਧ ਬਿਨਾਂ ਕਿਸੇ ਸਿਆਸੀ ਜਾਂ ਪ੍ਰਸ਼ਾਸਨਿਕ ਦਬਾਅ ਦੇ ਸਖ਼ਤ ਕਾਨੂੰਨੀ ਕਾਰਵਾਈ ਹੋਵੇ। ਘਟਨਾ ਵਿੱਚ ਗੰਭੀਰ ਜ਼ਖ਼ਮੀ ਹੋਏ ਦੱਸੇ ਜਾ ਰਹੇ ਝੋਟਾ ਦੇ ਸਾਥੀ ਨੂੰ ਬਿਹਤਰ ਇਲਾਜ ਅਤੇ ਸੁਰੱਖਿਆ ਦਿੱਤੀ ਜਾਵੇ ਅਤੇ ਨਸ਼ਿਆਂ ਵਿਰੁੱਧ ਸੰਘਰਸ਼ ਕਰ ਰਹੇ ਕਾਰਕੁਨਾਂ ਤੇ ਪੀੜਤ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

ਉਨ੍ਹਾਂ ਕਿਹਾ, “ਭਗਵੰਤ ਮਾਨ ਸਰਕਾਰ ਨਸ਼ਾ ਮੁਕਤ ਪੰਜਾਬ ਦੇ ਦਾਅਵਿਆਂ ਪਿੱਛੇ ਲੁਕ ਕੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੀ। ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਨਸ਼ਿਆਂ ਵਿਰੁੱਧ ਲੜਨ ਵਾਲਿਆਂ ਦੀ ਜਾਨ ਦੀ ਰਾਖੀ ਕੌਣ ਕਰੇਗਾ ਅਤੇ ਤਿੰਨ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦੇ ਵਾਅਦੇ ਦਾ ਹਿਸਾਬ ਕੌਣ ਦੇਵੇਗਾ? ਹੁਣ ਨਾਅਰੇਬਾਜ਼ੀ ਦਾ ਨਹੀਂ, ਜਵਾਬਦੇਹੀ ਅਤੇ ਠੋਸ ਕਾਰਵਾਈ ਦਾ ਸਮਾਂ ਹੈ।” ‘ਆਪ’ ਸਰਕਾਰ ਹੁਣ ਨਸ਼ਾ ਖ਼ਤਮ ਕਰਨ ਦੇ ਵਾਅਦਿਆਂ ਦਾ ਹਿਸਾਬ ਦੇਵੇ।

This entry was posted in ਪੰਜਾਬ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>