ਬ੍ਰਹਮ ਗਿਆਨੀ ਬਾਬਾ ਬੁੱਢਾ ਜੀ : ਬੰਦਗੀ, ਸੇਵਾ ਤੇ ਸਮਰਪਣ ਦੇ ਮੁਜੱਸਮੇ

ਗੁਰਬਾਣੀ ਵਿੱਚ ਜਿਸ ਪੂਰਨ ਮਨੁੱਖ, ਬ੍ਰਹਮ ਗਿਆਨੀ ਤੇ ਗੁਰਮੁਖ ਦੇ ਗੁਣਾਂ ਦਾ ਵਰਣਨ ਕੀਤਾ ਗਿਆ ਹੈ, ਉਹ ਸਾਰੇ ਗੁਣ ਬਾਬਾ ਬੁੱਢਾ ਜੀ ਦੀ ਮਹਾਨ ਸ਼ਖ਼ਸੀਅਤ ਵਿੱਚ ਵਿਦਮਾਨ ਸਨ। ਆਪ ਜੀ ਗੁਰੂ-ਘਰ ਦੇ ਅਨਿੰਨ ਸੇਵਕ, ਗੁਰਮਤਿ ਦੇ ਪ੍ਰਚਾਰਕ, ਪਰਉਪਕਾਰੀ, ਮਹਾਨ ਉਸਰੱਈਏ, ਦੂਰਅੰਦੇਸ਼ ਅਤੇ ਵਿਦਵਾਨ ਸਨ। ਆਪ ਜੀ ਅਜਿਹੇ ਆਦਰਸ਼ਕ ਅਤੇ ਅਦੁੱਤੀ ਗੁਰਸਿੱਖ ਸਨ, ਜਿਨ੍ਹਾਂ ਦੀਆਂ ਅੱਖਾਂ ਅੱਗੋਂ ਲਗਭਗ ਅੱਧਾ ਗੁਰ-ਇਤਿਹਾਸ ਲੰਘਿਆ। ਆਪ ਜੀ ਨੂੰ ਪਹਿਲੀਆਂ ਛੇ ਪਾਤਸ਼ਾਹੀਆਂ ਦੀ ਸੰਗਤ ਅਤੇ ਸੇਵਾ ਕਰਨ, ਗੁਰੂ ਨਾਨਕ ਦੇਵ ਜੀ ਤੋਂ ਬਾਅਦ ਅਗਲੀਆਂ ਪੰਜ ਪਾਤਸ਼ਾਹੀਆਂ ਨੂੰ ਗੁਰਗੱਦੀ ’ਤੇ ਬਿਰਾਜਮਾਨ ਕਰਨ ਸਮੇਂ ਤਿਲਕ ਲਗਾਉਣ ਦਾ ਮਾਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੇ ਪ੍ਰਕਾਸ਼ ਸਮੇਂ ਪਹਿਲੇ ਗ੍ਰੰਥੀ ਵਜੋਂ ਸੇਵਾ ਨਿਭਾਉਣ ਦਾ ਸੁਭਾਗ ਅਤੇ ਭਾਰਤੀ ਇਤਿਹਾਸ ਨੂੰ ਨਵੀਂ ਦਿਸ਼ਾ ਦੇਣ ’ਚ ਅਹਿਮ ਦਸਤਕ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੱਥੀਂ ਨਿਰਮਾਣ ਅਤੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਮੀਰੀ ਪੀਰੀ ਦੀਆਂ ਦੇ ਤਲਵਾਰਾਂ ਪਹਿਨਾਉਣਾ ਵੀ ਆਪ ਜੀ ਦੇ ਹਿੱਸੇ

ਬਾਬਾ ਬੁੱਢਾ ਜੀ ਦਾ ਜਨਮ ਸੰਮਤ 1563 ਬਿਕ੍ਰਮੀ, 7 ਕੱਤਕ ਵਦੀ 10 (22 ਅਕਤੂਬਰ, 1506 ਈ.) ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੱਥੂਨੰਗਲ ਵਿਖੇ ਭਾਈ ਸੁੱਖਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਮਾਤਾ ਗੌਰਾਂ ਜੀ ਦੀ ਕੁੱਖੋਂ ਹੋਇਆ। ਮਾਪਿਆਂ ਨੇ ਬਾਲਕ ਦਾ ਨਾਂ ਬੂੜਾ ਰੱਖਿਆ। ਲਗਭਗ ਬਾਰਾਂ ਸਾਲ ਦੀ ਉਮਰ ਵਿੱਚ ਪਸ਼ੂ ਚਾਰਦਿਆਂ ਬਾਲਕ ਬੂੜੇ ਦਾ ਮੇਲ ਗੁਰੂ ਨਾਨਕ ਦੇਵ ਜੀ ਨਾਲ ਹੋਇਆ। ਉਨ੍ਹਾਂ ਗੁਰੂ ਸਾਹਿਬ ਨੂੰ ਸਾਧੂ-ਸੰਤ ਜਾਣ ਕੇ ਦੁੱਧ ਭੇਟ ਕੀਤਾ ਅਤੇ ਉਨ੍ਹਾਂ ਨਾਲ ਬਿਬੇਕ ਤੇ ਵੈਰਾਗ ਦੀਆਂ ਗੱਲਾਂ ਕੀਤੀਆਂ। ਬਾਲਕ ਬੂੜੇ ਦੇ ਵਿਚਾਰਾਂ ਨੂੰ ਸੁਣ ਕੇ ਸਤਿਗੁਰੂ ਜੀ ਬਖਸ਼ਿਸ਼ ਦੇ ਘਰ ਆਏ ਅਤੇ ਕਿਹਾ ’’ ਭਾਵੇਂ ਉਮਰ ਨਿੱਕੀ ਹੈ, ਪਰ ਸੂਝ ਸਮਝ ਪੱਖੋਂ ਤੂੰ ਬੁੜਾ ਨਹੀਂ ਸਗੋਂ ਬੁੜ੍ਹਾ ਭਾਵ ਬੁੱਢਾ ਹੈ। ਉਸ ਦਿਨ ਤੋਂ ਬੂੜੇ ਦਾ ਨਾਂ ਬੁੱਢਾ ਪ੍ਰਸਿੱਧ ਹੋ ਗਿਆ। ਕੌਣ ਜਾਣਦਾ ਸੀ ਕਿ ਇਹ ਬਾਲਕ ਇੱਕ ਦਿਨ ਆਪਣੀ ਅਧਿਆਤਮਿਕ ਸੂਝ-ਬੂਝ, ਗੁਰੂ-ਭਗਤੀ ਅਤੇ ਨਿਸ਼ਕਾਮ ਸੇਵਾ ਸਦਕਾ ਸਿੱਖ ਇਤਿਹਾਸ ਵਿੱਚ ਅਜਿਹਾ ਉੱਚਾ ਸਥਾਨ ਹਾਸਲ ਕਰੇਗਾ ਕਿ ਉਸ ਦਾ ਨਾਂ ਸਦੀਆਂ ਤੱਕ ਸ਼ਰਧਾ ਨਾਲ ਲਿਆ ਜਾਂਦਾ ਰਹੇਗਾ।

ਗੁਰੂ ਨਾਨਕ ਦੇਵ ਜੀ ਦੀ ਸੰਗਤ ’ਚ ਕਰਤਾਰਪੁਰ ਵਿਖੇ ਗੁਰਮਤਿ ਗਿਆਨ ਦੀਆਂ ਬਾਰੀਕੀਆਂ ਨੂੰ ਪ੍ਰਾਪਤ ਕੀਤਾ ਅਤੇ ਇਸ ਗਿਆਨ ਨੂੰ ਹੋਰ ਸਿੱਖਾਂ ਨਾਲ ਵੀ ਖੁੱਲ੍ਹੇ ਦਿਲ ਨਾਲ ਸਾਂਝਾ ਕੀਤਾ। ਇਸੇ ਦੌਰਾਨ ਆਪ ਜੀ ਦਾ ਵਿਆਹ ਪਿੰਡ ਅਚੱਲ, ਵਟਾਲਾ ਵਿਖੇ ਸਮਰਾਹ ਗੋਤ ਦੇ ਜ਼ਿਮੀਂਦਾਰ ਦੀ ਪੁੱਤਰੀ ਮਾਤਾ ਮਿਰੋਆ ਜੀ ਨਾਲ ਹੋਇਆ ਅਤੇ ਉਨ੍ਹਾਂ ਦੇ ਗ੍ਰਹਿ ਵਿਖੇ ਚਾਰ ਪੁੱਤਰਾਂ ਨੇ ਜਨਮ ਲਿਆ। ਗ੍ਰਹਿਸਤ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੀ ਆਪ ਜੀ ਦੀ ਗੁਰੂ-ਭਗਤੀ ਅਤੇ ਸੇਵਾ-ਭਾਵਨਾ ਵਿੱਚ ਕਦੇ ਕਮੀ ਨਾ ਆਈ।

ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਉਪਰੰਤ ਗੁਰੂ ਅੰਗਦ ਦੇਵ ਜੀ ਗੁਰੂ-ਵਿਛੋੜੇ ਦੀ ਪੀੜਾ ਵਿੱਚ ਖਡੂਰ ਸਾਹਿਬ ਵਿਖੇ ਮਾਈ ਸਭਰਾਈ ਜੀ ਦੇ ਘਰ ਇੱਕ ਬੰਦ ਕਮਰੇ ਵਿੱਚ ਇਕਾਂਤਵਾਸ ਕਰ ਗਏ। ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਵਿਆਕੁਲ ਸਨ। ਅਜਿਹੇ ਸਮੇਂ ਬਾਬਾ ਬੁੱਢਾ ਜੀ ਨੇ ਆਪਣੀ ਸੂਝ-ਬੂਝ ਅਤੇ ਗੁਰੂ-ਘਰ ਪ੍ਰਤੀ ਅਟੁੱਟ ਸਮਰਪਣ ਸਦਕਾ ਸਤਿਗੁਰੂ ਜੀ ਨੂੰ ਲੱਭਿਆ ਅਤੇ ਸੰਗਤਾਂ ਨੂੰ ਗੁਰਾਂ ਦੇ ਦਰਸ਼ਨ ਕਰਾਉਣ ਦਾ ਸੁਭਾਗ ਬਖ਼ਸ਼ਿਆ।

ਇਸੇ ਤਰ੍ਹਾਂ, ਜਦੋਂ ਗੁਰੂ ਅਮਰਦਾਸ ਜੀ ਕਿਸੇ ਕਾਰਨ ਉਪਰਾਮ ਹੋ ਕੇ ਪਿੰਡ ਬਾਸਰਕੇ ਵਿਖੇ ਇੱਕ ਕੋਠੇ ਵਿੱਚ ਬੂਹਾ ਬੰਦ ਕਰਕੇ ਬਿਰਾਜਮਾਨ ਹੋ ਗਏ ਅਤੇ ਬਾਹਰ ਲਿਖ ਦਿੱਤਾ ਕਿ ਜਿਹੜਾ ਵੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰੇਗਾ, ਉਹ ਉਨ੍ਹਾਂ ਦਾ ਸਿੱਖ ਨਹੀਂ ਹੋਵੇਗਾ, ਤਾਂ ਬਾਬਾ ਬੁੱਢਾ ਜੀ ਨੇ ਗੁਰੂ-ਹੁਕਮ ਦੀ ਮਰਿਆਦਾ ਕਾਇਮ ਰੱਖਦਿਆਂ ਇੱਕ ਅਨੋਖਾ ਰਾਹ ਅਪਣਾਇਆ। ਉਨ੍ਹਾਂ ਨੇ ਦਰਵਾਜ਼ਾ ਖੋਲ੍ਹਣ ਦੀ ਬਜਾਏ ਪਿੱਛਿਓਂ ਸੰਨ੍ਹ ਲਾਈ ਅਤੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸੰਗਤਾਂ ਨੂੰ ਵੀ ਇਸ ਸੁਭਾਗ ਤੋਂ ਵਾਂਝਾ ਨਾ ਰਹਿਣ ਦਿੱਤਾ। ਇਹ ਪ੍ਰਸੰਗ ਆਪ ਜੀ ਦੀ ਤੀਖਣ ਬੁੱਧੀ, ਗੁਰੂ-ਮਰਿਆਦਾ ਪ੍ਰਤੀ ਸਤਿਕਾਰ ਅਤੇ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਸਮਰੱਥਾ ਦਾ ਪ੍ਰਤੀਕ ਹੈ।

ਬਾਬਾ ਬੁੱਢਾ ਜੀ ਗੁਰੂ-ਘਰ ਦਾ ਇਕ ਸੱਚਾ ਸੇਵਕ ਧਾਰਮਿਕ ਗਿਆਨ ਦੇ ਨਾਲ-ਨਾਲ ਸਮਾਜ ਵਿੱਚ ਬਰਾਬਰੀ, ਸਾਂਝ ਅਤੇ ਮਨੁੱਖੀ ਸਤਿਕਾਰ ਦੀ ਸਥਾਪਨਾ ਲਈ ਵੀ ਯਤਨਸ਼ੀਲ ਰਿਹਾ। ਸੰਗਤਾਂ ਦੀ ਅਗਵਾਈ ਦੇ ਨਾਲ ਨਾਲ ਸਿੱਖ ਪੰਥ ਦੇ ਉਸਾਰੀ ਕਾਰਜਾਂ ਵਿੱਚ ਵੀ ਆਪ ਜੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ। ਖਡੂਰ ਸਾਹਿਬ ਵਿਖੇ ਗੁਰਮਤਿ ਦੀ ਸਿੱਖਿਆ ਦੇਣ ਅਤੇ ਗੁਰੂ ਅਮਰਦਾਸ ਜੀ ਵੱਲੋਂ ਗੋਇੰਦਵਾਲ ਸਾਹਿਬ ਦੀ ਉਸਾਰੀ ਸਮੇਂ ਆਪ ਜੀ ਨੂੰ ਅਹਿਮ ਸੇਵਾਵਾਂ ਸੌਂਪੀਆਂ ਗਈਆਂ। ਗੋਇੰਦਵਾਲ ਸਾਹਿਬ ਵਿਖੇ ਜਾਤ-ਪਾਤ, ਊਚ-ਨੀਚ ਅਤੇ ਛੂਤ-ਛਾਤ ਦੇ ਭੇਦਭਾਵ ਨੂੰ ਮਿਟਾਉਣ ਵਾਲੀ ਗੁਰਮਤਿ ਵਿਚਾਰਧਾਰਾ ਅਨੁਸਾਰ ਸਾਂਝੀ ਬਾਉਲੀ ਦੇ ਨਿਰਮਾਣ ਵਿੱਚ ਵੀ ਆਪ ਜੀ ਨੇ ਆਪਣੀ ਜ਼ਿੰਮੇਵਾਰੀ ਨਿਭਾਈ।

ਅੰਮ੍ਰਿਤਸਰ ਦੀ ਵਸੋਂ ਅਤੇ ਇਸ ਦੇ ਧਾਰਮਿਕ ਮਹੱਤਵ ਨਾਲ ਜੁੜੇ ਕਾਰਜਾਂ ਵਿੱਚ ਵੀ ਬਾਬਾ ਬੁੱਢਾ ਜੀ ਨੇ ਅਹਿਮ ਯੋਗਦਾਨ ਪਾਇਆ। ਆਪ ਜੀ ਲਈ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਸੀ ਅਤੇ ਨਿੱਜੀ ਮਾਣ-ਸਨਮਾਨ ਨਾਲੋਂ ਗੁਰੂ-ਹੁਕਮ ਦੀ ਪਾਲਣਾ ਵਧੇਰੇ ਮਹੱਤਵਪੂਰਨ ਹੁੰਦੀ ਸੀ। ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਸ਼ਹਿਰ ਦੀ ਉਸਾਰੀ, ਸਰੋਵਰਾਂ ਦੀ ਤਿਆਰੀ ਅਤੇ ਹੋਰ ਪੰਥਕ ਕਾਰਜਾਂ ਵਿੱਚ ਆਪ ਜੀ ਨੇ ਤਨ-ਮਨ ਨਾਲ ਸੇਵਾ ਕੀਤੀ। ਅੰਮ੍ਰਿਤ ਸਰੋਵਰ ਦੀ ਕਾਰਸੇਵਾ ਸਮੇਂ ਬਾਬਾ ਬੁੱਢਾ ਜੀ ਨੇ ਟੋਕਰੀਆਂ ਚੁੱਕ ਕੇ ਹੱਥੀਂ ਸੇਵਾ ਕੀਤੀ ਅਤੇ ਬੇਰੀ ਹੇਠ ਬੈਠ ਕੇ ਕਾਰਜਾਂ ਦੀ ਨਿਗਰਾਨੀ ਵੀ ਕਰਦੇ ਰਹੇ।

ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਨਾਲ ਜੁੜੇ ਕਾਰਜਾਂ ਵਿੱਚ ਵੀ ਬਾਬਾ ਬੁੱਢਾ ਜੀ ਦੀ ਅਹਿਮ ਭੂਮਿਕਾ ਰਹੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦੇ ਪਾਵਨ ਪ੍ਰਸੰਗ ਸਮੇਂ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ। ਇਹ ਅਸਥਾਨ ਸਿੱਖ ਧਰਮ ਦੀ ਸਰਬ ਸਾਂਝੀਵਾਲਤਾ, ਨਿਮਰਤਾ ਅਤੇ ਅਧਿਆਤਮਿਕ ਏਕਤਾ ਦਾ ਪ੍ਰਤੀਕ ਬਣਿਆ। ਇਸ ਦੀ ਸਥਾਪਨਾ ਅਤੇ ਵਿਕਾਸ ਨਾਲ ਜੁੜੇ ਕਾਰਜਾਂ ਵਿੱਚ ਬਾਬਾ ਬੁੱਢਾ ਜੀ ਦੀ ਸੇਵਾ ਉਨ੍ਹਾਂ ਦੇ ਗੁਰੂ-ਘਰ ਨਾਲ ਅਟੁੱਟ ਸਬੰਧਾਂ ਦੀ ਗਵਾਹੀ ਭਰਦੀ ਹੈ।

ਮਾਤਾ ਗੰਗਾ ਜੀ ਦੀ ਇੱਛਾ ਅਨੁਸਾਰ ਬਾਬਾ ਬੁੱਢਾ ਜੀ ਤੋਂ ਪੁੱਤਰ ਦੀ ਦਾਤ ਲਈ ਅਸੀਸ ਪ੍ਰਾਪਤ ਕਰਨ ਦਾ ਪ੍ਰਸੰਗ ਵੀ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਬਾਬਾ ਬੁੱਢਾ ਜੀ ਦੀ ਅਸੀਸ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਬਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸ਼ਸਤਰ ਅਤੇ ਸ਼ਾਸਤਰ ਦੀ ਵਿਦਿਆ ਦੇਣ ਦੀ ਸੇਵਾ ਵੀ ਬਾਬਾ ਬੁੱਢਾ ਜੀ ਨੇ ਨਿਭਾਈ। ਆਪ ਜੀ ਨੇ ਬਾਲ ਗੁਰੂ ਸਾਹਿਬ ਨੂੰ ਧਾਰਮਿਕ ਗਿਆਨ ਦੇ ਨਾਲ-ਨਾਲ ਸੂਰਮਤਾਈ, ਆਤਮ-ਵਿਸ਼ਵਾਸ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਜੋੜਿਆ। ਇਸ ਤਰ੍ਹਾਂ ਆਪ ਜੀ ਨੇ ਸਿੱਖ ਪੰਥ ਦੇ ਭਵਿੱਖੀ ਆਗੂ ਦੀ ਤਿਆਰੀ ਵਿੱਚ ਵੀ ਆਪਣਾ ਅਹਿਮ ਯੋਗਦਾਨ ਪਾਇਆ।

ਗੁਰੂ ਅਰਜਨ ਦੇਵ ਜੀ ਵੱਲੋਂ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਬਾਅਦ ਬੀੜ ਸਾਹਿਬ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਕੀਤੇ ਜਾਣ ਸਮੇਂ ਸਿੱਖ ਇਤਿਹਾਸ ਅਨੁਸਾਰ ਬੀੜ ਸਾਹਿਬ ਨੂੰ ਬਾਬਾ ਬੁੱਢਾ ਜੀ ਨੇ ਆਪਣੇ ਸੀਸ ਉੱਤੇ ਚੁੱਕਿਆ ਹੋਇਆ ਸੀ ਅਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ।

ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਅਤੇ ਪਹਿਲਾ ਹੁਕਮਨਾਮਾ ਲਿਆ:

ਸੂਹੀ ਮਹਲਾ ੫ ॥ ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥

ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਵਜੋਂ ਆਪ ਜੀ ਦੀ ਸੇਵਾ ਸਿੱਖ ਇਤਿਹਾਸ ਵਿੱਚ ਸਦੀਵੀ ਤੌਰ ’ਤੇ ਅੰਕਿਤ ਹੋ ਗਈ।

ਗੁਰੂ-ਘਰ ਵਿੱਚ ਬਾਬਾ ਜੀ ਦੀ ਮਹਾਨਤਾ ਅਤੇ ਉੱਚੇ ਸਥਾਨ ਦਾ ਪ੍ਰਮਾਣ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਲਈ ਲਾਹੌਰ ਜਾਣ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਦਾ ਸਤਿਕਾਰ ਬਣਾਈ ਰੱਖਣ ਦਾ ਉਪਦੇਸ਼ ਦਿੱਤਾ।

ਪੰਚਮ ਪਾਤਸ਼ਾਹ ਦੀ ਸ਼ਹਾਦਤ ਉਪਰੰਤ ਸਿੱਖ ਪੰਥ ਲਈ ਸਮਾਂ ਬਹੁਤ ਸੰਕਟਮਈ ਸੀ। ਸਿੱਖਾਂ ਅੰਦਰ ਸੂਰਮਤਾਈ, ਆਤਮ-ਵਿਸ਼ਵਾਸ ਅਤੇ ਚੜ੍ਹਦੀ ਕਲਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ। ਇਸ ਮਹਾਨ ਕਾਰਜ ਦੀ ਸ਼ੁਰੂਆਤ ਸਮੇਂ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਅਤੇ ਭਾਈ ਗੁਰਦਾਸ ਜੀ ਨੇ ਵੀ ਸੇਵਾ ਵਿੱਚ ਯੋਗਦਾਨ ਪਾਇਆ। ਇਸ ਪਾਵਨ ਤਖ਼ਤ ਦੀ ਉਸਾਰੀ ਵਿੱਚ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਹੀ ਹੱਥੀਂ ਸੇਵਾ ਦਾ ਮੌਕਾ ਮਿਲਿਆ।

ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਿਰਾਜਮਾਨ ਹੋਣ ਸਮੇਂ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨੂੰ ਤਿਲਕ ਲਗਾਇਆ ਅਤੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨਾਈਆਂ। ਇਹ ਪ੍ਰਸੰਗ ਸਿੱਖ ਇਤਿਹਾਸ ਵਿੱਚ ਅਧਿਆਤਮਿਕ ਅਗਵਾਈ ਅਤੇ ਸੰਸਾਰਕ ਜ਼ਿੰਮੇਵਾਰੀ ਦੇ ਸੁਮੇਲ ਦਾ ਪ੍ਰਤੀਕ ਹੈ। ਗੁਰੂ ਸਾਹਿਬ ਨੇ ਸੰਗਤਾਂ ਨੂੰ ਸ਼ਸਤਰ ਅਤੇ ਘੋੜੇ ਭੇਟ ਕਰਨ ਲਈ ਪ੍ਰੇਰਿਆ, ਤਾਂ ਜੋ ਸਿੱਖ ਪੰਥ ਜ਼ੁਲਮ ਦਾ ਟਾਕਰਾ ਕਰਨ ਅਤੇ ਧਰਮ ਦੀ ਰੱਖਿਆ ਲਈ ਤਿਆਰ ਹੋ ਸਕੇ।

ਜਦੋਂ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਕੀਤਾ ਗਿਆ, ਤਾਂ ਸਿੱਖ ਸੰਗਤਾਂ ਵਿੱਚ ਵਿਛੋੜੇ ਅਤੇ ਚਿੰਤਾ ਦੀ ਭਾਵਨਾ ਪੈਦਾ ਹੋਈ। ਇਸ ਸਮੇਂ ਬਾਬਾ ਬੁੱਢਾ ਜੀ ਨੇ ਸਤਿਗੁਰੂ ਜੀ ਦੀ ਯਾਦ ਵਿੱਚ ਸ਼ਬਦ-ਚੌਕੀ ਦੀ ਪਰੰਪਰਾ ਚਲਾਈ ਅਤੇ ਗਵਾਲੀਅਰ ਜਾ ਕੇ ਗੁਰੂ ਸਾਹਿਬ ਦੀ ਸੁਖ-ਸਾਂਦ ਦਾ ਪਤਾ ਲਗਾਉਣ ਦੇ ਨਾਲ ਸਿੱਖ ਸੰਗਤਾਂ ਦਾ ਮਨੋਬਲ ਕਾਇਮ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ। ਆਪ ਜੀ ਨੇ ਔਖੇ ਸਮੇਂ ਵੀ ਸੰਗਤ ਨੂੰ ਗੁਰੂ-ਭਰੋਸੇ, ਸਬਰ ਅਤੇ ਚੜ੍ਹਦੀ ਕਲਾ ਨਾਲ ਜੋੜੀ ਰੱਖਿਆ।

ਸਾਰੀ ਉਮਰ ਗੁਰੂ-ਘਰ ਦੀ ਸੇਵਾ, ਸਿਮਰਨ ਅਤੇ ਗੁਰਮਤਿ ਦੀ ਕਮਾਈ ਵਿੱਚ ਬਿਤਾਉਣ ਵਾਲੇ ਬਾਬਾ ਬੁੱਢਾ ਜੀ ਦੇ ਜੀਵਨ ਦਾ ਅੰਤਿਮ ਪੜਾਅ ਵੀ ਗੁਰੂ-ਭਗਤੀ ਦੀ ਅਦੁੱਤੀ ਮਿਸਾਲ ਹੈ। ਪਰੰਪਰਾਗਤ ਸਾਖੀਆਂ ਅਨੁਸਾਰ, ਸਰੀਰ ਤਿਆਗਣ ਦਾ ਸਮਾਂ ਨੇੜੇ ਜਾਣ ਕੇ ਆਪ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ। ਗੁਰੂ ਸਾਹਿਬ ਨੇ ਰਮਦਾਸ ਨਗਰ ( ਅਜਨਾਲੇ ਕੋਲ ) ਵਿਖੇ ਪਹੁੰਚ ਕੇ ਬਾਬਾ ਜੀ ਨੂੰ ਦਰਸ਼ਨ ਦਿੱਤੇ। ਇਸ ਮੌਕੇ ਬਾਬਾ ਬੁੱਢਾ ਜੀ ਨੇ ਆਪਣੇ ਛੋਟੇ ਪੁੱਤਰ ਭਾਈ ਭਾਨਾ ਜੀ ਦੀ ਬਾਂਹ ਗੁਰੂ ਸਾਹਿਬ ਨੂੰ ਫੜਾਈ। ਇਹ ਪ੍ਰਸੰਗ ਗੁਰੂ-ਘਰ ਨਾਲ ਉਨ੍ਹਾਂ ਦੇ ਜੀਵਨ ਭਰ ਦੇ ਅਟੁੱਟ ਰਿਸ਼ਤੇ ਅਤੇ ਅੰਤਿਮ ਸਾਹਾਂ ਤੱਕ ਕਾਇਮ ਰਹੀ ਸ਼ਰਧਾ ਦਾ ਭਾਵਪੂਰਤ ਪ੍ਰਤੀਕ ਹੈ।

ਪਰੰਪਰਾਗਤ ਵੇਰਵਿਆਂ ਅਨੁਸਾਰ, 14 ਮੱਘਰ, ਮੱਘਰ ਸੁਦੀ 4, ਸੰਮਤ 1688 ਬਿਕ੍ਰਮੀ ਨੂੰ ਲਗਭਗ 125 ਸਾਲ ਦੀ ਉਮਰ ਭੋਗ ਕੇ ਬਾਬਾ ਬੁੱਢਾ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਣਾ ਪੰਜ-ਭੂਤਕ ਸਰੀਰ ਤਿਆਗ ਦਿੱਤਾ ਅਤੇ ਗੁਰੂ-ਜੋਤਿ ਵਿੱਚ ਅਭੇਦ ਹੋ ਗਏ। ਆਪ ਜੀ ਦੀ ਅੰਤਿਮ ਯਾਤਰਾ ਵੀ ਗੁਰੂ-ਘਰ ਨਾਲ ਜੁੜੇ ਅਦੁੱਤੀ ਸਤਿਕਾਰ ਦੀ ਗਵਾਹ ਬਣੀ। ਸਾਖੀਆਂ ਅਨੁਸਾਰ, ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਭਾਈ ਭਾਨਾ ਜੀ ਨੇ ਇੱਕ ਪਾਸਿਓਂ ਅਰਥੀ ਨੂੰ ਮੋਢਾ ਦਿੱਤਾ, ਜਦਕਿ ਦੂਜੇ ਪਾਸੇ ਭਾਈ ਗੁਰਦਾਸ ਜੀ ਅਤੇ ਭਾਈ ਅਜਿੱਤਾ ਜੀ ਨੇ ਇਹ ਸੇਵਾ ਨਿਭਾਈ। ਗੁਰੂ ਸਾਹਿਬ ਦੀ ਦੇਖ-ਰੇਖ ਹੇਠ ਆਪ ਜੀ ਦਾ ਸਤਿਕਾਰ ਸਹਿਤ ਸਸਕਾਰ ਕੀਤਾ ਗਿਆ।

ਸਾਰੇ ਗੁਰੂ ਸਾਹਿਬਾਨ ਬਾਬਾ ਬੁੱਢਾ ਜੀ ਦਾ ਅਥਾਹ ਸਤਿਕਾਰ ਕਰਦੇ ਸਨ। ਉਨ੍ਹਾਂ ਦੀ ਉਮਰ, ਅਨੁਭਵ, ਗੁਰਮਤਿ ਗਿਆਨ, ਨਿਰਮਲ ਆਚਰਨ ਅਤੇ ਗੁਰੂ-ਘਰ ਪ੍ਰਤੀ ਅਟੁੱਟ ਸਮਰਪਣ ਨੇ ਉਨ੍ਹਾਂ ਨੂੰ ਵਿਸ਼ੇਸ਼ ਸਤਿਕਾਰ ਦਾ ਪਾਤਰ ਬਣਾਇਆ। ਸਿੱਖ ਪੰਥ ਦੇ ਬਿਖੜੇ ਸਮਿਆਂ ਵਿੱਚ ਆਪਣੀ ਦੂਰਅੰਦੇਸ਼ੀ ਅਤੇ ਸੂਝ-ਬੂਝ ਨਾਲ ਉਨ੍ਹਾਂ ਨੇ ਸੰਗਤਾਂ ਨੂੰ ਗੁਰਮਤਿ ਦੇ ਸਿਧਾਂਤਾਂ ਅਤੇ ਗੁਰੂ-ਘਰ ਦੀ ਮਰਿਆਦਾ ਨਾਲ ਜੋੜੀ ਰੱਖਿਆ।

ਬਾਬਾ ਬੁੱਢਾ ਜੀ ਦਾ ਜੀਵਨ ਨਿਸ਼ਕਾਮ ਸੇਵਾ, ਨਿਮਰਤਾ, ਗਿਆਨ ਅਤੇ ਗੁਰੂ-ਭਗਤੀ ਦਾ ਅਦੁੱਤੀ ਸੁਮੇਲ ਹੈ। ਅਨੇਕਾਂ ਇਤਿਹਾਸਕ ਕਾਰਜਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਦੇ ਬਾਵਜੂਦ ਉਨ੍ਹਾਂ ਨੇ ਕਦੇ ਕਿਸੇ ਪਦਵੀ ਜਾਂ ਮਾਣ-ਸਨਮਾਨ ਨੂੰ ਆਪਣੀ ਵਡਿਆਈ ਦਾ ਆਧਾਰ ਨਹੀਂ ਬਣਾਇਆ। ਗੁਰੂ-ਘਰ ਵੱਲੋਂ ਸੌਂਪੀ ਹਰ ਸੇਵਾ ਨੂੰ ਸ਼ਰਧਾ ਅਤੇ ਸਮਰਪਣ ਨਾਲ ਨਿਭਾਉਣਾ ਹੀ ਉਨ੍ਹਾਂ ਦੇ ਜੀਵਨ ਦਾ ਮੂਲ ਮੰਤਰ ਸੀ।

ਬਾਬਾ ਬੁੱਢਾ ਜੀ ਦੀ ਜੀਵਨ-ਗਾਥਾ ਸਾਨੂੰ ਪ੍ਰੇਰਨਾ ਦਿੰਦੀ ਹੈ ਕਿ ਅਸਲ ਮਹਾਨਤਾ ਅਹੁਦੇ ਜਾਂ ਮਾਣ-ਸਨਮਾਨ ਵਿੱਚ ਨਹੀਂ, ਸਗੋਂ ਨਿਮਰਤਾ, ਨਿਸ਼ਕਾਮ ਸੇਵਾ ਅਤੇ ਗੁਰੂ ਪ੍ਰਤੀ ਅਡੋਲ ਸ਼ਰਧਾ ਵਿੱਚ ਵੱਸਦੀ ਹੈ। ਆਪ ਜੀ ਗੁਰੂ-ਭਗਤੀ ਦੀ ਉਹ ਅਮਰ ਜੋਤ ਹਨ, ਜਿਸ ਦਾ ਚਾਨਣ ਯੁੱਗਾਂ-ਯੁੱਗਾਂ ਤੱਕ ਸਿੱਖ ਹਿਰਦਿਆਂ ਨੂੰ ਰਾਹ ਦਿਖਾਉਂਦਾ ਰਹੇਗਾ। ਉਨ੍ਹਾਂ ਦੀ ਪਵਿੱਤਰ ਯਾਦ ਸਾਨੂੰ ਗੁਰਬਾਣੀ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਧਾਰਨ ਕਰਨ, ਸੇਵਾ ਨੂੰ ਆਪਣਾ ਧਰਮ ਬਣਾਉਣ ਅਤੇ ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਰਹਿਣ ਦੀ ਪ੍ਰੇਰਨਾ ਦਿੰਦੀ ਰਹੇਗੀ।

ਬਾਬਾ ਬੁੱਢਾ ਜੀ ਦੇ ਪਵਿੱਤਰ ਜੀਵਨ ਨੂੰ ਕੋਟਿ-ਕੋਟਿ ਪ੍ਰਣਾਮ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>