ਮੈਂ ਪੁੱਛਦਾ ਹਾਂ -ਸੁਰਖ਼ ਤਵੀਆਂ ਦੇ ਸੱਚੇ ਪਾਤਸ਼ਾਹ

ਇਹ ਗੱਲ ਓਦੋਂ ਦੀ ਹੈ
ਚੁਫੇਰੇ ਚੀਕਾਂ ਦੀ ਕਿਣਮਿਣ,ਵੈਣ ਹੀ ਵੈਣ
ਘਰਾਂ ਵਿਚ ਖੌਫ਼ ਰਿੱਝਦੇ ਸਨ,
ਤਲਵਾਰਾਂ, ਗੋਲੀਆਂ ਤੇ ਅਸਾਲਟਾਂ ਦਾ ਪਹਿਰਾ ਸੀ-
ਜਦੋਂ ਮੇਰੇ ਪਿੰਡਾਂ ਸ਼ਹਿਰਾਂ ਦੀ ਮਿੱਟੀ ਲਹੂ ਨਾਲ ਭਿੱਜ ਗਈ ਸੀ
ਕਲਮਾਂ ਤੜਫ਼ 2 ਹਵਾਵਾਂ ਨੂੰ ਕਹਿੰਦੀਆਂ ਰਹੀਆਂ
ਕਿ ਕੋਈ ਪੰਜਾਬ ਨੂੰ ਲੱਗੀ ਨਜ਼ਰ ਉਤਾਰੋ–

ਕਿਸੇ ਸੋਚਿਆ ਵੀ ਨਹੀਂ ਸੀ ਕਿ
ਇਸ ਦੌਰ ਦੀ ਸੀਮਾ ਹਰਫ਼ਾਂ ਨੂੰ ਵੀ ਟੱਪ ਜਾਵੇਗੀ-
ਮੱਥੇ ਦੀਆਂ ਲਕੀਰਾਂ ਤੋਂ ਪਰੇ ਜੇਹੇ ਹੋਇਆ ਸਾਰਾ ਕੁਝ -
ਬਿਰਖਾਂ ਅਰਜ਼ਾਂ ਕੀਤੀਆਂ ਕਿ ਇਹ ਰੁੱਤ ਬਦਲ ਜਾਵੇ
ਡਾਲੀਆਂ ਦੇ ਜਿਸਮ ਤੇ ਹਰੀਆਂ ਕਰੂੰਬਲਾਂ ਖਿੜ੍ਹ ਪੈਣ
ਤੇ ਰੁੱਖਾਂ ਨੂੰ ਓਹਨਾਂ ਦੀ ਉਮਰ ਮਿਲੇ -

ਇਨਸਾਨੀਅਤ ਦੇ ਸੂਰਜਾ, ਮਨੁੱਖਤਾ ਦੇ ਸਹਾਰਿਆ,
ਤੇਰੇ ਮਹਾਨ ਸ਼ਹੀਦੀ ਦਿਵਸ ਤੇ
ਚਰਨਾਂ ਨੂੰ ਪ੍ਰਣਾਮ ਕਰਨ ਗਏ
ਬੇਗੁਨਾਹ ਮਾਂਵਾਂ ਦੇ ਪੁੱਤ, ਮਤਾਂਵਾਂ, ਭੈਣਾਂ ਤੇ ਬਜੁਰਗ
ਸਮੇਂ ਨੇ ਪਲਾਂ ਚ ਹੀ ਮੌਤ ਦੀ ਗੋਦ ਚ ਸੁਆ ਦਿਤੇ-
ਮਨ ਝੰਜੋੜੇ ਗਏ, ਤਨ ਵਲੂੰਧਰੇ ਗਏ ਸਨ-
ਦੁਖਾਂਤ ਨੇ ਇਨਸਾਨੀਅਤ ਨੂੰ ਮਿੱਟੀ ਚ ਰੋਲਿਆ-
ਇਨਸਾਨੀਅਤ ਦਾ ਸ਼ਰੇਆਮ ਕਤਲ ਹੋਇਆ-
ਜ਼ਾਲਮਾਂ ਨੇ ਬੱਚਿਆਂ ਦੀਆਂ ਚੀਕਾਂ ਵੀ ਨਾ ਸੁਣੀਆਂ-

ਮੈਂ ਪੁੱਛਦਾ ਹਾਂ -ਸੁਰਖ਼ ਤਵੀਆਂ ਦੇ ਸੱਚੇ ਪਾਤਸ਼ਾਹ
ਦੇਗਾਂ ਨੂੰ ਠਾਰਨ ਵਾਲਿਆ,
ਓਸ ਵੇਲੇ ਮੇਰੇ ਕੋਲ ਤੇਰੇ ਤੋਂ ਵੱਡਾ ਕਿਹੜਾ ਸਹਾਰਾ ਸੀ -
ਜਦੋਂ ਦਰ 2 ਲਹੂ ਨਾਲ ਭਿੱਜਿਆ-
ਰਾਵੀ ‘ਚ ਟੁੱਬੀ ਮਾਰ ਕੇ ਛੁਪ ਜਾਣ ਵਾਲਿਆ,
ਤੇਰੇ ਤੇ ਬਹੁਤ ਆਸਾਂ ਸਨ-
ਆਪਣੇ ਅੰਮ੍ਰਿਤਸਰ ਦਾ ਹਾਲ ਤਾਂ ਪੁੱਛ ਜਾਂਦਾ,
ਤੇਰੇ ਪੰਜਾਬ ਨਾਲ ਕੀ ਬੀਤਿਆ -
ਰਾਵੀ ਝਨਾਂ ਦੇ ਪਾਣੀਆਂ ਚ ਤੂਫਾਨ ਆਏ
ਉਜੜੇ ਲੋਕ ਹੱਕ ਮੰਗਦੇ 2 ਥੱਕ ਗਏ ਨੇ -

ਜਲਾਵਤਨ ਹੋਏ ਬੈਠੇ ਹਾਂ ਅਸੀਂ ਆਪਣੇ ਘਰਾਂ ਚੋਂ-
ਘਰ 2 ਸੁੰਨਾ ਹੋਇਆ ਦਿਸਦਾ ਹੈ-
ਗਭਰੂਆਂ ਦੀਆਂ ਟੋਲੀਆਂ ਜਾਂ ਤਾਂ ਰਹੀਆਂ ਨਹੀਂ
ਜਾਂ ਜੋ ਬਚੇ ਛੁਪ ਕੇ ਬਦੇਸ਼ਾਂ ‘ਚ ਜਾ ਵਸੇ
ਹਾਕਮ ਦੀਆਂ ਗੋਲੀਆਂ ਤੋਂ -
ਰਾਹ ਖਹਿੜੇ ਬੇਗੁਨਾਹ ਵਿੰਨ੍ਹ ਹੋ ਜਾਣ ਤੋਂ ਡਰਦੇ-
ਪੰਜਾਬ ਦੀਆਂ ਛਾਂਵਾਂ ਵਰਗੀਆਂ ਮਾਂਵਾਂ ਦੇ ਹੱਥ
ਰੱਸੀਆਂ ਨਾਲ ਬੰਨ੍ਹ 2
ਕਿਸੇ ਔਰੰਗੇ ਦੇ ਸਿਪਾਹੀ ਜੋਰੋ ਜ਼ਰਬੀ ਲਈ ਜਾ ਰਹੇ ਸਨ-
ਸੱਚ ਤੇ ਪਹਿਰਾ ਦੇਣ ਵਾਲਿਆਂ ਨੂੰ
ਬਲਦੀਆਂ ਸਲਾਖਾਂ ਨਾਲ ਤਸੀਹੇ ਦੇ 2 ਛੁਪਾਇਆ ਗਿਆ
ਅਦਾਲਤ ਅੰਨੀ ਹੋ ਗਈ ਸੀ-
ਜੰਗਲ ਰਾਜ ਸੀ – ਫਰਿਆਦ ਮਰ ਗਈ ਸੀ,
ਤਾਰੀਖ ਦੇ ਵਰਕੇ ਦੇਖ ਬੇਸਹਾਰਾ ਹੋ ਗਏ ਸਨ-
ਤੂੰ ਕਹੇਂਗਾ ਮੈ ਕੌਣ ਹਾਂ-
ਜ਼ਬਰ ਜ਼ਨਾਹ ‘ਚ ਲਿਤਾੜੀ-ਮੈਂ ਲੋਕਾਂ ਦੀ ਹੀ ਅਵਾਜ਼ ਹਾਂ–

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>