“ਗਰਮੀ ਰੁੱਤੇ ਮੌਨਸੂਨ ਤੇ ਮੀਂਹ ਦੀ ਅਨਿਯਮਤਾ”

ਪ੍ਰਭਜੋਤ-ਕੌਰ, ਹਰਪ੍ਰੀਤ ਸਿੰਘ ਅਤੇ ਕੁਲਵਿੰਦਰ ਕੌਰ ਗਿੱਲ

ਪੰਜਾਬੀ ਦੀ ਮਸ਼ਹੂਰ ਕਹਾਵਤ ਹੈ ਕਿ “ਕਿਤੇ ਸੋਕਾ ਕਿਤੇ ਡੋਬਾ ।” ਜਿਵੇਂ ਹੀ ਗਰਮੀ ਦਾ ਮਹੀਨਾ ਮਈ – ਜੂਨ ਸ਼ੁਰੂ ਹੁੰਦਾ ਹੈ ਤਾਂ ਲੋਕ ਮੀਂਹ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਨ । ਪਹਿਲੀ ਗੱਲ ਤਾਂ ਇਹ ਹੁੰਦੀ ਹੈ :  ਕੀ ਮੌਨਸੂਨ ਸਮੇਂ ਸਿਰ ਆਵੇਗੀ ? ਜੇ ਸਮੇਂ ਸਿਰ ਆਵੇਗੀ ਤਾਂ ਕਿਸ ਤਰ੍ਹਾਂ ਦੀ ਆਵੇਗੀ ? ਕੀ ਸਾਰੇ ਹੀ ਇੱਕੋ ਜਿਹਾ ਸਾਵਾਂ ਮੀਂਹ ਪਵੇਗਾ ਜਾਂ ਕਿਤੇ ਹੜ੍ਹਾਂ ਵਾਲੇ ਗੰਭੀਰ ਹਾਲਤ ਬਣ ਜਾਵੇਗੀ ? ਇਨ੍ਹਾਂ ਸਾਰੀਆਂ ਗੱਲਾਂ ਦੇ ਜਵਾਬ ਲਈ ਭਾਰਤ ਦਾ ਮੌਸਮ ਵਿਭਾਗ (IMD) ਦੇ ਮੌਸਮ ਵਿਗਿਆਨੀ ਹੀ ਨਿਸ਼ਾਨਾ ਬਣਦੇ ਹਨ । ਚਾਹੇ ਇਹ ਪ੍ਰਸ਼ਨ ਇਕ ਕਿਸਾਨ ਜਾਂ ਆਮ, ਆਦਮੀ ਦੇ ਹੋਣ ਜਾਂ ਇੱਕ ਦੇਸ਼ ਲਈ ਪਾਲਸੀ ਬਣਾਉਣ ਵਾਲੇ ਦੇ । ਮੁਕੱਦਾ ਪ੍ਰਸ਼ਨ ਇਹ ਹੈ : ਕਿ ਮੌਨਸੂਨ ਅਨਿਯਮਤ ਕਿਉਂ ਹੈ ?

ਮੌਨਸੂਨ ਦੀ ਰਵਾਇਤੀ ਪਰਿਭਾਸ਼ਾ ਦੇਖੀਏ ਤਾ ਇਹ ਹਵਾਵਾਂ ਇੱਕ ਮੌਸਮੀ ਬਦਲਾਅ ਦੀਆਂ ਉਲਟਾਵੀਆਂ ਹਵਾਂਵਾਂ ਹਨ ਜੋ ਬਦਲਦੀਆਂ ਰੁਤਾਂ ਦੇ ਪ੍ਰਭਾਵ ਹੇਠ ਸਮੁੰਦਰ ਵੱਲੋਂ ਚੱਲਦੀਆਂ ਹਨ । ਇਨ੍ਹਾਂ ਦੀ ਹੋਂਦ ਹੇਠ ਦਿੱਤੇ ਕਾਰਨਾਂ ਕਰਕੇ ਹੁੰਦੀ ਹੈ :-

1.    ਸਮੁੱਚੇ ਏਸ਼ੀਆਂ ਦੇ ਧਰਤੀ ਪੁੰਜ ਅਤੇ ਹਿੰਦ ਮਹਾਂਸਾਗਰ ਉੱਪਰ ਗਰਮੀ ਤਾਪ ਦੀ ਵਿਲੱਖਣਤਾ
2.    ਹਿਮਾਲੀਆ ਪਰਬਤ ਸ਼ਰਿੰਖਲਾ ਅਤੇ ਤਿੱਬਤੀ ਪਲੈਟੂ ਦੀ ਹੋਂਦ
3.    ਤਿੱਬਤਨ ਪਲੈਟੂ ਉੱਪਰ ਭਾਰੀ ਤੋਂ ਹਲਕੀ ਬਰਫ਼ ਬਾਰੀ
4.    ਉੱਪਰਲੇ ਵਾਯੂਮੰਡਲ ਵਿੱਚ ਚੱਕਰਵਾਤਾਂ ਦੀ ਹੋਂਦ

ਸਰ ਗਿਲਬਰਟ ਥਾਮਸ ਵਾਕਰ ਪਹਿਲੇ ਸਾਇੰਸਦਾਨ ਸਨ ਜਿਸਨੇ ਮੌਨਸੂਨ ਵਰਖਾ ਦੀ ਭਵਿੱਖਬਾਣੀ ਕਰਨ ਲਈ ਇੱਕ ਸੂਤਰ ਤਿਆਰ ਕੀਤਾ ਜੋ ਕਿSouthern Oscillation ਅਤੇ “Walker Circulation” ਦੇ ਨਾਂ ਨਾਲ ਜਾਣਿਆ ਗਿਆ । ਇਸ ਤੱਤ ਜਾਂ ਦੰਗ ਦਾ ਸੰਬੰਧ ਹਿੰਦ ਮਹਾਂਸਾਗਰ ਅਤੇ ਸ਼ਾਂਤ ਮਹਾਂਸਾਗਰ ਵਿਚਕਾਰ ਹਵਾ ਦੇ ਦਬਾਅ ਦਾ ਉਤਾਰ ਚੜ੍ਹਾ ਹੁੰਦਾ ਹੈ। ਇਸ ਉਤਾਰ ਚੜ੍ਹਾ ਨੂੰ ਧਰਤੀ ਦੇ ਗਰਮ ਅਤੇ ਜ਼ਿਆਦਾ ਵਰਖਾ ਵਾਲੇ ਇਲਾਕਿਆਂ ਦਾ ਤਾਪਮਾਨ ਅਤੇ ਪਿਛਲੇ ਸਾਲਾਂ ਦੀ ਰਵਾਇਤੀ ਵਰਖਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ । ਜਿਸ ਨਾਲ ਆਉਣ ਵਾਲੀ ਮੌਨਸੂਨ ਵਰਖਾ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ ।

ਆਮ ਤੌਰ ਤੇ ਦੱਖਣ-ਪੂਰਬੀ ਮੌਨਸੂਨ ਹਵਾਵਾਂ ਦੀ ਜੂਨ ਮਹੀਨੇ ਦੇ ਸ਼ੁਰੂ ਵਿੱਚ ਹੀ ਆਉਣ ਦੀ ਆਸ ਕੀਤੀ ਜਾਂਦੀ ਹੈ ਅਤੇ ਇਹ ਸਤੰਬਰ ਮਹੀਨੇ ਦੇ ਅੰਤ ਤੱਕ ਖਤਮ ਹੋ ਜਾਂਦੀਆਂ ਹਨ । ਭੂਗੋਲਿਕ ਸਥਿਤੀ ਕਾਰਨ ਇਹ ਨਮੀਂ ਭਰਪੂਰ ਹਵਾਵਾਂ ਜਦੋਂ ਦੱਖਣੀ ਤੱਟ ਦੇ ਉਸ ਬਿੰਦੂ ਤੇ ਪਹੁੰਚਦੀਆਂ ਜਿਸਨੂੰ Indian Peninsulaਕਿਹਾ ਜਾਂਦਾ ਹੈ ਤਾਂ ਭੂਗੋਲਿਕ ਸਥਿਤੀ ਕਾਰਨ ਇਹ ਦੋ ਹਿੱਸਿਆਂ ਵਿੱਚ ਵੰਡੀਆਂ ਜਾਂਦੀਆਂ ਹਨ : ਅਰਬ ਸਾਗਰ ਸ਼ਾਖਾ ਅਤੇ ਖਾੜੀ ਬੰਗਾਲ ਸ਼ਾਖਾ । ਅਰਬ ਸਾਗਰ ਵਾਲੀਆਂ ਦੱਖਣ ਪੂਰਬੀ ਮੌਨਸੂਨ ਹਵਾਵਾਂ ਸਭ ਤੋਂ ਪਹਿਲਾਂ ਪੱਛਮੀ ਤੱਟ ਤੇ ਸਥਿਤ ਤੱਟੀ ਪ੍ਰਾਂਤ ਕੇਰਲਾ ਉਪਰ ਪਹੁੰਚਦੀਆਂ ਹਨ ਅਤੇ ਇਸ ਤਰ੍ਹਾਂ ਕੇਰਲਾ ਭਾਰਤ ਦਾ ਪਹਿਲਾ ਸੂਬਾ ਹੁੰਦਾ ਹੈ ਜਿੱਥੇ ਸਭ ਤੋਂ ਪਹਿਲਾਂ ਮੌਨਸੂਨ ਵਰਖਾ ਹੁੰਦੀ ਹੈ । ਖਾੜੀ ਬੰਗਾਲ ਵਾਲੀਆਂ ਦੱਖਣੀ-ਪੂਰਬੀ ਮੌਨਸੂਨ ਹਵਾਵਾਂ ਖਾੜੀ ਬੰਗਾਲ ਦੇ ਉੱਪਰ ਤੋਂ ਹੁੰਦੀਆਂ ਹੋਈਆਂ ਉੱਤਰ ਪੂਰਬੀ ਭਾਰਤ ਅਤੇ ਬੰਗਾਲ ਵੱਲ ਵੱਧਦੀਆਂ ਹਨ । ਖਾੜੀ ਬੰਗਾਲ ਦੇ ਉੱਪਰ ਤੋਂ ਜਾਂਦੀਆਂ ਹੋਈਆਂ ਇੰਨ੍ਹਾਂ ਹਵਾਵਾਂ ਵਿੱਚ ਹੋਰ ਨਮੀਂ ਭਰੀ ਜਾਂਦੀ ਹੈ । ਬਹੁਤ ਜ਼ਿਆਦਾ ਨਮੀਂ ਨਾਲ ਭਰੀਆਂ ਹੋਈਆਂ ਇਹ ਮੌਨਸੂਨ ਹਵਾਵਾਂ ਪੂਰਬੀ ਹਿਮਾਲਿਆ ਤੇ ਪਹੁੰਚਦੀਆਂ ਹਨ । ਮਿਘਾਲਿਆ ਵਿੱਚ ਦੱਖਣੀ ਢਲਾਨ ਤੇ ਸਥਿਤ ਮੋਇਸਨਰਾਮ (Mawsynram) ਸਥਾਨ ਧਰਤੀ ਦਾ ਸਭ ਤੋਂ ਵੱਧ ਵਰਖਾ ਪੈਣ ਵਾਲਾ ਸਥਾਨ ਹੈ ।

ਭਾਰਤ ਦਾ ਮੌਸਮ ਵਿਭਾਗ (IMD)ਹੀ ਸਿਰਫ ਇੱਕ ਮਾਤਰਾ ਵਿਭਾਗ ਹੈ ਜੋ ਕਿ ਮੌਸਮ ਬਾਰੇ ਭਵਿੱਖਵਾਣੀ ਕਰ ਸਕਦਾ ਹੈ । 1988 ਵਿੱਚ ਇਸ ਵਿਭਾਗ ਨੇ 16 ਪੈਰਾਮੀਟਰ ਵਾਲਾ ਮਾਡਲ ਮੌਨਸੂਨ ਦੀ ਭਵਿੱਖ ਬਾਣੀ ਕਰਨ ਲਈ ਵਰਤਣਾ ਸ਼ੁਰੂ ਕੀਤਾ । ਫਿਰ ਇਸ ਤੋਂ ਬਾਦ 2003 ਵਿੱਚ ਇੱਕ ਨਵੀਂ ਦੋ ਪੜਾਵਾਂ ਵਾਲੀ ਤਕਨੀਕ ਵਰਤਣੀ ਸ਼ੁਰੂ ਕੀਤੀ । ਜਿਸ ਵਿੱਚ ਮੌਨਸੂਨ (ਜੂਨ ਤੋਂ ਸਤੰਬਰ) ਵਰਖਾ ਬਾਰੇ ਪਹਿਲੀ ਭਵਿੱਖਵਾਣੀ ਅਪ੍ਰੈਲ ਵਿੱਚ ਕਰ ਦਿੱਤੀ ਜਾਂਦੀ ਸੀ ਅਤੇ ਉਸਨੂੰ ਸੋਧ ਕੇ ਜੂਨ ਵਿੱਚ ਦੁਬਾਰਾ ਪ੍ਰਸਾਰਿਤ ਕਰ ਦਿੱਤਾ ਜਾਂਦਾ ਸੀ । ਇਹ ਨਵੀਂ ਭਵਿੱਖਵਾਣੀ ਸਮੁੱਚੇ ਭਾਰਤੀ ਖਿੱਤੇ ਦੀ ਮੌਸਮੀ ਵਰਖਾ ਦੀ ਭਵਿੱਖਵਾਣੀ ਹੁੰਦੀ ਸੀ । ਇਸ ਹੇਠ ਉੱਤਰ ਪੱਛਮੀ ਭਾਰਤ, ਮੱਧ ਭਾਰਤ, ਦੱਖਣੀ ਅਤੇ ਉੱਤਰ ਪੂਰਬੀ ਭਾਰਤ ਆ ਜਾਂਦੇ ਹਨ । ਸਮੁੱਚੇ ਦੇਸ਼ ਵਿੱਚ ਜੁਲਾਈ ਮਹੀਨੇ ਹੋਣ ਵਾਲੀ ਵਰਖਾ ਵੀ ਇਸੇ ਦੂਸਰੀ ਭਵਿੱਖਵਾਣੀ ਹੇਠ ਆ ਜਾਂਦੀ ਸੀ । ਹੁਣੇ ਹੁਣੇ 2007 ਵਿੱਚ ਇੱਕ ਨਵੀਂ ਅੰਕੜਿਆਂ ਦੇ ਅਧਾਰ ਵਾਲੀ Multi-Model Ensemble (MME5) ਤਕਨੀਕ ਹੋਂਦ ਵਿੱਚ ਆਈ । ਇਸ ਤਕਨੀਕ ਵਿੱਚ ਕਿਸੇ ਵੀ ਇੱਕ ਮਾਡਲ ਦੇ ਨਤੀਜਿਆਂ ਨਾਲ ਨਹੀਂ ਸਗੋਂ ਜਿੰਨੇ ਵੀ ਪ੍ਰਾਪਤ ਮਾਡਲਾਂ ਦੇ ਨਤੀਜਿਆਂ ਨੂੰ ਮੁੱਖ ਰੱਖ ਕੇ ਮੌਨਸੂਨ ਵਰਖਾ ਅਤੇ ਮੌਸਮ ਦੀ ਭਵਿੱਖਵਾਣੀ ਕੀਤੀ ਜਾਂਦੀ ਹੈ। ਇਸ ਵਿੱਚ 47 ਜਲਵਾਯੂ ਪੈਰਾਮੀਟਰਜ਼ ਤੋਂ 1000, 850, 700 ਅਤੇ 500 ਹੳਪੳ ਲੈਵਲ ਇੱਕ ਸੰਭਵ ਭਵਿੱਖਵਾਣੀ ਕਰਨ ਵਾਲਿਆਂ ਦਾ ਗਰੁੱਪ ਚੁਣਿਆ ਜਾਂਦਾ ਹੈ ।

ਭਾਰਤ ਦਾ ਮੌਸਮ ਵਿਭਾਗ (IMD)ਆਪਣੀ ਪਹਿਲੀ ਵਿਸ਼ਾਲ ਭਵਿੱਖਵਾਣੀ ਅਪ੍ਰੈਲ, ਦੂਜੀ ਮਈ ਅਤੇ ਤੀਜੀ ਜੂਨ ਵਿੱਚ ਕਰਦਾ ਹੈ । ਜੇਕਰ 10 ਮਈ ਤੋਂ ਬਾਦ ਦੱਖਣੀ ਭਾਰਤ ਦੇ ਮੌਜੂਦਾ 14 ਸਟੇਸ਼ਨ ਲਗਾਤਾਰ ਦੋ ਦਿਨ ਦੀ 2.5 ਮਮ ਜਾਂ ਇਸ ਤੋਂ ਵੱਧ ਵਰਖਾ ਦਾ ਅਨੁਮਾਨ ਲਗਾਉਂਦੇ ਹਨ ਤਾਂ ਤੱਟੀਆ ਪ੍ਰਾਂਤ ਕੇਰਲਾ ਉੱਪਰ ਮੌਨਸੂਨ ਆਉਣ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ । ਹਰ ਸਾਲ ਭਾਰਤ ਵਿੱਚ ਦੱਖਣ ਪੱਛਮੀ ਮੌਨਸੂਨ ਪੋਣਾਂ ਪੱਛਮੀ ਤੱਟੀ ਇਲਾਕੇ ਵਿੱਚ (near Thiruvananthapuram)ਪਹਿਲੀ ਜੂਨ ਨੂੰ ਆ ਜਾਂਦੀਆਂ ਹਨ ਅਤੇ ਫਿਰ 15 ਜੁਲਾਈ ਤੱਕ ਸਮੁੱਚੇ ਭਾਰਤ ਵਿੱਚ ਛਾ ਜਾਂਦੀਆਂ ਹਨ । ਮੌਨਸੂਨ ਪੋਣਾਂ ਦੀ ਸਾਡੇ ਦੇਸ਼ ਵਿੱਚੋਂ ਵਾਪਸੀ ਪਹਿਲੀ ਸਤੰਬਰ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਪਹਿਲੀ ਅਕਤੂਬਰ ਤੱਕ ਇਹ ਸੰਪੂਰਨ ਰੂਪ ਵਿੱਚ ਖ਼ਤਮ ਹੋ ਜਾਂਦੀ ਹੈ । ਪੰਜਾਬ ਵਿੱਚ ਮੌਨਸੂਨ ਪੋਣਾਂ ਦਾ ਆਗਮਨ ਕੇਰਲਾ ਵਿੱਚ ਆਉਣ ਤੋਂ ਲੱਗਭੱਗ ਇੱਕ ਮਹੀਨਾ ਬਾਦ ਹੁੰਦਾ ਹੈ । ਅਰਥਾਤ ਪੰਜਾਬ ਵਿੱਚ ਮੌਨਸੂਨ ਪਹਿਲੀ ਜੁਲਾਈ ਤੋਂ ਸਕ੍ਰਿਆ ਹੁੰਦੀ ਹੈ ਅਤੇ ਸਾਰੇ ਦੇਸ਼ ਵਿੱਚ ਫੈਲ ਜਾਂਦੀ ਹੈ । ਭਾਵੇਂ ਮੌਨਸੂਨ ਪੋਣਾਂ ਦੀ ਇਹ ਨਿਯਮਤਾ ਹੈ ਪਰ ਫਿਰ ਵੀ ਇਸ ਦੇ ਆਗਮਨ ਵਿੱਚ ਬਹੁਤ ਅਨਿਯਮਤਾ ਹੈ । ਇਸ ਅਨਿਯਮਤਾ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਕਿ ਹਵਾ ਦੇ ਦਬਾਅ ਵਿੱਚ ਸਮੇਂ ਸਮੇਂ ਬਦਲਾਵ ਆਉਣਾ, ਹਵਾ ਦੀ ਦਿਸ਼ਾ ਦਾ ਬਦਲਣਾ ਅਤੇ ਹਵਾ ਦੀ ਗਤੀ ਦਾ ਬਦਲਣਾ । ਇਨ੍ਹਾਂ ਕਾਰਨਾਂ ਕਰਕੇ ਹੀ ਪੰਜਾਬ ਵਿੱਚ ਕਦੇ ਮੌਨਸੂਨ ਸਮੇਂ ਸਿਰ ਆਉਂਦੀ ਹੈ ਅਤੇ ਕਦੇ ਕਾਫੀ ਲੇਟ । ਮੌਨਸੂਨ ਦਾ ਚੰਗਾ ਜਾਂ ਮਾੜਾ ਹੋਣਾ ਵੀ ਇਨ੍ਹਾਂ ਕਾਰਨਾਂ ਤੇ ਹੀ ਨਿਰਭਰ ਕਰਦਾ ਹੈ । ਇਨ੍ਹਾਂ ਵਿੱਚੋਂ ਪ੍ਰਮੁੱਖ ਕਾਰਨ ਹਨ ਐਲਨੀਨੋ ਅਤੇ ਲਾ-ਨੀਨਾ (“EL-Nino” and “La-Nina”)

    ਐਲਨੀਨੋ ਅਤੇ ਲਾ-ਨੀਨਾ ਧਰਤੀ ਉੱਪਰ ਬਹੁਤ ਹੀ ਸ਼ਕਤੀਸ਼ਾਲੀ ਤੱਤ ਹਨ ਜੋ ਕਿ ਸਮੁੱਚੇ ਗ੍ਰਹਿ ਖੰਡ ਦੇ ਮੌਸਮ ਵਿੱਚ ਤਬਦੀਲੀ ਲਿਆ ਸਕਦੇ ਹਨ । El-Ninoਸਪੇਨ ਦੇ ਲੋਕਾਂ ਦੁਆਰਾ ਬੋਲਿਆ ਜਾਣ ਵਾਲਾ ਸ਼ਬਦ ਹੈ ਜੋ ਕਿ ਸ਼ਾਂਤ ਮਹਾਂਸਾਗਰ ਦੇ ਤੱਟੀ ਇਲਾਕੇ ਪੀਰੂ ਵਿੱਚ ਰਹਿੰਦੇ ਹਨ ਅਤੇ ਇਸਦਾ ਅਰਥ ਹੈ “ਛੋਟਾ ਲੜਕਾ” । ਕਾਰੋਬਾਰੀ ਭਾਸ਼ਾ ਵਿੱਚ ਇਸ ਨੂੰ ਓਂਸ਼ੌ ENSO (El Nino Southern Oscillation) ਕਹਿੰਦੇ ਹਨ । ਜਨਵਰੀ ਤੋਂ ਮਾਰਚ ਤੱਕ ਆਮ ਨਾਲੋਂ ਵੱਧ ਤਾਪਮਾਨ ਵਾਲਾ ਪਾਣੀ ਸ਼ਾਂਤ ਮਹਾਂਸਾਗਰ ਦੀ ਸਤ੍ਹਾ ਤੇ ਦੱਖਣੀ ਅਮਰੀਕਾ ਤੋਂ ਦੱਖਣ ਵੱਲ ਪੀਰੂ ਦੇ ਤੱਟੀ ਇਲਾਕੇ ਵੱਲ ਚੱਲਦਾ ਹੈ ਜਦੋਂ ਸਮੁੰਦਰ ਦਾ ਤਾਪਮਾਨ ਘੱਟ ਜਾਂਦਾ ਹੈ । ਪਰ ਕਈ ਵਾਰੀ ਕਿਸੇ ਸਾਲ ਇਹ ਤਾਪਮਾਨ ਜ਼ਿਆਦਾ ਹੀ ਰਹਿੰਦਾ ਹੈ ਅਤੇ ਸ਼ਾਂਤ ਮਹਾਂਸਾਗਰ ਦੇ ਉਪਰਲੀ ਸਤ੍ਹਾ ਦੇ ਪਾਣੀ ਨੂੰ ਬਹੁਤ ਗਰਮ ਕਰ ਦਿੰਦਾ ਹੈ। ਇਸ ਨਾਲ ਮੱਛੀਆਂ ਦਾ ਕਾਰੋਬਾਰ ਬਿਲਕੁੱਲ ਠੱਪ ਹੋ ਜਾਂਦਾ ਹੈ । ਸਤ੍ਹਾ ਦੇ ਤਾਪਮਾਨ ਅਤੇ ਦੱਖਣੀ ਉਤਾਰ ਚੜ੍ਹਾ ਦਾ ਆਪਸ ਵਿੱਚ ਡੂੰਘਾ ਸੰਬੰਧ ਹੈ । ਜੋ ਕਿ ਇੱਕ ਕਿਸਮ ਦਾ ਗਲੋਬਲ ਉਤਾਰ ਚੜ੍ਹਾ ਹੈ ਜੋ ਕਿ ਹਿੰਦ ਮਹਾਂਸਾਗਰ ਅਤੇ ਸ਼ਾਂਤਮਹਾਂਸਾਗਰ ਉਪਰ ਵਾਤਾਵਰਣ ਦਾ ਦਬਾਅ ਕਾਰਨ ਹੁੰਦਾ ਹੈ । ਜਦੋਂ ਸ਼ਾਂਤ ਮਹਾਂਸਾਗਰ ਉੱਪਰ ਤਾਪਮਾਨ ਵੱਧ ਹੁੰਦਾ ਹੈ ਤਾਂ ਹਿੰਦ ਮਹਾਂਸਾਗਰ ਉੱਪਰ ਤਾਪਮਾਨ ਘੱਟ ਹੁੰਦਾ ਹੈ । ਜਿਵੇਂਕਿ ਦਬਾਅ ਦਾ ਵਰਖਾ ਨਾਲ ਉਲਟੇ ਕ੍ਰਮ ਦਾ ਸੰਬੰਧ ਹੁੰਦਾ ਹੈ । ਨਤੀਜੇ ਦੇ ਰੂਪ ਵਿੱਚ ਜੇਕਰ ਹਿੰਦ ਮਹਾਂਸਾਗਰ ਉੱਪਰ ਦਬਾਅ ਘੱਟ ਹੈ ਤਾਂ ਇਸ ਦਾ ਮਤਲਬ ਬਹੁਤ ਹੀ ਵਧੀਆ ਮੌਨਸੂਨ ਆਉਣ ਦੀ ਸੰਭਾਵਨਾ ਹੈ। ਇਹ ਤਰੁੱਟੀ ਹਰ ਦੋ ਤੋਂ ਸੱਤ ਸਾਲ ਵਿੱਚ ਆਉਂਦੀ ਹੈ ਅਤੇ ਇਸਦੇ ਨਾਲ ਸੋਕਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ ਪਰੰਤੂ ਇਸਦੇ ਨਾਲ ਹੀ ਇਸ ਦਾ ਇਹ ਮਤਲਬ ਵੀ ਹੁੰਦਾ ਹੈ ਕਿ ਅਗਲੇ ਸਾਲ ਚੰਗੀ ਵਰਖਾ ਹੋਵੇਗੀ । ਕੁੱਝ ਵੀ ਕਹੋ ਚੰਗੀ ਮੌਨਸੂਨ ਦਾ ਸੰਬੰਧ ਲਾ-ਨੀਨਾ (ਛੋਟੀ ਲੜਕੀ) ਨਾਲ ਹੈ ਜੋ ਕਿ ਐਲਨੀਨੋ ਦਾ ਉਲਟਾ ਹੈ । ਇਹ ਚੰਗੀ ਵਰਖਾ ਅਤੇ ਕਈ ਵਾਰ ਹੜ੍ਹਾਂ ਵਰਗੀ ਸਥਿਤੀ ਵੀ ਲਿਆ ਦਿੰਦੀ ਹੈ ।

ਪੰਜਾਬ ਵਿੱਚ 1901-2000 ਦੇ ਲੰਬੇ ਸਮੇਂ ਦੀ ਔਸਤ ਵਰਖਾ 500 ਮਿਲੀਮੀਟਰ ਹੈ । ਜਿੰਨ੍ਹਾਂ ਸਾਲਾਂ ਵਿੱਚ ਮੌਨਸੂਨ ਵਰਖਾ 19% ਤੋਂ ਘੱਟ ਰਹਿੰਦੀ ਹੈ ਉਨ੍ਹਾਂ ਨੂੰ ਸੋਕੇ ਦੇ ਸਾਲ ਕਿਹਾ ਜਾਂਦਾ ਹੈ ਅਤੇ 19% ਤੋਂ ਵੱਧ ਵਰਖਾ ਵਾਲੇ ਸਾਲਾਂ ਨੂੰ ਹੜ੍ਹ ਵਾਲੇ ਸਾਲ ਕਿਹਾ ਜਾਂਦਾ ਹੈ । ਬਾਕੀ ਦੇ ਸਾਲ ਜੋ ਉੱਪਰ ਵਾਲੀ ਰੇਂਜ ਵਿੱਚ ਨਹੀਂ ਆਉਂਦੇ ਉਨ੍ਹਾਂ ਨੂੰ ਨਾਰਮਲ ਮੌਨਸੂਨ ਸਾਲ ਕਿਹਾ ਜਾਂਦਾ ਹੈ । 1901 ਤੋਂ  2014 ਦੇ ਵਕਫੇ ਵਿੱਚ ਸਭ ਤੋਂ ਘੱਟ ਵਰਖਾ 1987 ਵਿੱਚ (-68% ਘੱਟ), 1918 ਵਿੱਚ (-49% ਘੱਟ) ਵਰਖਾ ਹੋਈ । ਦੂਜੇ ਪਾਸੇ ਪੰਜਾਬ ਵਿੱਚ ਸਾਲ 1988 ਵਿੱਚ ਸਭ ਤੋਂ ਵੱਧ (+119%) ਅਤੇ 1950 ਵਿੱਚ (+91%) ਵਰਖਾ ਹੋਈ । (1901-2014) ਦੇ ਲੰਬੇ ਸਮੇਂ ਦੌਰਾਨ 23 ਸਾਲ ਸੋਕੇ ਦੇ ਆਏ ਅਤੇ ਇਸੇ ਸਮੇਂ ਦੇ 13 ਸਾਲ ਦਾ ਰਿਕਾਰਡ (56%) ਐਲਨੀਨੋ ਨਾਲ ਜੋੜਿਆ ਜਾਂਦਾ ਹੈ । ਸਭ ਤੋਂ ਘੱਟ ਵਰਖਾ ਰਿਕਾਰਡ ਵਾਲਾ ਸਾਲ 1987 ਜੋ ਕਿ (-68% ਘੱਟ) ਅਤੇ ਸਾਲ 2004 (44% ਘੱਟ) ਰਿਹਾ 2009 ਵਿੱਚ ਪੰਜਾਬ ਵਿੱਚ 35% ਘੱਟ ਵਰਖਾ ਰਿਕਾਰਡ ਹੋਈ (2-3 ਜ਼ਿਲ੍ਹੇ ਛੱਡ ਕੇ) ਇਸੇ ਤਰ੍ਹਾਂ ਵੱਧ ਵਰਖਾ ਵਾਲੇ 13 ਸਾਲਾਂ ਵਿਚੋਂ 6 ਸਾਲ ਦਾ ਰਿਕਾਰਡ (46%) ਲਾ-ਨੀਨਾ ਨਾਲ ਜੋੜਿਆ ਜਾਂਦਾ ਹੈ । ਇਨ੍ਹਾਂ ਹੀ 13 ਸਾਲਾਂ ਦਾ ਵੱਧ ਵਰਖਾ ਦਾ ਰਿਕਾਰਡ ਵਿੱਚੋਂ ਸਭ ਤੋਂ ਵੱਧ ਵਰਖਾ 1988 ਵਿੱਚ 119% ਅਤੇ ਦੂਜੇ ਨੰਬਰ ਤੇ 90% ਆਮ ਨਾਲੋਂ ਵੱਧ ਵਰਖਾ 1917 ਵਿੱਚ ਰਿਕਾਰਡ ਕੀਤੀ ਗਈ । ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਪੰਜਾਬ ਵਿੱਚ ਘੱਟ ਵਰਖਾ ਅਤੇ ਐਲਨੀਨੋ ਦਾ ਸੰਬੰਧ, ਵੱਧ ਮੌਨਸੂਨ ਵਰਖਾ ਅਤੇ ਲਾ-ਨੀਨਾ ਦੇ ਸੰਬੰਧ ਨਾਲੋਂ ਮਜ਼ਬੂਤ ਹੈ ।

ਪੰਜਾਬ ਪ੍ਰਾਤ ਦੇ ਲੁਧਿਆਣਾ ਜਿਲ੍ਹੇ ਵਿੱਚ ਵਰਖਾ ਦੀ ਵਭਿੰਨਤਾ ਬਾਰੇ 114 ਸਾਲ (1901-2014) ਦੇ ਸਮੇਂ ਕਾਲ ਦਾ ਅਧਿਅਨ ਕਰਨ ਤੇ ਇਹ ਤੱਤ ਕੱਢਿਆ ਗਿਆ ਹੈ ਕਿ ਜੂਨ, ਜੁਲਾਈ, ਅਗਸਤ ਅਤੇ ਸਤੰਬਰ ਮਹੀਨਿਆਂ ਵਿੱਚ ਕ੍ਰਾਮਵਾਰ 63, 206, 181 ਅਤੇ 110 ਮਿਲੀਮੀਟਰ ਨਾਰਮਲ ਵਰਖਾ ਹੁੰਦੀ ਹੈ । ਨਾਰਮਲ ਵਰਖਾ 560 ਮਿਲੀਮੀਟਰ ਦੇ ਮੁਕਾਬਲੇ 1988 ਵਿੱਚ ਵੱਧ ਤੋਂ ਵੱਧ ਵਰਖਾ (1242 ਮਿਲੀਮੀਟਰ) ਅਤੇ 1987 ਵਿੱਚ ਘੱਟੋ ਘੱਟ ਵਰਖਾ (164 ਮਿਲੀਮੀਟਰ) ਹੋਈ । ਮੌਨਸੂਨ ਵਰਖਾ 1917, 1945, 1962, 1964, 1988, 1990, 1995 ਅਤੇ 2011 ਦੇ ਸਾਲਾਂ ਵਿੱਚ 1000 ਮਿਲੀਮੀਟਰ ਤੋਂ ਵੀ ਵੱਧ ਵਰਖਾ ਰਿਕਾਰਡ ਹੋਈ ਜਦਕਿ 1905, 1906, 1911, 1913, 1915, 1918, 1928, 1938, 1939, 1951, 1979, 1987 ਅਤੇ 2002 ਵਿੱਚ 300 ਮਿਲੀਮੀਟਰ ਤੋਂ ਘੱਟ ਵਰਖਾ ਰਿਕਾਰਡ ਹੋਈ।

ਭਾਰਤ ਦੇ ਮੌਸਮ ਵਿਭਾਗ (IMD) ਨੇ ਚਾਲੂ ਸਾਲ 2015 ਲਈ ਤਕਨੀਕੀ ਗਲਤੀ ±4% ਮਨ ਕੇ ਲ਼ਫਅ ਦੇ ਅਧਾਰ ਤੇ ਪੂਰੇ ਭਾਰਤ ਲਈ 88% ਵਰਖਾ ਦਾ ਅਨੁਮਾਨ ਲਗਾਇਆ ਹੈ । ਸਾਰੇ ਦੇਸ਼ ਦੀ ਮੌਸਮੀ ਵਰਖਾ ਦਾ ਲ਼ਫਅ 1951 ਤੋਂ 2000 ਤੱਕ 890 ਮਿਲੀਮੀਟਰ ਹੈ । ਇਸ ਭਵਿੱਖਵਾਣੀ ਨੇ ਜੋ ਕਿ ਔਸਤ ਵਰਖਾ ਤੋਂ ਘੱਟ ਹੈ, ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ । ਕਿਉਂਕਿ ਸਾਡਾ ਖੇਤੀ ਪ੍ਰਧਾਨ ਦੇਸ਼ (ਜੋ 25% ਘਧਫ ਅਤੇ 70% ਰੋਜ਼ਗਾਰ) ਫ਼ਸਲਾਂ ਉਗਾਉਣ ਲਈ ਵਰਖਾ ਤੇ ਹੀ ਨਿਰਭਰ ਕਰਦਾ ਹੈ । ਖ਼ਾਸ ਕਰਕੇ ਕਪਾਹ, ਝੋਨਾ, ਤੇਲ ਬੀਜ ਅਤੇ ਖੁਰਦਰੇ ਅਨਾਜ ਵਾਲੀਆਂ ਫ਼ਸਲਾਂ ਵਰਖਾ ਤੇ ਹੀ ਨਿਰਭਰ ਕਰਦੀਆਂ ਹਨ ।

ਮੌਨਸੂਨ ਦਾ ਪਿਛਲਾ ਰਿਕਾਰਡ ਇਹ ਬੋਲਦਾ ਹੈ ਕਿ ਜਦੋਂ ਵੀ ਪੱਛਮੀ ਹਲਚਲ ਅਤੇ ਮੌਨਸੂਨ ਉਦਾਸੀਨਤਾ ਵਿੱਚ ਆਪਸੀ ਖਿਚਾ ਵਧਦਾ ਹੈ ਤਾਂ ਉੱਤਰੀ-ਪੱਛਮੀ ਭਾਰਤ ਵਿੱਚ ਦੂਰ-ਦੂਰ ਤੱਕ ਭਾਰੀ ਬਾਰਸ਼ ਹੁੰਦੀ ਹੈ । ਇਨ੍ਹਾਂ ਦੋ ਪ੍ਰਣਾਲੀਆਂ ਵਿੱਚ ਇਸ ਤਰ੍ਹਾਂ ਦੇ ਆਪਸੀ ਖਿਚਾਅ ਕਾਰਨ 1988 ਵਿੱਚ ਉੱਤਰ ਪੱਛਮੀ ਭਾਰਤ ਵਿੱਚ ਸਤੰਬਰ ਮਹੀਨੇ ਬਹੁਤ ਭਾਰੀ ਵਰਖਾ ਹੋਈ ।

ਮੌਨਸੂਨ ਵਰਖਾ ਦਾ ਵੱਧ ਹੋਣਾ ਹੜ੍ਹਾਂ ਦਾ ਕਾਰਨ ਬਣਦਾ ਹੈ ਅਤੇ ਘੱਟ ਹੋਣਾ ਸੋਕਾ, ਅਕਾਲ ਖਾਧਿਆ ਪਦਾਰਥਾਂ ਦੀ ਕਮੀ ਦਾ ਕਾਰਨ ਬਣਦਾ ਹੈ ਜਿਸ ਕਾਰਨ ਵਿੱਤੀ ਘਾਟਾ ਵੀ ਪੈਂਦਾ ਹੈ । ਕੁਝ ਸਾਲਾਂ ਵਿੱਚ ਔਸਤਨ ਵਰਖਾ ਠੀਕ ਹੋਣ ਦੇ ਬਾਵਜੂਦ ਇਸਦੀ ਵੰਡ ਅਸਾਨੀ ਹੋਣ ਨਾਲ ਸੰਤੁਲਨ ਵਿਗੜਦਾ ਹੈ । ਕਈ ਵਾਰੀ ਮੌਨਸੂਨ ਦੇਰ ਨਾਲ ਆਉਂਦੀ ਅਤੇ ਕਈ ਵਾਰੀ ਮੌਨਸੂਨ ਆ ਕੇ ਵਿੱਚੋਂ ਹੀ ਵਾਪਸ ਹੋ ਜਾਂਦੀ ਹੈ ਅਤੇ ਦੁਬਾਰਾ ਫਿਰ ਆ ਜਾਂਦੀ ਹੈ। ਇਸ ਨਾਲ ਟੁੱਟਵੀਂ ਵਰਖਾ ਹੁੰਦੀ ਹੈ । ਇਹ ਸਾਰਾ ਕੁੱਝ ਕੁਦਰਤ ਵਿੱਚ ਹੁੰਦੇ ਰਹਿੰਦੇ ਬਦਲਾਅ ਕਾਰਨ ਹੁੰਦਾ ਹੈ । ਪਰ ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਮੌਨਸੂਨ ਠੀਕ ਸਮੇਂ ਤੇ ਆਵੇ ਅਤੇ ਠੀਕ ਮਾਤਰਾ ਵਿੱਚ ਵਰਖਾ ਹੋਵੇ “ਛਮ ਛਮ ਮੀਂਹ ਵੱਸੇ ਤੇ ਸਾਰਾ ਜੱਗ ਹੱਸੇ।” ਵਰਖਾ ਰੁੱਤ ਨਾਲ ਸਾਡਾ ਸੱਭਿਆਚਾਰ ਵੀ ਜੁੜਿਆ ਹੋਇਆ ਹੈ । ਖ਼ਾਸ ਕਰਕੇ ਪੰਜਾਬ ਵਿੱਚ ਤੀਆਂ ਦਾ ਤਿਉਹਾਰ , ਸਾਡੇ ਗੀਤ, ਬੋਲੀਆਂ, ਟੱਪੇ ਇਸੇ ਹੀ ਰੁੱਤ ਨਾਲ ਜੁੜੇ ਹਨ । ਰੱਬ ਕਰੇ ਹਰ ਸਾਲ ਖੁਸ਼ੀਆਂ ਵੰਡਦੀ ਸਾਵੀਂ ਮੌਨਸੂਨ ਆਵੇ ।

ਪ੍ਰਭਜੋਤ-ਕੌਰ, ਹਰਪ੍ਰੀਤ ਸਿੰਘ ਅਤੇ ਕੁਲਵਿੰਦਰ ਕੌਰ ਗਿੱਲ
ਜਲਵਾਯੂ ਪਰਿਵਰਤਨ ਅਤੇ ਖੇਤੀ ਮੌਸਮ ਸਕੂਲ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>