ਜਵਾਨੀ ਜ਼ਿੰਦਾਬਾਦ

ਮਨੁੱਖੀ ਜੀਵਨ ਦਾ ਸਭ ਤੋਂ ਖੂਬਸੂਰਤ ਸਮਾਂ ਜਵਾਨੀ ਦਾ ਸਮਾਂ ਹੁੰਦਾ ਹੈ। ਜਵਾਨੀ ‘ਚ ਬੰਦਾ ਖੂਬਸੂਰਤ ਦਿੱਸਦਾ ਹੈ ਅਤੇ ਖੂਬਸੂਰਤ ਦਿੱਸਣ ਦੀ ਇੱਛਾ ਵੀ ਰੱਖਦਾ ਹੈ। ਇਹ ਗੱਲ 100 ਫ਼ੀਸਦੀ ਸੱਚ ਹੈ ਕਿ ਮਨੁੱਖ ਖੂਬਸੂਰਤ ਨਹੀਂ ਬਲਕਿ ਜਵਾਨੀ ਖੂਬਸੂਰਤ ਹੁੰਦੀ ਹੈ। ਜਵਾਨੀ ਵੇਲੇ ਬਹੁਤ ਖੂਬਸੂਰਤ ਦਿੱਸਣ ਵਾਲਾ ਮਨੁੱਖ ਬੁਢਾਪੇ ਵਿਚ ਬਦਸੂਰਤ ਦਿੱਸਣ ਲੱਗਦਾ ਹੈ। ਇਸ ਉਮਰ ਵਿਚ ਬਹੁਤ ਸਾਰੀਆਂ ਬੀਮਾਰੀਆਂ ਘੇਰਾ ਪਾ ਲੈਂਦੀਆਂ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਜਵਾਨੀ ਮਸਤਮੌਲਾ ਹੁੰਦੀ ਹੈ। ਇਸ ਉਮਰ ਵਿਚ ਕੋਈ ਬੀਮਾਰੀ ਨਹੀਂ ਹੁੰਦੀ, ਕੋਈ ਫ਼ਿਕਰ ਨਹੀਂ ਹੁੰਦਾ।
ਪ੍ਰੋ. ਮੋਹਨ ਸਿੰਘ ਹੁਰਾਂ ਨੇ ਜਵਾਨੀ ਦੇ ਸੁਨਹਿਰੀ ਸਮੇਂ ਬਾਰੇ ਬਹੁਤ ਖੂਬਸੁਰਤ ਸ਼ਬਦਾਂ ਵਿਚ ਆਪਣੇ ਵਿਚਾਰ ਇਸ ਤਰਾਂ ਪੇਸ਼ ਕੀਤੇ ਹਨ;
“ਆਈ ਜਵਾਨੀ ਝੱਲ ਮਸਤਾਨੀ
ਨਹੀਂ ਲੁਕਾਇਆਂ ਲੁੱਕਦੀ,
ਗਿੱਠ ਗਿੱਠ ਪੈਰ ਜ਼ਮੀਨ ਤੋਂ ਉੱਚੇ
ਮੋਢਿਆਂ ਉੱਤੋਂ ਥੁੱਕਦੀ।” (ਪ੍ਰੋ. ਮੋਹਨ ਸਿੰਘ)
ਅਤੇ
“ਵਾਹ ਜਵਾਨੀ,  ਵਾਹ ਜਵਾਨੀ
ਤੇਰੇ ਜਿਹੀ ਨਾ ਹੋਣੀ,
ਅੱਖੋਂ ਅੰਨੀ, ਕੰਨੋਂ ਬੋਲੀ
ਫ਼ਿਰ ਸੋਹਣੀ ਦੀ ਸੋਹਣੀ।” (ਪ੍ਰੋ. ਮੋਹਨ ਸਿੰਘ)
ਪੰਜਾਬੀ ਸਾਹਿਤ ਵਿਚ ਗੁਰਮਤਿ ਕਾਵਿ ਦਾ ਅਧਿਐਨ ਕਰਦਿਆਂ ਵੀ ਜਵਾਨੀ ਦੇ ਰੰਗ ਮਾਨਣ ਦਾ ਜ਼ਿਕਰ ਬਹੁਤ ਖੂਬਸੂਰਤ ਸ਼ਬਦਾਂ ਵਿਚ ਕੀਤਾ ਗਿਆ ਮਿਲਦਾ ਹੈ;
“ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ।।” (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ਨੰ. – 23)
ਗੁਰਮਤਿ ਕਾਵਿ ਦੇ ਅਨੁਸਾਰ ਇਹ ਧਨ, ਜਵਾਨੀ ਅਤੇ ਨਿੱਕਾ ਜਿਹਾ ਫੁੱਲ, ਸਭ ਕੁਝ ਚਾਰ ਦਿਨਾਂ ਦੇ ਹੀ ਪ੍ਰਾਹਣੇ ਹੁੰਦੇ ਹਨ। ਇਸ ਲਈ ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਜਵਾਨੀ ਦੇ ਸਮੇਂ ਦੀ ਸਹੀ ਵਰਤੋਂ ਕਰਕੇ ਜੀਵਨ ਦਾ ਆਨੰਦ ਲਉ; ਕਿਉਂਕਿ ਲੰਘਿਆ ਵੇਲਾ ਮੁੜ ਹੱਥ ਨਹੀਂ ਆਉਣਾ। ਜਦੋਂ ਸਮਾਂ ਲੰਘ ਜਾਂਦਾ ਹੈ ਤਾਂ ਮੁੜ ਕੇ ਮਨੁੱਖ ਦੇ ਹੱਥ ਪਛਤਾਵੇ ਤੋਂ ਸਿਵਾਏ ਕੁਝ ਵੀ ਨਹੀਂ ਆਉਂਦਾ।
ਜਵਾਨੀ ਵੇਲੇ ਮਨੁੱਖ ਨੂੰ ਆਪਣੇ ਤਨ ਦੀ ਤਾਕਤ ਦਾ ਬਹੁਤ ਅਹੰਕਾਰ ਹੁੰਦਾ ਹੈ ਪਰ ਜਵਾਨੀ ਦਾ ਸਮਾਂ ਅਤੇ ਸਰੀਰ ਦੀ ਤਾਕਤ ਬਹੁਤ ਥੋੜਾ ਸਮਾਂ ਹੀ ਰਹਿੰਦੀ ਹੈ। ਇਸ ਲਈ ਗੁਰਮਤਿ ਕਾਵਿ ਵਿਚ ਜਵਾਨੀ ਵੇਲੇ ਪੈਦਾ ਹੁੰਦੇ ਅਹੰਕਾਰ ਤੋਂ ਬਚਣ ਲਈ ਤਾਕੀਦ ਕੀਤੀ ਗਈ ਹੈ;
“ਉਤੰਗੀ ਪੈਓਹਰੀ ਗਹਿਰੀ ਗੰਭੀਰੀ।।
ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ।।” (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ਨੰ. – 1410)
ਗੁਰੂ ਸਾਹਿਬ ਆਖਦੇ ਹਨ ਕਿ ਉੱਚੇ ਲੰਮੇ ਕਦ ਵਾਲੀ; ਭਰ ਜਵਾਨੀ ਤੇ ਅਪੱੜੀ ਹੋਈ ਮਸਤ ਚਾਲ ਵਾਲੀ ਮੁਟਿਆਰ; ਆਪਣੀ ਸਹੇਲੀ ਨੂੰ ਅਹੰਕਾਰ- ਵੱਸ ਹੋ ਕੇ ਆਖਦੀ ਹੈ;
“ਹੇ ਸਖੀ, ਭਰਵੀਂ ਛਾਤੀ ਦੇ ਕਾਰਨ ਮੈਥੋਂ ਝੁਕਿਆ ਨਹੀਂ ਜਾਂਦਾ; ਮੈਂ ਆਪਣੀ ਸੱਸ ਨੂੰ ਨਮਸਕਾਰ ਕਿਵੇਂ ਕਰਾਂ?” ਅੱਗਿਓਂ ਚੰਗੀ ਸਹੇਲੀ ਅਹੰਕਾਰ ਵਿਚ ਮਸਤ ਆਪਣੀ ਸਖੀ ਨੂੰ ਸਮਝਾਉਂਦਿਆਂ ਜੁਆਬ ਦਿੰਦੀ ਹੈ;
“ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ।।
ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ।।” (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ਨੰ. – 1410)
ਹੇ ਸਖੀ, ਇਹ ਵੱਡੇ- ਵੱਡੇ ਪਹਾੜਾਂ ਵਰਗੇ ਚੂਨੇ ਦਾ ਪਲੱਸਤਰ ਲੱਗੇ ਮਹੱਲਾਂ ਨੂੰ ਡਿੱਗਦੇ ਮੈਂ ਤੱਕਿਆ ਹੈ, ਤੇਰੀ ਜਵਾਨੀ ਦਾ ਕੀ ਮੁੱਲ ਹੈ? ਇਸ ਦਾ ਮਾਣ ਨਾ ਕਰ। ਇਹ ਬਹੁਤ ਥੋੜਾ ਸਮਾਂ ਹੈ ਅਤੇ ਇਹ ਸਮਾਂ ਲੰਘਦਿਆਂ ਪਤਾ ਨਹੀਂ ਲੱਗਦਾ। ਇਸ ਲਈ ਆਪਣੀ ਜਵਾਨੀ ਦਾ ਅਹੰਕਾਰ ਨਾ ਕਰ। ਸਮਾਂ ਬਤੀਤ ਹੋਣ ਤੋਂ ਬਾਅਦ ਤੇਰੇ ਹੱਥ, ਸਿਰਫ਼ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਆਵੇਗਾ। ਉਸ ਵੇਲੇ ਤੈਨੂੰ ਲੰਘਿਆ ਵੇਲਾ ਚੇਤੇ ਆਵੇਗਾ। ਪਰ ਉਹ ਵੇਲਾ ਸਿਰਫ਼ ਪਛਤਾਵੇ ਦਾ ਵੇਲਾ ਹੋਵੇਗਾ; ਇਸ ਤੋਂ ਵੱਧ ਕੁਝ ਨਹੀਂ।
ਖ਼ੈਰ! ਅਧਿਆਤਮਕ ਜਗਤ ਤੋਂ ਇਲਾਵਾ ਜੇਕਰ ਵਿਗਿਆਨਕ ਪੱਖੋਂ ਮਨੁੱਖੀ ਜੀਵਨ ਦੇ ਜਵਾਨੀ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਦੇਖਿਆ ਜਾਂਦਾ ਹੈ ਕਿ ਮਨੁੱਖ ਦੀ ਉਮਰ ਵੱਧਣ ਦੇ ਨਾਲ- ਨਾਲ ਬਦਸੂਰਤੀ ਆਉਂਦੀ ਹੈ ਅਤੇ ਰੋਗ ਘੇਰਾ ਪਾਉਂਦੇ ਹਨ। ਚਾਲੀ/ ਪੰਜਾਹ ਤੋਂ ਬਾਅਦ ਲਗਭਗ ਸਾਰੇ ਮਰਦ/ ਤੀਵੀਆਂ ਇੱਕੋ ਜਿਹੇ (ਅੱਧਖੜ) ਜਿਹੇ ਦਿੱਸਣ ਲੱਗਦੇ ਹਨ। ਇੱਕਾ- ਦੁੱਕਾ ਅਪਵਾਦ ਹੋ ਸਕਦੇ ਹਨ ਪਰ ਆਮਤੌਰ ਦੇ ਇਹ ਹਕੀਕਤ ਸਭ ਤੇ ਢੁੱਕਦੀ ਹੈ।
ਜਵਾਨੀ ਵੇਲੇ ਬੰਦੇ ਦੇ ਦੰਦ, ਕੰਨ, ਅੱਖਾਂ, ਗੋਡੇ ਅਤੇ ਸਰੀਰ ਦੇ ਸਮੁੱਚੇ ਅੰਗ ਸੁਚਾਰੂ ਢੰਗ ਨਾਲ ਕੰਮ ਕਰਦੇ ਹਨ। ਖੂਬਸੂਰਤੀ ਚਿਹਰੇ ਤੇ ਝਲਕਦੀ ਹੈ। ਉਹੀ ਬੰਦਾ/ ਔਰਤ ਬੁਢਾਪੇ ‘ਚ ਬਦਸੂਰਤ ਨਹੀਂ ਤਾਂ ਭੈੜੇ ਜ਼ਰੂਰ ਦਿੱਸਣ ਲੱਗਦੇ ਹਨ। ਇਸ ਲਈ ਹਰ ਮਨੁੱਖ ਸਦਾ ਜਵਾਨ ਰਹਿਣ ਲਈ ਉੱਪਰਾਲੇ ਕਰਦਾ ਰਹਿੰਦਾ ਹੈ।
ਕੋਈ ਵਾਲ ਕਾਲੇ ਕਰਦਾ ਹੈ। ਕੋਈ ਕਸਰਤ ਕਰਦਾ ਹੈ ਅਤੇ ਕੋਈ ਆਪਣੀ ਉਮਰ ਘੱਟ ਕਰਕੇ ਦੱਸਦਾ ਹੈ ਤਾਂ ਕਿ ‘ਜਵਾਨੀ ਲੰਘ ਗਈ ਹੈ’ ਇਸ ਗੱਲ ਨੂੰ ਝੁਠਲਾਇਆ ਜਾ ਸਕੇ। ਪਰ! ਸਮਾਂ ਲੰਘਦਿਆਂ ਦੇਰ ਨਹੀਂ ਲੱਗਦੀ ਅਤੇ ਜਵਾਨੀ ਦਾ ਸੁਨਹਿਰੀ ਸਮਾਂ ਵੀ ਝੱਟ ਹੀ ਲੰਘ ਜਾਂਦਾ ਹੈ।
ਪੰਜਾਬੀ ਸਮਾਜ ‘ਚ ਆਮ ਹੀ ਕਹਾਵਤ ਮਸ਼ਹੂਰ ਹੈ ਕਿ ‘ਬਚਪਣ ਤੇ ਜਵਾਨੀ ਇੱਕ ਵਾਰ ਜਾ ਕੇ ਵਾਪਸ ਨਹੀਂ ਮੁੜਦੇ ਅਤੇ ਬੁਢਾਪਾ ਆ ਕੇ ਕਦੇ ਵਾਪਸ ਨਹੀਂ ਜਾਂਦਾ।’ ਬਚਪਣ ਅਤੇ ਜਵਾਨੀ ਜਦੋਂ ਇੱਕ ਵਾਰ ਲੰਘ ਜਾਂਦੇ ਹਨ ਫ਼ਿਰ ਮੁੜ ਕੇ ਨਹੀਂ ਆਉਂਦੇ ਅਤੇ ਬੁਢਾਪਾ ਜਦੋਂ ਆ ਜਾਂਦਾ ਹੈ ਫ਼ਿਰ ਮੁੜ ਕੇ ਨਹੀਂ ਜਾਂਦਾ। ਬੁਢਾਪਾ ਤਾਂ ਮਰਨ ਤੀਕ ਬੰਦੇ ਦਾ ਸਾਥ ਨਹੀਂ ਛੱਡਦਾ। ਇਸ ਅਵਸਥਾ ਦਾ ਅੰਤ ਸ਼ਮਸ਼ਾਨ ਵਿਚ ਜਾ ਕੇ ਹੁੰਦਾ ਹੈ ਜਦੋਂ ਬੰਦਾ ਦੁਨੀਆਂ ਤੋਂ ਰੁਖ਼ਸਤ ਹੋ ਜਾਂਦਾ ਹੈ।
ਪੰਜਾਬੀ ਦੇ ਮਸ਼ਹੂਰ ਗਾਇਕ/ ਅਦਾਕਾਰ ਗੁਰਦਾਸ ਮਾਨ ਦਾ ਇੱਕ ਗੀਤ ‘ਜਵਾਨੀ ਦੇ ਸਮੇਂ’ ਦੀ ਗੱਲ ਕਰਦਾ ਹੈ;
“ਵਾਹ ਨੀਂ ਜਵਾਨੀਏਂ, ਤੇਰਾ ਵੀ ਜਵਾਬ ਨਹੀਂ।” (ਗੁਰਦਾਸ ਮਾਨ)
ਅਤੇ
“ਹੱਸ ਲੈ ਹੱਸ ਲੈ ਹੱਸ ਲੈ ਨੀਂ, ਬੀਤੇ ਵੇਲੇ ਨੂੰ ਫੇਰ ਪਛਤਾਏਂਗੀ ਤੂੰ
ਜਦੋਂ ਮੂੰਹ ਵਿੱਚ ਤੇਰੇ ਨਾ ਦੰਦ ਰਹਿਣੇ, ਫੇਰ ਹੱਸ ਕਿ ਕਿਹਨੂੰ ਵਿਖਾਏਂਗੀ ਤੂੰ
ਮਾਹੀ ਵਾਸਤੇ ਜੋੜ ਲੈ ਦਾਜ ਆਪਣਾ, ਖ਼ਾਲੀ ਹੱਥ ਨਿਕੰਮੀਏ ਜਾਏਂਗੀ ਤੂੰ।” (ਗੁਰਦਾਸ ਮਾਨ)
ਗੁਰਦਾਸ ਮਾਨ ਦੇ ਗੀਤ ਵਾਂਗ ਇਹ ਗੱਲ ਬਿਲਕੁਲ ਦਰੁੱਸਤ ਹੈ ਕਿ ਜਵਾਨੀ ਦੇ ਸਮੇਂ ਦਾ ਕੋਈ ਜੁਆਬ ਨਹੀਂ ਹੁੰਦਾ। ਜਵਾਨੀ ਖੂਬਸੂਰਤ ਹੁੰਦੀ ਹੈ ਕਿਉਂਕਿ ਭਰ ਜਵਾਨੀ ਵਿਚ ਹਰ ਮਨੁੱਖ ਚੰਗਾ/ ਸੋਹਣਾ ਦਿੱਸਦਾ ਹੈ। ਉਹ ਭਾਵੇਂ ਰੰਗ ਦਾ ਕਾਲਾ ਹੋਵੇ ਤੇ ਭਾਵੇਂ ਗੋਰੇ ਦਾ। ਪਰ ਜਵਾਨੀ ਕਰਕੇ ਚੰਗਾ/ ਸੋਹਣਾ ਲੱਗਦਾ ਹੈ, ਸੋਹਣਾ ਦਿੱਸਦਾ ਹੈ।
ਅੰਗਰੇਜ਼ੀ ਦੇ ਵਿਦਵਾਨ ਕਵੀ ਵਿਲੀਅਮ ਵਰਡਸਵਰਡ  ਦੀ ਇੱਕ ਕਵਿਤਾ ਵਿਚ ਵੀ ਮਨੁੱਖ ਨੂੰ ਜਵਾਨੀ ਦੇ ਸਮੇਂ ਦੀ ਕਦਰ ਕਰਨ ਲਈ ਪ੍ਰੇਰਣਾ ਦਿੱਤੀ ਗਈ ਹੈ। ਇਸ ਕਵਿਤਾ ਦਾ ਕੇਂਦਰੀ ਭਾਵ ਇਹ ਹੈ ਕਿ ਜਿਹੜਾ ਕੰਮ ਮਨੁੱਖ ਆਪਣੇ ਜਵਾਨੀ ਦੇ ਸਮੇਂ ਵਿਚ ਕਰ ਸਕਦਾ ਹੈ ਉਸ ਬਾਰੇ ਬੁਢਾਪੇ ਵਿਚ ਸਿਰਫ਼ ਸੋਚਿਆ ਹੀ ਜਾ ਸਕਦਾ ਹੈ; ਕੀਤਾ ਨਹੀਂ ਜਾ ਸਕਦਾ। ਕਵਿਤਾ ਦਾ ਮੂਲ ਹੈ;
“ਆਪਣੀ ਜਵਾਨੀ ਦੇ ਸਮੇਂ ਦਾ ਭਰਪੂਰ ਇਸਤੇਮਾਲ ਕਰੋ।” ਵਿਲੀਅਮ ਵਰਡਸਵਰਡ ਦੀ ਅੰਗਰੇਜ਼ੀ ਕਵਿਤਾ ਦੇ ਮੂਥਲ ਥੀਮ ਦਾ ਪੰਜਾਬੀ ਅਨੁਵਾਦ)
ਵਿਲੀਅਮ ਵਰਡਸਵਰਡ ਆਖਦਾ ਹੈ ਕਿ ਜਿਹੜੇ ਕਪੜੇ ਤੁਸੀਂ ਅੱਜ ਪਾ ਸਕਦੇ ਹੋ ਉਹ ਅੱਜ ਤੋਂ ਵੀਹ ਸਾਲ ਬਾਅਦ ਨਹੀਂ ਪਾ ਸਕੋਗੇ। ਜਿਹੜਾ ਕੰਮ ਤੁਸੀਂ ਅੱਜ ਕਰ ਸਕਦੇ ਹੋ ਉਸਨੂੰ ਦਸਾਂ/ ਪੰਦਰਾਂ ਸਾਲਾਂ ਬਾਅਦ ਨਹੀਂ ਕੀਤਾ ਜਾ ਸਕਦਾ। ਇਸ ਲਈ ਜਵਾਨੀ ਦੇ ਸਮੇਂ ਦੀ ਕਦਰ ਕਰੋ ਅਤੇ ਆਪਣੀਆਂ ਇੱਛਾਵਾਂ ਸਮੇਂ ਦੇ ਮੁਤਾਬਕ ਹੀ ਪੂਰੀਆਂ ਕਰਦੇ ਰਹੋ; ਨਹੀਂ ਤਾਂ ਬਾਅਦ ਵਿਚ ਪਛਤਾਵਾ ਹੀ ਮਨੁੱਖ ਦੇ ਪੱਲੇ ਪੈਂਦਾ ਹੈ।
ਜਵਾਨੀ ਦਾ ਸਮਾਂ ਲੜਾਈ- ਝਗੜੇ ‘ਚ ਗੁਆ ਕੇ ਜਦੋਂ ਪਤੀ- ਪਤਨੀ ਬੁਢਾਪੇ ‘ਚ ਕਦਮ ਰੱਖਦੇ ਹਨ ਤਾਂ ਫ਼ਿਰ ਜਵਾਨੀ ਵੇਲੇ ਦਾ ਸਮਾਂ ਚੇਤੇ ਆਉਂਦਾ ਹੈ ਜਿਹੜਾ ਲੜਾਈ- ਝਗੜੇ ਵਿਚ ਅਜਾਈਂ ਹੀ ਗੁਆ ਲਿਆ ਹੁੰਦਾ ਹੈ;
“ਤੇਰੀ ਜਵਾਨੀ ਚਲੀ ਗਈ
ਮੇਰੀ ਵੀ ਜਵਾਨੀ ਚਲੀ ਗਈ,
ਜ਼ਿੰਦਗੀ ਦੇ ਇੱਕ ਰੁਪੱਈਏ ‘ਚੋਂ
ਬੇਵਜਾ ਅਠੱਨੀ ਚਲੀ ਗਈ।” (ਅਗਿਆਤ)
ਜਵਾਨੀ ਵੇਲੇ ਮਨੁੱਖ ਦਾ ਦਿਨ ਝੱਟ ਹੀ ਲੰਘ ਜਾਂਦਾ ਹੈ ਪਰ ਉਹੀ ਬੰਦਾ ਜਦੋਂ ਬੁਢਾਪੇ ‘ਚ ਪੈਰ ਰੱਖਦਾ ਹੈ ਤਾਂ ਦਿਨ ਤਾਂ ਦੂਰ ਦੀ ਗੱਲ ਘੰਟੇ ਵੀ ਸਦੀਆਂ ਵਾਂਗ ਲੰਘਦੇ ਜਾਪਦੇ ਹਨ ਕਿਉਂਕਿ ਬੀਮਾਰੀਆਂ ਨੇ ਘੇਰਾ ਪਾਇਆ ਹੁੰਦਾ ਹੈ। ਕਦੇ ਗੋਡੇ ਦਰਦ, ਕਦੇ ਬਲਡ ਪਰੈਸ਼ਰ ਅਤੇ ਕਦੇ ਹੋਰ ਕੋਈ ਸਰੀਰਿਕ ਰੋਗ। ਇਸ ਲਈ ਅਕਸਰ ਹੀ ਬਜ਼ੁਰਗ ਲੋਕ ਪਾਰਕ ਆਦਿਕ ਜਨਤਕ ਥਾਂਵਾਂ ਤੇ ਬੈਠ ਕੇ ਆਪਣੀ ਜਵਾਨੀ ਦੇ ਕਿੱਸੇ ਸੁਣਾਉਂਦੇ ਆਮ ਹੀਂ ਦਿੱਸ ਪੈਂਦੇ ਹਨ।
ਮੁਕੱਦੀ ਗੱਲ ਜਵਾਨੀ ਖੂਬਸੂਰਤ ਹੁੰਦੀ ਹੈ ਤੇ ਹਰ ਕੋਈ ਸਦਾ ਜਵਾਨ ਰਹਿਣਾ ਚਾਹੁੰਦਾ ਹੈ। ਪਰ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਵਾਨੀ ਦੇ ਸਮੇਂ ਨੂੰ ਸਾਰਥਕ ਕੰਮਾਂ ਵਿਚ ਬਤੀਤ ਕਰਨਾ ਚਾਹੀਦਾ ਹੈ ਤਾਂ ਕਿ ਬੁਢਾਪੇ ਵਿਚ ਇਹਨਾਂ ਸਾਰਥਕ ਕੰਮਾਂ ਦੀ ਊਰਜਾ ਬੁਢਾਪੇ ਨੂੰ ਤਾਕਤ ਦਿੰਦੀ ਰਹੇ ਅਤੇ ਜਵਾਨੀ ਵੇਲੇ ਦੇ ਕੀਤੇ ਹੋਏ ਕੰਮਾਂ ਦਾ ਕਦੇ ਕੋਈ ਪਛਤਾਵਾ ਨਾ ਹੋਵੇ। ਜਵਾਨੀ ਜ਼ਿੰਦਾਬਾਦ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>