ਦਿੱਲੀ ਦੇ ਹਵਾਈ ਅੱਡੇ ਤੋਂ ਬਾਹਰ ਨਿਕਲਦੇ ਹੀ ਸੁਰਿੰਦਰ ਨੂੰ ਗੁਰਮੀਤ ਨੇ ਆ ਜੱਫੀ ਪਾਈ । ਉਹ ਪੰਜਾਬ ਤੋਂ ਦਿੱਲੀ ਨੂੰ ਟੈਕਸੀ ਚਲਾਂਉਦਾ ਸੀ। ਸੁਖਸਾਂਦ ਤੋਂ ਬਾਅਦ ਗੱਲਾਂ ਬਾਤਾਂ ਕਰਦੇ ਗੱਡੀ ਕੋਲ ਪਹੁੰਚ ਗਏ। ਟੈਕਸੀ ਪੰਜਾਬ ਦੇ ਰਸਤੇ ਪੈ ਗਈ।ਸੁਰਿੰਦਰ ਘਰ ਪਹੁੰਚਣ ਲਈ ਉਤਾਵਲਾ ਸੀ। ਕਿਉ ਕਿ ਉਸ ਦੇ ਘਰਵਾਲੀ (ਜਸਵਿੰਦਰ) ਦੀ ਡਲਿਵਰੀ ਹੋਣ ਵਾਲੀ ਸੀ।ਜਿਹੜੀ ਸੱਸ (ਮਾਂ) ਨਾਲ ਪਿੰਡ ਵਿੱਚ ਰਹਿ ਰਹੀ ਸੀ। ਸੁਰਿੰਦਰ ਵਿਦੇਸ਼ ਵਿੱਚ ਨੌਕਰੀ ਕਰਦਾ ਸੀ।ਉਹ ਹਰ ਸਾਲ ਛੁੱਟੀ ਆਉਦਾ,ਜਸਵਿੰਦਰ ਅਤੇ ਮਾਂ ਨੂੰ ਨਾਲ ਜਾਣ ਲਈ ਜੋਰ ਦਿੰਦਾ। ਪਰ ਜਿਵੇਂ ਕਹਿੰਦੇ ਨੇ,ਆਪਣਾ ਘਰ ਕਿਸੇ ਮਹਿਲ ਤੋਂ ਘੱਟ ਨਹੀ ਹੁੰਦਾ। ਉਸ ਦੀ ਮਾਂ ਵਿਦੇਸ਼ ਜਾਣ ਲਈ ਰਾਜੀ ਨਾ ਹੁੰਦੀ। ਜਿਸ ਕਰਕੇ ਜਸਵਿੰਦਰ ਨੂੰ ਮਾਂ ਕੋਲ ਰਹਿਣਾ ਪੈਦਾਂ। ਉਹ ਆਖਰੀ ਸਾਹਾਂ ਤੱਕ ਇਥੇ ਹੀ ਰਹਿਣਾ ਚਾਹੁੰਦੀ ਸੀ। ਉਹ ਹਮੇਸ਼ਾ ਕਹਿੰਦੀ,”ਮੈਂ ਇਸ ਘਰ ਵਿੱਚ ਵਿਆਹ ਕੇ ਆਈ ਹਾਂ,ਚਾਰ ਕੰਧਿਆਂ ਤੇ ਜਾਵਾਂਗੀ”। ਸੁਰਿੰਦਰ ਦਾ ਫੋਨ ਖੜ੍ਹਕਿਆ, ਤਾਇਆ ਬੋਲ ਰਿਹਾ ਸੀ,”ਜਸਵਿੰਦਰ ਦੀ ਸਿਹਤ ਠੀਕ ਨਹੀ ਹੈ। ਅਸੀ ਖੰਨੇ ਲੈਕੇ ਚੱਲੇ ਆ,ਤੁਸੀ ਸਿੱਧੇ ਹਸਪਤਾਲ ਵਿੱਚ ਆ ਜਾਣਾ”। ਦੋ ਕੁ ਘੰਟੇ ਬਾਅਦ ਉਹ ਵੀ ਖੰਨੇ ਪਹੁੰਚ ਗਏ।ਨਰਸਾਂ ਜਸਵਿੰਦਰ ਨੂੰ ਓਪਰੇਸ਼ਨ ਥੇਟਰ ਅੰਦਰ ਲੈ ਗਈਆਂ ਸਨ। ਬੱਚੇ ਦੀ ਡਲਿਵਰੀ ਓਪਰੇਸ਼ਨ ਨਾਲ ਹੋਣੀ ਸੀ ਸੁਰਿੰਦਰ ਨੂੰ ਮਿਲਣ ਦੀ ਇਜ਼ਾਜ਼ਤ ਦੇ ਦਿੱਤੀ ਗਈ। ਜਸਵਿੰਦਰ ਨੇ ਹੋਲੀ ਹੋਲੀ ਅੱਖਾਂ ਖੋਲ ਕੇ ਸੁਰਿੰਦਰ ਵੱਲ ਦੇਖਿਆ। ਪਰ ਉਸ ਵਿੱਚ ਬੋਲਣ ਦੀ ਸਮਰੱਥਾ ਨਹੀ ਸੀ।
ਸੂਰਜ ਢਲ ਚੁੱਕਿਆ ਸੀ। ਬੱਚੇ ਦੀ ਹਾਲਤ ਨਾਜ਼ਕ ਬਣੀ ਹੋਈ ਸੀ। ਦਿੱਲ ਦੀ ਧੜਕਣ ਵੀ ਘੱਟ ਰਹੀ ਸੀ। ਡਾਕਟਰ ਨੇ ਲੁਧਿਆਣੇ ਲੈ ਕੇ ਜਾਣ ਦੀ ਸਲਾਹ ਦਿੱਤੀ। ਉਹ ਸਵੱਖਤੇ ਹੀ ਐਂਬੂਲੈਂਸ ਰਾਂਹੀ ਲੁਧਿਆਣੇ ਨੂੰ ਰਵਾਨਾ ਹੋ ਗਏ। ਕਹਿਦੇ ਨੇ ਮੁਸੀਬਤ ਕਦੇ ਪੁੱਛ ਕਿ ਨਹੀ ਆਉਦੀ,ਇਸ ਵਿਚੋਂ ਬਾਹਰ ਨਿੱਕਲਣ ਦਾ ਰਸਤਾ,ਮੁਸੀਬਤ ਵਿੱਚ ਫਸਣ ਨਾਲੋਂ ਵੀ ਔਖਾ ਹੁੰਦਾ ਹੈ। ਬੱਚੇ ਦੀ ਸਿਹਤ ਜਿਉਂ ਦੀ ਤਿਉਂ ਸੀ। ਡਾਕਟਰ ਹਰ ਸੰਭਵ ਕੋਸ਼ਿਸ਼ ਕਰ ਰਹੇ ਸਨ।ਸੁਰਿੰਦਰ ਨੇ ਹਰ ਥਾਂ ਜਾਕੇ ਮੱਥਾ ਰਗੜਿਆ ਪਰ ਰੱਬ ਵੀ ਰੁੱਸਿਆ ਲਗਦਾ ਸੀ। ਅਖੀਰ ਡਾਕਟਰਾਂ ਨੇ ਵੀ ਸਿਰ ਫੇਰ ਦਿੱਤਾ। “ਵੈਰੀ ਸੌਰੀ” ਕਹਿ ਕੇ ਉਹ ਵੀ ਚਲੇ ਗਏ।ਸੁਣਿਆ ਹੈ ਕਮਜ਼ੋਰ ਦਾ ਕੋਈ ਨਹੀ ਹੁੰਦਾ ਤੇ ਮੁਸੀਬਤਾਂ ਇਨਸਾਨ ਨੂੰ ਕਮਜ਼ੋਰ ਕਰ ਦਿੰਦੀਆਂ ਹਨ ਜਸਵਿੰਦਰ ਕਾਫੀ ਕਮਜ਼ੋਰ ਹੋ ਚੁੱਕੀ ਸੀ। ਉਹ ਪੱਥਰ ਦੀ ਮੂਰਤ ਬਣੀ ਚੁੱਪ ਚੁੱਪ ਰਹਿੰਦੀ। ਕੁਝ ਦਿੱਨਾਂ ਬਾਅਦ ਜਸਵਿੰਦਰ ਨੂੰ ਛੁੱਟੀ ਮਿਲ ਗਈ।ਘਰੇ ਰਿਸ਼ਤੇਦਾਰ,ਗਲੀ ਮੁਹੱਲੇ ਦੇ ਲੋਕ ਦੁੱਖ ਸਾਝਾ ਕਰਨ ਲਈ ਆਉਦੇ। ਉਹ ਸੁਰਿੰਦਰ ਦੇ ਵਿਦੋਸ਼ੋਂ ਲਿਆਦੇ ਖਿਲਾਉਣਿਆਂ ਵੱਲ ਦੇਖ ਦੇਖ ਰੋਦੀਂ ਰਹਿਂਦੀ। ਉਸ ਲਈ ਇਹ ਕਸ਼ਟ ਅਸਹਿ ਸੀ। ਦੁੱਖ ਨੂੰ ਹੌਸਲੇ ਨਾਲ ਹੀ ਘਟਾਇਆ ਜਾ ਸਕਦਾ ਹੈ। ਪਰ ਸੁਰਿਦਰ ਦਾ ਹੌਸਲਾ ਟੁੱਟ ਚੁੱਕਿਆ ਸੀ। ਉਹ ਆਪਣੇ ਗ਼ਮ ਨੂੰ ਵਡਉਣ ਲਈ ਪਿੰਡ ਵਿੱਚ ਦੋਸਤਾਂ ਕੋਲ ਚਲਿਆ ਜਾਦਾ। ਉਸਦੇ ਦੋਸਤਾਂ ਦੇ ਹਾਲਾਤ ਨਾ ਤਾਂ ਉਹਦੇ ਵਰਗੇ ਸੀ ਨਾ ਹੀ ਉਹ ਲੋਕ। ਉਹ ਇੱਕ ਅੱਧਾ ਪੈਗ ਲਾਉਣ ਦੇ ਸਲਾਹ ਦਿੰਦੇ। ਉਸ ਦੇ ਵਾਰ ਵਾਰ ਮਨ੍ਹਾ ਕਰਨ ਤੋਂ ਵੀ ਨਾ ਹਟਦੇ। ਕਈ ਵਾਰ ਮੱਲੋਜੋਰੀ ਵੀ ਪਿਆ ਦਿੰਦੇ। ਜਾਪਾਨੀ ਕਹਾਵਤ ਹੈ ਸ਼ਰਾਬ ਦਾ ਪਹਿਲਾ ਪੈੱਗ ਬੰਦਾ ਪੀਦਾਂ ਹੈ।ਦੂਸਰਾ ਪਹਿਲੇ ਵਾਲਾ ਪੈੱਗ ਪੀਦਾਂ ਹੈ। ਤੀਸਰਾ ਪੈੱਗ ਬੰਦੇ ਨੂੰ ਪੀਦਾਂ ਹੈ। ਇਹ ਕਹਾਵਤ ਸੁਰਿੰਦਰ ੳਪਰ ਢੁੱਕਦੀ ਸੀ।ਉਹ ਹਰ ਰੋਜ਼ ਪੀਣ ਦਾ ਆਦੀ ਹੋ ਗਿਆ। ਸਮੇ ਦੀ ਸੂਈ ਘੁੰਮਦੀ ਰਹੀ। ਸੁਰਿੰਦਰ ਦੀ ਛੁੱਟੀ ਖਤਮ ਹੋ ਰਹੀ ਸੀ। ਉਸ ਨੇ ਵਾਪਸ ਜਾਣ ਦੀ ਟਿੱਕਟ ਬੁੱਕ ਕਰਾ ਲਈ। ਵਿਦੇਸ਼ ਜਾਣ ਤੋਂ ਪਹਿਲਾਂ ਸੁਰਿੰਦਰ ਨੇ ਸੋਚਿਆ ਕਿਉ ਮਨ੍ਹਾ ਨਾ ਘਰ ਲਈ ਸਮਾਨ ਖਰੀਦ ਕਿ ਦੇ ਜਾਵਾਂ। ਉਹ ਅਗਲੇ ਦਿੱਨ ਮੋਟਰਸਾਈਕਲ ਲੈਕੇ ਸ਼ਹਿਰ ਨੂੰ ਚਲਿਆ ਗਿਆ। ਖਰੀਦੋ ਫਰੋਖਤ ਕਰਨ ਤੋਂ ਬਾਅਦ ਸਮਾਨ ਆਟੋ ਵਾਲੇ ਨੂੰ ਦੱਸ ਕੇ ਪਿੰਡ ਨੂੰ ਤੁਰ ਪਿਆ। ਘੁੰਪ ਹਨੇਰਾ ਹੋ ਚੁੱਕਿਆ ਸੀ। ਸਰਦੀ ਦੀ ਰੁੱਤ ਹੋਣ ਕਾਰਨ ਧੁੰਦ ਨੇ ਸ਼ੜਕ ਨੂੰ ਢੱਕਿਆ ਹੋਇਆ ਸੀ। ਪੁਰੇ ਦੀ ਠੰਡੀ ਹਵਾ ਸੀਨਾ ਚੀਰਦੀ ਸੀ। ਉਸ ਨੇ ਮੋਟਰਸਾਈਕਲ ਨੂੰ ਠੇਕੇ ਅੱਗੇ ਲਿਆ ਖੜ੍ਹਾ ਕੀਤਾ।ਸ਼ਰਾਬ ਦੀ ਬੋਤਲ ਖਰੀਦੀ ਪੂਰੀ ਤਰ੍ਹਾਂ ਸ਼ਰਾਬੀ ਹੋ ਕਿ ਘਰ ਨੂੰ ਚੱਲ ਪਿਆ। ਸੰਘਣੀ ਧੁੰਦ ਵਿੱਚ ਦੋ ਗਜ਼ ਦੀ ਦੂਰੀ ਤੱਕ ਮਸਾ ਦਿਖਾਈ ਦਿੰਦਾ ਸੀ। ਖੇਤਾਂ ਵਿੱਚੋਂ ਪਰਿੰਦਿਆਂ ਦੀਆ ਅਵਾਜ਼ਾਂ ਦੇ ਨਾਲ ਕੁੱਤਿਆਂ ਦੇ ਰੋਣ ਦੀ ਅਵਾਜ਼ ਵੀ ਆ ਰਹੀ ਸੀ। ਚੀਨੀ ਅਖਾਣ ਏ,ਬੁਢਾਪਾ,ਕਸ਼ਟ,ਰੋਗ ਅਤੇ ਮੌਤ ਤੋਂ ਕੋਈ ਬਚ ਨਹੀ ਸਕਦਾ। ਸੜਕ ਦੇ ਵਿਚਕਾਰ ਰੇਤੇ ਦੀ ਭਰੀ ਟਰਾਲੀ ਖਰਾਬ ਹੋਈ ਖੜ੍ਹੀ ਸੀ। ਸੁਰਿੰਦਰ ਦਾ ਮੋਟਰਸਾਈਕਲ ਟਰਾਲੀ ਪਿੱਛੇ ਧੁਸ ਗਿਆ। ਟਰਾਲੀ ਦੀ ਹੁੰਕ ਉਸ ਦੀ ਛਾਤੀ ਵਿੱਚ ਖੁੱਬ ਗਈ। ਸਿਰ ਵਿੱਚੋਂ ਖੂਨ ਵਹਿ ਰਿਹਾ ਸੀ। ਉਹ ਆਖਰੀ ਸਾਹਾਂ ਤੇ ਬੇਪਛਾਣ ਹੋਇਆ ਪਿਆ ਸੀ। ਗੁਰੂਦੁਆਰਾ ਸਾਹਿਬ ਦੇ ਸਪੀਕਰ ਤੋਂ ਅਵਾਜ਼ ਆਈ,”ਸਾਰੇ ਨਗਰ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਦਾਂ ਹੈ”। “ਪਿੰਡ ਤੋਂ ਥੋੜੀ ਦੂਰੀ ਉਤੇ ਕਿਸੇ ਮੋਟਰਸਾਈਕਲ ਸਵਾਰ ਦਾ ਟਰਾਲੀ ਨਾਲ ਖਤਰਨਾਕ ਹਾਦਸਾ ਹੋ ਗਿਆ ਹੈ। ਸਾਰਿਆ ਨੂੰ ਬੇਨਤੀ ਹੈ ਕਿ ਉਸ ਬੇਪਛਾਣ ਹੋਏ ਨੌਜੁਆਨ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ,ਸਾਰੀ ਸੰਗਤ ਦਾ ਧੰਨਵਾਦ” ਕਹਿੰਦਾ ਹੋਇਆ ਸਪੀਕਰ ਬੰਦ ਹੋਗਿਆ। ਇਹ ਖਬਰ ਪਿੰਡ ਵਿੱਚ ਅੱਗ ਵਾਂਗ ਫੈਲ ਗਈ। ਜਿਸ ਨੇ ਵੀ ਸੁਣਿਆ ਉਹ ਸ਼ੜਕ ਵੱਲ ਭੱਜ ਤੁਰਿਆ।ਸਰਪੰਚ ਦੇ ਫੋਨ ਕਰਨ ਤੇ ਪੁਲਸ ਵੀ ਪਹੁੰਚ ਚੁੱਕੀ ਸੀ।ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਪੁਲਿਸ ਦੀ ਹਾਜ਼ਰੀ ਵਿੱਚ ਜੇਬ ਵਿਚਲੇ ਕਾਗਜ਼ਾਂ ਤੋਂ ਪਹਿਚਾਣ ਕੀਤੀ ਗਈ। ਕੁਝ ਲੋਕੀਂ “ਸੁਰਿੰਦਰ ਏ ਸੁਰਿੰਦਰ” ਵੀ ਕਹਿ ਰਹੇ ਸਨ। ਸਰਪੰਚ ਨੇ ਪੁਲਸ ਨੂੰ ਦੱਸਿਆ,”ਇਹ ਸਾਡੇ ਪਿੰਡ ਦਾ ਹੀ ਲੜਕਾ ਏ,ਜਿਹੜਾ ਵਿਦੇਸ਼ ਤੋਂ ਛੁੱਟੀ ਆਇਆ ਹੋਇਆ ਹੈ”। ਕੁਝ ਦੇਰ ਬਾਅਦ ਪੁਲਸ ਅਤੇ ਸਰਪੰਚ ਸਾਹਿਬ ਸੁਰਿੰਦਰ ਦੇ ਘਰ ਪਹੁੰਚ ਗਏ।ਦਰਵਾਜ਼ਾ ਖੁਲਦੇ ਹੀ ਹੱਥ ਵਿੱਚ ਫੋਟੋ ਵਾਲਾ ਕਾਗਜ਼ ਤੇ ਸਮਾਨ ਵਾਲਾ ਬਿੱਲ ਦਖਾਉਦਾ ਸਰਪੰਚ ਬੋਲਿਆ,”ਚਾਚੀ ਸੁਰਿੰਦਰ ਦਾ ਐਕਸੀਡੈਂਟ ਹੋ ਗਿਆ ਏ”। “ਉਸ ਦੇ ਸਿਰ ਅਤੇ ਛਾਤੀ ਵਿੱਚ ਗੰਭੀਰ ਚੋਟਾਂ ਲੱਗੀਆਂ ਨੇ,ਐਂਬੂਲੈਂਸ ਉਹਨਾਂ ਨੂੁੰ ਹਸਪਤਾਲ ਲੈ ਗਈ ਆ! ਘਬਰਾਓ ਨਾ,ਪ੍ਰਮਾਤਮਾ ਦਾ ਭਾਣਾ ਸਮਝੋ.”..ਸਰਪੰਚ ਬੋਲੀ ਜਾ ਰਿਹਾ ਸੀ,ਸੁਰਿੰਦਰ ਦੀ ਮਾਂ ਧੜੱਮ ਕਰਦੀ ਧਰਤੀ ਉਪਰ ਜਾ ਡਿੱਗੀ। ਠਾਹ ਦੀ ਅਵਾਜ਼ ਸੁਣ ਕੇ ਜਸਵਿੰਦਰ ਵੀ ਮੰਮੀ ਮੰਮੀ ਪੁਕਾਰਦੀ ਮਾਂ ਉਤੇ ਡਿੱਗ ਪਈ। ਉਹ ਕਦੇ ਮਾਂ ਤੇ ਕਦੇ ਫੋਟੋ ਵੱਲ ਦੇਖਦੀ ਭੁੱਬੀ ਰੋ ਰਹੀ ਸੀ। ਸੁਰਿੰਦਰ ਦੀ ਫੋਟੋ ਵਾਲਾ ਵਿਦੇਸ਼ੀ ਕਾਰਡ ਤੇ ਸਮਾਨ ਵਾਲਾ ਬਿੱਲ ਬੇਹੋਸ਼ ਪਈ ਮਾਂ ਦੇ ਹੱਥ ਵਿੱਚ ਘੁੱਟਿਆ ਹੋਇਆ ਸੀ। ਤਾਰਿਆਂ ਭਰੀ ਰਾਤ ਵਿੱਚ ਚਮਕਦਾ ਹੋਇਆ ਤਾਰਾ ਟੁੱਟ ਕੇ ਅਸਮਾਨ ਵਿੱਚ ਹੀ ਗੁੰਮ ਹੋ ਗਿਆ।ਸਿਆਣੇ ਕਹਿੰਦੇ ਨੇ ਇਨਸਾਨ ਦਾ ਹਰ ਇੱਕ ਚੰਗਾ ਮੰਦਾ ਦਿੱਨ ਜਿੰਦਗੀ ਦੇ ਇਤਿਹਾਸ ਦਾ ਪੰਨ੍ਹਾ ਬਣ ਜਾਦਾ ਹੈ।
