ਓਹ ਕੁੜੀ..।

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ,

ਬੇਪਰਵਾਹ-ਅਜ਼ਾਦ ਕੋਈ ਬੱਦਲ਼ੀ ਜਿਹੀ,

ਪਹਾੜੀਂ ਵਰਨੇ ਨੂੰ ਜਿਵੇਂ ਬੇਕਰਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਮੇਰੀ ਗਲਤੀਆਂ ਨੂੰ ਆਪਨੇ ਸਿਰ ਲੈ ਲੈਂਦੀ ਹੈ,

ਦਿਲ ਚ ਨਾ ਰੱਖੇ ਹਰ ਗੱਲ ਮੂੰਹ ਤੇ ਕਹਿ ਦੇਂਦੀ ਹੈ,

ਤਾਂ ਹੀ ਤਾਂ ਕੋਈ ਗੂੜਾ ਜਿਹਾ ਪਿਆਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਜਿੱਦ ਦੀ ਤਾਂ ਯਾਰੋ ਬਾਹਲੀ ਓ ਪੱਕੀ ਏ,

ਰੱਬ ਨੇ ਬਚਾ ਸ਼ਾਇਦ ਮੇਰੇ ਲਈ ਹੀ ਰੱਖੀ ਏ,

ਗਮਾਂ ਵਿੱਚ ਓ ਹਿੰਮਤ ਬੇਸ਼ੁਮਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਛੋਟੀ-ਛੋਟੀ ਗਲਤੀ ਤੇ ਬੱਚੇ ਵਾਂਗ ਡਾਂਟਦੀ ਏ,

ਦੁਬਾਰਾ ਨਾ ਕਰੀਂ ਹੁਣ ਪਿੱਛੋਂ ਮੈਨੂੰ ਆਖਦੀ ਏ,

ਕਦੇ ਕਦੇ ਮਿੱਠਾ ਅੱਤਿਆਚਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਦਕਸ਼, ਸੂਰੀਆ, ਗੁੰਜਨ ਓਹਦੇ ਛੋਟੇ-ਛੋਟੇ ਸਾਥੀ ਨੇ,

ਇੱਕ ਵੱਡਾ ਪਰਿਵਾਰ ਜੋ ਐਨ.ਜੀ.ਓ ਵਿੱਚ ਬਾਕੀ ਨੇ,

ਛੋਟਿਆਂ ਦੇ ਸਿਰ ਵੱਡਾ ਓਹ ਪਿਆਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਓਹਦਾ ਚੇਹਰਾ ਰਹੇ ਹੱਸਦਾ ਰੱਬੀ ਨੂਰ ਜਿਹੀ ਲੱਗਦੀ ਏ,

ਬਾਲਾਂ ਨੂੰ ਪੜਾਵੇ ਕਲਾਵੇ ਮੋਹ ਵਾਲੇ ਭਰਦੀ ਏ,

ਇੱਕ ਵੱਖਰੀ ਉਹ ਦੁਨੀਆਂ-ਸੰਸਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਗ਼ੁੱਸਾ ਕਦੇ ਓਹਦੇ ਮੈਂ ਮੱਥੇ ਨਾ ਜੇ ਤੱਕਿਆ,

ਚੇਹਰੇ ਦੀ ਚਮਕ ਤਾਰਾ ਅੰਬਰੀਂ ਕੋਈ ਹੱਸਿਆ,

ਉਹਦੇ ਕਦਮਾਂ ਚ ਬਰਕਤ ਬਲਿਹਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਰੱਬੀ ਪਰਛਾਈਂ ਜਿਹੀ ਓ ਦੀਮਾਪੁਰ ਵੱਸਦੀ ਏ,

ਮੁਹੱਬਤਾਂ ਦੀ ਗੱਲ ਮੈਨੂੰ ਅੱਖਾਂ ਨਾਲ ਦੱਸਦੀ ਏ,

ਕੋਅ-ਕਾਫ ਦੀ ਕੋਈ ਹੂਰ-ਮੁਟਿਆਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਬੜੇ ਲਾਡ, ਸ਼ਰਾਰਤਾਂ ਤੇ ਮਜ਼ਾਕ ਕਰੇ ਮੇਰੇ ਨਾਲ,

ਕਿੰਨੇ ਸੁਪਨੇ ਤੇ ਕੌਲ ਸਜਾਏ ਉਹਨੇ ਮੇਰੇ ਨਾਲ,

ਮੇਰਾ ਬਹਿਸ਼ਤੀ ਓ ਮੈਨੂੰ ਸੰਸਾਰ ਲੱਗਦੀ ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਸੱਟ ਲੱਗੀ ਮੇਰੇ, ਓ ਪਲ-ਪਲ ਮਰੀ ਸੀ,

ਰੋਜ਼ ਗੱਲ ਕਰਦੀ ਸਿਆਲੀਂ ਛੱਤ ਉੱਤੇ ਠਰੀ ਸੀ,

ਮੈਨੂੰ ਰੱਬ ਤੋਂ ਵੀ ਵੱਧ ਐਤਬਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਮੰਦੇ ਰਾਹਾਂ ਤੇ ਚੱਲਣੋਂ ਸਦਾ ਮੈਨੂੰ ਰੋਕਦੀ ਏ,

ਗ਼ੁੱਸੇ ਵਿੱਚ ਜੇ ਬੋਲਾਂ ਝੱਟ-ਪੱਟ ਮੈਨੂੰ ਟੋਕਦੀ ਏ,

ਨਾਤਾ ਰੂਹ ਸੰਗ ਕੋਈ ਬਰਕਰਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਉਹ ਮੈਨੂੰ ਮੇਰੇ ਨਾਲ਼ੋਂ ਯਾਰੋ ਵੱਧ ਜਾਣਦੀ ਏ,

ਮੇਰੇ ਦਿਲਾਂ ਦੀਆਂ ਜਾਣੇ ਸੱਚੀ ਰੱਬ ਜਿਹੀ ਜਾਪਦੀ ਏ,

ਉਹ ਮੈਥੋਂ ਮੇਰੇ ਉੁਤੇ ਵੱਧ ਅਖਤਿਆਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਜ਼ੁਲਫ਼ਾਂ ਕਾਲੀਆਂ ਗੂੜੀਆਂ ਰਾਤਾਂ ਵਾਂਗ ਲੱਗਦੀਆਂ,

ਮੋਟੀਆਂ ਅੱਖਾਂ ਦਿਲ ਦੀਆਂ ਗੱਲਾਂ ਦੱਸਦੀਆਂ,

ਮਿੱਠੀ ਬੋਲੀ ਓਹਦੀ ਦਿਲ ਤੇ ਅਸਰਦਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਪਾ ਕੇ ਗੁਲਾਬੀ ਸੂਟ ਨਿਰਾ ਗੁਲਾਬ ਜਿਹੀ ਲੱਗਦੀ ਏ,

ਜਿੱਧਰੋ ਦੀ ਲੰਘੇ ਰਾਹ ਦੁਲਹਨ ਵਾਂਗ ਸੱਜਦੀ ਏ,

ਓ ਖ਼ਾਬਾਂ ਦੀ ਕੋਈ ਖਿੜੀ ਗੁਲਜ਼ਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਉਨੂੰ ਚੁੱਲੇ ਚੌਕੇ ਦਾ ਕੋਈ ਕੰਮ ਕਰਨਾ ਨੀ ਆਉਂਦਾ,

ਝੂਠਾ ਕੋਈ ਦਮ ਉਹਨੂੰ ਭਰਨਾ ਨੀ ਆਉਂਦਾ,

ਸੱਚੀ ਸੋਚ ਦੀ ਉਹ ਬੜੀ ਜ਼ੁੰਮੇਵਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਬਰਗਰ-ਪੀਜੇ ਦੀ ਬੜੀ ਹੈ ਸ਼ੌਕੀਨ ਯਾਰੋ,

ਬੋਲੀ ਉਹਦੀ ਮਿੱਠੀ, ਗ਼ੁੱਸਾ ਲੱਗੇ ਨਮਕੀਨ ਯਾਰੋ,

ਖੁਸ਼ੀ ਮਾਪਿਆਂ ਦੇ ਜੀਵਨ ਚ ਅਪਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਮੇਰੀ ਹਰ ਹਾਰ ਨੂੰ ਜਿੱਤ ਵਿੱਚ ਬਦਲ ਦੇਵੇ ਓ,

ਮੇਰੀ ਹਰ ਨਜ਼ਮ ਨੂੰ ਅੰਤਾਂ ਦੀ ਕਦਰ ਦੇਵੇ ਓ,

ਅਨੇਕ ਜ਼ਿੰਦਗੀ ਚ’ ਰਹਿਮਤਾਂ ਖਿਲਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਕਦੇ ਨੀਲੇ ਅਸਮਾਨਾਂ ਦੀ ਉਚਾਈ ਜਿਹੀ ਲੱਗੇ,

ਕਦੇ ਸਾਗਰਾਂ ਦੀ ਬੇਅੰਤ ਗਹਿਰਾਈ ਜਿਹੀ ਲੱਗੇ,

ਓ ਹਰ ਜਨਮ ਮੈਨੂੰ ਮਿਲਣ ਦਾ ਕਰਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਬਿਨਾਂ ਬੋਲਿਆਂ ਹੀ ਮੇਰੇ ਦਿਲ ਦੀਆਂ ਜਾਣਦੀ ਏ,

ਧੰਨ ਹੈ ਇਹ ਜਿੰਦ ਜੋ ਨਿੱਤ ਸਾਥ ਉਹਦਾ ਮਾਣਦੀ ਏ,

ਹਰ ਸਕੂਨ ਭਰਿਆ ਪਲ ਓਹ ਗੁਜ਼ਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਜਦ ਸੋਹਣੀ ਜਿਹੀ ਬਣ ਮੇਰੇ ਸਾਹਮਣੇ ਓ ਆਉਂਦੀ ਏ,

ਕਿਤੇ ਨਜ਼ਰ ਲੱਗ ਜਾਵੇ ਨਾ, ਨਜ਼ਰ ਮੇਰੀ ਕਹਿੰਦੀ ਏ,

ਓਹ ਬਹਾਰਾਂ ਦਾ ਦਰਸ਼ਨੀ ਸ਼ਿੰਗਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਮੇਰੀਆਂ ਨਦਾਨੀਆਂ ਤੇ ਖਿੜ ਖਿੜ ਹੱਸਦੀ ਏ,

ਫੁੱਲਾਂ ਦੀ ਖੁਸ਼ਬੋਈ ਉਹਦੇ ਹਾਸਿਆਂ ਚ ਵੱਸਦੀ ਏ,

ਓਹ ਬੱਚਿਆਂ ਦੀ ਪਿਆਰੀ ਕਿਲਕਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਲਿਖਣਾ ਵੀ ਕਲਮ ਮੇਰੀ ਉਸ ਕੋਲੋਂ ਸਿੱਖਦੀ ਏ,

ਤੋਲ-ਤੁਕਾਂਤ, ਖ਼ੂਬ ਸ਼ਥਦਾਂ ਨੂੰ ਮਿੱਥਦੀ ਏ,

ਮੈਨੂੰ ਕਦੇ-ਕਦੇ ਓਹ ਸ਼ਬਦ-ਭੰਡਾਰ ਲੱਗਦੀ ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਨੈਣ ਵਿਸ਼ਵਾਸ ਭਰੇ ਉੁਚੇ ਨੇ ਸਤੰਭ ਜਿਵੇਂ,

ਸਫਰ ਪਿਆਰ ਵਾਲੇ ਕੀਤੇ ਨੇ ਆਰੰਭ ਜਿਵੇਂ,

ਖੰਭ ਮਹੱਬਤਾਂ ਦੇ ਅਸਮਾਨਾਂ ਚ ਖਿਲਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਤੂੰ ਆ ਨਹੀਂ ਕਰਨਾ ਤੂੰ ਔਹ ਨਹੀਂ ਕਰਨਾ ਏ,

ਜਿੱਥੇ ਮੈਂ ਕਹਾਂ ਤੂੰ ਉੱਥੇ ਜਾ ਖੜਨਾ ਏ,

ਹਦਾਇਤਾਂ ਦਾ ਨਿਰਾ ਹੈ ਅੰਬਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਪੰਜਾਬੀ ਬੋਲੀ ਸਿੱਖ ਮੇਰਾ ਮਾਣ ਵਧਾਇਆ ਓਨੇ,

ਕੀਤੇ ਮੇਰੇ ਭਰੋਸੇ ਦਾ ਇਨਾਮ ਦਿਵਾਇਆ ਓਨੇ,

ਮੇਰੇ ਫਿਕਰਾਂ ਚ ਡੁੱਬੇ ਦਾ ਉਧਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਰੱਬਾ ਵੇਖ ਆਪਣੀ ਕਿਸਮਤ ਤੇ ਹੈਰਾਨੀ ਆਵੇ ਮੈਨੂੰ,

ਉਨੂੰ ਭੇਜ ਮੇਰੀ ਜ਼ਿੰਦਗੀ ਚ ਤੂੰ ਗੁਲਾਮ ਕੀਤਾ ਮੈਨੂੰ,

ਮੇਰਾ ਹਰ ਖ਼ਾਬ ਪੂਰਾ ਕਰਨੇ ਨੂੰ ਤਿਆਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ।

 

ਛੋਟੀ ਜਿਹੀ ਖਰੋਚ ਦੇਖ ਵੱਡੇ-ਵੱਡੇ ਹੰਝੂ ਕੇਰੇ ਓ,

ਦਿਲ ਬਾਹਲਾ ਕੋਮਲ ਪਰ ਪੱਕੇ ਰੱਖੇ ਜੇਰੇ ਓ,

ਉਹ ਸੁੱਖਾਂ ਅਤੇ ਖੁਸ਼ੀਆਂ ਦੀ ਲਿਖਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਬਿਜਲੀ ਚਲੀ ਜਾਵੇ ਤਾਂ ਹਨੇਰਿਆਂ ਤੋਂ ਡਰਦੀ ਏ,

ਮਾਪਿਆਂ ਦੇ ਸੰਸਕਾਰ ਹਮੇਸ਼ਾਂ ਪੱਲੇ ਬੰਨ ਰੱਖਦੀ ਏ,

ਓਦੇ ਬਿਨਾ ਏਹ ਜ਼ਿੰਦਗੀ ਬੇਕਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਪਿਆਰ ਮੇਰੇ ਗੀਤਾਂ ਨੂੰ ਬਾਹਲਾ ਓ ਕਰਦੀ ਹੈ,

ਹਰ ਇਕ ਹਰਫ ਵਿੱਚ ਮੋਹ ਬਣ ਵੱਸਦੀ ਹੈ,

ਮੇਰੀ ਕਹਾਣੀ ਦਾ ਕੋਈ ਸੱਚਾ ਕਿਰਦਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ।

 

ਝੂਠ ਬੋਲਣੇ ਤੇ ਸੁਨਣੇ ਨੂੰ ਨਫ਼ਰਤ ਬੜਾ ਕਰਦੀ ਹੈ,

ਓ ਸ਼ਰਮਾਂ ਦੀ ਭਰੀ ਅੱਖ ਨੀਵੀਂ ਰੱਖ ਚੱਲਦੀ ਹੈ,

ਬਜ਼ੁਰਗਾਂ ਦੀਆਂ ਅਸੀਸਾਂ ਦਾ ਸਤਿਕਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਓਹਦੇ ਗੁਣਾਂ ਮੂਹਰੇ ਮੇਰੇ ਸਭ ਸ਼ਬਦ ਥੁੜ ਜਾਣੇ ਨੇ,

ਬੰਦਗੀ ਦੇ ਸਭੇ ਰਾਹ ਓਹਦੇ ਦਰ ਵੱਲ ਮੁੜ ਜਾਣੇ ਨੇ,

ਓਹ ਰੱਬੀ ਹੋਂਦ ਦੀ ਕੋਈ ਮੂਰਤ ਸਾਕਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਛੋਟਿਆਂ ਨੂੰ ਪਿਆਰ ਤੇ ਵੱਡਿਆ ਦਾ ਅਦਬ ਕਰੇ,

ਗੁਰੂ ਘਰ ਜਾਵੇ ਤੇ ਸੇਵਾ ਨਿੱਤ ਦਿਲੋਂ ਕਰੇ,

ਸਿਰ ਮੈਂ ਝੁਕਾਵਾਂ ਓਹ ਰੱਬੀ ਦੁਆਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਮਾਸੂਮ ਜਿਹਾ ਚੇਹਰਾ ਓਹ ਸਾਦਗੀ ਦੀ ਮੂਰਤ ਏ,

ਰਿਸ਼ਤਾ ਏ ਸਾਡਾ ਜਿਉਂ ਜ਼ਿੰਦਗੀ ਨੂੰ ਸਾਹਾਂ ਦੀ ਜ਼ਰੂਰਤ ਏ,

ਹਰ ਧੜਕਨ ਕਰੇ ਇਹੋ ਇਜ਼ਹਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

 

ਪਰੀਆਂ ਤੋਂ ਘੱਟ ਨਾ ਮੈਂ ਤਾਹੀਂ ਇੰਨਾ ਕੁਝ ਕਹਿ ਗਿਆ,

ਮੈਨੂੰ ਲਫ਼ਜ਼ ਨਹੀਂ ਥਿਆਏ, ਅਜੇ ਬੜਾ ਕੁਝ ਰਹਿ ਗਿਆ,

ਮੇਰੀ ਦੁਨੀਆ ਚ ਹੋਇਆ ਚਮਤਕਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>