ਪੰਜਾਬ ਮਾਡਲ: ਕਿਰਤ ਕਰੋ, ਵੰਡ ਛਕੋ, ਨਾਮ ਜਪੋ

ਬੀਤੇ ਦਿਨੀਂ ’ਪੰਜਾਬ ਟੈਲੀਵਿਜ਼ਨ‘ ’ਤੇ ਇਕ ਪ੍ਰੋਗਰਾਮ ਵੇਖ ਰਿਹਾ ਸਾਂ।  ਗੱਲ ਪੰਜਾਬ ਮਾਡਲ ਦੀ ਚੱਲ ਰਹੀ ਸੀ।  ਪੰਜਾਬ ਮਾਡਲ ਸਿੱਖ ਫ਼ਿਲਾਸਫੀ ਨਾਲ ਸੰਬੰਧਤ ਹੈ।  ’ਕਿਰਤ ਕਰੋ, ਵੰਡ ਛਕੋ, ਨਾਮ ਜਪੋ।’  ਅਰਥਾਤ ਇਮਾਨਦਾਰੀ ਨਾਲ ਕੰਮ ਕਰੋ, ਆਪਣੀ ਕਮਾਈ ਦਾ ਦਸਵੰਧ ਕੱਢੋ, ਅਤੇ ਪ੍ਰਮਾਤਮਾ ਨਾਲ ਜੁੜਨ ਲਈ ਧਿਆਨ ਲਗਾਓ।  ਸਿੱਖ ਫ਼ਿਲਾਸਫੀ ਅਨੁਸਾਰ ਸਾਨੂੰ ਉਦੇਸ਼ਪੂਰਨ ਜੀਵਨ ਜਿਊਣਾ ਚਾਹੀਦਾ ਹੈ।  ਸਮਾਜ ਲਈ, ਲੋਕਾਂ ਲਈ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਹੈ।  ਨਿਮਰਤਾ ਧਾਰਨ ਕਰਨੀ ਚਾਹੀਦੀ ਹੈ।

ਕਿਰਤ ਕਰਨ ਨਾਲ ਹੀ ਅਸੀਂ ਆਤਮ-ਨਿਰਭਰ ਅਤੇ ਅਰਥ-ਭਰਪੂਰ ਜੀਵਨ ਬਸਰ ਕਰ ਸਕਦੇ ਹਾਂ।  ਲੋੜਵੰਦਾਂ ਦੀ ਮਦਦ ਕਰਨ ਨਾਲ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਨਿਰਸੁਆਰਥ ਸੇਵਾਵਾਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।  ਮੈਡੀਟੇਸ਼ਨ ਅਤੇ ਪ੍ਰਾਰਥਨਾ ਦੁਆਰਾ ਪ੍ਰਮਾਤਮਾ ਨਾਲ ਲਿਵ ਜੋੜ ਕੇ ਮਨ ਨੂੰ ਥਿਰ ਰੱਖਣ ਵਿਚ ਮਦਦ ਮਿਲਦੀ ਹੈ।

ਗੁਰੂ ਨਾਨਕ ਫ਼ਿਲਾਸਮੀ ਦੇ ਇਨ੍ਹਾਂ ਮੂਲ ਸਿਧਾਂਤਾਂ ’ਤੇ ਚਲ ਕੇ ਹੀ ਸਾਰਥਕ ਜੀਵਨ ਜੀਵਿਆ ਜਾ ਸਕਦਾ ਹੈ।  ਇਹ ਸਿੱਖੀ ਦੇ ਤਿੰਨ ਥੰਮ੍ਹ ਹਨ ਅਤੇ ਅਸਲ ਵਿਚ ਇਹੀ ਪੰਜਾਬ ਮਾਡਲ ਹੈ ਜਿਸਨੂੰ ਸਾਰੀਆਂ ਧਿਰਾਂ ਭੁੱਲਦੀਆਂ ਜਾ ਰਹੀਆਂ ਹਨ।  ਇਹ ਤਿੰਨ ਸਿਧਾਂਤ ਆਪਸ ਵਿਚ ਅੰਤਰ-ਸੰਬੰਧਤ ਹਨ ਅਤੇ ਸੰਤੁਲਿਤ ਤੇ ਅਰਥ-ਭਰਪੂਰ ਜੀਵਨ ਦੀ ਬੁਨਿਆਦ ਬਣਦੇ ਹਨ।

ਪੰਜਾਬ ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ।  ਉਪਜਾਊ ਧਰਤੀ, ਅਮੀਰ ਸਭਿਆਚਾਰ, ਭੂਗੋਲਿਕ ਖੂਬਸੂਰਤੀ ਅਤੇ ਮਿਲਾਪੜਾ ਤੇ ਮਿਹਨਤੀ ਸੁਭਾਅ ਇਸਦੀਆਂ ਮੁੱਖ ਵਿਸ਼ੇਸ਼ਤਾਵਾਂ ਰਹੀਆਂ ਹਨ।  ਸਮੇਂ ਨਾਲ ਇਹ ਵਿਸ਼ੇਸ਼ਤਾਵਾਂ ਇਸਤੋਂ ਖੁਸ ਰਹੀਆਂ ਹਨ।  ਪੰਜਾਬ ਨੂੰ ਵਾਪਿਸ ਇਸ ਮਾਡਲ, ਇਨ੍ਹਾਂ ਵਿਸ਼ੇਸ਼ਤਾਵਾਂ ’ਤੇ ਆਉਣ ਦੀ, ਲਿਆਉਣ ਦੀ ਲੋੜ ਹੈ।

ਪਾਠਕ ਹੈਰਾਨ ਹੋਣਗੇ ਕਿ ਪੰਜਾਬ ਨੂੰ ਕਦੇ ’ਟੱਕ ਦੇਸ਼’, ਕਦੇ ’ਸਮਤ ਸਿੰਧੂ’, ਕਦੇ ’ਪੰਚਨਦ’ ਕਦੇ ’ਪੈਂਟਾਪੋਟਾਮੀਆ ’, ਕਦੇ ’ਲਾਹੌਰ ਸੂਬਾ’ ਅਤੇ ਕਦੇ ’ਪੰਜਾਬ ਪ੍ਰਾਂਤ’ ਕਿਹਾ ਜਾਂਦਾ ਸੀ।

ਸਿਆਸੀ, ਸਮਾਜਕ, ਸਭਿਆਚਾਰਕ, ਧਾਰਮਿਕ ਤੇ ਆਰਥਿਕ ਪ੍ਰਭਾਵਾਂ ਨੇ ਇਸ ਖਿੱਤੇ ਦੇ ਮੂੰਹ-ਮੁਹਾਂਦਰੇ ਨੂੰ ਵੱਡੀ ਪੱਧਰ ’ਤੇ ਪ੍ਰਭਾਵਤ ਕੀਤਾ।  ਇਹ ਆਕਾਰ ਪੱਖੋਂ ਹੀ ਨਹੀਂ ਸੁੰਗੜਿਆ, ਸੋਚ ਤੇ ਸੁਭਾਅ ਪੱਖੋਂ ਵੀ ਬਦਲ ਗਿਆ ਹੈ, ਬਦਲ ਰਿਹਾ ਹੈ।  ਬਦਲ ਗਏ, ਬਦਲ ਰਹੇ ਪੰਜਾਬ ਨੂੰ ਮੁੜ ਗੁਰੂਆਂ ਦੇ ਮਾਡਲ ਨਾਲ ਜੋੜਨ ਦੀ ਲੋੜ ਹੈ।

ਵਿਊ ਪੁਆਇੰਟ

ਵਿਸ਼ਵ ਪੱਧਰ ’ਤੇ ਨਜ਼ਰ ਮਾਰੀਏ ਤਾਂ ਪੰਜਾਬੀ ਚੈਨਲਾਂ ਦੇ ਕੁਝ ਪ੍ਰੋਗਰਾਮ ਅਜਿਹੇ ਹਨ ਜਿਨ੍ਹਾਂ ਨੂੰ ਸੂਝਵਾਨ ਦਰਸ਼ਕ ਉਚੇਚ ਨਾਲ ਵੇਖਦੇ ਸੁਣਦੇ ਹਨ।  ਜਿਨ੍ਹਾਂ ਤਹਿਤ ਅਜੋਕੇ ਸਮਿਆਂ ਦੀ ਸੰਤੁਲਿਤ ਤੇ ਮਿਆਰੀ ਗੱਲਬਾਤ ਹੁੰਦੀ ਹੈ।  ’ਵਿਊ ਪੁਆਇੰਟ’ ਉਨ੍ਹਾਂ ਵਿਚੋਂ ਇਕ ਹੈ।

ਲਗਾਤਾਰ ਸਾਲਾਂ ਤੋਂ ਸਖ਼ਤ ਮਿਹਨਤ ਨੇ ਜਿੱਥੇ ਟੈਲੀਵਿਜ਼ਨ ਪ੍ਰੋਗਰਾਮ ’ਵਿਊ ਪੁਆਇੰਟ’ ਨੂੰ ਮਿਆਰੀ ਬਣਾਇਆ ਹੈ ਉਥੇ ਚਰਚਿਤ ਵੀ ਕਰ ਦਿੱਤਾ ਹੈ।  ਵੱਖ ਵੱਖ ਖੇਤਰਾਂ ਦੀਆਂ ਪਹਿਲੀ ਕਤਾਰ ਦੀਆਂ ਸ਼ਖ਼ਸੀਅਤਾਂ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਦੀਆਂ ਹਨ।  ਚਾਹੇ ਕੋਈ ਚਲੰਤ ਮਾਮਲਾ ਹੋਵੇ ਤੇ ਚਾਹੇ ਵਿਸ਼ੇਸ਼ ਮੁਲਾਕਾਤ, ਸਵਾਲਾਂ ਦੀ ਚੋਣ, ਪ੍ਰੋਗਰਾਮ ਦੀ ਗਹਿਰਾਈ ਤੇ ਮਿਆਰ ਨੂੰ ਹਮੇਸ਼ਾ ਤਰਜੀਹ ਦਿੱਤੀ ਜਾਂਦੀ ਹੈ, ਬਰਕਰਾਰ ਰੱਖਿਆ ਜਾ ਸਕਦਾ ਹੈ।

ਕੇ ਪੀ ਸਿੰਘ ਇਸ ਪ੍ਰੋਗਰਾਮ ਦੇ ਐਂਕਰ ਹਨ।  ਪੂਰੀ ਤਿਆਰੀ ਨਾਲ ਆਉਂਦੇ ਹਨ।  ਪੰਜਾਬ ਸਿਆਸਤ ਦੀ, ਪੰਜਾਬ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਦੀ, ਅਕਾਲੀ ਦਲ ਦੀ ਅੰਦਰੂਨੀ ਸਿਆਸਤ ਦੀ ਕੇ ਪੀ ਸਿੰਘ ਨੂੰ ਬਾਰੀਕ ਸਮਝ ਹੈ।  ਉਹ ਜਿਸ ਵੀ ਵਿਸ਼ੇ ’ਤੇ ਗੱਲ ਕਰਦੇ ਹਨ, ਜਿਸ ਵੀ ਸ਼ਖ਼ਸੀਅਤ ਨਾਲ ਇੰਟਰਵਿਊ ਕਰਦੇ ਹਨ ਉਸ ਬਾਰੇ ਪਹਿਲਾਂ ਵਿਸਥਾਰ ਵਿਚ ਜਾਣਕਾਰੀ ਇਕੱਤਰ ਕਰਦੇ ਹਨ।  ਵਾਹਵਾ ਸਾਰਾ ’ਹੋਮ ਵਰਕ’ ਕਰਦੇ ਹਨ।  ਅਧਿਐਨ ਕਰਦੇ ਹਨ।  ਵਿਚਾਰ ਵਿਟਾਂਦਰਾ ਕਰਦੇ ਹਨ।  ਤਦ ਪ੍ਰੋਗਰਾਮ ਦੀ, ਇੰਟਰਵਿਊ ਦੀ ਰੂਪ-ਰੇਖਾ ਤਿਆਰ ਹੁੰਦੀ ਹੈ।  ਖ਼ਾਕਾ ਬਣਦਾ ਹੈ।  ਮਨ ਵਿਚ ਸਵਾਲ ਉੱਭਰਦੇ ਹਨ।

ਜਦ ਉਨ੍ਹਾਂ ਮੇਰੇ ਨਾਲ ਮੇਰੀ ਸਵੈ-ਜੀਵਨੀ ’ਮੀਡੀਆ ਆਲੋਚਕ ਦੀ ਆਤਮਕਥਾ’ ਸੰਬੰਧੀ ਲੰਮੀ ਇੰਟਰਵਿਊ ਕੀਤੀ ਤਾਂ ਪਹਿਲਾਂ ਉਸਦਾ ਅੱਖਰ ਅੱਖਰ ਪੜ੍ਹਿਆ।  ਹਰੇਕ ਮਹੱਤਵਪੂਰਨ ਪਹਿਲੂ ਨੂੰ ਸਵਾਲਾਂ ਦੇ ਘੇਰੇ ਅੰਦਰ ਲਿਆਂਦਾ ਅਤੇ ਇੰਟਰਵਿਊ ਆਕਰਸ਼ਕ ਤੇ ਪ੍ਰਭਾਵਸ਼ਾਲੀ ਰਹੀ।

ਉਨ੍ਹਾਂ ਦੀ ਹਾਜ਼ਰ-ਦਿਮਾਗ਼ੀ, ਉਨ੍ਹਾਂ ਦਾ ਵਰਤਮਾਨ ਪਲਾਂ ਵਿਚ ਮੌਜੂਦ ਹੋਣ, ਪ੍ਰੋਗਰਾਮ ਵਿਚ ਸ਼ਾਮਲ ਸ਼ਖ਼ਸੀਅਤ ਵਿਚ ਪੂਰੀ ਦਿਲਚਸਪੀ ਲੈਣ ਵਰਗੇ ਗੁਣ ਉਨ੍ਹਾਂ ਦੇ ਪ੍ਰੋਗਰਾਮ ਨੂੰ ਚਾਰ-ਚੰਨ ਲਾ ਦਿੰਦੇ ਹਨ। ਇੰਟਰਵਿਊ ਲਈ ਉਹ ਰਸਮੀ ਜਿਹੇ ਸਵਾਲ ਨਹੀਂ ਕਰਦੇ, ਅੱਧੇ-ਅਧੂਰੇ ਮਨ ਨਾਲ ਨਹੀਂ ਬੈਠਦੇ, ਉਹ ਪੂਰੇ ਦੇ ਪੂਰੇ ਸਾਰੇ ਦੇ ਸਾਰੇ ਹਾਜ਼ਰ ਹੁੰਦੇ ਹਨ।  ਹਾਜ਼ਰ ਹਸਤਾਖ਼ਰ ਦੀ ਸ਼ਖ਼ਸੀਅਤ ਦੇ ਜੁਦਾ ਜੁਦਾ ਪਹਿਲੂ ਦਰਸ਼ਕਾਂ ਸਨਮੁਖ ਉਭਾਰ ਕੇ ਰੱਖ ਦਿੰਦੇ ਹਨ।  ਇਸੇ ਵਿਚ ਬਤੌਰ ਐਂਕਰ ਉਨ੍ਹਾਂ ਦੀ ਸਫ਼ਲਤਾ ਹੈ।  ਸਤਿਕਾਰ ਵੀ ਕਰਦੇ ਹਨ, ਲਿਹਾਜ਼ ਵੀ ਨਹੀਂ ਕਰਦੇ।  ਮਹਿਮਾਨ ਨੂੰ ਗੱਲ ਕਹਿਣ ਦਾ ਪੂਰਾ ਮੌਕਾ ਦਿੰਦੇ ਹਨ ਪਰ ਬਤੌਰ ਐਂਕਰ ਆਪਣਾ ਕੋਈ ਮੌਕਾ ਵੀ ਨਹੀਂ ਛੱਡਦੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>