ਪੰਜਾਬੀ ਦਾ ਮਨੋਰੰਜਕ ਸੀ ਉਹ
ਹਰ ਪਰਿਵਾਰ ਦੀਆਂ
ਖੁਸ਼ੀਆਂ ਵਿੱਚ ਗੂੜ੍ਹਾ ਰੰਗ ਪਾਉਂਦਾ ਡਾਕਟਰ ਲਲਾਰੀ ਕਮੇਡੀਅਨ
ਚਾਚਾ ਤੇਰਾ “ਛਣਕਾਟਾ”
ਅਜੇ ਵੀ ਲੋਕਾਂ ਦੇ ਦਿਲਾਂ ਵਿਚ ਵੱਜ ਰਿਹਾ ਹੈ
“ਚੱਕ ਦੇ ਫੱਟੇ,” “ਕੈਰੀ ਆਨ ਜੱਟਾ,” “ਜੱਟ ਐਂਡ ਜੂਲੀਅਟ,” “ਡੈਡੀ ਕੂਲ ਮੁੰਡੇ ਫੂਲ” ਵਿੱਚ
ਅਜੇ ਵੀ ਤੂੰ ਭਰੂਣ ਹੱਤਿਆ,
ਨਸ਼ਿਆਂ ਬਾਰੇ ਚੇਤਾਵਨੀ ਦਿੰਦਾ ਨਹੀਂ ਥੱਕਦਾ
ਤੇਜ਼ ਅਤੇ ਪ੍ਰਭਾਵਸ਼ਾਲੀ
ਤੇਰੀ ਡਾਇਲਾਗ ਡਿਲਿਵਰੀ
ਅਜੇ ਵੀ ਕਿਸੇ ਕੋਲੋਂ ਬੀਟ ਨਹੀਂ ਹੋਈ
ਹਾਸੇ ਦੀ ਖੇਤੀ ਦਾ
ਕਿਸਾਨ ਸੀ ਤੂੰ,
ਦਿਲਾਂ ਦੀਆਂ ਕਿਆਰੀਆਂ ਵਿੱਚ
ਖੁਸ਼ਬੂ ਵਰਗਾ ਸੂਹਾ ਮਹਿਕਦਾ ਗ਼ੁਲਾਬ
ਰੋਜ਼ਾਨਾ ਦੇ ਗ਼ਮ ਨੂੰ
ਹਾਸਿਆਂ ਵਿੱਚ ਬਦਲ ਕੇ,
ਜੀਵਨ ਨੂੰ ਆਸਾਨ ਕਰ ਗਿਆ
ਮੰਚਾਂ ਤੇ ਪਰਦੇ ਦਾ ਚਿਰਾਗ,
ਦਿਨਾਂ ਦੀ ਰੌਸ਼ਨੀ
ਤੇ ਸਾਡੀਆਂ ਰਾਤਾਂ ਦਾ ਸੁਪਨਾ ਸੀ ਤੂੰ
ਹਾਲ ਭਰਦੇ ਸਨ
ਤੇਰੀ ਇੱਕ ਇੱਕ ਹਾਸੇ ਵਾਲੀ ਗੱਲ ਤੇ
ਸਮੇਂ ਦਾ ਹਰ ਪਲ
ਤੂੰ ਸਿੰਗਾਰ ਦਿੰਦਾ ਸੀ
ਮਹਿਫਲਾਂ ਕਲਾਸਾਂ ਵਿੱਚ ਖੁਸ਼ੀਆਂ ਵੰਡ ਕੇ ਟੁਰ ਜਾਣਾ ਤੇਰਾ ਨਿਤ ਦਾ ਕੰਮ ਸੀ
ਤੂੰ ਤੁਰ ਗਿਆ
ਖਾਲੀ ਹੋ ਗਿਆ ਪੰਜਾਬੀ ਹਾਸੇ ਦਾ
ਹਰ ਇੱਕ ਕੋਣਾ
ਪਰ ਯਾਦਾਂ ਰੂਪੀ
ਤੇਰੀ ਮੌਜ਼ੂਦਗੀ ਸਦਾ ਰਹੇਗੀ,
ਹਰ ਮੁਸਕਰਾਹਟ ਵਿੱਚ,
ਹਰ ਬੋਲ ਹਰ ਅਲਫ਼ਾਜ਼ ਵਿੱਚ
ਤੇਰਾ ਹਾਸਾ
ਅੱਜ ਵੀ ਚਿਰਾਗ਼ ਬਣ ਕੇ ਜਗੇਗਾ
ਤੇਰੀ ਯਾਦ ਹਰੇਕ ਧੜਕਣ ਵਿੱਚ ਧੜਕਦੀ ਸੁਰ ਤਾਲ ਦਿੰਦੀ ਰਹੇਗੀ
ਜਸਵਿੰਦਰ,
ਤੂੰ ਸਿਰਫ਼ ਨਾਮ ਨਹੀਂ,
ਸਾਡੀਆਂ ਰੂਹਾਂ ਦਾ ਮਿੱਠੜਾ
ਸਦਾਵਾਂ ਵਰਗਾ ਗੀਤ ਹੋਵੇਂਗਾ
ਹਾਸਿਆਂ ਦੀ ਰੂਹ,
ਮੁਸਕਰਾਹਟਾਂ ਦਾ ਸਾਥੀ,
ਜਦ ਤੂੰ ਤੁਰ ਗਿਆ,
ਹਰ ਦਿਲ ਰੋ ਪਿਆ
ਪਰ ਯਾਦਾਂ ਵਿੱਚ ਤੇਰੀ ਆਵਾਜ਼ ਰਹੇਗੀ,
ਹਰ ਹਾਸੇ ਵਿੱਚ ਤੇਰੀ ਮਹਿਕ ਰਹੇਗੀ
ਜਸਵਿੰਦਰ,
ਤੂੰ ਨਾ ਸਿਰਫ਼ ਕਲਾਕਾਰ ਸੀ,
ਪੰਜਾਬ ਦੇ ਵਿਹੜਿਆਂ ਦੀ ਮਹਿਕ ਸੀ ਤੂੰ
ਅਲਵਿਦਾ ਯਾਰਾ!!!
