ਰਣਜੀਤ ਸਾਗਰ ਡੈਮ ਸਾਹਪੁਰਕੰਡੀ ਜੁਗਿਆਲ ਪਠਾਨਕੋਟ ਪੰਜਾਬ ਤੋਂ ਸਮੇਂ-ਸਮੇਂ ਉੱਤੇ ਵਾਧੂ ਪਾਣੀ ਅਗਸਤ ਮਹੀਨੇ ਸਾਲ 2025 ਵਿੱਚ ਨਿਯਮਾਂ ਦੇ ਅਨੁਸਾਰ ਰਾਵੀ ਨਦੀ ਵਿੱਚ ਨਹੀ ਛੱਡਿਆ ਗਿਆ ਸੀ।ਇਸ ਕਰਕੇ ਰਣਜੀਤ ਸਾਗਰ ਡੈਮ ਦੀ ਝੀਲ ਦਾ ਪਾਣੀ, ਰਾਵੀ ਨਦੀ ਦਾ ਪਾਣੀ,ਹਿਮਾਚਲ ਜੰਮੂ-ਕਸ਼ਮੀਰ ਅਤੇ ਪੰਜਾਬ ਵਿੱਚ ਹੋ ਰਹੀ ਬਰਸਾਤ ਦਾ ਪਾਣੀ ਜਦੋਂ ਇੱਕ ਹੀ ਥਾਂ ਡੈਮ ਨਜਦੀਕ ਇੱਕਠਾ ਹੁੰਦਾ ਰਿਹਾ ਤਾਂ ਉਸਨੂੰ ਕੰਟਰੋਲ ਕਰਨਾ ਔਖਾ ਹੋ ਗਿਆ।ਨਿਯਮ ਇਹ ਸੀ ਕਿ ਸਮੇਂ-ਸਮੇਂ ਉੱਤੇ ਬਰਸਾਤ ਦੇ ਦਿਨਾਂ ਵਿੱਚ ਪਾਣੀ ਆਏ ਦਿਨ ਥੋੜਾ-ਥੋੜਾ ਕਰਕੇ ਛੱਡਣਾ ਹੁੰਦਾ ਹੈ ਅਤੇ ਫਿਰ ਬੰਦ ਕਰਨਾ ਹੁੰਦਾ ਹੈ ਜੋ ਨਹੀ ਕੀਤਾ ਗਿਆ।ਇਸ ਸਬੰਧੀ ਡੈਮ ਪ੍ਰਬੰਧਨ ਦੇ ਜਲ ਸਰੋਤ ਵਿਭਾਗ ਨੇ ਹਾਲ ਹੀ ਵਿੱਚ ਇੱਕ ਐਕਸੀਅਨ,ਐਸਡੀਓ ਅਤੇ ਜੇਈ ਨੂੰ ਵੀ ਸੁਸਪੈਂਡ ਕਰ ਦਿੱਤਾ ਹੈ।ਜਿਹੜੇ ਵੀ ਸਟਾਫ ਦੀ ਡਿਊਟੀ ਬਰਸਾਤ ਦੇ ਇਹਨਾਂ ਦਿਨਾਂ ਵਿੱਚ ਪਾਣੀ ਛੱਡਣ ਉੱਤੇ ਲੱਗੀ ਹੋਈ ਸੀ ਅਤੇ ਪਾਣੀ ਉੱਤੇ ਕੰਟਰੋਲ ਕਰਨ ਨੂੰ ਲੱਗੀ ਹੋਈ ਸੀ ਉਹਨਾਂ ਅਜੀਹੀ ਅਣਗਹਿਲੀ ਕਿਊਂ ਕੀਤੀ ਇਹ ਬੜੀ ਹੀ ਹੈਰਾਨੀ ਦੀ ਗੱਲ ਹੈ। ਸਮੇਂ-ਸਮੇਂ ਪਾਣੀ ਨਾ ਛੱਡਣ ਕਰਕੇ ਅਤੇ ਜਿਆਦਾ ਪਾਣੀ ਇੱਕਠਾ ਹੋ ਜਾਣ ਕਰਕੇ ਪਾਣੀ ਦੀ ਤਾਕਤ ਵਿੱਚ ਵਾਧਾ ਹੋ ਗਿਆ ਅਤੇ ਵੱਡੇ ਹੜ੍ਹ ਦਾ ਰੂਪ ਧਾਰਨ ਕਰ ਲਿਆ।ਇਸ ਤਰਾਂ ਕਿਉਂ ਕੀਤਾ ਗਿਆ ਇਹ ਜਾਂਚ ਦਾ ਵਿਸ਼ਾ ਹੈ।ਇਸ ਅਣਗਹਿਲੀ/ਸ਼ਾਜਿਸ ਵਿੱਚ ਕੌਣ ਸ਼ਾਮਿਲ ਸੀ ਇਹ ਵੀ ਜਾਂਚ ਦਾ ਵਿਸ਼ਾ ਹੈ।ਜਦੋਂ ਪਾਣੀ ਬਹੁਤ ਜਿਆਦਾ ਇੱਕਠਾ ਹੋ ਗਿਆ ਅਤੇ ਨਿਯਮਾਂ ਅਨੁਸਾਰ ਪਹਿਲਾਂ ਨਹੀ ਛੱਡਿਆ ਗਿਆ ਤਾਂ ਪਾਣੀ ਦਾ ਦਬਾਅ ਵਧ ਗਿਆ।ਹੁਣ ਸਥਿਤੀ ਮਨੁੱਖ ਦੇ ਕੰਟਰੋਲ ਤੋਂ ਬਾਹਰ ਹੋਣ ਵਾਲੀ ਸੀ।ਵੱਡੀ ਮਾਤਰਾਂ ਵਿੱਚ ਡੱਕ ਲਿਆ ਪਾਣੀ ਫਿਰ ਜਦੋਂ ਖੋਲਿਆ ਤਾਂ ਉਹ ਆਪਣੇ ਰਸਤੇ ਵਿੱਚ ਆਉਂਦੀ ਹਰ ਚੀਜ ਨੂੰ ਤਬਾਹ ਕਰਦਾ ਗਿਆ।ਪਾਣੀ ਮਾਪਦੰਡ ਤੋਂ ਵੱਧ ਡੈਮ ਦੇ ਉੱਪਰ ਵਾਲੇ ਪਾਸੇ ਇੱਕਠਾ ਹੋ ਜਾਣ ਨਾਲ ਉਸਦੀ ਤਾਕਤ ਵਧ ਚੁੱਕੀ ਸੀ ਅਤੇ ਰਫਤਾਰ ਵੀ ਜਿਆਦਾ ਹੋ ਚੁੱਕੀ ਸੀ ਅਤੇ ਦਬਾਅ ਵੀ ਵਧ ਚੁੱਕਾ ਸੀ।ਥੋੜੀ ਦੇਰ ਇਸ ਤਰਾਂ ਦੀ ਹੋਰ ਅਣਗਹਿਲੀ ਕਰਨ ਨਾਲ ਅਤੇ ਪਾਣੀ ਨਾ ਛੱਡਣ ਨਾਲ ਡੈਮ ਵੀ ਟੁੱਟ ਸਕਦਾ ਸੀ ਅਤੇ ਕੁਝ ਵੀ ਹੋ ਸਕਦਾ ਸੀ।ਜਦੋਂ ਡੈਮ ਤੋਂ ਦੇਰੀ ਨਾਲ ਇੱਕਠਾ ਕੀਤਾ ਪਾਣੀ ਅਚਾਨਕ ਛੱਡਿਆ ਗਿਆ ਤਾਂ ਉਹ ਬਹੁਤ ਜਿਆਦਾ ਰਫਤਾਰ ਅਤੇ ਦਬਾਅ ਨਾਲ ਹੇਠਾਂ ਵੱਲ ਗਤੀ ਕਰਨ ਲੱਗਾ।ਪਾਣੀ ਪੰਜਾਬ,ਜੰਮੂ-ਕਸ਼ਮੀਰ,ਹਿਮਾਚਲ ਦੇ ਇਲਾਕੇ ਵਿੱਚ ਵੀ ਤਬਾਹੀ ਮਚਾਉਣ ਲੱਗਾ।ਰਾਵੀ ਦੇ ਨਾਲ ਲੱਗਦੇ ਜਿਲ੍ਹੇ ਪਠਾਨਕੋਟ,ਗੁਰਦਾਸਪੁਰ ਦੇ ਪਿੰਡ ਵੱਡੇ ਹੜ੍ਹ ਦੀ ਮਾਰ ਹੇਠਾਂ ਆਉਣ ਲੱਗੇ।ਪਾਣੀ ਪੰਜਾਬ ਦੇ ਹੋਰ ਜਿਲੇਆਂ ਵੱਲ ਵੀ ਵਧ ਗਿਆ।ਹੜ੍ਹ ਦਾ ਪਾਣੀ ਨਹਿਰਾਂ ਦੇ ਕਿਨਾਰੇ ਟੱਪ ਕੇ ਰਿਹਾਇਸ਼ੀ ਇਲਾਕੇ ਵਿੱਚ ਜਾਣ ਲੱਗਾ।ਪਾਣੀ ਖੱਡਾਂ ਰਸਤੇ ਵੀ ਪਿੰਡਾਂ ਅਤੇ ਸ਼ਹਿਰਾਂ ਵੱਲ ਜਾਣ ਲੱਗਾ।ਲੋਕਾਂ ਦੇ ਘਰਾਂ ਵਿੱਚ ਪਾਣੀ ਚਲਾ ਗਿਆ ਅਤੇ ਲੋਕਾਂ ਦੇ ਘਰ,ਸਮਾਨ ਸੱਭ ਰੁੜ ਗਏ ਜਾਂ ਨੁਕਸਾਨੇ ਗਏ।ਪਠਾਨਕੋਟ ਸ਼ਹਿਰ,ਸੁਜਾਨਪੁਰ,ਮਲਕਪੁਰ,ਸਰਨਾ ਆਦਿ ਅਤੇ ਨਾਲ ਲੱਗਦੇ ਪਿੰਡ ਅਤੇ ਕਲੌਨੀਆਂ ਹੜ੍ਹ ਦੇ ਪਾਣੀ ਦੀ ਮਾਰ ਹੇਠ ਆ ਗਏ।ਇਸੇ ਤਰਾਂ ਪਾਣੀ ਨਹਿਰਾਂ ਅਤੇ ਰਾਵੀ ਨਦੀ ਦੇ ਕਿਨਾਰੇ ਵੱਸੇ ਪਿੰਡਾਂ,ਖੇਤਾਂ, ਡੇਰੇਆਂ,ਘਰਾਂ ਵਿੱਚ ਚਲਾ ਗਿਆ ਅਤੇ ਨੁਕਸਾਨ ਕਰਦਾ ਗਿਆ।ਲੋਕਾਂ ਦੀਆਂ ਫਸਲਾਂ,ਦੁਧਾਰੂ ਪਸ਼ੂ,ਪਸ਼ੂ,ਮਾਲ-ਡੰਗਰ,ਸਮਾਨ,ਵਾਹਨ ਅਤੇ ਮਨੁੱਖ ਪਾਣੀ ਵਿੱਚ ਰੁੜ ਗਏ ਅਤੇ ਜਾਨ ਗੁਆ ਬੈਠੈ।ਇਹ ਸੱਭ ਕੁਝ ਰੁੜ ਕੇ ਪਾਕਿਸਤਾਨ ਦੀ ਸਰਹੱਦ ਅੰਦਰ ਚਲਾ ਗਿਆ।ਬਹੁਤ ਸਾਰੀਆਂ ਲਾਸ਼ਾਂ,ਪਸ਼ੂ,ਗਾਵਾਂ,ਮੱਝਾਂ,ਭੇਡ-ਬੱਕਰੀਆਂ ਕੀਮਤੀ ਸਮਾਨ ਪਾਣੀ ਆਪਣੇ ਨਾਲ ਬਹਾ ਕੇ ਪਾਕਿਸਤਾਨ ਨੂੰ ਲੈ ਗਿਆ।ਇਸ ਤਰਾਂ ਦੇਸ਼ ਦੀ ਸੀਮਾਂ ਸੁੱਰਖਿਆ ਪ੍ਰਬੰਧਾਂ ਨੂੰ ਵੀ ਖੋਰਾ ਲੱਗ ਗਿਆ।
ਰਣਜੀਤ ਸਾਗਰ ਡੈਮ ਸਾਹਪੁਰਕੰਡੀ ਉੱਚਾ ਥੜਾ੍ਹ/ਥੀਨ ਡੈਮ ਪ੍ਰਬੰਧਨ ਵੱਲੋਂ ਆਮ ਜਨਤਾ ਨੂੰ ਅਚਾਨਕ ਪਾਣੀ ਤੋਂ ਛੱਡਣ ਦਾ ਅਤੇ ਫਲੱਡਗੇਟ ਖੋਲਣ ਦਾ ਸੁਨੇਹਾ ਵੀ ਰਾਤ ਬਾਰਾਂ ਵੱਜੇ,ਇੱਕ ਵਜੇ ਦਿੱਤਾ ਗਿਆ ਜੋ ਬਹੁਤ ਹੀ ਮੰਦਭਾਗੀ ਘਟਨਾ ਹੈ।ਲੋਕਾਂ ਨੂੰ ਸੁਰੱਖਿਅਤ ਥਾਂ ਜਾਣ ਦਾ ਸਮਾਂ ਹੀ ਨਹੀ ਮਿਲਿਆ।ਲੋਕ ਆਪਣਾ ਆਰੋਚਾਰ ਸੰਭਾਲ ਹੀ ਨਹੀ ਸਕੇ ਕਿਉਕਿਂ ਲੋਕਾਂ ਨੂੰ ਪਾਣੀ ਰਾਵੀ ਨਦੀ ਵਿੱਚ ਛੱਡਣ ਦਾ ਮੈਸੈਂਜ ਰਾਤ ਨੂੰ ਦਿੱਤਾ ਗਿਆ।ਰਾਤ ਦੇ ਕਾਰਨ ਲੋਕਾਂ ਵਿੱਚ ਥੱਥੋਵੱਥੀ ਪੈ ਗਈ।ਲੋਕ ਘਬਰਾ ਗਏ।ਉਹਨਾਂ ਨੂੰ ਸਮਝ ਨਹੀ ਆਇਆ ਕਿ ਹੁਣ ਕੀ ਕੀਤਾ ਜਾ ਸਕੇ।ਜੇਕਰ ਰਾਵੀ,ਡੈਮ,ਨਹਿਰਾਂ ਤੋਂ ਪਾਣੀ ਛੱਡਣ ਦਾ ਮੈਸੈਜ ਲੋਕਾਂ ਨੂੰ ਦਿਨ ਵਕਤ ਸਮੇਂ ਉੱਤੇ ਮਿਲਦਾ ਤਾਂ ਵੀ ਜਾਨੀ ਅਤੇ ਮਾਲੀ ਨੁਕਸਾਨ ਘੱਟ ਹੋਣਾ ਸੀ।ਪੰਜਾਬ, ਜਿਲਾਂ ਪਠਾਨਕੋਟ,ਜੰਮੂ-ਕਸ਼ਮੀਰ,ਹਿਮਾਚਲ ਪ੍ਰਦੇਸ਼ ਵਿੱਚ ਜਿੰਨੇ ਵੀ ਪੁਲ,ਸੜ੍ਹਕਾਂ,ਪੁਲੀਆਂ ਆਦਿ ਬਣੀਆਂ ਸਨ ਉਹ ਪਹਿਲਾਂ ਵਾਂਗ ਘੱਟ ਪਾਣੀ ਦੇ ਅਨੁਸਾਰ ਬਣੇ ਸਨ। ਮਾਧੋਪੁਰ,ਮਾਧੋਪੁਰ ਕੈਂਟ ਪਠਾਨਕੋਟ ਪੰਜਾਬ ਵਿੱਚ ਜੋ ਫਲੱਡਗੇਟ ਰਾਵੀ ਨਦੀ ਤੋਂ ਪਾਕਿਸਤਾਨ ਵੱਲ ਪਾਣੀ ਛੱਡਣ ਲਈ ਕਈ ਸਾਲ ਪਹਿਲਾਂ ਬਣਾਏ ਗਏ ਸਨ ਉਹ ਵੀ ਪਹਿਲਾਂ ਵਾਂਗ ਘੱਟ ਪਾਣੀ ਦੇ ਮਾਪਦੰਡ ਅਨੁਸਾਰ ਹੀ ਬਣਾਏ ਗਏ ਸਨ।ਉਹ ਵੱਧ ਪਾਣੀ ਦੀ ਤਾਕਤ ਨੂੰ ਨਹੀ ਰੋਕ ਸਕਦੇ ਸਨ।ਇਹੀ ਕਾਰਨ ਰਿਹਾ ਕਿ ਮਾਧੋਪੁਰ ਵਿਖੇ ਰਾਵੀ ਨਦੀ ਉੱਤੇ ਬਣੇ ਫੱਲਡਗੇਟ ਪਾਣੀ ਦੇ ਜੋਰਦਾਰ ਦਬਾਅ ਕਾਰਨ ਨਹੀ ਖੁੱਲ ਸਕੇ ਅਤੇ ਆਖਰ ਦਬਾਅ ਕਾਰਨ ਟੁੱਟ ਗਏ।ਗੇਟ ਟੁੱਟਣ ਕਰਕੇ ਜਲ ਸਰੋਤ ਵਿਭਾਗ ਦੇ ਇੱਕ ਕਰਮਚਾਰੀ ਵਿਨੋਦ ਕੁਮਾਰ ਦੀ ਮੌਤ ਹੋ ਗਈ ਉਹ ਟੁੱਟੇ ਗੇਟ ਵਿੱਚ ਪਾਣੀ ਵਿੱਚ ਫਸਿਆ ਰਿਹਾ।ਜਿਸ ਦੂਜੇ ਗੇਟ ਉੱਤੇ ਜਲ ਸਰੋਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਛੱਤੀ ਤੋਂ ਪੰਜਾਹ ਆਦਮੀ ਆਸਰਾ ਲਈ ਖੜ੍ਹੇ ਸੀ ਉਹ ਗੇਟ ਵੀ ਜਮੀਨ ਤੋਂ ਖਿਸਕ ਚੁੱਕਾ ਸੀ।ਸਮਾਂ ਰਹਿੰਦੇ ਉਹਨਾਂ ਮੁਲਾਜਮਾਂ ਨੂੰ ਹੈਲੀਕਾਪਟਰ ਨੇ ਰੈਸਕਿਊ ਕਰ ਲਿਆ ਨਹੀ ਤਾਂ ਉਹਨਾਂ ਦੀ ਜਾਨ ਵੀ ਜਾ ਸਕਦੀ ਸੀ।ਮਾਧੋਪੁਰ ਵਿਖੇ ਹੀ ਰਾਵੀ ਨਦੀ ਕਿਨਾਰੇ ਬਣੇ ਹੋਟਲ,ਇਮਾਰਤਾਂ ਨੂੰ ਪਾਣੀ ਨਾਲ ਕਾਫੀ ਨੁਕਸਾਨ ਹੋਇਆ।ਮਾਧੋਪੁਰ ਵਿਖੇ ਬਣੇ ਨਹਿਰਾਂ ਦੇ ਪੁਰਾਣੇ ਪੁਲ,ਪਾਰਕ,ਸੜਕਾਂ ਨੂੰ ਪਾਣੀ ਨੇ ਤਬਾਹ ਕਰ ਦਿੱਤਾ।ਮਾਧੋਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਪਾ੍ਰਇਮਰੀ ਸਕੂਲ ਦੇ ਨਜਦੀਕ ਬਣ ਰਿਹਾ ਬਿਜਲੀ ਪੋ੍ਰਜੈਕਟ ਅਤੇ ਨਵੀ ਨਹਿਰ ਵੀ ਰੁੜ ਗਏ ਤਬਾਹ ਹੋ ਗਏ।ਕੀਮਤੀ ਮਸੀਨਾਂ ਅਤੇ ਸਮਾਨ ਵੀ ਰੁੜ ਗਿਆ।ਜਦੋਂ ਡੈਮ ਤੋਂ ਅਚਾਨਕ ਪਾਣੀ ਇੱਕਠਾ ਛੱਡਿਆ ਤਾਂ ਉਹ ਵੱਸੋ-ਬਾਹਰ ਹੋ ਗਿਆ।ਨਹਿਰਾਂ ਦੇ ਕਿਨਾਰੇਆਂ ਤੋਂ ਪਾਣੀ ਉਪਰ ਟੱਪ ਗਿਆ ਅਤੇ ਰਿਹਾਇਸ਼ੀ ਇਲਾਕੇ ਵਿੱਚ ਚਲਾ ਗਿਆ।
ਮਾਧੋਪੁਰ-ਲਖਨਪੁਰ ਸਰਹੱਦ ਉੱਤੇ ਬਣੀ ਸੀਆਰਪੀਐਫ ਦੀ ਯੂਨਿਟ ਦੀ ਇਮਾਰਤ ਵੀ ਤੇਜ ਪਾਣੀ ਦੀ ਚਪੇਟ ਵਿੱਚ ਆ ਗਈ ਅਤੇ ਡਿੱਗ ਪਈ।ਸੀਆਰਪੀਐਫ ਦੀ ਕਾਫੀ ਨਫਰੀ ਇਸ ਬਿੰਲਡਿੰਗ ਵਿੱਚ ਮੌਜੂਦ ਸੀ।ਇਸ ਇਮਾਰਤ ਨੂੰ ਵੀ ਪਾਣੀ ਨੇ ਘੇਰ ਲਿਆ।ਮੌਕੇ ਉੱਤੇ ਫੌਜ ਦਾ ਹੈਲੀਕਾਪਟਰ ਰੈਸਕਿਊ ਲਈ ਆ ਗਿਆ।ਹਾਲੇ ਰੈਸਕਿਊ ਚਲ ਹੀ ਰਿਹਾ ਸੀ ਕਿ ਸੀਆਰਪੀਐਫ ਦੀ ਇਮਾਰਤ ਰਾਵੀ ਨਦੀ ਤੋਂ ਆਏ ਪਾਣੀ ਵਿੱਚ ਡਿੱਗ ਗਈ। ਜਨਤਾਂ ਵਿੱਚ ਪਾਣੀ ਨੇ ਹਾਹਾਕਾਰ ਮਚਾ ਦਿੱਤੀ।ਇਸੇ ਤਰਾਂ ਪਾਣੀ ਰਾਵੀ ਨਦੀ ਵਿੱਚ ਲੱਗੀ ਕਰੈਸਰ ਇੰਨਡਸਟਰੀਜ ਨੂੰ ਵੀ ਰੋੜ ਕੇ ਲੈ ਗਿਆ।ਲੋਕਾਂ ਦੀ ਫਸਲ ਤਬਾਹ ਹੋ ਗਈ ਅਤੇ ਲੋਕਾਂ ਦੇ ਖੇਤ ਰੇਤ ਦੇ ਟਿੱਬੇਆਂ ਵਿੱਚ ਬਦਲ ਗਏ।ਗੁੱਜਰ-ਭਾਈਚਾਰੇ ਦੇ ਕੁੱਪ,ਮਕਾਨ,ਡੇਰੇ,ਬੱਚੇ,ਸਮਾਨ,ਮਨੁੱਖ ਪਾਣੀ ਵਿੱਚ ਰੁੜ ਗਏ ਅਤੇ ਪਾਕਿਸਤਾਨ ਵਿੱਚ ਚਲੇ ਗਏ।ਉਹਨਾਂ ਦੀਆਂ ਮੱਝਾਂ,ਗਾਵਾਂ,ਝੋਟੇ,ਮਾਲੀ,ਭੇਡਾਂ,ਬੱਕਰੀਆਂ,ਘੋੜੇ ਅਤੇ ਲੀੜਾਲੱਤਾ ਵੀ ਰੁੜ ਗਿਆ ਅਤੇ ਪਾਕਿਸਤਾਨ ਵੱਲ ਚਲਾ ਗਿਆ।ਸਰਨਾਰਥੀ ਕੈਂਪ ਤਾਰਾਗੜ੍ਹ ਵਿੱਚ ਇੱਕ ਪਰੀਵਾਰ ਨੇ ਦੱਸਿਆ ਕਿ ਅਚਾਨਕ ਪਾਣੀ ਉਹਨਾਂ ਦੇ ਘਰ ਵੱਲ ਆ ਗਿਆ।ਉਹ ਛੇ ਕੂ ਮਹੀਨੇ ਦਾ ਬਾਲਕ ਵਿਹੜੇ ਵਿੱਚ ਮੰਜੇ ਉੱਤੇ ਪਾ ਕੇ ਆਪਣੇ ਘਰ ਦੇ ਅੰਦਰੋਂ ਕੀਮਤੀ ਸਮਾਨ ਕੱਢਣ ਵਿੱਚ ਰੁੱਝ ਗਏ।ਪਾਣੀ ਦਾ ਪੱਧਰ ਵੱਧਦਾ ਗਿਆ ਉਹ ਅਚਾਨਕ ਵਿਹੜੇ ਵਿੱਚ ਮੰਜੇ ਉੱਤੇ ਪਾਏ ਛੇ ਮਹੀਨੇ ਦੇ ਬਾਲਕ ਨੂੰ ਭੁੱਲ ਗਏ।ਜਦੋਂ ਬਾਹਰ ਨਿੱਕਲ ਵੇਖਿਆ ਤਾਂ ਉਹ ਬੱਚਾ ਸਮੇਤ ਮੰਜੇ ਦੇ ਪਾਣੀ ਵਿੱਚ ਰੁੜ ਚੁੱਕਾ ਸੀ ਅਤੇ ਉਹਨਾਂ ਨੂੰ ਕਿੱਧਰੇ ਵੀ ਨਜਰ ਨਹੀ ਆਇਆ।ਉਹਨਾਂ ਵਧੇਰਾ ਪਾਣੀ ਵਿੱਚ ਲੱਭਣ ਦੀ ਕੋਸ਼ੀਸ ਕੀਤੀ।ਰਣਜੀਤ ਸਾਗਰ ਡੈਮ ਤੋਂ ਦੇਰੀ ਨਾਲ ਛੱਡਿਆ ਪਾਣੀ ਪੰਜਾਬ ਅਤੇ ਭਾਰਤ ਦੀ ਅਰਬਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਕਰ ਗਿਆ।ਖੇਤਾਂ ਦੀਆਂ ਫਸਲਾਂ,ਰੁੱਖ ਰੁੜ ਗਏ।ਸੁੱਕੀ ਕੀਮਤੀ ਲੱਕੜ ਰੁੜ ਗਈ।ਇਸੇ ਤਰਾਂ ਹੀ ਜਿਲਾਂ੍ਹ ਗੁਰਦਾਸਪੁਰ ਦੀ ਧਰਤੀ ਜੋ ਰਾਵੀ ਨਦੀ ਅਤੇ ਨਹਿਰਾਂ ਨਾਲ ਲੱਗਦੀ ਸੀ ਉੱਥੇ ਵੀ ਇਸੇ ਤਰਾਂ ਹੀ ਹੋਇਆ।ਜਿਲਾ੍ਹ ਪਠਾਨਕੋਟ ਦਾ ਨਰੋਟ-ਜੈਮਲ ਸਿੰਘ,ਪਿੰਡ ਕੋਲੀਆਂ,ਪਿੰਡ ਪੰਮਾਂ,ਸਾਹਨਪੁਰ,ਮਕੌੜਾ ਪੱਤਨ ਅਤੇ ਨਾਲ ਲੱਗਦੇ ਹੋਰ ਪਿੰਡ ਬੁਰੀ ਤਰਾਂ ਪਾਣੀ ਦੀ ਮਾਰ ਹੇਠ ਆ ਗਏ ਅਤੇ ਵੱਡਾਂ ਨੁਕਸਾਨ ਹੋਇਆ।ਇਸੇ ਤਰਾਂ ਹੀ ਸੀਮਾਂਵਰਤੀ ਕਸਬਾ ਬਮਿਆਲ ਅਤੇ ਉਸਦੇ ਨਾਲ ਲੱਗਦੇ ਪਿੰਡਾਂ ਵਿੱਚ ਹੜ੍ਹ ਦੇ ਪਾਣੀ ਨਾਲ ਨੁਕਸਾਨ ਹੋਇਆ।ਜਿਲਾਂ ਗੁਰਦਾਸਪੁਰ ਦੇ ਦੀਨਾਨਗਰ ਇਲਾਕਾ,ਮਰਾੜਾ,ਝਬਕਰਾ, ਗਾਲਹੜ੍ਹੀ,ਦੋਰਾਂਗਲਾਂ,ਬਹਿਰਾਮਪੁਰ ਦਾ ਇਲਾਕਾ ਪਾਣੀ ਦੀ ਮਾਰ ਹੇਠ ਆ ਗਿਆ ਅਤੇ ਨੁਕਸਾਨ ਹੋਇਆ।ਇਸੇ ਤਰਾਂ ਡੇਰਾ ਬਾਬਾ ਨਾਨਕ ਦਾ ਇਲਾਕਾ ਅਤੇ ਉਸਦੇ ਨਾਲ ਲੱਗਦਾ ਦੂਰ ਤੱਕ ਦਾ ਇਲਾਕਾ ਪਾਣੀ ਦੀ ਮਾਰ ਹੇਠ ਬੂਰੀ ਤਰਾਂ ਆ ਗਿਆ।ਵੱਡੀ ਗੱਲ ਇਹ ਕਿ ਜਿਲ੍ਹਾ ਪਠਾਨਕੋਟ ਦੀ ਸਰੱਹਦ ਅੰਦਰ,ਜੰਮੂ-ਕਸ਼ਮੀਰ ਦੀ ਸਰਹੱਦ ਅੰਦਰ ਆਉਂਦੇ ਅਤੇ ਜਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਆਉਂਦੇ ਬਹੁਤ ਸਾਰੇ ਆਰਮੀ,ਬੀਐਸਐਫ ਦੇ ਮੋਰਚੇ ਪਾਣੀ ਨਾਲ ਤਬਾਹ ਹੋ ਗਏ।ਇਹਨਾਂ ਦੀਆਂ ਬਾਡਰ ਉੱਤੇ ਚੌਕੀਆਂ,ਮੋਰਚੇ/ਪੋਸਟਾਂ ਹੜ੍ਹ ਦੇ ਪਾਣੀ ਬੁਰੀ ਤਰਾਂ ਨਾਲ ਨੁਕਸਾਨੇ ਗਏ।ਇਹਨਾਂ ਦੀਆਂ ਅਤੇ ਪੰਜਾਬ ਪੁਲਿਸ ਦੀਆਂ ਸੀਮਾਂ ਉੱਤੇ ਇਸ ਇਲਾਕੇ ਵਿੱਚ ਬਣੀਆਂ ਆਰਜੀ ਪੋਸਟਾਂ/ਚੌਕੀਆਂ ਪਾਣੀ ਨਾਲ ਬੁਰੀ ਤਰਾਂ ਨੁਕਸਾਨੀਆਂ ਗਈਆਂ।ਰੱਖਿਆ ਅਤੇ ਸੁਰੱਖਿਆ ਬਲਾਂ ਦੇ ਮੈਂਬਰਾਂ ਨੂੰ ਵੀ ਦੂਜੀ ਥਾਂ ਸਰਨ ਲੈਣੀ ਪੈ ਗਈ।ਇਸ ਤਰਾਂ ਹੜ੍ਹ ਦੇ ਪਾਣੀ ਨੇ ਭਾਰਤ ਦੇ ਬਾਡਰ ਦੀ ਸੁੱਰਖਿਆ ਨੂੰ ਵੀ ਖੋਰਾ ਲਗਾ ਦਿੱਤਾ। ਰਣਜੀਤ ਸਾਗਰ ਡੈਮ ਤੋਂ ਸਮੇਂ-ਸਮੇਂ ਅਨੁਸਾਰ ਪਹਿਲਾਂ ਦੀ ਤਰਾਂ ਨਿਰਧਾਰਿਤ ਮਾਪਦੰਡ ਅਨੁਸਾਰ ਪਾਣੀ ਨਾ ਛੱਡਣ ਕਰਕੇ ਪਾਣੀ ਦਾ ਇਹ ਬਰਸਾਤੀ ਹੜ੍ਹ ਖਤਰਨਾਕ ਰੂਪ ਧਾਰਨ ਕਰ ਗਿਆ।ਇਹ ਹੜ੍ਹ ਆਮ ਜਨਤਾਂ ਜਿਹਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਸਦੀਆਂ ਦੀ ਗਰੀਬੀ ਦੇ ਕੇ ਚਲਾ ਗਿਆ।ਇਸ ਹੜ੍ਹ ਦੀ ਮਾਰ ਹੇਠ ਆਏ ਲੋਕ ਕਦੇ ਵੀ ਆਰਥਿਕ ਤੌਰ ਉੱਤੇ ਉੱਠ ਨਹੀ ਸਕਣਗੇ।
ਰਣਜੀਤ ਸਾਗਰ ਡੈਮ ਤੋਂ ਬਰਸਾਤ ਦੇ ਸਮੇਂ ਨਿਰਧਾਰਤ ਪਹਿਲੇ ਮਾਪਦੰਡ ਅਨੁਸਾਰ ਪਾਣੀ ਕਿਊਂ ਨਹੀ ਛੱਡਿਆ ਗਿਆ ਅਤੇ ਜਾਣਬੁੱਝ ਕੇ ਹੜ੍ਹ ਲਿਆਉਣ ਦਾ ਮਹੌਲ ਕਿਊਂ ਪੈਦਾ ਕੀਤਾ ਗਿਆ ਇਸਦੀ ਗਹਿਰਾਈ ਨਾਲ ਕਿਸੇ ਚੰਗੀ ਏਜੰਸੀ ਤੋਂ ਜਾਂਚ ਦੀ ਜਰੂਰਤ ਹੈ।ਭਵਿੱਖ ਵਿੱਚ ਰਣਜੀਤ ਸਾਗਰ ਡੈਮ ਜਾਂ ਪੰਜਾਬ ਦੇ ਹੋਰ ਡੈਮ ਇਸ ਤਰਾਂ ਦੀ ਗਲਤੀ ਨਾ ਕਰਨ ਇਹਨਾਂ ਡੈਮਾਂ ਦੇ ਪਾਣੀ ਦੇ ਰੱਖਰਖਾਵ ਦਾ ਪ੍ਰਬੰਧ ਭਾਰਤੀ ਫੌਜ ਜਾਂ ਪੈਰਾਮਿਲਟਰੀ ਫੌਰਸ ਦੀ ਛੋਟੀ ਜਿਹੀ ਸਿੱਖਿਅਤ ਟੁੱਕੜੀ ਨੂੰ ਸੌਪ ਦੇਣਾ ਚਾਹੀਦਾ ਹੈ।ਇਹ ਫੌਜ ਅਤੇ ਪੈਰਾਮਿਲਟਰੀ ਫੌਰਸ ਦੇ ਮੁਲਾਜਮ ਡੈਮਾਂ ਦੇ ਪਾਣੀ ਉੱਤੇ ਕੜੀ ਨਜਰ ਰੱਖਣ ਅਤੇ ਸਮੇਂ-ਸਮੇਂ ਉੱਤੇ ਪਾਣੀ ਦੀ ਰਿਪੋਰਟ ਆਪਣੇ ਉੱਚ ਅਧਿਕਾਰੀਆਂ ਨੂੰ ਅਤੇ ਸਰਕਾਰ ਨੁੰ ਭੇਜਦੇ ਰਹਿਣ ਤਾਂ ਜੋ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਨਾ ਹੋ ਸਕੇ।
