ਅੰਮ੍ਰਿਤਸਰ – ਅੱਜ ਅੰਮ੍ਰਿਤਸਰ ਪ੍ਰੈਸ ਕਲੱਬ ਵਿਖੇ ਇਕ ਮਹੱਤਵਪੂਰਨ ਪ੍ਰੈਸ ਕਾਨਫਰੰਸ, ਬਾਪੂ ਤਰਸੇਮ ਸਿੰਘ ਜੀ (ਪਿਤਾ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ) ਅਤੇ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਕੀਤੀ ਗਈ। ਇਸ ਦੌਰਾਨ ਉਹਨਾਂ ਵੱਲੋਂ ਤਰਨਤਾਰਨ ਜ਼ਿਮਨੀ ਚੋਣ ਲਈ ਭਾਈ ਸੰਦੀਪ ਸਿੰਘ ਸੰਨੀ ਦੇ ਭਰਾਤਾ ਭਾਈ ਮਨਦੀਪ ਸਿੰਘ ਜੀ ਖ਼ਾਲਸਾ ਨੂੰ ਸਮੁੱਚੀ ਕੌਮ ਦੀਆਂ ਕੌਮੀ ਭਾਵਨਾਵਾਂ ਅਤੇ ਭਾਈ ਸੰਦੀਪ ਸਿੰਘ ਸੰਨੀ ਵੱਲੋਂ ਕੀਤੀ ਕੁਰਬਾਨੀ ਨੂੰ ਮੁੱਖ ਰੱਖਦਿਆਂ, ਪੰਥ ਅਤੇ ਪੰਜਾਬੀਆਂ ਨੂੰ ਜ਼ੁਲਮਾਂ ਵਿਰੁੱਧ ਇੱਕਜੁੱਟ ਕਰਨ ਲਈ ਉਮੀਦਵਾਰ ਐਲਾਨਿਆ ਗਿਆ।ਇਸ ਪ੍ਰੈਸ ਕਾਨਫਰੰਸ ਮੌਕੇ ਬਾਪੂ ਤਰਸੇਮ ਸਿੰਘ ਜੀ ਤੋਂ ਇਲਾਵਾ ਐਲਾਨੇ ਗਏ ਉਮੀਦਵਾਰ ਭਾਈ ਸੰਦੀਪ ਸਿੰਘ ਸੰਨੀ ਦੇ ਵੱਡੇ ਭਰਾਤਾ ਭਾਈ ਮਨਦੀਪ ਸਿੰਘ ਜੀ, ਪਰਿਵਾਰਕ ਮੈਬਰਾਂ ਵਿੱਚੋਂ ਭਰਾਤਾ ਭਾਈ ਹਰਦੀਪ ਸਿੰਘ ਜੀ, ਬੀਬੀ ਗੁਰਪ੍ਰੀਤ ਕੌਰ ਪਤਨੀ ਭਾਈ ਸੰਦੀਪ ਸਿੰਘ, ਮਾਤਾ ਨਿਰਮਲ ਕੌਰ ਜੀ ਅਤੇ ਇਸ ਤੋਂ ਇਲਾਵਾ ਭਾਈ ਪਰਮਜੀਤ ਸਿੰਘ ਜੀ ਜੌਹਲ, ਭਾਈ ਹਰਭਜਨ ਸਿੰਘ ਜੀ ਤੁੜ, ਭਾਈ ਅਮਰਜੀਤ ਸਿੰਘ ਜੀ ਵੰਨਚਿੜੀ, ਸਰਦਾਰ ਜਸਕਰਨ ਸਿੰਘ ਕਾਹਨਸਿੰਘ ਵਾਲਾ, ਭਾਈ ਸੁਖਦੇਵ ਸਿੰਘ ਜੀ ਕਾਦੀਆਂ, ਭਾਈ ਗੁਰਦੀਪ ਸਿੰਘ ਬਠਿੰਡਾ, ਸ. ਸ਼ਮਸ਼ੇਰ ਸਿੰਘ ਪੱਧਰੀ ਐਡਵੋਕੇਟ ਕਰਮਵੀਰ ਸਿੰਘ ਪੰਨੂ, ਸ. ਭੁਪਿੰਦਰ ਸਿੰਘ ਗੱਦਲੀ ਭਰਾਤਾ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਮੋਹਕਮ ਸਿੰਘ ਜੀ ਅਤੇ ਹੋਰ ਬਹੁਤ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।
ਇਸ ਮੌਕੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਬਾਪੂ ਤਰਸੇਮ ਸਿੰਘ ਜੀ ਨੇ ਕਿਹਾ ਕਿ “ਤਰਨਤਾਰਨ ਦੀ ਇਹ ਚੋਣ ਸਿਰਫ਼ ਇਕ ਸਿਆਸੀ ਮੁਕਾਬਲਾ ਨਹੀਂ, ਸਗੋਂ ਸੱਚਾਈ, ਇਨਸਾਫ਼ ਅਤੇ ਜਬਰ ਜ਼ੁਲਮ ਦੇ ਖਿਲਾਫ ਲੜਾਈ ਹੈ। ਜਿਨ੍ਹਾਂ ਨੇ ਤਰਨਤਾਰਨ ਨੂੰ ਹਮੇਸ਼ਾ ਨਸ਼ੇ, ਭ੍ਰਿਸ਼ਟਾਚਾਰ ਤੇ ਧੋਖੇ ਦੀ ਸਿਆਸਤ ਦੇ ਰਾਹ ‘ਤੇ ਧੱਕਿਆ, ਉਹਨਾਂ ਨੂੰ ਲੋਕ ਹੁਣ ਮੁੜ ਮੌਕਾ ਨਹੀਂ ਦੇਣਗੇ।” ਉਹਨਾਂ ਨੇ ਕਿਹਾ ਕਿ ਪੁਰਾਣੇ ਦੌਰ ਵਿੱਚ ਸਾਡੇ ਨੌਜਵਾਨਾਂ ਅਤੇ ਸਿੱਖਾਂ ਦਾ ਵੱਡੇ ਪੱਧਰ ਉੱਪਰ ਘਾਣ ਕੀਤਾ ਗਿਆ। ਜਿਸ ਤਹਿਤ ਹੀ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਅਤੇ ਹੋਰ ਹਜ਼ਾਰਾਂ ਹੀ ਬੇਦੋਸ਼ੇ ਨੌਜਵਾਨਾਂ, ਸੰਤਾਂ ਮਹਾਂਪੁਰਸ਼ਾਂ, ਬੀਬੀਆਂ, ਬਜ਼ੁਰਗਾਂ, ਬੱਚਿਆਂ ਨੂੰ ਸਰਕਾਰਾਂ ਦੀ ਰਹਿਨੁਮਾਈ ਹੇਠ ਸੂਬਾ ਸਰਹੰਦ ਵਰਗੇ ਦੁਸ਼ਟ ਪੁਲਿਸ ਅਫਸਰਾਂ ਵੱਲੋਂ ਵੱਡੇ ਪੱਧਰ ਤੇ ਕਤਲ ਕੀਤਾ ਗਿਆ। ਬਾਪੂ ਤਰਸੇਮ ਸਿੰਘ ਜੀ ਨੇ ਇਹ ਵੀ ਕਿਹਾ ਕਿ ਭਾਈ ਮਨਦੀਪ ਸਿੰਘ ਜੀ ਸਮੁੱਚੇ ਖ਼ਾਲਸਾ ਪੰਥ ਦੇ ਉਮੀਦਵਾਰ ਹਨ, ਜਿਨ੍ਹਾਂ ਦੇ ਰੂਪ ਵਿੱਚ ਤਰਨਤਾਰਨ ਦੀ ਧਰਤੀ ’ਤੇ ਕੌਮੀ ਸਨਮਾਨ, ਸੱਚਾਈ ਅਤੇ ਸੇਵਾ ਦੀ ਰੌਸ਼ਨੀ ਦੁਬਾਰਾ ਪ੍ਰਬਲ ਹੋਵੇਗੀ। ਉਹਨਾਂ ਨੇ ਕਿਹਾ ਕਿ ਭਾਈ ਮਨਦੀਪ ਸਿੰਘ ਜੀ, ਭਾਈ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਤੋਂ ਹਨ, ਜਿਨ੍ਹਾਂ ਨੇ ਪੰਥਕ ਆਦਰਸ਼ਾਂ ਰਾਹੀਂ ਕੁਰਬਾਨੀ ਅਤੇ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ। ਇਹ ਉਮੀਦਵਾਰੀ ਉਸ ਪਰੰਪਰਾ ਨੂੰ ਅੱਗੇ ਵਧਾਉਣ ਦਾ ਪ੍ਰਤੀਕ ਹੈ ਜੋ ਕੌਮ ਦੀ ਆਸਥਾ ਅਤੇ ਅਸਲ ਪੰਥਕ ਆਦਰਸ਼ਾਂ ਨਾਲ ਜੁੜੀ ਹੋਈ ਹੈ। ਅੰਤ ਵਿੱਚ ਬਾਪੂ ਤਰਸੇਮ ਸਿੰਘ ਜੀ ਵੱਲੋਂ ਸਮੁੱਚੀਆਂ ਕਿਸਾਨ ਜਥੇਬੰਦੀਆਂ, ਮਜਦੂਰ ਜਥੇਬੰਦੀਆਂ,ਸਿੱਖ ਜਥੇਬੰਦੀਆਂ, ਧਾਰਮਿਕ ਸੰਪਰਦਾਵਾਂ ਅਤੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਗਈ ਕਿ ਉਹ ਭਾਈ ਸੰਦੀਪ ਸਿੰਘ ਦੇ ਵੱਡੇ ਭਰਾਤਾ ਭਾਈ ਮਨਦੀਪ ਸਿੰਘ ਜੀ ਦਾ ਵੱਡੇ ਪੱਧਰ ਤੇ ਸਾਥ ਦੇਣ, ਤਾਂ ਜੋ ਪੰਜਾਬ ਵਿੱਚ ਪੰਥਕ ਪਰਚਮ ਦੁਬਾਰਾ ਲਹਿਰਾਇਆ ਜਾ ਸਕੇ ਅਤੇ ਸੱਚਾਈ ਦੀ ਆਵਾਜ਼ ਸੰਸਾਰ ਭਰ ਵਿੱਚ ਬੁਲੰਦ ਹੋ ਸਕੇ।
