ਅੰਮ੍ਰਿਤਸਰ-ਲੰਡਨ ਗੈਟਵਿਕ ਸਿੱਧੀ ਉਡਾਣ ਮੁੜ ਸ਼ੁਰੂ:ਪੰਜਾਬ ਤੋਂ ਹੁਣ ਜਾਓ ਸਿੱਧਾ ਲੰਡਨ

Logo_FAI_Round(6).resizedਅੰਮ੍ਰਿਤਸਰ : ਪੰਜਾਬ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ, ਲਗਭਗ ਪੰਜ ਮਹੀਨਿਆਂ ਬਾਅਦ,  ਇੱਕ ਵਾਰ ਮੁੜ ਯੂਕੇ ਦੇ ਲੰਡਨ ਸ਼ਹਿਰ ਨਾਲ ਸਿੱਧੇ ਹਵਾਈ ਸੰਪਰਕ ਰਾਹੀਂ ਜੁੜ ਗਿਆ ਹੈ। ਏਅਰ ਇੰਡੀਆ ਨੇ ਅੰਮ੍ਰਿਤਸਰ ਅਤੇ ਲੰਡਨ ਗੈਟਵਿਕ ਵਿਚਕਾਰ ਆਪਣੀ ਸਿੱਧੀ ਉਡਾਣ 29 ਅਕਤੂਬਰ ਤੋਂ ਮੁੜ ਸ਼ੁਰੂ ਕਰ ਦਿੱਤੀ ਹੈ। 12 ਜੂਨ, 2025 ਨੂੰ ਅਹਿਮਦਾਬਾਦ ਵਿੱਚ ਹੋਏ ਦੁਖਦਾਈ ਏਅਰ ਇੰਡੀਆ ਹਾਦਸੇ ਤੋਂ ਕੁੱਝ ਹੀ ਦਿਨਾਂ ਬਾਅਦ ਇਹ ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਪਹਿਲੀ ਉਡਾਣ 29 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਈ, ਜਦਕਿ ਵਾਪਸੀ ਦੀ ਉਡਾਣ 30 ਅਕਤੂਬਰ ਨੂੰ ਅੰਮ੍ਰਿਤਸਰ ਪਹੁੰਚੀ।

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ, ਇਨੀਸ਼ੀਏਟਿਵ ਦੇ ਕਨਵੀਵਰ ਇੰਡੀਆ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਜਨਰਲ ਸਕੱਤਰ ਯੋਗੇਸ਼ ਕਾਮਰਾ ਨੇ ਆਪਣੇ ਸਾਂਝੇ ਬਿਆਨ ਵਿੱਚ ਉਡਾਣਾਂ ਦੀ ਮੁੜ ਸ਼ੁਰੂਆਤ ਦਾ ਸਵਾਗਤ ਕਰਦਿਆਂ ਇਸਨੂੰ ਪੰਜਾਬ ਅਤੇ ਲੰਡਨ ਵੱਸਦੇ ਪੰਜਾਬੀ ਭਾਈਚਾਰੇ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਹਿਲੀ ਉਡਾਣ ਪੂਰੀ ਭਰੀ ਹੋਈ ਸੀ। ਉਹਨਾਂ ਨੇ ਕਿਹਾ ਕਿ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਸ ਉਡਾਣ ਦੇ ਮੁੜ ਸ਼ੁਰੂ ਹੋਣ ਦਾ ਦੋਨੋਂ ਮੁਲਕਾਂ ‘ਚ ਵੱਸਦਾ ਪੰਜਾਬੀ ਭਾਈਚਾਰਾ ਬਹੁਤ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ।

ਏਅਰ ਇੰਡੀਆ ਵੱਲੋਂ ਜਾਰੀ ਸਮਾਂਸੂਚੀ ਅਨੁਸਾਰ, ਅੰਮ੍ਰਿਤਸਰ – ਲੰਡਨ ਗੈਟਵਿਕ ਉਡਾਣ ਹਫਤੇ ਵਿੱਚ ਤਿੰਨ ਦਿਨ – ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਦੁਪਹਿਰ 12:35 ਵਜੇ ਰਵਾਨਾ ਹੋਵੇਗੀ ਅਤੇ ਲਗਭਗ 10 ਘੰਟੇ 55 ਮਿੰਟ ਬਾਅਦ ਉਸੇ ਦਿਨ ਸ਼ਾਮ ਨੂੰ 6:00 ਵਜੇ ਲੰਡਨ ਪਹੁੰਚੇਗੀ। ਇਹੀ ਜਹਾਜ਼ ਫਿਰ ਲੰਡਨ ਤੋਂ ਰਾਤ 8:00 ਵਜੇ ਰਵਾਨਾ ਹੋ ਕੇ ਲਗਭਗ 9 ਘੰਟੇ 50 ਮਿੰਟ ਬਾਅਦ ਅਗਲੇ ਦਿਨ ਸਵੇਰੇ 11:20 ਵਜੇ ਅੰਮ੍ਰਿਤਸਰ ਪਹੁੰਚੇਗਾ। ਪਾਕਿਸਤਾਨ ਦਾ ਹਵਾਈ ਖੇਤਰ ਭਾਰਤ ਦੀਆਂ ਏਅਰਲਾਈਨ ਲਈ ਬੰਦ ਹੋਣ ਕਾਰਨ, ਉਡਾਣ ਨੂੰ ਇਸ ਸਮੇਂ ਲਗਭਗ 1.5 ਤੋਂ 2 ਘੰਟੇ ਦਾ ਵੱਧ ਸਮਾਂ ਲੱਗਦਾ ਹੈ।
ਇਸ ਤੋਂ ਇਲਾਵਾ, ਏਅਰ ਇੰਡੀਆ ਆਪਣੀ ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਣ ਵੀ ਹਫ਼ਤੇ ਵਿੱਚ ਤਿੰਨ ਦਿਨ ਚਲਾਈ ਜਾਂਦੀ ਹੈ। ਇਸ ਨਾਲ ਏਅਰ ਇੰਡੀਆ ਵੱਲੋਂ ਹੁਣ ਅੰਮ੍ਰਿਤਸਰ ਤੋਂ ਯੂਕੇ ਲਈ ਹਫਤੇ ਵਿੱਚ ਛੇ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ।

ਗੁਮਟਾਲਾ ਅਤੇ ਕਾਮਰਾ ਨੇ ਕਿਹਾ, “ਇਸ ਉਡਾਣ ਦੇ ਮੁੜ ਸ਼ੁਰੂ ਹੋਣ ਨਾਲ ਇੱਕ ਵਾਰ ਫਿਰ ਪੰਜਾਬ ਅਤੇ ਲੰਡਨ ਤੋਂ ਯਾਤਰੀਆਂ ਨੂੰ ਦਿੱਲੀ ਰਾਹੀਂ ਉਡਾਣਾਂ ਲੈਣ ਦੇ ਝੰਝਟ ਅਤੇ ਵਾਧੂ ਖਰਚ ਤੋਂ ਰਾਹਤ ਮਿਲੇਗੀ। ਅਸੀਂ ਇਸ ਮਹੱਤਵਪੂਰਨ ਉਡਾਣ ਨੂੰ ਬਹਾਲ ਕਰਨ ਲਈ ਏਅਰ ਇੰਡੀਆ ਦਾ ਧੰਨਵਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਸ ਦੀ ਸਫਲਤਾ ਤੋਂ ਬਾਦ ਇਹਨਾਂ ਉਡਾਣਾਂ ਦੀ ਗਿਣਤੀ ਨੂੰ ਵਧਾ ਕੇ ਰੋਜ਼ਾਨਾ ਕਰ ਦਿੱਤਾ ਜਾਵੇਗਾ। ਹਾਲਾਂਕਿ ਪੰਜਾਬੀਆਂ ਵੱਲੋਂ ਕਈ ਵਾਰ ਏਅਰ ਇੰਡੀਆ ਦੇ ਜਹਾਜ਼ਾਂ ਦੀ ਹਾਲਤ ਆਤੇ ਸੇਵਾਵਾਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਹਨ, ਪਰ ਇਹ ਸਿੱਧੀਆਂ ਉਡਾਣਾਂ ਸਾਡੇ ਵਿਦੇਸ਼ ਵੱਸਦੇ ਪੰਜਾਬੀਆਂ, ਪੰਜਾਬ ਦੀ ਅਰਥਵਿਵਸਥਾ ਅਤੇ ਸੂਬੇ ਦੇ ਅਧਿਆਤਮਕ ਅਤੇ ਸੱਭਿਆਚਾਰਕ ਕੇਂਦਰ ਅੰਮ੍ਰਿਤਸਰ ਲਈ ਬਹੁਤ ਮਹੱਤਵਪੂਰਨ ਹਨ।”

ਉਨ੍ਹਾਂ ਅੱਗੇ ਕਿਹਾ, “ਇਸ ਉਡਾਣ ਦੇ ਮੁੜ ਸ਼ੁਰੂ ਹੋਣ ਨਾਲ ਨਾ ਸਿਰਫ਼ ਯਾਤਰੀਆਂ ਨੂੰ ਸੁਵਿਧਾ ਮਿਲੀ ਹੈ, ਸਗੋਂ ਸੂਬੇ ਦੇ ਕਾਰੋਬਾਰੀਆਂ, ਕਿਸਾਨਾਂ ਅਤੇ ਉਦਯੋਗਾਂ ਲਈ ਕਾਰਗੋ ਰਾਹੀਂ ਆਪਣਾ ਸਮਾਨ ਵਿਦੇਸ਼ ਭੇਜਣ ਦਾ ਰਾਹ ਵੀ ਦੁਬਾਰਾ ਖੁੱਲ ਗਿਆ ਹੈ। ਹੁਣ ਲੋੜ ਹੈ ਕਿ ਕਾਰਗੋ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਅਤੇ ਕਾਰਗੋ ਸਮਰੱਥਾ ਵਧਾਈ ਜਾਵੇ।”
ਗੁਮਟਾਲਾ ਸਣੇ ਅਮਰੀਕਾ ਅਤੇ ਕੈਨੇਡਾ ਵਿੱਚ ਵੱਸਦਾ ਪੰਜਾਬੀ ਭਾਈਚਾਰਾ ਉਮੀਦ ਕਰਦਾ ਹੈ ਕਿ ਭਵਿੱਖ ਵਿੱਚ ਏਅਰ ਇੰਡੀਆ ਲੰਡਨ ਜਾਂ ਬਰਮਿੰਘਮ ਦੇ ਨਾਲ ਨਾਲ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਵੀ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅੰਮ੍ਰਿਤਸਰ ਤੋਂ ਹੋਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਬ੍ਰਿਟਿਸ਼ ਏਅਰਵੇਜ਼, ਵਰਜਿਨ ਐਟਲਾਂਟਿਕ ਤੇ ਇੰਡੀਗੋ ਵਰਗੀਆਂ ਏਅਰਲਾਈਨ ਨੂੰ ਵੀ ਯੂਕੇ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਅਪੀਲ ਕਰਦੇ ਹਾਂ।

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਅੰਮ੍ਰਿਤਸਰ ਵਿਕਾਸ ਮੰਚ, ਸੇਵਾ ਟਰੱਸਟ ਯੂਕੇ, ਅਤੇ ਹੋਰ ਕਈ ਗੈਰ-ਸਰਕਾਰੀ ਸਮਾਜਕ ਸੰਸਥਾਵਾਂ ਅਤੇ ਆਗੂਆਂ ਨੇ 2017 ਤੋਂ 2019 ਦੌਰਾਨ ਅੰਮ੍ਰਿਤਸਰ – ਯੂਕੇ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਸੰਬੰਧੀ ਸਾਂਝੀ ਮੁਹਿੰਮ ਚਲਾਈ ਸੀ। ਇਹਨਾਂ ਯਤਨਾਂ ਦੇ ਨਤੀਜੇ ਵੱਜੋਂ, ਨਵੰਬਰ 2019 ਵਿੱਚ ਏਅਰ ਇੰਡੀਆ ਨੇ ਅੰਮ੍ਰਿਤਸਰ-ਲੰਡਨ ਸਟੈਨਸਟੇਡ ਉਡਾਣ ਸ਼ੁਰੂ ਕੀਤੀ ਸੀ, ਜਿਸ ਨਾਲ ਪੰਜਾਬ ਦਾ ਲੰਡਨ ਨਾਲ ਸਿੱਧਾ ਹਵਾਈ ਸੰਪਰਕ ਇੱਕ ਦਹਾਕੇ ਬਾਅਦ ਬਹਾਲ ਹੋਇਆ ਸੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>