ਦਾਤੀ ਦੇ ਦੰਦੇ ਇੱਕ ਪਾਸੇ ਜਹਾਨ ਦੇ ਦੋਹੇ ਪਾਸੇ…!

ਪੰਜਾਬੀ ਬੋਲੀ ਵਿੱਚ ਇੱਕ ਪੁਰਾਣਾ ਕਹਾਵਤ ਹੈ, “ਦਾਤੀ ਦੇ ਦੰਦੇ ਇੱਕ ਪਾਸੇ ਜਹਾਨ ਦੇ ਦੋਹੇ ਪਾਸੇ…”। ਕੰਗਣਾ ਰਣੌਤ ਤੇ ਮਾਤਾ ਮਹਿੰਦਰ ਕੌਰ ਦੇ ਵਿਵਾਦ ਵਿੱਚ ਇਹ ਕਹਾਵਤ ਪੂਰੀ ਤਰ੍ਹਾਂ ਢੁਕਦੀ ਹੈ। ਅੱਜਕੱਲ੍ਹ ਦੇ ਡਿਜੀਟਲ ਯੁੱਗ ਵਿੱਚ, ਜਿੱਥੇ ਸ਼ਬਦਾਂ ਦੀ ਤਲਵਾਰ ਇੱਕ ਕਲਿੱਕ ਨਾਲ ਦੁਨੀਆਂ ਭਰ ਵਿੱਚ ਫੈਲ ਜਾਂਦੀ ਹੈ, ਇਹ ਕਹਾਵਤ ਹੋਰ ਵੀ ਵੱਧ ਮਹੱਤਵਪੂਰਨ ਹੋ ਜਾਂਦੀ ਹੈ। ਹਾਲ ਹੀ ਵਿੱਚ ਹੋਈ ਇੱਕ ਅਜਿਹੀ ਘਟਨਾ ਨੇ ਇਸ ਕਹਾਵਤ ਨੂੰ ਜੀਵੰਤ ਕਰ ਦਿੱਤਾ ਹੈ , ਜਿੱਥੇ ਇੱਕ ਮਸ਼ਹੂਰ ਅਭਿਨੇਤਰੀ ਅਤੇ ਸੰਸਦ ਮੈਂਬਰ ਕੰਗਣਾ ਰਣੌਤ ਨੂੰ ਬਠਿੰਡਾ ਅਦਾਲਤ ਵਿੱਚ ਪੇਸ਼ ਹੋ ਕੇ ਇੱਕ ਬਜ਼ੁਰਗ ਪੰਜਾਬੀ ਮਾਤਾ ਤੋਂ ਮਾਫ਼ੀ ਮੰਗਣੀ ਪਈ। ਇਹ ਘਟਨਾ ਨਾ ਸਿਰਫ਼ ਵਿਵਾਦਾਂ ਦਾ ਵਿਸ਼ਾ ਬਣੀ, ਸਗੋਂ ਸਾਡੇ ਪੰਜਾਬੀ ਸਮਾਜ ਦੇ ਸਮਾਜਿਕ ਵਰਤਾਰੇ ਨੂੰ ਵੀ ਐਕਸ-ਰੇਅ ਵਾਂਗ ਉਜਾਗਰ ਕਰ ਗਈ। ਕੀ ਅਸੀ ਸੱਚ-ਮੁੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਾਰਿਸ ਹਾਂ? ਜਿਨ੍ਹਾਂ ਨੇ ਆਪਣੀਆਂ ਉਦਾਸੀਆਂ ਦੋਰਾਨ ਮੰਦਾ ਵਿਵਹਾਰ ਕਰਨ ਵਾਲੇ ਲੋਕਾਂ ਨੂੰ ਵੀ “ਵਸੇ ਰਹੋ” ਦਾ ਆਸ਼ੀਰਵਾਦ ਦੇਕੇ ਇਨਸਾਨੀਅਤ ਦੀ ਲਾਜ਼ ਰੱਖੀ ਸੀ। ਪਰ ਕੀ ਅਸੀਂ ਆਪਣੇ ਸੱਭਿਆਚਾਰਕ ਮੂਲਾਂ ਨੂੰ ਭੁੱਲ ਕੇ ਨਫ਼ਰਤ ਦੀਆਂ ਲਹਿਰਾਂ ਵਿੱਚ ਡੁੱਬ ਰਹੇ ਹਾਂ?

ਇਹ ਕਹਾਣੀ ਸ਼ੁਰੂ ਹੁੰਦੀ ਹੈ 2020-21 ਦੇ ਕਿਸਾਨ ਅੰਦੋਲਨ ਤੋਂ, ਜਦੋਂ ਪੰਜਾਬ ਦੇ ਕਿਸਾਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਆਵਾਜ਼ ਉਠਾ ਰਹੇ ਸਨ। ਉਸ ਵੇਲੇ ਕੰਗਣਾ ਰਣੌਤ, ਜੋ ਹੁਣ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਹਨ, ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਬਠਿੰਡਾ ਜ਼ਿਲ੍ਹੇ ਦੇ ਬਹਾਦਰਗੜ੍ਹ ਜੰਡੀਆਂ ਪਿੰਡ ਵਾਸੀ 73 ਸਾਲਾਂ ਦੀ ਬੀਬੀ ਮਹਿੰਦਰ ਕੌਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਬੀਬੀ ਮਹਿੰਦਰ ਕੌਰ ਦੀ ਤਸਵੀਰ ਨੂੰ ਰੀਟਵੀਟ ਕਰਦਿਆਂ ਉਨ੍ਹਾਂ ਨੂੰ “100 ਰੁਪਏ ਵਾਲੀ ਪ੍ਰੋਟੈਸਟਰ” ਕਹਿ ਕੇ ਅਪਮਾਨਿਤ ਕੀਤਾ  ਅਤੇ ਉਨ੍ਹਾਂ ਨੂੰ ਸ਼ਾਹੀਨ ਬਾਗ਼ ਅੰਦੋਲਨ ਨਾਲ ਜੋੜ ਕੇ ਬਿਲਕਿਸ ਬਾਨੋ ਨਾਲ ਤੁਲਨਾ ਕੀਤੀ। ਇਹ ਟਿੱਪਣੀ ਨਾ ਸਿਰਫ਼ ਇੱਕ ਬਜ਼ੁਰਗ ਔਰਤ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਸੀ, ਸਗੋਂ ਪੂਰੇ ਕਿਸਾਨ ਅੰਦੋਲਨ ਅਤੇ ਪੰਜਾਬੀ ਭਾਈਚਾਰੇ ਨੂੰ ਵੀ ਛੇੜਨ ਵਾਲੀ ਸੀ। ਬੀਬੀ ਮਹਿੰਦਰ ਕੌਰ ਨੇ ਇਸ ਅਪਮਾਨ ਨੂੰ ਸਹਿਣ ਨਾ ਕੀਤਾ ਅਤੇ ਜਨਵਰੀ 2021 ਵਿੱਚ ਬਠਿੰਡਾ ਅਦਾਲਤ ਵਿੱਚ ਬਦਨਾਮੀ ਦਾ ਕੇਸ ਦਰਜ ਕਰਵਾਇਆ। ਇਹ ਕੇਸ ਚੱਲਦਾ ਰਿਹਾ, ਕੰਗਣਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇਸ ਨੂੰ ਖਾਰਜ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਦਾਲਤ ਨੇ ਇਨਕਾਰ ਕਰ ਦਿੱਤਾ। ਅੰਤ ਵਿੱਚ, ਸੁਪਰੀਮ ਕੋਰਟ ਨੇ ਵੀ ਉਨ੍ਹਾਂ ਨੂੰ ਵੀਡੀਓ ਕਾਂਫਰੰਸਿੰਗ ਰਾਹੀਂ ਪੇਸ਼ ਹੋਣ ਦੀ ਆਗਿਆ ਨਹੀਂ ਦਿੱਤੀ। ਨਤੀਜਾ ਇਹ ਹੋਇਆ ਕਿ 27 ਅਕਤੂਬਰ 2025 ਨੂੰ ਕੰਗਣਾ ਨੂੰ ਬਠਿੰਡਾ ਅਦਾਲਤ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋਣਾ ਪਇਆ। ਉੱਥੇ ਉਨ੍ਹਾਂ ਨੇ ਅਦਾਲਤ ਵਿੱਚ ਆਪਣੀ ਗਲਤੀ ਨੂੰ ਮੰਨਦੇ ਹੋਏ ਅਫ਼ਸੋਸ ਜ਼ਾਹਰ ਕੀਤਾ ਅਤੇ ਮਾਫ਼ੀ ਮੰਗੀ। ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ, ਪਰ ਅਗਲੀ ਸੁਣਵਾਈ 24 ਨਵੰਬਰ ਨੂੰ ਨਿਰਧਾਰਤ ਕੀਤੀ ਗਈ।

ਇਹ ਘਟਨਾ ਤਾਂ ਹੱਲ ਹੋ ਗਈ, ਪਰ ਅਸਲ ਵਿਵਾਦ ਤਾਂ ਇਸ ਤੋਂ ਬਾਅਦ ਸ਼ੁਰੂ ਹੋ ਗਿਆ। ਮਾਫ਼ੀ ਮੰਗਣ ਤੋਂ ਬਾਅਦ ਵੀ, ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ਵਿੱਚ ਇੱਕ ਅਜੀਬ ਜਿਹੀ ਲਹਿਰ ਚੱਲ ਪਈ। ਲੋਕਾਂ ਨੇ ਕੰਗਣਾ ਨੂੰ ਨਿਸ਼ਾਨਾ ਬਣਾ ਕੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ। ਕੋਈ ਕਹਿ ਰਿਹਾ ਸੀ ਕਿ “ਹੁਣ ਕੰਗਣਾ ਦੀ ਆਕੜ ਟੁੱਟ ਗਈ”।ਕੋਈ ਕਹਿ ਰਿਹਾ ਸੀ ਕਿ ਹੁਣ ਇਸ ਘਮੰਡੀ ਔਰਤ ਦੀ ਧੌਣ ਵਿੱਚੋਂ ਅੜਿਆ ਕੀਲਾ ਕੱਢ ਦਿੱਤਾ। ਕੋਈ ਤਾਂ ਇਹ ਵੀ ਬੋਲ ਰਿਹਾ ਸੀ ਕਿ “ਕੰਗਣਾ ਰਣੌਤ” ਵੱਲੋਂ ਮਾਫ਼ੀ ਮੰਗਣਾ ਉਸ ਦੇ ਸਵਾਵੀਮਾਨ ਤੇ ਚਪੇੜ ਵੱਜਣ ਵਾਂਗ ਹੈ। ਪੰਜਾਬੀ ਭਾਈਚਾਰੇ ਵਿੱਚ ਤਾਂ ਇੱਕ ਤਰ੍ਹਾਂ ਦੀ ਜਸ਼ਨ ਛਾ ਗਿਆ, ਲੋਕ ਬੋਲ ਰਹੇ ਸਨ ਕਿ “ਪੰਜਾਬੀਆਂ ਨੇ ਇੱਕ ਹੋਰ ਔਰਤ ਨੂੰ ਝੁਕਾਇਆ” ਅਤੇ “ਬੀਬੀ ਮਹਿੰਦਰ ਕੌਰ ਨੇ ਪੰਜਾਬ ਦੀਆਂ ਮਾਵਾਂ ਦਾ ਸਨਮਾਨ ਬਚਾਇਆ”। ਐੱਕਸ (ਪਹਿਲਾਂ ਟਵਿੱਟਰ) ਵਿੱਚ ਹਜ਼ਾਰਾਂ ਪੋਸਟਾਂ ਆਈਆਂ, ਜਿਨ੍ਹਾਂ ਵਿੱਚ ਬੀਬੀ ਮਹਿੰਦਰ ਕੌਰ ਨੂੰ ਸਲਾਮ ਕੀਤਾ ਗਿਆ ਅਤੇ ਕੰਗਣਾ ਦੀ ਮਿੱਟੀ ਪਲੀਤ ਕੀਤੀ ਗਈ। ਇੱਕ ਯੂਜ਼ਰ ਨੇ ਲਿਖਿਆ, “82 ਸਾਲਾਂ ਦੀ ਬੁਜ਼ੁਰਗ ਨੇ ਕੰਗਣਾ ਨੂੰ ਅਦਾਲਤ ਵਿੱਚ ਲਿਆਂਦਾ ਅਤੇ ਮਾਫ਼ੀ ਮੰਗਵਾ ਲਈ “ਵਾਹ ਪੰਜਾਬੀਓ!” ਅਖ਼ਬਾਰਾਂ ਵਿੱਚ ਵੀ ਇਹੀ ਭਾਵਨਾ ਨਜ਼ਰ ਆਈ, ਬਠਿੰਡਾ ਤੋਂ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਤਾਂ ਖੁੱਲ੍ਹ ਕੇ ਕਿਹਾ ਕਿ ਬੀਬੀ ਮਹਿੰਦਰ ਕੌਰ ਨੇ “ਅਭਿਮਾਨੀ ਔਰਤ” ਨੂੰ ਸਬਕ ਸਿਖਾਇਆ ਅਤੇ ਪੰਜਾਬ ਦੀਆਂ ਔਰਤਾਂ ਦਾ ਸਨਮਾਨ ਬਚਾਇਆ।

ਇਹ ਸਭ ਵੇਖ ਕੇ ਅਤੇ ਸੁਣ ਕੇ ਇੱਕ ਲੇਖਕ ਅਤੇ ਪੰਜਾਬੀ ਹੋਣ ਦੇ ਨਾਤੇ ਮੈਂ ਇਸ ਵਰਤਾਰੇ ਲਈ ਕਾਫੀ ਅਸਹਿਜ਼ ਮਹਿਸੂਸ ਕੀਤਾ। ਕੰਗਣਾ ਨੇ ਗਲਤੀ ਕੀਤੀ, ਇਸ ਵਿੱਚ ਕੋਈ ਸ਼ੱਕ ਨਹੀਂ। ਉਨ੍ਹਾਂ ਦੇ ਉਹ ਸ਼ਬਦ ਬਹੁਤ ਹੀ ਨੀਵੇਂ ਅਤੇ ਅਪਮਾਨਜਨਕ ਸਨ। ਇੱਕ ਬਜ਼ੁਰਗ ਮਾਤਾ ਨੂੰ “100 ਰੁਪਏ ਵਾਲੀ ਪ੍ਰੋਟੈਸਟਰ” ਕਹਿਣਾ ਨਾ ਸਿਰਫ਼ ਨਿੰਦਣਯੋਗ ਹੈ, ਸਗੋਂ ਇੱਕ ਸਮਾਜ ਨੂੰ ਵੰਡਣ ਵਾਲਾ ਵੀ ਹੈ। ਰਾਜਨੀਤੀ ਵਿੱਚ ਆਪਣੀ ਉੱਚ ਲੀਡਰਸ਼ਿਪ ਨੂੰ ਖੁਸ਼ ਕਰਨ ਲਈ ਅਕਸਰ ਨਵੇਂ ਲੀਡਰ ਬਿਨ੍ਹਾਂ ਸਿਰ-ਪੈਰ ਦੇ ਬਿਆਨ ਦੇ ਦਿੰਦੇ ਹਨ,ਭਾਵੇਂ ਬਾਅਦ ਵਿੱਚ ਉਹਨਾਂ ਨੂੰ ਇਕੱਲਿਆਂ ਹੀ ਇਸ ਦਾ ਨਤੀਜਾ ਭੁਗਤਣਾ ਪੈਂਦਾ ਹੈ। ਕੰਗਣਾ ਰਣੌਤ ਨੂੰ ਵੀ “ਉਡਦਾ ਤੀਰ ਨਹੀਂ ਫੜਣਾ ਚਾਹੀਦਾ ਸੀ”। ਪਰ ਜਦੋਂ ਉਨ੍ਹਾਂ ਨੇ ਅਦਾਲਤ ਵਿੱਚ ਆ ਕੇ ਆਪਣੀ ਗਲਤੀ ਨੂੰ ਮੰਨ ਲਿਆ ਅਤੇ ਮਾਫ਼ੀ ਮੰਗ ਲਈ, ਤਾਂ ਕੀ ਅਸੀਂ ਪੰਜਾਬੀ ਵਜੋਂ ਉਸ ਨੂੰ ਮਾਫ਼ ਨਹੀਂ ਕਰ ਸਕਦੇ ਸੀ? ਅਸੀਂ ਪੰਜਾਬੀ ਤਾਂ ਉਸ ਗੁਰੂ ਦੇ ਵਾਰਿਸ ਹਾਂ ਜਿਨ੍ਹਾਂ ਨੇ ਮੰਦਾ ਵਿਵਹਾਰ ਕਰਨ ਵਾਲੇ ਲੋਕਾਂ ਨੂੰ ਵੀ “ਵਸੇ ਰਹੋ” ਦਾ ਆਸ਼ੀਰਵਾਦ ਦੇਕੇ ਇਨਸਾਨੀਅਤ ਦੀ ਲਾਜ਼ ਰੱਖੀ ਸੀ। ਗੁਰਬਾਣੀ ਵਿੱਚ ਤਾਂ ਇਹ ਸ਼ਬਦ ਹੀ ਅਮਲ ਵਿੱਚ ਲਿਆਂਦੇ ਗਏ ਹਨ ” ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ “। ਇਹ ਬਾਣੀ ਸਾਨੂੰ ਯਾਦ ਕਰਾਉਂਦੀ ਹੈ ਕਿ ਹਰ ਵਿਅਕਤੀ ਵਿੱਚ ਰੱਬ ਦਾ ਹਿੱਸਾ ਹੈ, ਭਾਵੇਂ ਉਹ ਕਿੰਨਾ ਵੀ ਗਲਤ ਹੋਵੇ। ਗੁਰੂ ਸਹਿਬਾਨਾਂ ਨੇ ਵੀ ਸਾਨੂੰ ਇਹੀ ਸਿੱਖਿਆ ਦਿੱਤੀ ਸੀ ਕਿ ਨਿੰਦਾ ਅਤੇ ਬੁਰੇ ਬੋਲਾਂ ਤੋਂ ਬਚੋ, ਕਿਉਂਕਿ ਉਹ ਤੁਹਾਡੇ ਆਪਣੇ ਚਿੱਤ ਨੂੰ ਕਲੰਕਿਤ ਕਰਦੇ ਹਨ। ਪੰਜਾਬੀ ਸੱਭਿਆਚਾਰ ਵਿੱਚ ਨਾਰੀ ਨੂੰ ਹਮੇਸ਼ਾ ਮਾਤਾ, ਭੈਣ ਅਤੇ ਧਰਤੀ ਵਾਂਗ ਪਵਿੱਤਰ ਮੰਨਿਆ ਗਿਆ ਹੈ। ਅਸੀਂ ਤਾਂ ਉਹੀ ਲੋਕ ਹਾਂ, ਜਿੱਥੇ ਔਰਤ ਦੇ ਸਨਮਾਨ ਲਈ ਪੂਰੀ ਕੌਮ ਲੜੀ। ਪਰ ਅੱਜ ਅਸੀਂ ਇੱਕ ਔਰਤ ਨੂੰ, ਭਾਵੇਂ ਉਹ ਗਲਤ ਹੋਵੇ, ਉਸ ਦੀ ਮਾਫ਼ੀ ਨੂੰ ਇੱਕ ਜਿੱਤ ਵਾਂਗ ਮਨਾ ਰਹੇ ਹਾਂ। ਇਹ ਕਿਸ ਤਰ੍ਹਾਂ ਦਾ ਵਰਤਾਰਾ ਹੈ?

ਸਮਾਜ ਵਿਗਿਆਨੀ ਵਜੋਂ ਵੀ ਇਹ ਵਿਚਾਰ ਕਰੀਏ ਤਾਂ ਇਹ ਲਹਿਰ ਬਹੁਤ ਹੀ ਚਿੰਤਾਜਨਕ ਹੈ। ਅੱਜ ਦੇ ਸਮੇਂ ਵਿੱਚ, ਸੋਸ਼ਲ ਮੀਡੀਆ ਨੇ ਸਾਨੂੰ ਇੱਕ ਅਜਿਹੀ ਅਡਿਕਸ਼ਨ ਦੇ ਦਿੱਤੀ ਹੈ ਜਿੱਥੇ ਨਫ਼ਰਤ ਅਤੇ ਤਿੱਖੇ ਬੋਲ ਵਾਇਰਲ ਹੋਣ ਵਾਲੇ ਹੁੰਦੇ ਹਨ। ਜਦੋਂ ਕੰਗਣਾ ਨੇ ਮਾਫ਼ੀ ਮੰਗੀ, ਤਾਂ ਇਹ ਇੱਕ ਮੌਕਾ ਸੀ ਕਿ ਅਸੀਂ ਇੱਕ ਸਕਾਰਾਤਮਕ ਮਾਹੌਲ ਬਣਾਈਏ। ਅਸੀਂ ਕਹਿ ਸਕਦੇ ਸੀ ਕਿ “ਚੰਗਾ ਹੋਇਆ, ਗਲਤੀ ਨੂੰ ਮੰਨ ਲਿਆ। ਹੁਣ ਅੱਗੇ ਵਧੀਏ ਅਤੇ ਅਜਿਹੀਆਂ ਗਲਤੀਆਂ ਨਾ ਦੁਹਰਾਈਏ।” ਇਹ ਨਾ ਸਿਰਫ਼ ਬੀਬੀ ਮਹਿੰਦਰ ਕੌਰ ਦੇ ਸਨਮਾਨ ਨੂੰ ਵਧਾਉਂਦਾ, ਸਗੋਂ ਪੂਰੇ ਸਮਾਜ ਨੂੰ ਏਕਤਾ ਦਾ ਪਾਠ ਪੜ੍ਹਾਉਂਦਾ। ਪਰ ਅਸੀਂ ਇਸ ਨੂੰ ਇੱਕ ਜੰਗ ਵਾਂਗ ਲਿਆ, ਜਿਵੇਂ ਕੋਈ ਵੱਡੀ ਜਿੱਤ ਹੋ ਗਈ ਹੋਵੇ। ਇਹ ਵਿਸ਼ੇਸ਼ ਤੌਰ ‘ਤੇ ਔਰਤਾਂ ਨਾਲ ਸਬੰਧਤ ਹੋਣ ਕਰਕੇ ਹੋਰ ਵੀ ਦੁਖਦਾਈ ਹੈ। ਇਸ ਘਟਨਾ ਨੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਵੀ ਚੁਣੌਤੀ ਦਿੱਤੀ ਹੈ। ਅਸੀਂ ਉਸ ਕੌਮ ਦੇ ਵਾਰਿਸ ਹਾਂ ਜੋ ਵੱਡੇ ਦਿਲ ਅਤੇ ਭਾਈਚਾਰਕ ਸਾਂਝਾ ਬਣਾਉਣ ਵਿੱਚ ਯਕੀਨ ਰੱਖਦੇ ਹਾਂ। ਜਿੱਥੇ ਲੋਕਾਂ ਨੂੰ ਮਿਲਣ-ਜੁਲਣ ਅਤੇ ਵੱਡਾ ਦਿਲ ਰੱਖਣ ਦੀ ਸਿੱਖਿਆ ਮਿਲੀ ਹੈ। ਪਰ ਅੱਜ ਅਸੀਂ ਆਪਣੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਾਂ। ਸੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ, ਅਸੀਂ ਟ੍ਰੋਲਿੰਗ ਅਤੇ ਵਾਇਰਲ ਹੋਣ ਦੀ ਦੌੜ ਵਿੱਚ ਫਸ ਗਏ ਹਾਂ। ਇੱਕ ਛੋਟੀ ਜਿਹੀ ਮਾਫ਼ੀ ਨੂੰ ਵੀ ਅਸੀਂ ਇੱਕ ਵੱਡੇ ਵਿਵਾਦ ਵਿੱਚ ਬਦਲ ਦਿੰਦੇ ਹਾਂ। ਇਸ ਨਾਲ ਨਾ ਸਿਰਫ਼ ਵਿਅਕਤੀਗਤ ਨੁਕਸਾਨ ਹੁੰਦਾ ਹੈ, ਸਗੋਂ ਸਮਾਜਿਕ ਮਾਹੋਲ ਵੀ ਖਰਾਬ ਹੁੰਦਾ ਹੈ। ਬੀਬੀ ਮਹਿੰਦਰ ਕੌਰ ਵਰਗੀਆਂ ਬਜ਼ੁਰਗਾਂ ਨੂੰ ਸਨਮਾਨ ਮਿਲਣਾ ਚਾਹੀਦਾ ਹੈ, ਪਰ ਇਸ ਨੂੰ ਨਫ਼ਰਤ ਵਿੱਚ ਨਾ ਬਦਲਿਆ ਜਾਵੇ। ਜੇ ਅਸੀਂ ਅਜਿਹਾ ਕਰਦੇ ਰਹੇ, ਤਾਂ ਭਵਿੱਖ ਵਿੱਚ ਕੋਈ ਵੀ ਆਪਣੀ ਗਲਤੀ ਨੂੰ ਮੰਨਣ ਤੋਂ ਡਰੇਗਾ  ਅਤੇ ਸਮਾਜ ਵਿੱਚ ਨਫ਼ਰਤ ਹੀ ਵਧੇਗੀ।

ਅੰਤ ਵਿੱਚ, ਇਹੀ ਕਹਿਣਾ ਚਾਹੁੰਦਾ ਹਾਂ ਕਿ ਇਹ ਮੁੱਦਾ ਸਕਾਰਾਤਮਕ ਰੂਪ ਵਿੱਚ ਹੱਲ ਹੋ ਸਕਦਾ ਸੀ। ਅਸੀਂ ਪੰਜਾਬੀ ਵਜੋਂ ਆਪਣੇ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਨੂੰ ਅਪਣਾ ਕੇ ਇੱਕ ਚੰਗਾ ਉਦਾਹਰਣ ਪੇਸ਼ ਕਰ ਸਕਦੇ ਸੀ। ਪਰ, ਅਸੀਂ ਫੁੱਕਰਪੁਣੇ ਵਿੱਚ ਇਸ ਨੂੰ ਨਕਾਰਾਤਮਕ ਬਣਾ ਦਿੱਤਾ। ਅੱਜ ਕੰਗਣਾ ਰਣੌਤ ਵੱਲੋਂ ਮਾਫ਼ੀ ਮੰਗਣ ਤੋਂ ਬਾਅਦ ਵੀ ਅਸੀਂ ਆਪਣੇ ਵਰਤਾਰੇ ਕਾਰਨ ਕਟਹਿਰੇ ਵਿੱਚ ਖੜ੍ਹੇ ਹੋ ਗਏ ਹਾਂ। ਦੁਨੀਆਂ ਨੂੰ ਲੱਗ ਰਿਹਾ ਹੈ ਕਿ ਪੰਜਾਬ ਤੋਂ ਬਾਹਰੀ ਅੋਰਤਾਂ ਨੂੰ ਲੈ ਕੇ ਸਾਡੀ ਮਾਨਸਿਕਤਾ ਕਿੰਨੀ ਤੰਗ ਹੋ ਗਈ ਹੈ। ਉਮੀਦ ਹੈ ਕਿ ਅਸੀਂ ਆਪਣੇ ਮੌਜੂਦਾ ਵਰਤਾਰੇ ਨੂੰ ਛੱਡ ਕੇ ਸਕਾਰਾਤਮਕਤਾ ਵੱਲ ਵਧੀਏ। ਜੇ ਅਸੀਂ “ਵਸੇ ਰਹੋ” ਨੂੰ ਅਪਣਾਈਏ ਅਤੇ ਹਰ ਗਲਤੀ ਨੂੰ ਸਿੱਖਣ ਦਾ ਮੌਕਾ ਬਣਾਈਏ, ਤਾਂ ਹੀ ਇੱਕ ਸੁੰਦਰ ਸਮਾਜ ਦੀ ਸਿਰਜਣਾ ਹੋ ਸਕੇਗੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>