ਬਾਬੇ ਨਾਨਕ ਦੀ ਸੰਵਾਦ ਕਲਾ

ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਦੇਵ ਜੀ ਨੇ ਜਿੰਨਾ ਸਮਾਂ ਇਸ ਦੁਨੀਆਂ ਵਿੱਚ ਵਿਚਰੇ, ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਮੁਲਾਕਾਤਾਂ ਕੀਤੀਆਂ। ਉਹ ਆਪਣੀਆਂ ਉਦਾਸੀਆਂ ਕਰ ਕੇ ਜਾਣੀਆਂ ਜਾਂਦੀਆਂ ਯਾਤਰਾਵਾਂ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਮਿਲੇ। ਉਹਨਾਂ ਨੂੰ ਸੁਣਿਆ ਅਤੇ ਆਪਣੀ ਗੱਲ ਉਹਨਾਂ ਨੂੰ ਸੁਣਾਈ ਵੀ ।ਉਹਨਾਂ ਨੇ ਸਿੱਧਾਂ, ਪੰਡਿਤਾਂ, ਕਾਜੀਆਂ, ਪੀਰਾਂ,ਜੋਗੀਆਂ, ਮੌਲਾਣਿਆਂ, ਰਾਜਿਆਂ, ਮਹਾਰਾਜਿਆਂ, ਵਪਾਰੀਆਂ, ਸ਼ਾਹੂਕਾਰਾਂ, ਕਿਸਾਨਾਂ, ਮਜ਼ਦੂਰਾਂ, ਅਤੇ ਸਾਧਾਰਨ ਲੋਕਾਂ ਨਾਲ ਸੰਵਾਦ ਰਚਾਇਆ। ਉਹਨਾਂ ਇਹਨਾਂ ਸਾਰਿਆਂ ਨੂੰ ਸੁਣਿਆ, ਉਹਨਾਂ ਦੇ ਆਖੇ ਨੂੰ ਆਪਣੇ ਗਿਆਨ ਅਤੇ ਤਜਰਬੇ ਤੇ ਪਰਖਿਆ ਅਤੇ ਫਿਰ ਦਲੀਲਪੂਰਨ ਢੰਗ ਨਾਲ ,ਨਿਮਰਤਾ ਅਤੇ ਮਿਠਾਸ ਨਾਲ ਉਹਨਾਂ ਦੀ ਗਲਤ ਗੱਲ ਨੂੰ ਕੱਟ ਕੇ ਆਪਣੇ ਸਿਧਾਂਤ ਦੀ ਗੱਲ ਸਮਝਾਈ। ਇਸ ਸਾਰੇ ਵਾਰਤਾਲਾਪ ਨੂੰ ਉਹਨਾਂ ਨੇ ਬਹੁਤ ਹੀ ਸਹਿਜ ਨਾਲ ,ਵਿਵੇਕ ਨਾਲ, ਸੂਝ ਨਾਲ ਨੇਪਰੇ ਚਾੜ੍ਹਿਆ। ਉਹਨਾਂ ਦਾ ਵਾਰਤਾਲਾਪੀ ਢੰਗ ਏਨਾ ਨਿਆਰਾ, ਪਿਆਰਾ ਅਤੇ ਦਿਲਚਸਪੀ ਭਰਪੂਰ ਸੀ ਕਿ ਆਪ ਜੀ ਦੀ ਸੋਚ ਨਾਲੋਂ ਬਿਲਕੁਲ ਵੱਖਰੀ ਸੋਚ ਰੱਖਣ ਵਾਲੇ ਵੀ ਉਹਨਾਂ ਦੀਆਂ ਦਲੀਲਾਂ ਦੇ ਕਾਇਲ ਹੁੰਦੇ ਗਏ। ਉਹਨਾਂ ਕੋਲ ਗੁਰੂ ਨਾਨਕ ਜੀ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਨਹੀਂ ਸਨ, ਬਹੁਤੀ ਵਾਰੀ ਉਹ ਨਿਰੁੱਤਰ ਹੋ ਗਏ ਅਤੇ ਦਿਲੋਂ ਧੁਰ ਅੰਦਰੋਂ ਗੁਰੂ ਨਾਨਕ ਬਾਤ ਵਿੱਚ ਉਹਨਾਂ ਨੂੰ ਵਜ਼ਨ ਲੱਗਿਆ । ਇਸੇ ਲਈ ਬਹੁਗਿਣਤੀ ਗੁਰੂ ਨਾਨਕ ਦੀ ਮੁਰੀਦ ਬਣਦੀ ਗਈ। ਅੱਜ ਜਦੋਂ ਅਸੀਂ ਸੰਵਾਦ ਦੀ ਥਾਂ ਵਿਵਾਦ ਵੱਲ ਵੱਧ ਰਹੇ ਹਾਂ, ਅਜਿਹੇ ਸਮੇਂ ਬਹੁਤ ਜਰੂਰੀ ਹੋ ਜਾਂਦਾ ਏ, ਗੁਰੂ ਨਾਨਕ ਜੀ ਦੀ ਸੰਵਾਦ ਕਲਾ ਬਾਰੇ ਜਾਨਣਾ ਅਤੇ ਉਸ ਤੋਂ ਕੁਝ ਸਿੱਖਣਾ। ਇਸ ਖੂਬਸੂਰਤ ਕਲਾ ਸਦਕਾ ਹੀ ਉਹ ਹਰੇਕ ਮੁਲਾਕਾਤੀ ਨੂੰ ਕੋਈ ਵੀ ਸਾਧਨ ਸਹੂਲਤ ਦੀ ਹੋਂਦ ਤੋੰ ਬਿਨਾਂ ਹੀ ਆਪਣੀ ਬਾਣੀ ਰਾਹੀਂ,ਆਪਣੇ ਸ਼ਬਦਾਂ ਰਾਹੀਂ ,ਆਪਣੇ ਬ੍ਰਹਿਮੰਡੀ ਪ੍ਰੇਮ ਦੇ ਸਮਦ੍ਰਿਸ਼ਟੀ ਵਾਲੇ ਸਿਧਾਂਤ ਵੱਲ ਖਿੱਚ ਲੈਂਦੇ ਸਨ, ਸਾਡੇ ਕੋਲ ਅੱਜ ਸੈਂਕੜੇ ਸਾਧਨ ਅਤੇ ਸਹੂਲਤਾਂ ਹਨ, ਪਰ ਅਸੀਂ ਕਿਸੇ ਹੋਰ ਨੂੰ ਤਾਂ ਨਾਨਕ- ਮਾਰਗ ਵੱਲ ਕੀ ਲਿਆਉਣਾ ਸੀ, ਖੁਦ ਵੀ ਇਸ ਗਾਡੀ ਰਾਹ ਨੂੰ ਵਿਸਰਦੇ ਜਾ ਰਹੇ ਹਾਂ ।

ਸੰਵਾਦ :- ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਵਿੱਚ ਮੌਖਿਕ  ਜਾਂ ਲਿਖਤੀ ਰੂਪ ਵਿਚ ਆਦਾਨ ਪ੍ਰਦਾਨ ਨੂੰ ਸੰਵਾਦ ਕਿਹਾ ਜਾਂਦਾ ਹੈ। ਇਸ ਨੂੰ ਵਿਚਾਰ ਵਟਾਂਦਰਾ, ਗੋਸ਼ਟੀ ਜਾਂ ਬਹਿਸ ਵੀ ਕਹਿ ਦਿੱਤਾ ਜਾਂਦਾ ਹੈ। ਭਾਈ ਕਾਹਨ ਸਿੰਘ ਨਾਭਾ ਜੀਂ ਮਹਾਨ ਕੋਸ਼ ਵਿੱਚ ਸੰਵਾਦ ਦੇ ਅਰਥ ਚਰਚਾ ਜਾਂ ਪ੍ਰਸ਼ਨ ਉੱਤਰ ਕਰਦੇ ਹਨ।  ਸਪਸ਼ਟ ਹੋਇਆ ਕਿ ਸੰਵਾਦ ਦੋ ਜਾਂ ਵੱਧ ਵਿਅਕਤੀਆਂ ਵਿੱਚ ਕਿਸੇ ਖਾਸ ਵਿਸ਼ੇ ਉੱਤੇ ਖਾਸ ਉਦੇਸ਼ ਸਾਹਮਣੇ ਰੱਖ ਕੇ ਕੀਤੀ ਹੋਈ ਗੱਲਬਾਤ ਹੈ।

ਬਾਬਾ  ਨਾਨਕ ਦੇ ਸੰਵਾਦ ਦੀਆਂ ਵਿਸ਼ੇਸ਼ਤਾਈਆਂ :- ਬਾਬਾ ਨਾਨਕ ਜੀ ਦੀ ਸੰਵਾਦ ਕਲਾ ਦੇ ਉੱਤਮ ਹੋਣ ਦਾ ਜਾਹਰਾ ਪ੍ਰਮਾਣ ਇਹੋ ਹੈ ਕਿ ਜਿਸ ਜਿਸ ਨਾਲ ਵੀ ਉਹਨਾਂ ਸੰਵਾਦ ਰਚਾਇਆ, ਉਸ ਨੂੰ ਗੁਰਮਤਿ ਦੇ ਦਾਇਰੇ ਵਿੱਚ ਲਿਆਉਂਦੇ ਗਏ। ਇਸ ਸੰਵਾਦ ਵਿੱਚ ਅਜਿਹਾ ਕੀ ਸੀ ਕਿ ਮੁਲਾਕਾਤੀ ਅਪਰਾਧੀ,ਚੋਰ,ਲੁਟੇਰੇ, ਰਾਖਸ਼ ਬਿਰਤੀ ਵਾਲੇ ਵੀ ਆਪਣੀਆਂ ਪਹਿਲੀਆਂ ਸਿੜ੍ਹਿਆਂ ਗਲਤ ਆਦਤਾਂ ਛੱਡਦੇ ਗਏ ਅਤੇ ਬਾਬੇ ਦੁਆਰਾ ਦੱਸਿਆ ਨਿਰਭਉ , ਨਿਰਵੈਰ ,ਸਾਦਾ ਅਤੇ ਪਰਉਪਕਾਰੀ ਜੀਵਨ ਜਿਊਣ ਲੱਗ ਪਏ। ਉਸ ਸੰਵਾਦ ਕਲਾ ਦੀਆਂ ਵਿਸ਼ੇਸ਼ਤਾਈਆਂ ਤੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ।

੧.ਭਾਸ਼ਾ ਦੀ .ਸਪਸ਼ਟਤਾ ਸਰਲਤਾ ਅਤੇ ਸਾਦਗੀ :- ਬਾਬੇ ਨਾਨਕ ਨੇ ਉਹ ਜਿਸ ਇਲਾਕੇ ਵਿੱਚ ਵੀ ਗਏ, ਉਸ ਇਲਾਕੇ ਦੀ ਸਥਾਨਕ ਭਾਸ਼ਾ ਦੀ ਵਰਤੋਂ ਕੀਤੀ। ਜਿਸ ਵਰਗ ਨਾਲ ਉਹ ਗੱਲ ਬਾਤ ਕਰਦੇ ਸੀ, ਉਸ ਦੀ ਸ਼ਬਦਾਵਲੀ ਵਧੇਰੇ ਵਰਤੀ। ਜੋਗੀਆਂ ਨਾਲ ਗੱਲ ਕਰਦੇ ਜੋਗ ਮੱਤ ਦੀ ਭਾਸ਼ਾ ਵਿੱਚ, ਕਾਜੀਆਂ ਨਾਲ ਗੱਲ ਕਰਦੇ ਉਹਨਾਂ ਦੇ ਪ੍ਰਤੀਕ ,ਸ਼ਬਦ ਅਤੇ ਵਾਕ । ਇਸੇ ਤਰਾਂ ਬਾਕੀ ਵਰਗਾਂ ਨਾਲ ਵੀ। ਇਸ ਭਾਸ਼ਾ ਦੀ ਖਾਸ ਖੂਬੀ ਇਹ ਵੀ ਰਹੀ ਕਿ ਇਹ ਬਿਲਕੁਲ ਸਪਸ਼ਟ, ਸਰਲ ਅਤੇ ਸਮਝ ਆਉਣ ਵਾਲੀ ਸੀ। ਵਿਦਵਾਨਾਂ ਦੀ ਗੁੰਝਲਦਾਰ ਸ਼ਬਦਾਵਲੀ ਦੀ ਜਗ੍ਹਾ ਬਾਬੇ ਨੇ ਆਮ ਲੋਕਾਂ ਦੀ ਜਾਣ ਪਹਿਚਾਣ ਵਾਲੇ ਸ਼ਬਦ ਅਤੇ ਵਾਕ ਵਰਤੇ। ਉਸ ਨਾਲ ਹਰ ਸਰੋਤੇ ਨੂੰ ਉਹ ਉਸ ਦੀ ਆਪਣੀ ਹੀ ਗੱਲ ਲੱਗਦੀ ਸੀ। ਸਮਝ ਆਉਣ ਨਾਲ ਅਤੇ ਸਪਸ਼ਟਤਾ ਨਾਲ ਹੀ ਵਾਰਤਾਲਾਪ ਅੱਗੇ ਵਧ ਸਕਦੀ ਹੈ।

੨.ਸਹਿਜ ਅਤੇ ਠਰੰਮੇ ਨਾਲ ਸੁਣਨ,ਵੇਖਣ ਅਤੇ ਪ੍ਰੇਖਣ ਦੀ ਸਮਰੱਥਾ :- ਬਾਬੇ ਨਾਨਕ ਵਿੱਚ ਓੜਕ ਦਾ ਸਹਿਜ ਸੀ। ਉਹ ਗਲਤ ਘਟਨਾਵਾਂ ਦੇਖ ਕੇ ,ਗਲਤ ਕਾਰਨਾਮੇ ਦੇਖ ਕੇ ਇੱਕਦਮ ਉਤੇਜਿਤ ਨਹੀਂ ਹੁੰਦੇ। ਵਾਰਤਾਲਾਪ ਸਮੇਂ ਉਹ ਪਹਿਲਾਂ ਦੂਸਰੇ ਨੂੰ ਬੋਲਣ ਦਾ ਮੌਕਾ ਦਿੰਦੇ। ਉਹ ਬੋਲਦੇ ਘੱਟ, ਅਤੇ ਸੁਣਦੇ ਵਧੇਰੇ ਸਨ। ਅਜੋਕਾ ਮਨੋਵਿਗਿਆਨ, ਕੌਂਸਲਿੰਗ ਵਿੱਚ ਸੁਣਨ ਦੀ ਮਹੱਤਤਾ ਨੂੰ ਪਹਿਚਾਣ ਚੁੱਕਿਆ ਹੈ। ਕਿਸੇ ਵੀ ਦੂਸਰੇ  ਨਾਲ ਦਿਲ ਦੀ ਸਾਂਝ ਤਦ ਹੀ ਬਣਦੀ ਹੈ, ਜੇ ਉਸਨੂੰ ਸੁਣਿਆ ਜਾਵੇ। ਉਸ ਸੁਣੇ ਹੋਏ ਨੂੰ ਆਪਣੇ ਅੰਦਰ ਹੀ ਵਿਚਾਰਨਾ, ਪੁਣਨਾ ਛਾਣਨਾ ਅਤੇ ਪਿੱਛੋਂ ਸਹਿਜ ਨਾਲ ਆਪਣੀ ਗੱਲ ਕਹਿਣੀ ਇਹ ਕਿਸੇ ਵੀ ਬੁਲਾਰੇ ਦੇ ਮੁੱਖ ਗੁਣ ਹਨ।

੩.ਪ੍ਰਸ਼ਨਾਂ ਨੂੰ ਉਤਸ਼ਾਹਿਤ ਕਰਨਾ :- ਬਾਬੇ ਨਾਨਕ ਨੇ ਹੋਰਾਂ ਨੂੰ ਪ੍ਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਉਹਨਾਂ ਦੇ ਪ੍ਰਸ਼ਨ ਪੁੱਛਣ ਤੋਂ ਖੁਸ਼ ਹੋਏ। ਬਾਬੇ ਨੇ ਆਪ ਵੀ ਪ੍ਰਸ਼ਨ ਪੁੱਛਣ ਦੀ ਵਿਧੀ ਹੀ ਵਰਤੀ। ਪ੍ਰਸ਼ਨ ਪੁੱਛਣ ਨਾਲ ਕੋਈ ਵੀ ਵਿਅਕਤੀ ਦਾ ਸਾਰਾ ਧਿਆਨ ਪੁੱਛੇ ਹੋਏ ਵਿਸ਼ੇ ਤੇ ਕੇਂਦਰਿਤ ਹੁੰਦਾ ਹੈ। ਉਸ ਦੀ ਇਕਾਗਰਤਾ ਵਧਦੀ ਹੈ। ਜਗਿਆਸਾ ਜਾਗਦੀ ਹੈ। ਤਰਕ ਸ਼ਕਤੀ ਅਤੇ ਵਿਵੇਕ ਬੁੱਧੀ ਨੂੰ ਹੁਲਾਰਾ ਮਿਲਦਾ ਹੈ। ਇੱਕ ਪ੍ਰਸ਼ਨ ਦਾ ਉੱਤਰ ਮਿਲਣ ਤੇ ਉਸ ਅੰਦਰ ਹੋਰ ਪ੍ਰਸ਼ਨ ਜਨਮ ਲੈਂਦਾ ਹੈ ਅਤੇ ਇਸ ਤਰਾਂ ਉਹ ਸਾਰਥਕ ਸੰਵਾਦ ਰਚਾਉਣ ਵੱਲ ਰੁਚਿਤ ਹੁੰਦਾ ਹੈ। ਸਿੱਧਾਂ ਨਾਲ ਹੋਈ ਵਾਰਤਾਲਾਪ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਮਕਲੀ ਰਾਗ ਵਿੱਚ ਦਰਜ ਹੈ, ਸਿੱਧ ਪ੍ਰਸ਼ਨ ਪੁੱਛਦੇ ਹਨ। ਬਾਬਾ ਜਵਾਬ ਦਿੰਦਾ ਹੈ। ਸਿੱਧ ਫੇਰ ਅਗਲਾ ਪ੍ਰਸ਼ਨ ਪੁੱਛਦੇ ਹਨ, ਬਾਬਾ ਫੇਰ ਜਵਾਬ ਦਿੰਦਾ ਹੈ। ਇਸ ਤਰਾਂ ਵਿਚਾਰ ਅਧੀਨ ਵਿਸ਼ੇ ਦੇ ਸਾਰੇ ਪਹਿਲੂਆਂ ਤੇ ਵਿਚਾਰ ਹੁੰਦੀ ਹੈ।

ਉਦਾਹਰਣ ਵਜੋਂ ਸਿੱਧ ਸਤਿਕਾਰ ਨਾਲ ਪੁੱਛਦੇ ਹਨ:-

ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ ।।

ਕਿਸੁ ਕਾਰਣਿ ਇਹੁ ਭੇਖੁ ਨਿਵਾਸੀ ।।

ਕਿਸੁ ਵਖਰ ਕੇ ਤੁਮ ਵਣਜਾਰੇ ।।

ਕਿਉ ਕਰਿ ਸਾਥੁ ਲੰਘਾਵਹੁ ਪਾਰੇ ।। ……………….( ਪੰਨਾ ੯੪੩, ਰਾਮਕਲੀ ਮਹਲਾ ੧ ਸਿਧ ਗੋਸਟਿ )

ਬਾਬਾ ਜੀ ਉਸੇ ਅੰਦਾਜ ਵਿੱਚ ਉੱਤਰ ਦਿੰਦੇ ਹਨ-

ਗੁਰਮੁਖਿ ਖੋਜਤ ਭਏ ਉਦਾਸੀ ।।

ਦਰਸਨ ਕੈ ਤਾਈ ਭੇਖ ਨਿਵਾਸੀ ।।

ਸਾਚ ਵਖਰ ਕੇ ਹਮ ਵਣਜਾਰੇ ।।

ਨਾਨਕ ਗੁਰਮੁਖਿ ਉਤਰਸਿ ਪਾਰੇ ।।……………….( ਪੰਨਾ ੯੪੩, ਰਾਮਕਲੀ ਮਹਲਾ ੧ ਸਿਧ ਗੋਸਟਿ )

ਇਸ ਤਰਾਂ ਪ੍ਰਸ਼ਨ ਉੱਤਰ ਵਿੱਚ ਇਹ ਸੰਵਾਦ ਅੱਗੇ ਤੁਰਦਾ ਜਾਂਦਾ ਹੈ। ਸਿਧਾਂ ਦੇ ਸ਼ੰਕੇ ਬਾਬਾ ਦੂਰ ਕਰਦਾ ਜਾਂਦਾ ਹੈ ਅਤੇ ਗੁਰਮਤਿ ਗਾਡੀ ਰਾਹ ਦੱਸਦਾ ਜਾਂਦਾ ਹੈ। ਅੰਤ ਤੱਕ ਪ੍ਰਸ਼ਨ ਕਰਤਾ ਦੀ ਦਿਲਚਸਪੀ ਬਣੀ ਰਹਿੰਦੀ ਹੈ।

੪.ਦਿਲਚਸਪੀ ਜਗਾਉਣ ਦਾ ਹੁਨਰ :-  ਬਾਬਾ ਨਾਨਕ ਜੀ ਵਿੱਚ ਦੂਸਰੇ ਦੀ ਦਿਲਚਸਪੀ ਨੂੰ ਜਗਾਉਣ ਦੀ ਕਲਾ ਸੀ। ਉਹ ਕੋਈ ਅਜਿਹੀ ਗੱਲ ਕਰਦੇ ਜਾਂ ਕੋਈ ਅਜਿਹੀ ਕਾਰਵਾਈ ਕਰਦੇ, ਕਿ ਸਾਹਮਣੇ ਵਾਲਾ ਇਨਸਾਨ ਮੱਲੋਮੱਲੀ ਉਹਨਾਂ ਨਾਲ ਸੰਵਾਦ ਕਰਨ ਲਈ ਤਿਆਰ ਹੋ ਜਾਂਦਾ। ਬਾਬੇ ਦੇ ਜੀਵਨ ਵਿਚੋਂ ਸੈਂਕੜੇ ਅਜਿਹੀਆਂ ਉਦਾਹਰਣਾਂ ਮਿਲ ਜਾਂਦੀਆਂ ਹਨ ਜਿੱਥੇ ਉਹਨਾਂ ਦੀ ਹਲਕੀ ਜਿਹੀ ਕਿਰਿਆ ਨੇ ਸੰਵਾਦ ਸ਼ੁਰੂ ਕਰਵਾ ਦਿੱਤਾ ਹੋਵੇ। ਅਸੀਂ ਇੱਥੇ ਸਿਰਫ ਇੱਕ ਦੋ ਉਦਾਹਰਣਾਂ ਹੀ ਲਵਾਂਗੇ। ਹਰਿਦੁਆਰ ਵਿੱਚ ਬਾਬੇ ਨੇ ਜਦੋਂ ਆਮ ਲੋਕਾਂ ਵੱਲ ਪਿੱਠ ਕਰਕੇ ਪਾਣੀ ਸੁੱਟਣਾ ਸ਼ੁਰੂ ਕੀਤਾ, ਤਾਂ ਕਿਉ ਦਾ ਸਵਾਲ ਹਰ ਇੱਕ ਦੀ ਦਿਲਚਸਪੀ ਜਗਾਉਂਦਾ ਹੈ ਅਤੇ ਉਹ ਆ ਕੇ ਬਾਬੇ ਨੂੰ ਪ੍ਰਸ਼ਨ ਪੁੱਛਦਾ ਹੈ। ਬਾਬਾ ਇਹੀ ਤਾਂ ਚਾਹੁੰਦਾ ਸੀ ਕਿ ਗੱਲ ਸ਼ੁਰੂ ਹੋਵੇ। ਇਸੇ ਤਰਾਂ ਜਦੋਂ ਉਹ ਮੱਕੇ ਵੱਲ ਪੈਰ ਕਰਕੇ ਪੈ ਜਾਂਦਾ ਹੈ ਤਾਂ ਲੋਹਾ ਲਾਖੇ ਹੋਏ ਕਾਜੀ ਵੀ ਬਾਬੇ ਨਾਲ ਵਾਰਤਾਲਾਪ ਕਰਨ ਲਈ ਤਿਆਰ ਹੋ ਜਾਂਦੇ ਹਨ।

੫.ਦਲੀਲ ਪੂਰਨ ਉੱਤਰ ਦੇਣ ਦੀ ਕਲਾ :- ਬਾਬਾ ਬਹੁਤ ਹੀ ਸੂਝ ਬੂਝ ਨਾਲ ਜਗਿਆਸੂ ਤੋਂ ਪ੍ਰਸ਼ਨ ਕਰਵਾ ਕੇ ਹੀ ਸ਼ਾਂਤ ਨਹੀਂ ਹੁੰਦਾ, ਸਗੋਂ ਹੁਣ ਲੋਹਾ ਲਾਲ ਹੋਇਆ ਦੇਖ ਕੇ ਬਹੁਤ ਸਿਆਣਪ ਨਾਲ ਸੱਟ ਮਾਰਦਾ ਹੈ। ਦਲੀਲ ਪੂਰਨ ਉੱਤਰ ਦਿੰਦਾ ਹੈ । ਮੱਕੇ ਵੱਲ ਕੀਤੇ ਪੈਰ ਤੇ ਇਤਰਾਜ਼ ਸੁਣ ਕੇ ਸਹਿਜ ਵਿੱਚ ਹੀ ਆਖਦਾ ਹੈ ਕਿ ਮੇਰੇ ਪੈਰ ਉੱਧਰ ਨੂੰ ਕਰ ਦੇਵੋ, ਜਿੱਧਰ ਖੁਦਾ ਦਾ ਘਰ ਨਹੀਂ ਹੈ। ਇਸ ਦਲੀਲ ਅੱਗੇ ਸਭ ਨਿਰਸ਼ਬਦ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਸਭ ਥਾਂ ਰਮਿਆ ਪ੍ਰਭੂ ਨਜਰ ਆਉਂਦਾ ਹੈ। ਉਕਤ ਹਰਿਦੁਆਰ ਵਾਲੀ ਸਾਖੀ ਵਿੱਚ ਲੋਕਾਂ ਦੇ ਪੁੱਛਣ ਤੇ ਕਹਿੰਦਾ ਹੈ ਕਿ ਮੈਂ ਕਰਤਾਰਪੁਰ ਵਿਖੇ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ। ਇਹ ਕਲਾ ਦਾ ਸਿਖਰ ਹੈ। ਉਤਸੁਕਤਾ ਜਾਗਦੀ ਹੈ। ਐਡੀ ਦੂਰ ਖੇਤਾਂ ਵਿਚ ਪਾਣੀ ਕਿਵੇਂ ਪੁੱਜ ਜਾਏਗਾ ?? ਤਾਂ ਬਾਬਾ ਦਲੀਲ ਨਾਲ ਸਹਿਜ ਨਾਲ ਆਖਦਾ ਹੈ ਕਿ ਜੇ ਤੁਹਾਡਾ ਦਿੱਤਾ ਪਾਣੀ ਸੂਰਜ ਤੱਕ ਪੁੱਜ ਜਾਏਗਾ, ਤਾਂ ਮੇਰਾ ਪਾਣੀ ਕਰਤਾਰਪੁਰ ਕਿਉ ਨਹੀ ਪੁੱਜ ਸਕਦਾ ? ਸਰੋਤਿਆਂ ਨੂੰ ਝਟਕਾ ਵੱਜਦਾ ਹੈ। ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਅਸਲ ਵਿੱਚ ਇਹ ਇਕ ਫਜੂਲ ਰਸਮ ਹੈ।

੬. ਨਵੇਂ ਪ੍ਰਸ਼ਨ ਖੜ੍ਹੇ ਕਰ ਦੇਣ ਦੀ ਕਲਾ :-  ਸੰਵਾਦ ਦੌਰਾਨ ਆਪਣੀ ਗੱਲ  ਇੱਕ ਵਾਰ ਵੀ ਏਦਾਂ ਨਹੀਂ ਕਹੀ ਬਾਬੇ ਨੇ, ਜਿਸ ਤੋੰ ਸਰੋਤਿਆਂ ਨੂੰ ਇਹ ਲੱਗੇ ਕਿ ਸਾਡੇ ਉੱਤੇ ਕੋਈ ਸਿਧਾਂਤ ਠੋਸਿਆ ਜਾ ਰਿਹਾ ਹੈ। ਇੱਕ ਵਾਰ ਵੀ ਨਹੀਂ। ਸਗੋਂ ਕਦੇ ਕਦੇ ਆਪ ਕੋਈ ਅਜਿਹਾ ਪ੍ਰਸ਼ਨ ਪੁੱਛ ਲੈਣਾ ਕਿ ਸਰੋਤੇ ਨਿਰ ਉੱਤਰ ਹੋ ਜਾਣ। ਮਜਬੂਰੀ ਵਿਚ ਬਾਬੇ ਦੀ ਦਲੀਲ ਮੰਨਣੀ ਪਵੇ। ਇੱਕ ਉਦਾਹਰਣ ਦੇਖੋ। ਧਰਤੀ ਇਕ ਬਲਦ ਦੇ ਸਿੰਗਾਂ ਤੇ ਟਿਕੀ ਹੋਈ ਹੈ- ਇਸ ਮਨੌਤ ਨੂੰ ਬਾਬੇ ਨੇ ਨਕਾਰਿਆ ਨਹੀਂ। ਸਗੋਂ ਇੱਕ ਪ੍ਰਸ਼ਨ ਪੁੱਛਿਆ ਕਿ ਫਿਰ ਇਹ ਬਲਦ ਕਿਸ ਥਾਂ ਤੇ ਟਿਕਿਆ ਹੈ। ਫੇਰ ਉਹ ਧਰਤੀ ਕਿਵੇਂ ਟਿਕੀ ਹੈ ???? ਹੋਰ ਪਰੇ ਹੋਰ ਹੋਰ ਆਖ ਕੇ ਸਭ ਦਾ ਨਜ਼ਰੀਆ ਵਿਸ਼ਾਲ ਕਰ ਦਿੱਤਾ ਹੈ।

.ਬਾਣੀ ਵਿੱਚ ਵੀ ਪ੍ਰਸ਼ਨ ਉੱਤਰ ਕਲਾ ਵਰਤੀ ਗਈ ਹੈ:- ਗੁਰੂ ਨਾਨਕ ਜੀ ਨੂੰ ਪ੍ਰਸ਼ਨ ਉੱਤਰ ਵਿਧੀ ਇੰਨੀ ਵਧੀਆ ਲੱਗਦੀ ਹੈ ਕਿ ਉਹ ਆਪਣੀ ਗੱਲ ਸਮਝਾਉਣ ਲਈ ਪਹਿਲਾਂ ਆਪ ਹੀ ਪ੍ਰਸ਼ਨ ਕਰਦੇ ਹਨ ਅਤੇ ਫੇਰ ਉਸਦਾ ਉੱਤਰ ਦਿੰਦੇ ਹਨ। ਇਹ ਤਕਨੀਕ ਬਾਣੀ ਵਿਚ ਥਾਂ ਥਾਂ ਤੇ ਦੇਖਣ ਨੂੰ ਮਿਲਦੀ ਹੈ। ਅਸੀਂ ਜਪੁਜੀ ਵਿਚੋਂ ਹੀ ਇੱਕ ਉਦਾਹਰਣ ਲੈਂਦੇ ਹਾਂ

ਪ੍ਰਸ਼ਨ :-

ਕਿਵ ਸਚਿਆਰਾ ਹੋਈਐ ਕਿਵ  ਕੂੜੇ ਤੁਟੈ ਪਾਲਿ ।।………..(ਪੰਨਾ ੧, ਜਪੁ)

ਉੱਤਰ :-

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ।।……………(ਪੰਨਾ ੧, ਜਪੁ)

੮.ਪ੍ਰਤੀਕਾਂ ਅਤੇ ਅਲੰਕਾਰਾਂ ਦੀ ਵਰਤੋਂ :- ਬਾਬਾ ਨਾਨਕ ਜੀ ਨੇ ਆਪਣਾ  ਸੰਵਾਦ  ਗੁਰਬਾਣੀ ਦੇ ਸ਼ਬਦਾਂ ਰਾਹੀਂ ਰਚਾਇਆ ਹੈ। ਬਾਣੀ ਕਾਵਿ ਮਈ ਵੀ ਹੈ ਅਤੇ ਸੰਗੀਤ ਮਈ ਵੀ। ਕਵਿਤਾ ਦੇ ਸ਼ਿੰਗਾਰ ਹੁੰਦੇ ਹਨ ਪ੍ਰਤੀਕ ਅਤੇ ਅਲੰਕਾਰ। ਪਰ ਬਾਬੇ ਨਾਨਕ ਨੇ ਆਪਣੀ ਰਹੱਸਮਈ ਵਾਰਤਾ ਨੂੰ ਸੌਖਿਆਂ ਕਰਨ ਲਈ ਵੀ ਅਤੇ ਉਸ ਨੂੰ ਲੋਕ-ਮਾਨਸਿਕਤਾ ਦੇ ਪੱਧਰ ਤੇ ਲਿਆਉਣ ਲਈ ਵੀ ਪ੍ਰਤੀਕਾਂ ਅਤੇ ਅਲੰਕਾਰਾਂ ਦੀ ਵਰਤੋਂ ਕੀਤੀ ਹੈ। ਅਗੰਮੀ ਅਤੇ ਰੂਹਾਨੀ ਗੱਲ ਸਮਝਾਉਣ ਦੀ ਇਹ ਸਭ ਤੋੰ ਵੱਡੀ ਸਮੱਸਿਆ ਹੁੰਦੀ ਹੈ। ਅਦ੍ਰਿਸ਼ ਨੂੰ ਸਪਸ਼ਟ ਕਰਨ ਲਈ ਦ੍ਰਿਸ਼ਟਮਾਨ ਦੀ ਉਦਾਹਰਣ ਅਤੇ ਪ੍ਰਤੀਕ ਨਾਲ ਗੱਲ ਛੇਤੀ ਸਮਝ ਵਿੱਚ ਆਉਂਦੀ ਹੈ।

ਉਦਾਹਰਣ ਲਈ

ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ ।।………(ਪੰਨਾ ੮, ਜਪੁ)

ਪੰਕਤੀ ਹੀ ਲੈ ਲਈਏ। ਇਸ ਵਿਚ ਉਹ ਕੁਦਰਤ ਅਤੇ ਮਨੁੱਖ ਦੇ ਗੂੜ੍ਹੇ ਸੰਬੰਧ ਨੂੰ ਦਰਸਾ ਕੇ ਗੁਰਮਤਿ ਸਿਧਾਂਤ ਨੂੰ ਲੋਕ ਮਨ ਦੇ ਨੇੜੇ ਲੈ ਜਾਂਦੇ ਹਨ। ਇਸੇ ਤਰਾਂ ਜਨੇਊ, ਨਮਾਜ਼, ਆਦਿ ਦੇ ਹੋਰ ਸੈਂਕੜੇ ਪ੍ਰਮਾਣ ਦੇਖ ਸਕਦੇ ਹਾਂ ।

੯. ਸਧਾਰਨ ਇਨਸਾਨ ਵਾਂਗ ਵਿਚਰ ਕੇ ਗੱਲ ਕਰਨੀ :- ਗੁਰੂ ਨਾਨਕ ਜੀ ਨੇ ਆਪਣੇ ਆਪ ਨੂੰ ਕਦੇ ਵੀ ਗੁਰੂ, ਬਾਬਾ,ਸੰਤ, ਪੀਰ ਨਹੀਂ ਮੰਨਿਆ। ਸਗੋਂ ਇਕ ਸਧਾਰਨ ਮਨੁੱਖ ਦੀ ਥਾਂ ਰੱਖ ਕੇ ਹੀ ਸਾਰੀ ਗੱਲਬਾਤ ਕਰਦੇ ਰਹੇ ਹਨ। ਕਿਧਰੇ ਵੀ ਉਹਨਾਂ ਨੇ ਕਰਾਮਾਤ ਨਹੀਂ ਦਿਖਾਈ। ਜਦੋਂ ਸਿਧਾਂ ਨੇ ਆਪ ਜੀ ਨੂੰ ਕਰਾਮਾਤ ਦਿਖਾਉਣ ਲਈ ਵੀ ਆਖਿਆ ,ਤਦ ਵੀ ਬਾਬੇ ਦਾ ਉੱਤਰ ਬਹੁਤ ਖੂਬਸੂਰਤ ਅਤੇ ਭੇਦ ਭਰਿਆ ਸੀ ।

ਭਾਈ ਗੁਰਦਾਸ ਜੀ ਆਪਣੀ ਵਾਰ ਵਿਚ ਬਿਆਨ ਕਰਦੇ ਹਨ-

ਸਿਧਿ ਬੋਲਨਿ ਸੁਣਿ ਨਾਨਕਾ ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ ।।

ਕੁਝ ਵਿਖਾਲੇਂ ਅਸਾ ਨੋ ਤੁਹਿ ਕਿਉ ਢਿਲ ਅਵੇਹੀ ਲਾਈ ।।

ਬਾਬਾ ਬੋਲੇ ਨਾਥ ਜੀ ! ਅਸਾਂ ਤੇ ਵੇਖਣਿ ਜੋਗੀ ਵਸਤੁ ਨ ਕਾਈ ।।

ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ।।………….( ਭਾਈ ਗੁਰਦਾਸ ਜੀ, ਵਾਰ ੧ ਪਉੜੀ ੪੨)

ਇਸ ਤਰਾਂ ਲੋਕਾਂ ਦੇ ਤਲ ਤੇ ਖੜ੍ਹ ਕੇ ਗੱਲ ਕਰਨ ਨਾਲ ਬਾਬੇ ਦੀ ਗੱਲ ਵਧੇਰੇ ਲੋਕਾਂ ਨੇ ਸੁਣੀ ਅਤੇ ਮੰਨੀ।

ਅੰਤਿਕਾ :- ਗੁਰੂ ਨਾਨਕ ਜੀ ਦੇ ਸੰਵਾਦ ਪ੍ਰਤੀ ਪਿਆਰ ਅਤੇ ਉਹਨਾਂ ਦੀ ਜੁਗਤੀ ਨੂੰ ਜਦੋਂ ਅਜੋਕੇ ਹਾਲਾਤਾਂ ਨਾਲ ਮਿਲਾ ਕੇ ਦੇਖਦੇ ਹਾਂ ,ਤਾਂ ਘੋਰ ਨਿਰਾਸ਼ਾ ਅਤੇ ਦੁੱਖ ਦਾ ਅਹਿਸਾਸ ਹੁੰਦਾ ਹੈ। ਬਾਬੇ ਨੇ ਵੱਖਰੀ ਵਿਚਾਰਧਾਰਾ ਵਾਲੇ ਕਰੋੜਾਂ ਹਿਰਦਿਆਂ ਨੂੰ ਅਗਿਆਨਤਾ ,ਭਰਮ ਭੁਲੇਖਿਆਂ, ਕਰਮ ਕਾਂਡਾਂ ਵਿਚੋਂ ਕੱਢ ਕੇ ਗੁਰਮਤਿ ਦੇ ਸਰਲ ਮਾਰਗ ਤੇ ਤੋਰਿਆ। ਪਰ ਅਸੀਂ ਬਾਬੇ ਦੇ ਸਿੱਖ ਅਖਵਾਉਣ ਵਾਲਿਆਂ ਨੇ ਕੱਟੜਤਾ ਨੂੰ ਅਪਣਾ ਰੱਖਿਆ ਹੈ। ਗੈਰ ਮੱਤਾਂ ਵਾਲਿਆਂ ਕੋਲ ਗੁਰਮਤਿ ਦੀ ਗੱਲ ਕੀ ਪੁਚਾਉਣੀ ਸੀ, ਅਸੀਂ ਸਿੱਖ ਹੋ ਕੇ ਵੀ ਇਸ ਸੰਵਾਦ ਨੂੰ ਭੁੱਲ ਚੁੱਕੇ ਹਾਂ ਅਤੇ ਬੇਅੰਤ ਛੋਟੇ ਛੋਟੇ ਮਸਲੇ ਜਿਹੜੇ ਸੰਵਾਦ ਨਾਲ ਸੂਝ ਬੂਝ ਨਾਲ ਸੌਖਿਆਂ ਹੀ ਹੱਲ ਹੋਣ ਵਾਲੇ ਹੁੰਦੇ ਹਨ, ਉਹਨਾਂ ਤੇ ਵੀ ਵਿਵਾਦ ਖੜ੍ਹੇ ਕਰ ਬੈਠਦੇ ਹਾਂ ਅਤੇ ਬਹੁਤ ਛੇਤੀ ਤਲਵਾਰਾਂ ਸੂਤ ਲੈਂਦੇ ਹਾਂ। ਸਾਡੇ ਵਿਰੋਧੀ ਨੂੰ ਸਾਡੀ ਇਹ ਬਿਰਤੀ ਬਹੁਤ ਰਾਸ ਆਉਂਦੀ ਹੈ। ਉਹ ਤਾਂ ਸਾਨੂੰ ਬਾਣੀ (ਗਿਆਨ) ਅਤੇ ਸੰਗਤ (ਲੋਕ ਸ਼ਕਤੀ) ਦੋਹਾਂ ਤੋਂ ਦੂਰ ਕਰਨਾ ਚਾਹੁੰਦਾ ਹੈ। ਆਓ, ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਤੇ ਇਹ ਪ੍ਰਣ ਕਰੀਏ ਕਿ ਵਿਸਰ ਚੁੱਕੀ ਸੰਵਾਦ ਦੀ ਪਿਰਤ ਫੇਰ ਸੁਰਜੀਤ ਕਰਾਂਗੇ । ਅਤੇ ਨਾਨਕ ਵਿਚਾਰਧਾਰਾ ਅਨੁਸਾਰ ਸਰਬ ਸਾਂਝੀਵਾਲਤਾ ਅਤੇ ਬ੍ਰਹਿਮੰਡੀ ਪ੍ਰੇਮ ਦੀ ਜੋਤ ਜਗਾਉਣ ਲਈ ਸਦਾ ਕੋਸ਼ਿਸ਼ ਕਰਦੇ ਰਹਾਂਗੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>