ਚੰਡੀਗੜ੍ਹ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਹਮਖਿਆਲ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ 23 ਨਵੰਬਰ ਨੂੰ ਗੁਰਦੁਆਰਾ ਜਫ਼ਰਨਾਮਾ ਦੀਨਾਂ ਕਾਂਗੜ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਲੱਖੀ ਸ਼ਾਹ ਅਤੇ ਭਾਈ ਜੈਤਾ ਜੀ ਦੀਆਂ ਮਹਾਨ ਸ਼ਹਾਦਤਾਂ ਨੂੰ ਨਤਮਸਤਕ ਹੋਣ ਹਿੱਤ ਅਤੇ ਉਨ੍ਹਾਂ ਵੱਲੋ ਮਨੁੱਖਤਾ ਅਤੇ ਇਨਸਾਨੀਅਤ ਕਦਰਾਂ ਕੀਮਤਾਂ ਲਈ ਪਾਏ ਗਏ ਦ੍ਰਿੜਤਾਪੂਰਵਕ ਪੂਰਨਿਆ ਤੇ ਪਹਿਰਾ ਦਿੰਦੇ ਹੋਏ ਆਪਣੀ ਕੌਮੀ ਆਜਾਦੀ ਵੱਲ ਵੱਧਣ ਹਿੱਤ ਇਸ ਸ਼ਹੀਦੀ ਦਿਹਾੜੇ ਨੂੰ ਪੂਰਨ ਸਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ । ਜਿਸ ਵਿਚ ਉਨ੍ਹਾਂ ਵੱਲੋ ਮਨੁੱਖਤਾ ਨੂੰ ਦਿੱਤੀ ਗਈ ਦੂਰ ਅੰਦੇਸ਼ੀ ਵਾਲੀ ਅਗਵਾਈ ਅਤੇ ਜਿੰਦਗੀ ਨੂੰ ਸਹੀ ਢੰਗ ਨਾਲ ਜਿਊਂਣ ਦੇ ਢੰਗ ਤੇ ਸਰਬੱਤ ਦੇ ਭਲੇ ਦੇ ਮਕਸਦ ਨੂੰ ਮੁੱਖ ਰੱਖਕੇ ਸੈਮੀਨਰ, ਕੀਰਤਨ ਦਰਬਾਰ ਅਤੇ ਹੋਰ ਵਿਚਾਰਾਂ ਕਰਦੇ ਹੋਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਸਮੂਹਿਕ ਰੂਪ ਵਿਚ ਕੌਮੀ ਅਰਦਾਸ ਕੀਤੀ ਜਾਵੇਗੀ । ਜਿਸ ਵਿਚ ਅਸੀ ਸਮੁੱਚੀ ਸਿੱਖ ਕੌਮ ਤੇ ਮਨੁੱਖਤਾ ਨੂੰ ਆਪੋ ਆਪਣੇ ਸਾਧਨਾਂ ਰਾਹੀ ਪਿੰਡਾਂ, ਸ਼ਹਿਰਾਂ ਵਿਚੋ ਸੰਗਤਾਂ ਨੂੰ ਨਾਲ ਲੈਕੇ ਇਸ ਮਹਾਨ ਸਮਾਗਮ ਵਿਚ ਸਮੂਲੀਅਤ ਕਰਨ ਦੀ ਹਾਰਦਿਕ ਅਪੀਲ ਕੀਤੀ ਜਾਂਦੀ ਹੈ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਖੇ ਗੁਰੂ ਸਾਹਿਬਾਨ ਜੀ ਦੀਆਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਹੋ ਕੇ ਮਨਾਏ ਜਾ ਰਹੇ ਸ਼ਹੀਦੀ ਦਿਹਾੜੇ ਦੇ ਮਕਸਦ ਅਤੇ ਉਨ੍ਹਾਂ ਦੇ ਪੂਰਨਿਆ ਤੇ ਚੱਲਦੇ ਹੋਏ ਅਗਲੀ ਕੌਮੀ ਮੰਜਿਲ ਵੱਲ ਵੱਧਣ ਦੀ ਬਾਦਲੀਲ ਢੰਗ ਨਾਲ ਸਮੁੱਚੀ ਸਿੱਖ ਕੌਮ ਨੂੰ ਹਾਰਦਿਕ ਅਪੀਲ ਕਰਦੇ ਹੋਏ ਕੀਤੀ । ਉਨ੍ਹਾਂ ਇਸ ਗੱਲ ਦਾ ਦੁੱਖ ਤੇ ਅਫਸੋਸ ਜਾਹਰ ਕੀਤਾ ਕਿ ਵੱਖ-ਵੱਖ ਸਰਕਾਰਾਂ, ਸੰਸਥਾਵਾਂ ਤੇ ਸੰਗਠਨਾਂ ਵੱਲੋ ਗੁਰੂ ਸਾਹਿਬਾਨ ਤੇ ਹੋਰ ਮਹਾਨ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਤਾਂ ਭੇਟ ਕੀਤੇ ਜਾ ਰਹੇ ਹਨ, ਜਿਸ ਮਨੁੱਖੀ ਤੇ ਇਨਸਾਨੀ ਹੱਕਾਂ ਦੀ ਰਖਵਾਲੀ ਲਈ, ਸਭਨਾਂ ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ ਅਧਿਕਾਰ ਪ੍ਰਦਾਨ ਕਰਵਾਉਣ ਲਈ, ਸਭ ਧਰਮਾਂ, ਕੌਮਾਂ ਦੇ ਇੱਜਤ ਮਾਣ ਸਤਿਕਾਰ ਨੂੰ ਕਾਇਮ ਰੱਖਣ ਹਿੱਤ ਮਨੁੱਖਤਾ ਪੱਖੀ ਸੋਚ ਨੂੰ ਮੁੱਖ ਰੱਖਕੇ ਹਕੂਮਤੀ ਵਿਤਕਰਿਆ ਤੇ ਬੇਇਨਸਾਫ਼ੀਆਂ ਨੂੰ ਖਤਮ ਕਰਨ, ਇਨਸਾਨੀ ਕਦਰਾਂ ਕੀਮਤਾਂ ਨੂੰ ਹਰ ਕੀਮਤ ਤੇ ਕਾਇਮ ਰੱਖਣ, ਜਾਤ-ਪਾਤ ਆਦਿ ਦੇ ਵੱਖਰੇਵਿਆ ਤੋ ਨਿਰਲੇਪ ਰਹਿਕੇ ਸਾਫ-ਸੁਥਰਾ ਪਾਰਦਰਸ਼ੀ ਸਰਬੱਤ ਦੇ ਭਲੇ ਵਾਲਾ ਨਿਜਾਮ, ਅਮਨ-ਚੈਨ ਨੂੰ ਕਾਇਮ ਰੱਖਣ ਹਿੱਤ ਆਪਣੀਆ ਸ਼ਹਾਦਤਾਂ ਦਿੱਤੀਆ, ਉਹ ਉਪਰੋਕਤ ਸਭ ਸਰਕਾਰਾਂ, ਸੰਗਠਨਾਂ ਅਤੇ ਸਮੂਹਾਂ ਵੱਲੋ ਕੀਤੇ ਜਾਣ ਵਾਲੇ ਸ਼ਹੀਦੀ ਸਮਾਗਮਾਂ ਤੇ ਪ੍ਰੋਗਰਾਮਾਂ ਵਿਚ ਕੁਝ ਵੀ ਨਜਰ ਨਹੀ ਆ ਰਿਹਾ । ਬਲਕਿ ਉਪਰੋਕਤ ਸੰਜੀਦਾ ਵਿਸਿਆ ਉਤੇ ਸਿੱਖ ਕੌਮ ਨੂੰ ਤਾਂ ਸਭ ਹੁਕਮਰਾਨਾਂ ਤੇ ਸੰਸਥਾਵਾਂ ਵੱਲੋ ਨਜਰ ਅੰਦਾਜ ਕਰਕੇ ਸਿੱਖ ਕੌਮ ਨਾਲ ਹਰ ਖੇਤਰ ਵਿਚ ਜ਼ਬਰ ਜੁਲਮ, ਬੇਇਨਸਾਫ਼ੀਆਂ ਨਿਰੰਤਰ ਅੱਜ ਵੀ ਜਾਰੀ ਹਨ ।
1947 ਤੋ ਲੈਕੇ ਅੱਜ ਤੱਕ ਸਿੱਖ ਕੌਮ ਨਾਲ ਸਰਕਾਰਾਂ ਤੇ ਹੁਕਮਰਾਨਾਂ ਵੱਲੋ ਕੀਤੇ ਸਭ ਵਾਅਦੇ, ਕੌਲ, ਇਕਰਾਰਾਂ ਦੀ ਇਕ ਵੀ ਮਦ ਪੂਰੀ ਨਹੀ ਕੀਤੀ ਗਈ । ਬਲਕਿ ਜਿਸ ਸਿੱਖ ਕੌਮ ਨੂੰ ਉੱਤਰੀ ਭਾਰਤ ਵਿਚ ਇਕ ਆਜਾਦ ਖਿੱਤਾ ਦੇਣ ਦੀ ਗੱਲ ਕਰਕੇ ਉਨ੍ਹਾਂ ਦੇ ਸਵੈਮਾਣ, ਧਾਰਮਿਕ, ਰਾਜਨੀਤਿਕ ਆਜਾਦੀ ਪ੍ਰਦਾਨ ਕਰਨ ਦੀ ਗੱਲ ਕੀਤੀ ਗਈ ਸੀ, ਉਸ ਨੂੰ ਹੁਕਮਰਾਨ ਮੰਦਭਾਵਨਾ ਅਧੀਨ ਪੂਰਨ ਰੂਪ ਵਿਚ ਵਿਸਾਰ ਚੁੱਕੇ ਹਨ । ਇਹੀ ਵਜਹ ਹੈ ਕਿ 1984 ਦੇ ਬਲਿਊ ਸਟਾਰ ਦੇ ਫੌਜੀ ਹਮਲੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ 36 ਗੁਰੂਘਰਾਂ ਉਤੇ ਹਮਲੇ ਕਰਕੇ ਸਾਡੀਆ ਇਤਿਹਾਸਿਕ ਇਮਾਰਤਾਂ ਨੂੰ ਹੀ ਢਹਿ-ਢੇਰੀ ਨਹੀ ਕੀਤਾ ਗਿਆ ਬਲਕਿ 25 ਹਜਾਰ ਦੇ ਕਰੀਬ ਨਿਰਦੋਸ, ਨਿਹੱਥੇ ਜੋ ਸਿੱਖ ਸਰਧਾਲੂ ਸ੍ਰੀ ਦਰਬਾਰ ਸਾਹਿਬ ਸ਼ਹੀਦੀ ਦਿਹਾੜੇ ਤੇ ਨਤਮਸਤਕ ਹੋਣ ਆਏ ਸਨ, ਉਨ੍ਹਾਂ ਨੂੰ ਗੋਲੀਆਂ, ਬੰਦੂਕਾਂ, ਟੈਕਾਂ ਨਾਲ ਬੰਬਾਰਮੈਟ ਕਰਕੇ ਸ਼ਹੀਦ ਕਰ ਦਿੱਤਾ ਗਿਆ । ਉਪਰੰਤ ਮਰਹੂਮ ਇੰਦਰਾ ਗਾਂਧੀ ਦੇ ਕਤਲ ਤੋ ਬਾਅਦ ਉਸ ਸਮੇ ਦੇ ਵਜੀਰ ਏ ਆਜਮ ਰਾਜੀਵ ਗਾਂਧੀ ਨੇ ਇਕ ਯੋਜਨਾਬੰਧ ਢੰਗ ਤੇ ਸਾਜਿਸ ਰਾਹੀ ਸਮੁੱਚੇ ਮੁਲਕ ਵਿਚ ਸਰਬੱਤ ਦਾ ਭਲਾ ਲੋੜਨ ਵਾਲੇ ਸਿੱਖਾਂ ਤੇ ਉਨ੍ਹਾਂ ਦੇ ਕਾਰੋਬਾਰਾਂ ਨੂੰ ਨਿਸ਼ਾਨਾਂ ਬਣਾਕੇ ਸਿੱਖਾਂ ਦੇ ਬੇਰਹਿੰਮੀ ਨਾਲ ਕਤਲ ਹੀ ਨਹੀ ਕੀਤੇ ਗਏ, ਬਲਕਿ ਸਾਡੀਆ ਧੀਆਂ ਭੈਣਾਂ ਨਾਲ ਬਲਾਤਕਾਰ, ਸਾਡੇ ਕਾਰੋਬਾਰਾਂ, ਘਰਾਂ ਨੂੰ ਅੱਗਾਂ ਲਗਾਕੇ ਸਾੜਿਆ ਗਿਆ । ਜੋ ਕਿ ਜਾਹਰਾ ਤੌਰ ਤੇ ਮਨੁੱਖਤਾ ਤੇ ਇਨਸਾਨੀਅਤ ਦਾ ਤਾਂਡਵ ਨਾਚ ਕੀਤਾ ਗਿਆ । ਐਨੇ ਵੱਡੇ ਪੱਧਰ ਉਤੇ ਮਨੁੱਖੀ ਹੱਕਾਂ ਤੇ ਇਨਸਾਨੀ ਜਿੰਦਗਾਨੀਆਂ ਦਾ ਨੁਕਸਾਨ ਕੀਤੇ ਜਾਣ ਤੇ ਵੀ ਅੱਜ ਤੱਕ ਕਾਨੂੰਨ ਅਨੁਸਾਰ ਨਾ ਤਾਂ ਕਿਸੇ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਨਾ ਹੀ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾ ਦਿੱਤੀ ਗਈ । ਜਦੋਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਸ਼ਹੀਦ ਸਿੰਘਾਂ ਨੇ ਤਾਂ ਕਸ਼ਮੀਰੀ ਪੰਡਿਤਾਂ, ਹਿੰਦੂ ਬਹੂ-ਬੇਟੀਆਂ ਦੇ ਇੱਜ਼ਤ-ਮਾਣ ਨੂੰ ਮਹਿਫੂਜ ਕਰਨ ਅਤੇ ਉਨ੍ਹਾਂ ਦੇ ਮਨੁੱਖੀ ਹੱਕਾਂ ਦੀ ਰਾਖੀ ਕਰਨ ਲਈ ਆਪਣੀਆ ਸ਼ਹਾਦਤਾਂ ਦਿੱਤੀਆ ਸਨ ।
ਇਥੇ ਹੀ ਬਸ ਨਹੀ ਇਸ ਦੁਖਦਾਇਕ ਵਰਤਾਰੇ ਉਪਰੰਤ ਕੇ.ਪੀ.ਐਸ. ਗਿੱਲ, ਇਜਹਾਰ ਆਲਮ, ਸੁਮੇਧ ਸੈਣੀ, ਅਜੀਤ ਸਿੰਘ, ਗੋਬਿੰਦ ਰਾਮ, ਸਵਰਨ ਸਿੰਘ ਘੋਟਣਾ ਵਰਗੇ ਜਾਬਰ ਤੇ ਜਾਲਮ ਪੁਲਿਸ ਅਫਸਰਾਂ, ਬੇਅੰਤ ਸਿੰਘ ਵਰਗੇ ਬੁੱਚੜ ਸਿਆਸਤਦਾਨਾਂ ਦੀ ਰਹਿਨੁਮਾਈਆ ਹੇਠ ਸਿੱਖ ਨੌਜਵਾਨੀ ਦੇ ਖੂਨ ਨਾਲ ਢਾਈ ਦਹਾਕੇ ਤੱਕ ਖੂਨ ਦੀ ਹੋਲੀ ਖੇਡਦੇ ਹੋਏ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਤਸੀਹੇ ਦੇ ਕੇ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰਿਆ ਜਾਂਦਾ ਰਿਹਾ। ਫਿਰ ਖਾਲੜਾ ਰਿਪੋਰਟ ਰਾਹੀ 25 ਹਜਾਰ ਦੇ ਕਰੀਬ ਸਿੱਖਾਂ ਦੀਆਂ ਲਾਸਾਂ ਨੂੰ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਢੰਗ ਨਾਲ ਨਦੀਆ, ਦਰਿਆਵਾ ਵਿਚ ਰੋੜ੍ਹਕੇ ਜਾਂ ਪੰਜਾਬ ਦੇ ਸਮਸਾਨਘਾਟਾਂ ਵਿਚ ਬਿਨ੍ਹਾਂ ਸਿੱਖੀ ਰਵਾਇਤਾ ਦੀ ਪਾਲਣਾ ਕਰਿਆ ਅਗਨ ਭੇਟ ਕਰਦੇ ਹੋਏ ਇਨਸਾਨੀ ਕਦਰਾਂ ਕੀਮਤਾਂ ਅਤੇ ਮਨੁੱਖੀ ਹੱਕਾਂ ਦਾ ਵੱਡੇ ਪੱਧਰ ਤੇ ਘਾਣ ਕੀਤਾ ਜਾ ਰਿਹਾ । ਜਿਸ ਲਈ ਜਾਬਰ ਹੁਕਮਰਾਨ, ਸਿਆਸਤਦਾਨ, ਪੁਲਿਸ ਅਫਸਰ ਸਿੱਧੇ ਤੌਰ ਤੇ ਜਿੰਮੇਵਾਰ ਸਨ ।
2000 ਵਿਚ ਵਾਜਪਾਈ ਸਰਕਾਰ ਸਮੇ ਜੰਮੂ ਕਸਮੀਰ ਦੇ ਚਿੱਠੀਸਿੰਘਪੁਰਾ ਵਿਖੇ ਇੰਡੀਅਨ ਫ਼ੌਜ ਵੱਲੋ 43 ਨਿਰਦੋਸ ਅੰਮ੍ਰਿਤਧਾਰੀ ਨਿਹੱਥੇ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਗਿਆ । ਅੱਜ ਤੱਕ ਨਾ ਤਾਂ ਉਸ ਕਤਲੇਆਮ ਦੀ ਕੋਈ ਜਾਂਚ ਹੋਈ ਨਾ ਹੀ ਕਿਸੇ ਨੂੰ ਦੋਸ਼ੀ ਠਹਿਰਾਇਆ ਗਿਆ । ਜਦੋਕਿ ਆਈ.ਐਸ.ਆਈ.ਐਸ. ਵੱਲੋਂ ਅਫਗਾਨੀਸਤਾਨ ਦੇ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਕਾਬੁਲ ਵਿਖੇ 25 ਸਿੱਖਾਂ ਨੂੰ ਆਈ.ਐਸ.ਆਈ.ਐਸ ਦੇ ਸੰਗਠਨ ਵੱਲੋ ਬੰਬ ਵਿਸਫੋਟ ਰਾਹੀ ਕਤਲ ਕਰ ਦਿੱਤਾ ਗਿਆ ਸੀ । ਇਸੇ ਤਰ੍ਹਾਂ ਦੂਜਾ ਹਮਲਾ ਗੁਰਦੁਆਰਾ ਸ੍ਰੀ ਕਰਤਾ-ਏ-ਪ੍ਰਵਾਨ ਵਿਖੇ ਵੀ ਸਿੱਖਾਂ ਦੇ ਕਤਲ ਕਰ ਦਿੱਤੇ ਗਏ ਸਨ ਅਤੇ ਉਸ ਸਮੇ ਇੰਡੀਆਂ ਦੇ ਵਜੀਰ ਏ ਆਜਮ ਮੋਦੀ ਨੇ ਕਿਹਾ ਸੀ ਕਿ ਅਫਗਾਨੀਸਤਾਨ ਨਾਲ ਇੰਡੀਆ ਦੇ ਚੰਗੇ ਸੰਬੰਧ ਹਨ ਅਤੇ ਇਸਦੀ ਜਾਂਚ ਕਰਵਾਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੇ ਹੋਏ ਕਾਨੂੰਨ ਅਨੁਸਾਰ ਸਜਾ ਦਿਵਾਉਣ ਦਾ ਪ੍ਰਬੰਧ ਕਰਾਂਗੇ । ਪਰ ਦੁੱਖ ਅਤੇ ਅਫਸੋਸ ਹੈ ਇਸ ਦੁਰਘਟਨਾ ਨੂੰ ਵਾਪਰੇ ਹੋਏ ਲੰਮਾਂ ਸਮਾਂ ਬੀਤ ਚੁੱਕਿਆ ਹੈ । ਪਰ ਸਿੱਖ ਕੌਮ ਨੂੰ ਅੱਜ ਤੱਕ ਕੋਈ ਇਨਸਾਫ਼ ਨਾ ਤਾਂ ਵਜੀਰ ਏ ਆਜਮ ਮੋਦੀ ਵੱਲੋ ਦਿਵਾਇਆ ਗਿਆ ਨਾ ਹੀ ਅਫਗਾਨ ਸਰਕਾਰ ਵੱਲੋ ਇਸ ਤੇ ਕੋਈ ਅਮਲ ਹੋਇਆ ਹੈ । ਉਨ੍ਹਾਂ ਕਿਹਾ ਕਿ ਉਪਰੋਕਤ ਕਤਲੇਆਮ ਤੋ ਇਲਾਵਾ ਪਾਕਿਸਤਾਨ ਦੇ ਪੇਸਾਵਰ ਵਿਖੇ ਇਕ ਸਿੱਖ ਹਕੀਮ ਨੂੰ ਵੀ ਉਪਰੋਕਤ ਸੰਗਠਨ ਨੇ ਕਤਲ ਕਰ ਦਿੱਤਾ ਸੀ, ਇਸ ਤੋ ਇਲਾਵਾ ਸ੍ਰੀਨਗਰ ਵਿਚ ਇਕ ਪ੍ਰਿੰਸੀਪਲ ਸਿੱਖ ਬੀਬੀ ਸੁਪਿੰਦਰ ਕੌਰ ਨੂੰ ਵੀ ਕਤਲ ਕਰ ਦਿੱਤਾ ਸੀ । ਇਨ੍ਹਾਂ ਸਭ ਕਤਲਾਂ ਦੇ ਦੋਸ਼ੀਆਂ ਵਿਰੁੱਧ ਕੋਈ ਅਮਲ ਨਾ ਹੋਣ ਵੀ ਬਹੁਤ ਦੁੱਖਦਾਇਕ ਹੈ । 2018 ਵਿਚ ਇਰਾਕ ਵਿਚ ਇਸੇ ਉਪਰੋਕਤ ਸੰਗਠਨ ਨੇ 38 ਨਿਰਦੋਸ ਸਿੱਖਾਂ ਨੂੰ ਫੜਕੇ ਬਹੁਤ ਬੇਰਹਿੰਮੀ ਨਾਲ ਕਤਲ ਕਰ ਦਿੱਤਾ ਸੀ । ਉਸ ਸਮੇ ਇੰਡੀਆ ਦੀ ਵਿਦੇਸ ਵਜੀਰ ਬੀਬੀ ਸੁਸਮਾ ਸਿਵਰਾਜ ਸਨ । ਇਸੇ ਦੌਰਾਨ ਕੇਰਲਾ ਦੀਆਂ ਕੁਝ ਨਰਸਾਂ ਨੂੰ ਵੀ ਉਪਰੋਕਤ ਸੰਗਠਨ ਨੇ ਆਪਣੇ ਕੈਦੀ ਬਣਾ ਲਿਆ ਸੀ, ਬੀਬੀ ਸਿਵਰਾਜ ਨੇ ਅਤੇ ਇੰਡੀਅਨ ਹੁਕਮਰਾਨਾਂ ਨੇ ਪਹੁੰਚ ਕਰਕੇ ਕੇਰਲਾ ਦੀਆਂ ਬੀਬੀਆਂ ਨੂੰ ਰਿਹਾਅ ਕਰਵਾ ਲਿਆ ਸੀ । ਪਰ ਉਪਰੋਕਤ ਸਿੱਖਾਂ ਨੂੰ ਰਿਹਾਅ ਕਰਵਾਉਣ ਲਈ ਇੰਡੀਅਨ ਹੁਕਮਰਾਨਾਂ ਨੇ ਸੰਜੀਦਗੀ ਤੇ ਇਮਾਨਦਾਰੀ ਨਾਲ ਕੋਈ ਅਮਲ ਨਾ ਕੀਤਾ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਕੇਰਲਾ ਵਿਚ ਆਈ.ਐਸ.ਆਈ.ਐਸ ਸੈਟਰ ਦੇ ਟ੍ਰੇਨਿੰਗ ਸੈਟਰ ਸਨ ਜਿਸ ਨਾਲ ਕੇਰਲਾ ਸੂਬੇ ਨਾਲ ਇਸ ਸੰਗਠਨ ਦਾ ਸੰਬੰਧ ਜੁੜਿਆ ਹੋਇਆ ਸੀ ਅਤੇ ਇੰਡੀਅਨ ਹੁਕਰਮਾਨਾਂ ਦੇ ਵੀ ਇਸ ਸੰਗਠਨ ਨਾਲ ਅੱਛੇ ਸੰਬੰਧ ਸਨ । ਜੇਕਰ ਸਿੱਖਾਂ ਨੂੰ ਇਰਾਕ ਵਿਚੋ ਨਹੀ ਛੁਡਾਇਆ ਗਿਆ ਅਤੇ ਕਤਲ ਹੋਣ ਤੋ ਨਾ ਬਚਾਇਆ ਗਿਆ ਇਸ ਵਿਚ ਮੋਦੀ ਹਕੂਮਤ ਅਤੇ ਉਸ ਸਮੇ ਦੀ ਵਿਦੇਸ ਵਜੀਰ ਮਰਹੂਮ ਸੁਸਮਾ ਸਿਵਰਾਜ ਵੀ ਦੋਸ਼ੀ ਸਨ । ਜਿਨ੍ਹਾਂ ਨੇ ਆਪਣੇ ਇੰਡੀਅਨ ਨਾਗਰਿਕਾਂ ਦੀ ਜਿੰਦਗੀ ਬਚਾਉਣ ਲਈ ਕੋਈ ਅਮਲ ਨਾ ਕੀਤਾ ।
30-30 ਸਾਲਾਂ ਤੋ ਸਿੱਖਾਂ ਨੂੰ ਕਾਲ-ਕੋਠੜੀਆਂ ਵਿਚ ਬੰਦ ਕਰਕੇ ਵੱਡੀ ਮਾਨਸਿਕ ਤੇ ਸਰੀਰਕ ਸਜਾ ਦਿੱਤੀ ਹੋਈ ਹੈ, ਜਿਸ ਤੋਂ ਹੁਕਮਰਾਨਾਂ ਦੇ ਗੈਰ ਕਾਨੂੰਨੀ ਤੇ ਗੈਰ ਇਨਸਾਨੀ ਅਮਲ ਪ੍ਰਤੱਖ ਨਜਰ ਆ ਰਹੇ ਹਨ । ਜੋ ਬੀਤੇ ਦਿਨੀਂ ਭਾਈ ਜਗਤਾਰ ਸਿੰਘ ਤਾਰਾ ਨੂੰ ਅਦਾਲਤ ਨੇ ਕੇਸ ਵਿਚੋ ਬਾਇੱਜਤ ਬਰੀ ਕਰਨ ਦੇ ਹੁਕਮ ਕੀਤੇ ਹਨ, ਉਸ ਤੋ ਵੀ ਇਹ ਜਾਹਰ ਹੋ ਜਾਂਦਾ ਹੈ ਕਿ ਹੁਕਮਰਾਨਾਂ ਨੇ ਸਿੱਖ ਕੌਮ ਨਾਲ ਬਿਨ੍ਹਾਂ ਵਜਹ ਨਫਰਤ ਤੇ ਦੁਸਮਣੀ ਖੜ੍ਹੀ ਕਰਕੇ ਸਾਡੀ ਨੌਜਵਾਨੀ ਤੇ ਝੂਠੇ ਕੇਸ ਦਰਜ ਕਰਕੇ ਲੰਮੇ ਸਮੇ ਤੋ ਜ਼ਬਰੀ ਬੰਦੀ ਬਣਾਕੇ ਰੱਖੇ ਹੋਏ ਹਨ । ਜਦੋਕਿ ਇੰਡੀਅਨ ਵਿਧਾਨ ਦੀ ਧਾਰਾ 21 ਰਾਹੀ ਇਥੋ ਦੇ ਹਰ ਨਾਗਰਿਕ ਨੂੰ ਬਿਨ੍ਹਾਂ ਕਿਸੇ ਡਰ-ਭੈ ਤੋ ਆਜਾਦੀ ਨਾਲ ਜਿੰਦਗੀ ਜਿਊਂਣ ਅਤੇ ਵਿਚਰਣ ਦੇ ਅਧਿਕਾਰ ਹੱਕ ਹਾਸਿਲ ਹਨ । ਜਿਸ ਨੂੰ ਨਿਰੰਤਰ ਸਿੱਖਾਂ ਪ੍ਰਤੀ ਅਮਲ ਕਰਦੇ ਹੋਏ ਕੁੱਚਲਿਆ ਜਾਂਦਾ ਆ ਰਿਹਾ ਹੈ ਅਤੇ ਇਹ ਹਿੰਦੂਤਵ ਹੁਕਮਰਾਨਾਂ ਤੇ ਸਿੱਖਾਂ ਵਿਚ ਵੱਧਦੇ ਪਾੜੇ ਦੇ ਨਤੀਜੇ ਕਦਾਚਿਤ ਸਹੀ ਸਾਬਤ ਨਹੀ ਹੋ ਸਕਣਗੇ ।
ਅੱਜ ਜਦੋ ਹੁਕਮਰਾਨ, ਸਰਕਾਰਾਂ, ਵੱਖ-ਵੱਖ ਸੰਗਠਨ, ਸੰਸਥਾਵਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਜਾ ਰਹੀਆ ਹਨ, ਇਹ ਅਮਲੀ ਰੂਪ ਵਿਚ ਉਸ ਸਮੇ ਤੱਕ ਸਹੀ ਸਰਧਾ ਦੇ ਫੁੱਲ ਭੇਟ ਨਹੀ ਹੋ ਸਕਣਗੇ, ਜਦੋ ਤੱਕ ਸਭ ਸੰਸਥਾਵਾਂ ਤੇ ਸਰਕਾਰਾਂ ਉਪਰੋਕਤ ਮਹਾਨ ਦਿਹਾੜੇ ਨੂੰ ਮਨਾਉਣ ਦੇ ਮੌਕੇ ਉਤੇ ਹੁਣ ਤੱਕ ਹੁੰਦੀਆ ਆ ਰਹੀਆ ਪੰਜਾਬੀਆਂ ਤੇ ਸਿੱਖ ਕੌਮ ਨਾਲ ਬੇਇਨਸਾਫ਼ੀਆਂ, ਜ਼ਬਰ ਜੁਲਮ, ਵਿਤਕਰਿਆ ਨੂੰ ਬੰਦ ਨਹੀ ਕੀਤਾ ਜਾਂਦਾ । ਇਸ ਮਹਾਨ ਦਿਨ ਦੇ ਸਮਾਗਮਾਂ ਨੂੰ ਮਨਾਉਣ ਅਤੇ ਉਨ੍ਹਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਨ ਦਾ ਮਕਸਦ ਉਦੋ ਹੀ ਪੂਰਾ ਹੋ ਸਕੇਗਾ ਜਦੋ ਇਥੋ ਦੇ ਹੁਕਮਰਾਨ, ਸਰਕਾਰਾਂ ਤੇ ਉਨ੍ਹਾਂ ਨੂੰ ਸਹਿਯੋਗ ਕਰਨ ਵਾਲੀਆ ਸੰਸਥਾਵਾਂ ਪੰਜਾਬੀਆਂ ਤੇ ਸਿੱਖਾਂ ਨਾਲ ਲੰਮੇ ਸਮੇ ਤੋ ਨਿਰੰਤਰ ਚੱਲਦੀਆ ਆ ਰਹੀਆ ਬੇਇਨਸਾਫ਼ੀਆਂ, ਵਿਤਕਰੇ, ਜ਼ਬਰ ਜੁਲਮ ਤੋ ਤੋਬਾ ਕਰਕੇ ਜੇਲ੍ਹਾਂ ਵਿਚ ਲੰਮੇ ਸਮੇ ਤੋ ਬੰਦੀ ਬਣਾਏ ਗਏ ਸਿੱਖਾਂ ਨੂੰ ਸਹੀ ਭਾਵਨਾ ਨਾਲ ਰਿਹਾਅ ਕਰਵਾਉਣ ਤੇ ਕਰਨ ਦੇ ਅਮਲ ਨਹੀ ਕਰਦੇ, ਸਾਡੀ ਸਿੱਖ ਪਾਰਲੀਮੈਂਟ ਐਸ.ਜੀ.ਪੀ.ਸੀ ਦੀ ਕੁੱਚਲੀ ਗਈ ਜਮਹੂਰੀਅਤ ਨੂੰ ਬਹਾਲ ਕਰਕੇ ਇਸਦੀ ਜਰਨਲ ਚੋਣ ਕਰਵਾਉਣ ਦੇ ਅਮਲ ਨਹੀ ਕੀਤੇ ਜਾਦੇ ਅਤੇ ਬੀਤੇ ਸਮੇ ਵਿਚ ਪੰਜਾਬੀਆਂ ਤੇ ਸਿੱਖਾਂ ਨਾਲ ਕੀਤੇ ਗਏ ਵਾਅਦੇ, ਬਚਨ, ਕੌਲ ਇਕਰਾਰਾ ਨੂੰ ਪੂਰਨ ਨਹੀ ਕਰਦੇ ।
ਸ. ਮਾਨ ਨੇ ਪੰਜਾਬ ਯੂਨੀਵਰਸਿਟੀ ਦੀ ਉਸਦੀ ਸਥਾਪਨਾ ਤੋ ਸੈਨੇਟ ਅਤੇ ਸਿੰਡੀਕੇਟ ਦੀ ਚੋਣ ਰਾਹੀ ਚੱਲਦੇ ਆ ਰਹੇ ਜਮਹੂਰੀਅਤ ਅਤੇ ਪੰਜਾਬ ਪੱਖੀ ਪ੍ਰਬੰਧ ਨੂੰ ਮੰਦਭਾਵਨਾ ਅਧੀਨ ਖਤਮ ਕਰਕੇ ਸੈਂਟਰ ਦੇ ਹੁਕਮਰਾਨਾਂ ਵੱਲੋ ਸਾਡੀ ਇਸ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਸੰਬੰਧਤ ਵਿਦਿਅਕ ਅਦਾਰੇ ਦਾ ਭਗਵਾਕਰਨ ਕਰਨ ਦੇ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਇਸ ਨੂੰ ਕਤਈ ਵੀ ਬਰਦਾਸਤ ਨਾ ਕਰਨ ਅਤੇ ਸੈਂਟਰ ਦੇ ਮਨਸੂਬਿਆਂ ਨੂੰ ਸਫ਼ਲ ਨਹੀ ਹੋਣ ਦਿੱਤਾ ਜਾਵੇਗਾ । ਉਸ ਲਈ ਪੰਜਾਬੀਆਂ, ਸਿੱਖਾਂ ਨੂੰ ਭਾਵੇ ਕਿਸਾਨ ਅੰਦੋਲਨ ਦੀ ਤਰ੍ਹਾਂ ਲੰਮਾਂ ਸੰਘਰਸ ਵੀ ਕਿਉਂ ਨਾ ਕਰਨਾ ਪਵੇ । ਸ. ਮਾਨ ਨੇ ਮੌਜੂਦਾ ਭਗਵੰਤ ਮਾਨ ਸਰਕਾਰ ਵੱਲੋ ਆਪਣੀਆ ਨਾਕਾਮੀਆ ਨੂੰ ਛੁਪਾਉਣ ਲਈ ਅਖਬਾਰਾਂ ਤੇ ਮੀਡੀਏ ਦੀ ਆਜਾਦੀ ਉਤੇ ਕੀਤੇ ਗਏ ਹਮਲੇ ਦੀ ਵੀ ਘੋਰ ਨਿੰਦਾ ਕਰਦੇ ਹੋਏ ਕਿਹਾ ਕਿ ਮੀਡੀਏ ਤੇ ਅਖ਼ਬਾਰ ਜਮਹੂਰੀਅਤ ਦਾ ਚੌਥਾ ਥੰਮ੍ਹ ਹੈ । ਜਿਸ ਨੂੰ ਕੌਮਾਂਤਰੀ ਤੇ ਇਥੋ ਦੇ ਸਭ ਕਾਨੂੰਨ ਆਜਾਦੀ ਨੂੰ ਬਰਕਰਾਰ ਰੱਖਣ ਦੀ ਮਾਨਤਾ ਦਿੰਦੇ ਹਨ । ਸਰਕਾਰ ਨੇ ਅਜਿਹਾ ਅਮਲ ਕਰਕੇ ਸਾਬਤ ਕਰ ਦਿੱਤਾ ਹੈ ਕਿ ਹਰ ਖੇਤਰ ਵਿਚ ਇਹ ਸਰਕਾਰ ਤੇ ਆਮ ਆਦਮੀ ਪਾਰਟੀ ਦੀਆ ਨੀਤੀਆ ਪੰਜਾਬ ਵਿਚ ਫੇਲ੍ਹ ਸਾਬਤ ਹੋ ਚੁੱਕੀਆ ਹਨ। ਜਿਸ ਵਿਰੁੱਧ ਅਸੀ ਜਿਮਨੀ ਚੋਣ ਵਿਧਾਨ ਸਭਾ ਹਲਕੇ ਵਿਚ ਸ. ਮਨਦੀਪ ਸਿੰਘ ਨੂੰ ਖੜ੍ਹਾ ਕੀਤਾ ਹੈ ਤਾਂ ਕਿ ਪੰਜਾਬੀ ਤੇ ਸਿੱਖ ਕੌਮ ਉਨ੍ਹਾਂ ਨੂੰ ਸ਼ਾਨ ਨਾਲ ਜਿਤਾਕੇ ਬਦੀ ਨੂੰ ਸਦਾ ਲਈ ਦਫਨਾ ਸਕਣ ਅਤੇ ਨੇਕੀ ਦੀ ਫ਼ਤਹਿ ਤੇ ਬੋਲਬਾਲਾ ਕਰ ਸਕਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਨਿਵਾਸੀ ਸੱਚ ਤੇ ਪਹਿਰਾ ਦੇਣ ਵਾਲੇ ਸਾਝੇ ਉਮੀਦਵਾਰ ਨੂੰ ਸਾਨਦਾਰ ਜਿੱਤ ਬਖਸਣਗੇ ।
