ਲਾਈ ਲੱਗ ਨਾ ਬਣ ਜਾਇਆ ਕਰ।
ਦਿਲ ਨੂੰ ਕੁਝ ਤਾਂ ਸਮਝਾਇਆ ਕਰ।
ਤੇਰਾ ਰੋਣਾ ਕਿਸ ਨੇ ਸੁਣਨਾ
ਗੀਤ ਖੁਸ਼ੀ ਦੇ ਤੂੰ ਗਾਇਆ ਕਰ।
ਜੇਕਰ ਤੈਥੋਂ ਮਿਲ ਨਹੀਂ ਹੁੰਦਾ
ਸੁਫ਼ਨੇ ਵਿੱਚ ਤਾਂ ਆ ਜਾਇਆ ਕਰ।
ਹੋਰਾਂ ਨੂੰ ਤੱਕ ਸੜਨਾ ਛੱਡ ਦੇ
ਤੂੰ ਵੀ ਚੋਪੜ ਕੇ ਖਾਇਆ ਕਰ।
ਦੁਨੀਆ ਦੇ ਇਸ ਜੰਗਲ ਵਿਚ ਤੂੰ
ਨਾ ਅਪਣਾ ਮਨ ਭਟਕਾਇਆ ਕਰ।
ਮੇਰੀ ਤਾਂ ਕੁੜਮਾਈ ਹੋ ਗਈ
ਮੈਨੂੰ ਤੂੰ ਨਾ ਭਰਮਾਇਆ ਕਰ।
ਕਮਲੇ ਏਸ ਜ਼ਮਾਨੇ ਨੂੰ ਤੂੰ
ਐਂਵੇਂ ਨਾ ਅਕਲ ਦਿਖਾਇਆ ਕਰ।
ਸਿਹਤ ਲਈ ਹੈ ਨੀਂਦ ਜ਼ਰੂਰੀ
ਨੈਣੀਂ ਨੀਂਦ ਮੁਕਾਇਆ ਕਰ।
