ਫ਼ਤਹਿਗੜ੍ਹ ਸਾਹਿਬ – “ ਹਾਲ ਹੀ ਵਿੱਚ ਇੰਡੀਆ ਦੇ ਵਜੀਰ ਏ ਆਜਮ ਕ੍ਰਿਸਮਿਸ ਦੇ ਦਿਨ ਉਤੇ ਚਰਚ ਵਿਚ ਗਏ ਹਨ ਅਤੇ ਇਸਾਈਆ ਨੂੰ ਮੁਬਾਰਕਬਾਦ ਦਿੱਤੀ ਹੈ । ਅੱਜ ਉਨ੍ਹਾਂ ਦੀ ਸਰਕਾਰ ਕਹਿ ਰਹੀ ਹੈ ਕਿ ਹਰਿਆਣੇ ਦੇ ਟਿਕਲੀ ਇਲਾਕੇ ਵਿਚ ਗਿਰਜਾਘਰ ਨਹੀ ਬਣਨਾ । ਇਸੇ ਤਰ੍ਹਾਂ ਬੀਤੇ ਸਮੇਂ ਵਿਚ ਸਿਮਲੇ ਦੀ ਸਿਜੌਲੀ ਵਿਖੇ ਮਸਜਿਦ ਤੋੜ ਦਿੱਤੀ ਗਈ ਹੈ । ਫਿਰ ਮੋਦੀ ਹਕੂਮਤ ਨੂੰ ਧਰਮ ਨਿਰਪੱਖ ਕਿਵੇ ਕਿਹਾ ਜਾ ਸਕਦਾ ਹੈ ? ਇਹ ਤਾਂ ਤਾਨਾਸਾਹੀ ਘੱਟ ਗਿਣਤੀ ਕੌਮਾਂ ਦੇ ਸਮਾਜਿਕ, ਧਾਰਮਿਕ, ਵਿਧਾਨਿਕ ਅਤੇ ਭੂਗੋਲਿਕ ਹੱਕਾਂ ਨੂੰ ਕੁੱਚਲਣ ਵਾਲੀ ਹਕੂਮਤ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਵਿਚ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਥਾਂਨ ਅਤੇ ਉਨ੍ਹਾਂ ਦੀਆਂ ਧਾਰਮਿਕ ਤੇ ਸਮਾਜਿਕ ਰਹੁਰੀਤੀਆ ਨੂੰ ਬਿਨ੍ਹਾਂ ਕਿਸੇ ਡਰ ਭੈ ਦੇ ਕਾਇਮ ਰਹਿਣ ਉਤੇ ਡੂੰਘਾ ਪ੍ਰਸਨਚਿੰਨ੍ਹ ਲਗਾਉਦੇ ਹੋਏ ਅਤੇ ਹੁਕਮਰਾਨਾਂ ਦੀਆਂ ਘੱਟ ਗਿਣਤੀ ਕੌਮਾਂ ਵਿਰੋਧੀ ਕੀਤੇ ਜਾ ਰਹੇ ਅਮਲਾਂ ਦੀ ਤਿੱਖੀ ਨੁਕਤਾਚੀਨੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਦਾ ਟ੍ਰਿਬਿਊਨ ਦੇ ਸੰਪਾਦਕੀ ਵਿਚ ਵੀ ਇਨ੍ਹਾਂ ਫਿਰਕਾਪ੍ਰਸਤ ਹੁਕਮਰਾਨਾਂ ਦੇ ਅਜਿਹੇ ਸਮਾਜ ਵਿਰੋਧੀ ਅਮਲਾਂ ਦਾ ਹੀ ਪੱਖ ਪੂਰਿਆ ਗਿਆ ਹੈ ਜੋ ਕਿ ਇਕ ਮੀਡੀਆ ਵੱਲੋ ਆਜਾਦੀ ਨਾਲ ਨਿਰਪੱਖਤਾ ਨਾਲ ਕੰਮ ਕਰਨ ਉਤੇ ਵੀ ਵੱਡਾ ਸੰਕਾ ਖੜ੍ਹਾ ਕਰ ਦਿੰਦੀ ਹੈ ਜਦੋਕਿ ਮੀਡੀਆ ਤੇ ਪ੍ਰੈਸ ਤਾਂ ਲੋਕਾਂ ਦੀ ਆਵਾਜ ਬਣਕੇ ਉਨ੍ਹਾਂ ਦੀਆਂ ਮੁਸਕਿਲਾਂ ਨੂੰ ਬਾਦਲੀਲ ਢੰਗ ਨਾਲ ਉਭਾਰਕੇ ਹੁਕਮਰਾਨਾਂ ਨੂੰ ਸਹੀ ਸਮੇ ਤੇ ਸਹੀ ਦਿਸ਼ਾ ਵੱਲ ਹੱਲ ਕਰਨ ਉਤੇ ਹੀ ਆਪਣੀਆ ਲਿਖਤਾਂ ਲਿਖਣ ਦੇ ਫਰਜ ਹੁੰਦੇ ਹਨ । ਪਰ ਦਾ ਟ੍ਰਿਬਿਊਨ ਵੱਲੋ ਅਜਿਹੇ ਸਮਿਆ ਤੇ ਪੱਖਪਾਤੀ ਭੂਮਿਕਾ ਨਿਭਾਅਕੇ ਪ੍ਰੈਸ ਦੀ ਆਜਾਦੀ ਉਤੇ ਵੀ ਪ੍ਰਸਨ ਚਿੰਨ੍ਹ ਲਗਾ ਦਿੱਤਾ ਜਾਂਦਾ ਹੈ ਜੋ ਅਫਸੋਸਨਾਕ ਹੈ ।
