ਹਰ ਸਾਲ ਅਸੀਂ ਘੜੀਆਂ ਦੇ ਘੰਟਿਆਂ ਨਾਲ ਨਵੀਂ ਸ਼ੁਰੂਆਤ ਕਰਦੇ ਖੋਜਦੇ ਹਾਂ — ਪਰ ਕੀ ਸਾਲ ਸਿਰਫ਼ ਕੈਲੰਡਰ ਦੇ ਪੰਨੇ ਪਲਟਣ ਨਾਲ ਨਵਾਂ ਹੋ ਜਾਂਦਾ ਹੈ?
ਨਵਾਂ ਤਾਂ ਉਸ ਵੇਲੇ ਹੁੰਦਾ ਹੈ ਜਦੋਂ ਅੰਦਰ ਕਈ ਪੁਰਾਣੇ ਡਰ, ਦੁੱਖ ਤੇ ਗਿਲੇ ਸ਼ਮਿਧ ਹੋ ਜਾਣ, ਮਿਟ ਜਾਣ, ਖ਼ਤਮ ਹੋ ਜਾਣ, ਖੁਰ ਜਾਣ।
ਸਗੋਂ ਖੁਸ਼ੀਆਂ ਹੀ ਹਰ ਪਾਸੇ ਫੁੱਲ ਬਣ ਜਾਣ।
ਤੁਹਾਡੇ ਸਾਹਾਂ ਦੀਆਂ ਸੁਗੰਧੀਆਂ ਮਹਿਕਾਂ ਆਂਢ ਗੁਆਂਢ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੀਆਂ ਰੂਹਾਂ ਵਿੱਚ ਜਾ ਕੇ ਨੱਚਣ, ਹੱਸਣ ਵਸਣ।
ਨਵਾਂ ਸਾਲ ਤਦ ਹੀ ਸੱਚਾ ਹੈ ਜਦੋਂ ਅਸੀਂ ਆਪਣੇ ਮਨ ਦੇ ਕਿਸੇ ਕੋਣੇ ਵਿੱਚ ਚਾਨਣ ਕਰ ਲਈਏ। ਤਾਂ ਕਿ ਹਨ੍ਹੇਰੇ ਦੀਆਂ ਪਰਤਾਂ ਧੂੜਾਂ ਪੂੰਝੀਆਂ ਜਾਣ, ਦੂਰ ਹੋ ਜਾਣ।
ਇਸ ਜ਼ਿੰਦਗੀ ਦੇ ਰਾਹਾਂ ਤੇ ਹਰ ਕੋਈ ਕੁਝ ਨਾ ਕੁਝ ਖੋ, ਗੁਆ ਰਿਹਾ ਹੈ — ਕਿਸੇ ਦਾ ਵਿਸ਼ਵਾਸ, ਕਿਸੇ ਦੀ ਮਾਸੂਮ ਖੁਸ਼ੀ, ਕਿਸੇ ਦੀ ਆਸ ਗੁਆਚ ਰਹੀ ਹੈ ਪਲ ਪਲ।
ਪਰ ਹਰ ਖੋਹ ਦੇ ਇਕ ਕੋਣੇ ਵਿੱਚ ਇੱਕ ਨਵੀਂ ਉਮੀਦ ਦਾ ਬੀਜ਼ ਵੀ ਲੁਕਿਆ ਛੁਪਿਆ ਬੈਠਾ ਮਿਲਦਾ ਹੈ ਇਕ ਉਮੰਗ ਇਕ ਆਸ ਲੈ ਕੇ।
ਜੇ ਅਸੀਂ ਉਸ ਬੀਜ਼ ਨੂੰ ਨਰਮ ਹੱਥਾਂ ਨਾਲ ਚੁਕ ਬੀਜ ਲਈਏ, ਤਾਂ ਜ਼ਿੰਦਗੀ ਮੁੜ ਵਾਪਸ ਹਰੀ ਭਰੀ ਖੁਸ਼ਗੁਬਾਰ ਹੋ ਸਕਦੀ ਹੈ। ਵਿਹੜੇ ਵਿੱਚ ਖੇੜਾ ਆ ਸਕਦਾ, ਬੂਹੇ ਉੱਤੇ ਯਾਰਾਂ ਦਾ ਝੁਰਮਟ ਵੀ ਦੇਖਿਆ ਜਾ ਸਕਦਾ ਹੈ।
ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ, ਪਰ ਇਨਸਾਨ ਦੇ ਕੋਲ ਇੱਕ ਅਨੋਖੀ ਤਾਕਤ ਹੈ — ਸੋਚ ਬਦਲਣ ਦੀ, ਨਵੇਂ ਸਿਤਾਰੇ ਲੱਭਣ ਦੀ। ਜਦੋਂ ਸੋਚ ਬਦਲਦੀ ਹੈ, ਹਾਲਾਤਾਂ ਦਾ ਰੁਖ ਵੀ ਬਦਲ ਜਾਂਦਾ ਹੈ। ਇਸੇ ਲਈ ਨਵੇਂ ਸਾਲ ਦਾ ਸਭ ਤੋਂ ਸੁੰਦਰ ਵਾਅਦਾ ਕਿਸੇ ਤੋਹਫ਼ੇ ਜਾਂ ਸਫ਼ਲਤਾ ਤੋਂ ਵੱਧ ਹੈ — “ਮੈਂ ਆਪਣੇ ਆਪ ਦਾ ਬਿਹਤਰ ਰੂਪ ਬਣਾਵਾਂਗਾ।
”ਚਲੋ ਇਸ ਸਾਲ ਨੂੰ ਨਵਾਂ ਬਣਾਈਏ — ਘੜੀਆਂ ਨਾਲ ਨਹੀਂ, ਇਰਾਦਿਆਂ ਨਾਲ। ਖੁਦ ਨਾਲ ਥੋੜ੍ਹੀ ਸ਼ਾਂਤੀ, ਦੂਜਿਆਂ ਨਾਲ ਥੋੜ੍ਹਾ ਪਿਆਰ, ਤੇ ਕੁਦਰਤਿ ਕਰਤਾ ਸਿਰਜਣਹਾਰ ਨਾਲ ਥੋੜ੍ਹਾ ਜਿਹਾ ਸੰਬੰਧ ਜੋੜੀਏ।
ਸ਼ਾਇਦ ਫਿਰ ਸਮਾਂ ਵੀ ਸਾਡੀ ਰੂਹ ਨਾਲ ਤਾਲ ਮੇਲ ਬਣਾ ਲਵੇ, ਬੈਠ ਕੇ ਰਾਗ ਅਲਾਪਣ ਲੱਗ ਜਾਵੇ। ਨਵਾਂ ਗੀਤ ਸ਼ਬਦ ਫੁੱਟ ਪਵੇਗਾ।
ਨਨਕਾਣੇ ਵਾਲੇ ਦਾ ਚੇਤਾ ਆ ਜਾਵੇਗਾ।
ਕਰਤਾਰਪੁਰ ਦਾ ਖ਼ੂਹ ਫਿਰ ਗਿੜ ਪਵੇਗਾ।
ਬਾਬਾ ਨਾਨਕ ਨੱਕੇ ਮੋੜਦਾ ਲੱਭ ਜਾਵੇਗਾ।
ਨਵਾਂ ਸਾਲ, ਪਰ ਨਵਾਂ ਤਾਂ ਉਹੀ ਹੈ,
ਜਿਹੜਾ ਆਪਣੇ ਮਨ ਵਿੱਚ ਚਿਰਾਗ ਬਾਲ ਲੈਂਦਾ ਹੈ। 25 ਤੋਂ 26 ਹੋਣਾ ਤਾਂ ਵਧੀਆ ਲੱਗੇਗਾ ਜੇ ਅਸੀਂ ਯਾਰਾਂ ਦੋਸਤਾਂ ਲਈ ਬੂਹੇ ਤੇ ਨਵਾਂ ਦੀਪਕ ਧਰੀਏ, ਸ਼ਰੀਂਹ ਦੇ ਪੱਤ ਬੰਨੀਏ, ਲਟਕਾਈਏ ਅੰਬ ਦੇ ਪੱਤੇ।
ਕੇਲਿਆਂ ਵਰਗੀਆਂ ਬਾਹਾਂ ਨੂੰ ਖਿਲਾਰ ਕੇ ਗਲਵੱਕੜੀਆਂ ਵਰਗੇ ਗੇਟ ਬਣਾਈਏ, ਤੇ ਕਿਸੇ ਸੋਹਣੇ ਨੂੰ ਦਿਲ ਸਾਹਾਂ ਦੀ ਕੋਰੀ ਚਾਦਰ ਵਿਛਾ ਕੇ ਬਿਠਾਈਏ।
ਪੁਰਾਣੇ ਗਿਲੇ ਛੱਡੀਏ, ਦਿਲਾਂ ਦੀਆਂ ਕਾਲਖਾਂ ਪੂਂਝੀਏ ਹਟਾਈਏ, ਤੇ ਸੁਪਨਿਆਂ ਨੂੰ ਫੇਰ ਤੋਂ ਜੀਓਣ ਜੋਗੇ ਕਰੀਏ, ਨਵੀਂਨ ਖਾਬਾਂ ਨੂੰ ਜਗਾਈਏ ਸੁੱਤਿਆਂ ਨੂੰ।
ਸਮਾਂ ਹਰ ਵੇਲੇ ਦੌੜਦਾ ਹੈ, ਪਰ ਰੂਹ ਉਹੀ ਅੱਗੇ ਵਧਦੀ ਹੈ, ਜੋ ਅੰਦਰ ਸਾਂਤ ਸੁਖੀ ਖੁਸ਼ ਹੋਵੇ, ਪਿਆਰ ਨਾਲ ਭਰੀ ਕਿਸੇ ਆਪਣੇ ਦੀ ਉਡੀਕ ਕਰਦੀ ਦਰਾਂ ਤੇ ਚਿਰਾਂ ਤੋਂ ਖੜ ਕੇ, ਭੁੱਖੀ ਪਿਆਸੀ ਮਰ ਕੇ।
ਇਸ ਸਾਲ ਕੁਝ ਹੋਰ ਨਹੀਂ ਚਾਹੀਦਾ —
ਸਿਰਫ਼ ਇਕ ਵਾਅਦਾ ਆਪਣੇ ਆਪ ਨਾਲ, ਕਿ ਹਰ ਦਿਨ ਜੀਉਣਾ ਹੈ ਨਵੀਂ ਰੋਸ਼ਨੀ ਵਾਲਾ, ਨਵੀਆਂ ਰਿਸ਼ਮਾਂ ਵਾਲਾ।
ਸੋ ਆਓ ਅੱਜ ਸਾਰੇ ਰੁੱਸਿਆਂ ਨੂੰ ਵੀ ਮਨਾਈਏ, ਉਹਨਾਂ ਨੂੰ ਮੁਬਾਰਕਾਂ ਦੇ ਚਾਅ ਫੁੱਲ ਖੁਸ਼ੀਆਂ ਸੁਗੰਧੀਆਂ ਘੱਲੀਏ।
ਜੇ ਤੁਸੀਂ ਅੱਜ ਮੇਰੀ ਇਹ ਨਿੱਕੀ ਜਿਹੀ ਅਰਜ਼ ਮੰਨ ਲਈ, ਇੰਝ ਕੀਤਾ ਜੇ ਇੰਝ ਹੋਇਆ ਤਾਂ ਆਪਸੀ ਗਿਲੇ ਸ਼ਿਕਵੇ ਸ਼ਿਕਾਇਤਾਂ ਆਪਣੇ ਆਪ ਖੁਰ ਜਾਣਗੀਆਂ ਸਾਲਾਂ ਦੀਆਂ ਮਨਾਂ ਵਿੱਚ ਰੀਂਗਦੀਆਂ, ਵਿਸ਼ ਘੋਲਦੀਆਂ ਸੁਲਗਦੀਆਂ।
ਪੁਰਾਣੇ ਦੁੱਖ, ਗਿਲੇ ਤੇ ਟੁੱਟੇ ਸੁਫ਼ਨੇ,ਇਹ ਸਭ ਛੱਡ ਕੇ ਜਦੋਂ ਕੋਈ ਦਿਲ ਵਿੱਚ ਵਸਦਾ ਚਾਨਣ ਕਰਦਾ ਹੈ, ਉਹੀ ਵਕਤ ਨਵਾਂ ਸਾਲ ਬਣ ਜਾਂਦਾ ਹੈ।
ਕਿਸੇ ਨਾਲ ਥੋੜ੍ਹਾ ਪਿਆਰ ਮੁਹੱਬਤ, ਆਪਣੇ ਨਾਲ ਥੋੜੀ ਸ਼ਾਂਤੀ, ਤੇ ਕੁਦਰਤ ਕਾਇਨਾਤ ਨਾਲ ਥੋੜ੍ਹਾ ਨਾਤਾ ਸਬੰਧ ਜੋੜੋ …ਬੱਸ, ਹੋਰ ਕੁਝ ਨਹੀਂ ਚਾਹੀਦਾ ਹੁੰਦਾ ਇਹਨਾਂ ਨਿਮਾਣੀਆਂ ਜਿਹੀਆਂ ਰੂਹਾਂ ਨੂੰ।
“ਨਵਾਂ ਕੈਲੰਡਰ” ਨਹੀਂ, ਇਸ ਸਾਲ
“ਨਵੇਂ ਮਨੁੱਖ, ਨਵੇਂ ਇਨਸਾਨ ਦੀ ਮੂਰਤ ਕਿੱਲੀ ਤੇ ਟੰਗੀਏ
