ਸਾਹਿਤ, ਧਰਮ ਅਤੇ ਰਾਜਨੀਤੀ ਦੀ ਤ੍ਰਵੈਣੀ : ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ

download (1)(15).resizedਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਨੇ ਸਾਹਿਤਕ ਖੇਤਰ ਵਿੱਚ ਵੀ ਵਿਲੱਖਣ ਮਾਹਰਕੇ ਮਾਰੇ ਸਨ। ਉਹ ਸਾਹਿਤ, ਧਰਮ ਤੇ ਰਾਜਨੀਤੀ ਦੀ ਤ੍ਰਵੈਣੀ ਸੀ। ਇਨ੍ਹਾਂ ਤਿੰਨਾਂ ਖੇਤਰਾਂ ਵਿੱਚ ਗਿਆਨੀ ਗੁਰਮੁੱਖ ਸਿੰਘ ਦੀ ਲਾਸਾਨੀ ਦੇਣ ਸੀ। ਨਮ੍ਰਤਾ, ਸ਼ਾਲੀਨਤਾ, ਸੁਹੱਪਣ, ਸ਼ਹਿਨਸ਼ੀਲਤਾ, ਖ਼ੁਸ਼ਮਿਜ਼ਾਜ਼ੀ ਤੇ ਸਿਆਣਪ ਉਸਦੇ ਵਿਅਕਤਿਤਵ ਦੇ ਵਿਲੱਖਣ ਗੁਣ ਸਨ। ਉਸਦੇ ਕਹਾਣੀ-ਸੰਗ੍ਰਹਿ ਉਰਵਾਰ ਪਾਰ ਨੂੰ 1978 ਵਿੱਚ ਸਾਹਿਤ ਅਕਾਡਮੀ ਨੇ ਪੁਰਸਕਾਰ ਦਿੱਤਾ ਸੀ। ਉਨ੍ਹਾਂ ਨੂੰ ਮਰਨ ਉਪਰੰਤ ‘ਪਦਮਾ ਵਿਭੂਸ਼ਨ’ ਭਾਰਤ ਦਾ ਸੈਕੰਡ ਸਭ ਤੋਂ ਵੱਡਾ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਗਿਆ। ਉਸਦੀਆਂ ਕਵਿਤਾਵਾਂ ਅਤੇ ਕਹਾਣੀਆਂ ਵਿਅੰਗਾਤਮਿਕ, ਦੇਸ਼ ਭਗਤੀ ਅਤੇ ਆਜ਼ਾਦੀ ਸੰਗਰਾਮ ਨਾਲ ਸੰਬੰਧਤ ਹੁੰਦੀਆਂ ਸਨ। ਉਹ ਸਟੇਜੀ ਕਵੀ ਸੀ, ਜਿਸ ਦੀਆਂ ਦੇਸ਼ ਭਗਤੀ ਦੀਆਂ ਕਵਿਤਾਵਾਂ ਆਜ਼ਾਦੀ ਦੇ ਸੰਗਰਾਮ ਵਿੱਚ ਹਿੱਸਾ ਲੈਣ ਲਈ ਅਜਿਹਾ ਪ੍ਰੇਰਤ ਕਰਦੀਆਂ ਸਨ ਕਿ ਸ੍ਰੋਤਿਆਂ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਸਨ। ਗਿਆਨੀ ਗੁਰਮੁਖ ਸਿੰਘ ਦੀਆਂ ਰਚਨਾਵਾਂ ਵਿੱਚ ਵਿਅੰਗ ਦੀ ਵੀ ਤਿੱਖੀ ਚੋਭ ਹੁੰਦੀ ਸੀ। ਉਸਦੀ ਵਾਰਤਕ ਵਿੱਚ ਵਿਅੰਗ ਦੇ ਤੀਰ ਇਤਨੇ ਤਿੱਖੇ ਹੁੰਦੇ ਸਨ ਕਿ ਢਿੱਡੀਂ ਪੀੜਾਂ ਪਾ ਦਿੰਦੇ ਸਨ। ਉਹ ਜ਼ਮੀਨ ਨਾਲ ਜੁੜਿਆ ਹੋਇਆ ਨਮਰ ਸੁਭਾਅ ਵਾਲਾ ਬਹੁ-ਪੱਖੀ ਤੇ ਬਹੁ-ਦਿਸ਼ਾਵੀ ਸਾਹਿਤਕਾਰ ਸੀ। ਉਸਨੇ ਤਿੰਨ ਦਰਜਨ ਕਵਿਤਾ, ਕਹਾਣੀ, ਅਨੁਵਾਦ, ਸਫ਼ਰਨਾਮਾ ਅਤੇ ਜੀਵਨੀਆਂ ਦੀਆਂ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਸਨ, ਜਿਨ੍ਹਾਂ ਵਿੱਚ 9 ਕਾਵਿ-ਸੰਗ੍ਰਹਿ, ਸਬਰ ਦੇ ਬਾਣ (ਭਾਗ ਪਹਿਲਾ) (1921), ਸਬਰ ਦੇ ਬਾਣ (ਭਾਗ ਦੂਜਾ) (1922), ਟੁੱਟੇ ਖੰਭ (1929),  ਪ੍ਰੇਮ-ਬਾਣ (1934), ਜੀਵਨ-ਪੰਧ (1940), ਮੁਸਾਫ਼ਰੀਆਂ (1951), ਕਾਵਿ-ਸੁਨੇਹੇ (1959), ਸਹਿਜ ਸੇਤੀ (1964), ਵੱਖਰਾ ਵੱਖਰਾ-ਕਤਰਾ ਕਤਰਾ(1970), ਦੂਰ ਨੇੜੇ (ਮਰਨ ਉਪਰੰਤ) (1981), 16 ਕਹਾਣੀ-ਸੰਗ੍ਰਹਿ ਵੱਖਰੀ ਦੁਨੀਆਂ (1945), ਸਭ ਹੱਛਾ (1949) ਆਲ੍ਹਣੇ ਦੇ ਬੋਟ (1955), ਕੰਧਾਂ ਬੋਲ ਪਈਆਂ (1960), ਸਤਾਈ ਜਨਵਰੀ (1964), ਅੱਲ੍ਹਾ ਵਾਲੇ (ਸੰਪਾਦਤ ਸੁਰਜੀਤ ਸਿੰਘ ਸੇਠੀ ), (1964), ਗੁਟਾਰ, , ਉਰਵਾਰ ਪਾਰ(1975),  ਬਾਗ਼ੀ ਦੀ ਧੀ, ਖਸਮਾਂ ਖਾਣੇ, ਜਦੋਂ ਨਿੱਕੇ ਹੁੰਦੇ ਸਾਂ, ਹਿੰਦੂ ਪਾਣੀ-ਮੁਸਲਮ ਪਾਣੀ, ਭਾਈ ਵੱਡੇ ਦਾ ਖੂਹ, ਪੋਠੋਹਾਰ ਦੀ ਮਿੱਟੀ, ਨਹੀਂ ਪੇਸ਼ ਕਰਨੀ ਜੀ, ਸਸਤਾ ਤਮਾਸ਼ਾ ਅਤੇ 4 ਜੀਵਨੀਆਂ ਵੇਖਿਆ ਸੁਣਿਆਂ ਗਾਂਧੀ, ਵੇਖਿਆ ਸੁਣਿਆਂ ਨਹਿਰੂ, ਬਾਗੀ ਜਰਨੈਲ ਜਨਰਲ ਮੋਹਨ ਸਿੰਘ,ਅਕਾਲੀ ਪ੍ਰਕਾਸ਼ ਅਤੇ ਵੀਹਵੀਂ ਸਦੀ ਦੇ ਸ਼ਹੀਦ ਸ਼ਾਮਲ ਹਨ। ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਨੇ 1961 ਵਿੱਚ ਜਾਪਾਨ ਦੇ ਟੋਕੀਓ ਸ਼ਹਿਰ ਵਿੱਚ ਵਰਲਡ ਪ੍ਰਾਗਰੈਸਿਵ ਰਾਈਟਰਜ਼ ਕਾਨਫਰੰਸ ਵਿੱਚ ਭਾਰਤ ਦੇ ਡੈਲੀਗੇਸ਼ਨ ਦੀ ਅਗਵਾਈ ਕੀਤੀ ਸੀ। ਇਸੇ ਤਰ੍ਹਾਂ 1965 ਵਿੱਚ ਇੰਡੀਅਨ ਰਾਈਟਰਜ਼ ਦੇ ਡੈਲੀਗੇਸ਼ਨ ਦੀ ਅਗਵਾਈ ਬਾਕੂ ਵਿੱਚ ਹੋਈ ਐਫ਼ਰੋ ਏਸ਼ੀਅਨ ਕਾਨਫਰੰਸ ਵਿੱਚ ਕੀਤੀ ਸੀ। 1954 ਵਿੱਚ ਸਟਾਕਹੋਮ ਵਿਖੇ ਹੋਈ ਇੰਟਰਨੈਸ਼ਨਲ ਪੀਸ ਕਾਨਫ਼ਰੰਸ, 1965 ਵਿੱਚ ਹੈਲਸਿੰਕੀ ਵਿਖੇ ਵਰਲਡ ਪੀਸ ਕਾਨਫ਼ਰੰਸ ਅਤੇ 1969 ਵਿੱਚ ਬਰਲਨ ਵਿਖੇ ਵਰਲਡ ਪੀਸ ਕਾਨਫ਼ਰੰਸ ਵਿੱਚ ਭਾਰਤ ਦੇ ਡੈਲੀਗੇਸ਼ਨ ਦੇ ਮੈਂਬਰ ਦੇ ਤੌਰ ‘ਤੇ ਸ਼ਾਮਲ ਹੋਏ ਸਨ। ਕਵਿਤਾ ਲਿਖਣਾ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਆਪਣਾ ਤਖ਼ੱਲਸ ‘ਮੁਸਾਫ਼ਿਰ’ ਰੱਖਿਆ, ਜਿਹੜਾ ਤਾਅ ਉਮਰ ਉਨ੍ਹਾਂ ਦੇ ਨਾਮ ਨਾਲ ਜੁੜ ਗਿਆ। ਗਿਆਨੀ ਗੁਰਮੁੱਖ਼ ਸਿੰਘ ਮੁਸਾਫ਼ਿਰ ਨੇ ਹੀਰਾ ਸਿੰਘ ਦਰਦ ਨਾਲ ਰਲਕੇ 1924 ਵਿੱਚ ‘ਫੁੱਲਵਾੜੀ’ ਮਾਸਿਕ ਪੱਤਰ ਸ਼ੁਰੂ ਕੀਤਾ ਅਤੇ 1938 ਤੋਂ 40 ਤੱਕ ਦੋ ਸਾਲ ਅਕਾਲੀ ਪੱਤਰਕਾ ਦੇ ਮੁੱਖ ਸੰਪਾਦਕ ਰਹੇ।

ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਨੂੰ 1919 ਦੇ ਜੱਲਿ੍ਹਆਂ ਵਾਲੇ ਬਾਗ ਦਾ ਸਾਕਾ, ਨਨਕਾਣਾ ਸਾਹਿਬ ਦਾ ਸਾਕਾ ਅਤੇ ਗੁਰੂ ਕੇ ਬਾਗ ਦੇ ਮੋਰਚੇ ਨੇ ਮਾਨਸਿਕ ਤੌਰ ‘ਤੇ ਝੰਜੋੜਕੇ ਰੱਖ ਦਿੱਤਾ, ਜਿਸ ਕਰਕੇ ਉਸਨੇ ਭਰ ਜਵਾਨੀ ਵਿੱਚ ਮਹਿਜ 20 ਸਾਲ ਦੀ ਉਮਰ ਗੁਰਦੁਆਰਾ ਸੁਧਾਰ ਲਹਿਰ ਅਤੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਮਾਸਟਰ ਤਾਰਾ ਸਿੰਘ ਨੇ ਉਸਨੂੰ ਅਕਾਲੀ ਸਿਆਸਤ ਵਿੱਚ ਲਿਆਂਦਾ ਸੀ, ਕਿਉਂਕਿ ਉਹ ਉਸ ਸਕੂਲ ਵਿੱਚ ਅਧਿਆਪਕ ਸਨ, ਜਿਥੇ ਮਾਸਟਰ ਤਾਰਾ ਸਿੰਘ ਹੈਡ ਮਾਸਟਰ ਸਨ। ਉਹ 1922 ਵਿੱਚ ਅਧਿਆਪਕ ਦੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਕੁੱਦ ਪਏ। 1922 ਵਿੱਚ ਹੀ ਉਹ ਪਹਿਲੀ ਵਾਰ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਗ੍ਰਿਫ਼ਤਾਰ ਹੋਏ ਸਨ। ਇਸ ਤੋਂ ਬਾਅਦ ਤਾਂ ਉਹ 1947 ਤੱਕ ਹਰ ਮੋਰਚੇ/ਅੰਦੋਲਨ ਵਿੱਚ ਸ਼ਾਮਲ ਤੇ ਗ੍ਰਿਫ਼ਤਾਰ ਹੁੰਦੇ ਰਹੇ। ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਕੋਈ ਜੇਲ੍ਹ ਅਜਿਹੀ ਨਹੀਂ ਸੀ, ਜਿਥੇ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਗ੍ਰਿਫ਼ਤਾਰ ਹੋ ਕੇ ਗਏ ਨਾ ਹੋਣ। ਇੱਕ ਕਿਸਮ ਨਾਲ ਜੇਲ੍ਹ ਹੀ ਉਸਦਾ ਘਰ ਬਣ ਗਿਆ ਸੀ। ਉਸਨੇ ਦੇਸ਼ ਦੀ ਆਜ਼ਾਦੀ ਸੰਬੰਧੀ ਹਰ ਅੰਦੋਲਨ ਵਿੱਚ ਹਿੱਸਾ ਲਿਆ। ਉਨ੍ਹਾਂ ਸਿਵਲ ਨਾ ਫੁਰਮਾਨੀ, ਭਾਰਤ ਛੋੜੋ ਅਤੇ ਹੋਰ ਅੰਦੋਲਨਾ ਵਿੱਚ 1933, 25, 39, 41, 42, 45 ਵਿੱਚ ਜੇਲ੍ਹ ਯਾਤਰਾ ਕੀਤੀ। ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਇੱਕ ਅਜਿਹੇ ਸਰਵਪ੍ਰਮਾਣਤ ਨੇਤਾ ਸਨ, ਜਿਹੜੇ ਇੱਕੋ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ, ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਕੱਤਰ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦੇ ਜਥੇਦਾਰ ਦੇ ਅਹੁਦੇ ‘ਤੇ ਕੰਮ ਕਰਦੇ ਰਹੇ। ਉਸਦੀ ਜ਼ਿਆਦਾ ਦਿਲਚਸਪੀ ਧਾਰਮਿਕ ਕੰਮਾਂ ਵਿੱਚ ਸੀ। ਇਸ ਲਈ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਨੂੰ ਮਹਿਜ 31 ਸਾਲ ਦੀ ਉਮਰ ਵਿੱਚ 12 ਮਾਰਚ 1930 ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦਾ ਜਥੇਦਾਰ ਚੁਣਿਆਂ ਗਿਆ, ਜਿਸ ਅਹੁਦੇ ‘ਤੇ ਉਹ ਇੱਕ ਸਾਲ 5 ਮਾਰਚ 1931 ਤੱਕ ਰਹੇ। ਧਾਰਮਿਕ ਖੇਤਰ ਵਿੱਚ ਉਸਦੇ ਕੀਤੇ ਕੰਮ ਹਮੇਸ਼ਾ ਇਤਿਹਾਸ ਵਿੱਚ ਯਾਦ ਕੀਤੇ ਜਾਂਦੇ ਰਹਿਣਗੇ। ਉਹ ਸਰਵੋਤਮ ਤੇ ਦੂਰਅੰਦੇਸ਼ ਜਥੇਦਾਰ ਸਨ, ਜਿਨ੍ਹਾਂ ਨੇ ਬਹੁਤ ਗੁੰਝਲਦਾਰ ਸਿੱਖ ਮਸਲੇ ਹੱਲ ਕੀਤੇ ਸਨ। ਜਦੋਂ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣੇ ਤਾਂ ਉਸ ਸਮੇਂ ਔਰਤਾਂ ਨੂੰ ਅੰਮ੍ਰਿਤਧਾਰੀ ਹੋਣ ਲਈ ਕੇਸਕੀ ਬੰਨ੍ਹਕੇ ਅੰਮ੍ਰਿਤ ਛੱਕਣਾ ਪੈਂਦਾ ਸੀ। ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਨੇ ਔਰਤਾਂ ਨੂੰ ਕੇਸਕੀ ਤੋਂ ਬਿਨਾ ਚੁੰਨੀ ਪਹਿਨਕੇ ਅੰਮ੍ਰਿਤ ਛੱਕਣ ਦੀ ਇਜ਼ਾਜਤ ਦੇ ਦਿੱਤੀ ਸੀ, ਜੋ ਅੱਜ ਤੱਕ ਲਾਗੂ ਹੈ।  ਉਹ ਵਿਧਾਨ ਘੜਨੀ ਸਭਾ ਦੇ ਮੈਂਬਰ, 1952, 57 ਅਤੇ 62 ਵਿੱਚ ਤਿੰਨ ਵਾਰ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਮੈਂਬਰ ਰਹੇ ਸਨ। 1968 ਤੋਂ 76 ਤੱਕ ਰਾਜ ਸਭਾ ਦੇ ਮੈਂਬਰ ਰਹੇ ਸਨ। 1966 ਵਿੱਚ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਉਹ ਨਵੇਂ ਪੰਜਾਬ ਦੇ ਪਹਿਲੇ ਤੇ ਪੰਜਾਬ ਦੇ ਪੰਜਵੇਂ ਮੁੱਖ ਮੰਤਰੀ ਬਣੇ ਸਨ। ਮੁੱਖ ਮੰਤਰੀ ਬਣਨ ਦੀ ਵੀ ਅਜੀਬ ਦਾਸਤਾਂ ਹੈ। ਉਸ ਸਮੇਂ ਪੰਜਾਬ ਕਾਂਗਰਸ ਦੇ ਕਈ ਦਿਗਜ਼ ਨੇਤਾ ਮੁੱਖ ਮੰਤਰੀ ਬਣਨ ਦੇ ਚਾਹਵਾਨ ਸਨ, ਜਿਨ੍ਹਾਂ ਵਿੱਚ ਕਾਮਰੇਡ ਰਾਮ ਕਿਸ਼ਨ, ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਮੋਹਰਲੀ ਕਤਾਰ ਦੇ ਨੇਤਾ ਸਨ, ਪ੍ਰੰਤੂ ਪੰਜਾਬ ਕਾਂਗਰਸ ਦੇ ਨੇਤਾਵਾਂ ਦੀ ਕਸ਼ਮਕਸ਼ ਵਿੱਚ ਇੰਦਰਾ ਗਾਂਧੀ ਅਜਿਹੇ ਨੇਤਾ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸਨ, ਜਿਹੜਾ  ਸਰਵੋਤਮ ਤੇ ਨਿਰਵਿਵਾਦ ਹੋਵੇ। ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਇਸ ਖਲਜਗਣ ਵਿੱਚ ਪੈਣ ਤੋਂ ਹਿਕਚਾਂਦੇ ਸਨ। ਫਿਰ ਇੰਦਰਾ ਗਾਂਧੀ ਨੇ ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਨੂੰ ਮਨਾਉਣ ਲਈ ਇੰਦਰ ਕੁਮਾਰ ਗੁਜਰਾਲ ਨੂੰ ਭੇਜਿਆ ਸੀ, ਜੋ ਬਾਅਦ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਵੀ ਰਹੇ ਹਨ।  ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ 1 ਨਵੰਬਰ 1966 ਤੋਂ 8 ਮਾਰਚ 1967 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ।  ਮੁੱਖ ਮੰਤਰੀ ਹੁੰਦਿਆਂ ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਅੰਮ੍ਰਿਤਸਰ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ 1967 ਵਿੱਚ ਲੜੇ ਅਤੇ ਕਾਮਰੇਡ ਸਤ ਪਾਲ ਡਾਂਗ ਤੋਂ ਹਾਰ ਗਏ ਸਨ। ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਪੰਜਾਬ ਦੇ ਪਹਿਲੇ ਅਜਿਹੇ ਨਿਰਵਿਵਾਦ ਨੇਤਾ ਸਨ, ਜਿਹੜੇ 1949 ਤੋਂ 1961 ਤੱਕ 12 ਸਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ। ਹਮੇਸ਼ਾ ਉਨ੍ਹਾਂ ਨੂੰ ਸਰਬਸੰਮਤੀ ਨਾਲ ਚੁਣਿਆਂ ਜਾਂਦਾ ਸੀ, ਸਿਰਫ਼ ਇੱਕ ਵਾਰ ਪੰਡਤ ਮੋਹਨ ਲਾਲ ਨੂੰ ਹਰਾਕੇ ਪ੍ਰਧਾਨ ਬਣੇ ਸਨ। ਉਹ ਸਰਬ ਭਾਰਤੀ ਕਾਂਗਰਸ ਕਮੇਟੀ ਦੀ ਸਭ ਤੋਂ ਵੱਡੀ ਨੀਤੀ ਬਣਾਉਣ ਵਾਲੀ ਵਰਕਿੰਗ ਕਮੇਟੀ ਦੇ ਵੀ ਮੈਂਬਰ ਸਨ। 1922 ਤੋਂ 42 ਤੱਕ 20 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ।  ਉਹ ਹਿੰਦੂ, ਸਿੱਖ ਅਤੇ ਮੁਸਲਮਾਨ ਤਿੰਨਾਂ ਕੌਮਾਂ ਵਿੱਚ ਸਤਿਕਾਰੇ ਜਾਂਦੇ ਸਨ। ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਦਾ ਬਸਟ (ਮੂਰਤੀ) ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਸੈਂਟਰਲ ਸਟੇਟ ਲਾਇਬਰੇਰੀ ਪਟਿਆਲਾ ਵਿਚ 15 ਜਨਵਰੀ 2026 ਨੂੰ ਲਗਾਇਆ ਜਾ ਰਿਹਾ ਹੈ। ਇਹ ਬਸਟ ਉਨ੍ਹਾਂ ਦੀ ਲੜਕੀ ਜੋਗਿੰਦਰ ਸੰਤ ਮੁਸਾਫ਼ਿਰ ਨੇ ਬਣਵਾਕੇ ਦਿੱਤਾ ਹੈ।

ਗਿਆਨੀ ਗੁਰਮੁਖ ਸਿੰਘ ਮੁਸਾਫਰ ਦਾ ਜਨਮ 15 ਜਨਵਰੀ 1899 ਨੂੰ ਪੱਛਵੀਂ ਪੰਜਾਬ ਦੇ ਕੈਂਬਲਪੁਰ ਜਿਲ੍ਹੇ ਦੇ ਅੱਧਵਾਲ ਕਸਬੇ ਵਿੱਚ ਸੁਜਾਨ ਸਿੰਘ ਦੇ ਘਰ ਹੋਇਆ ਸੀ। ਇਸ ਸਮੇਂ ਇਹ ਕਸਬਾ ਮਿੰਟਗੁਮਰੀ ਜਿਲ੍ਹੇ ਵਿੱਚ ਹੈ। ਸੁਜਾਨ ਸਿੰਘ ਸ਼ਾਹੂਕਾਰੀ ਅਤੇ ਖੇਤੀਬਾੜੀ ਦਾ ਕਾਰੋਬਾਰ ਕਰਦੇ ਸਨ। ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਨੇ ਆਪਣੀ ਪ੍ਰਾਇਮਰੀ ਤੱਕ ਦੀ ਮੁੱਢਲੀ ਪੜ੍ਹਾਈ ਅੱਧਵਾਲ ਕਸਬੇ ਤੋਂ ਹੀ ਪ੍ਰਾਪਤ ਕੀਤੀ ਸੀ। ਮਿਡਲ ਤੱਕ ਦੀ ਪੜ੍ਹਾਈ ਕਰਨ ਲਈ ਉਹ ਰਾਵਲਪਿੰਡੀ ਚਲੇ ਗਏ। ਉਸਤੋਂ ਬਾਅਦ ਉਨ੍ਹਾਂ ਜੇ.ਵੀ.ਦੀ ਪ੍ਰੀਖਿਆ ਪਾਸ ਕੀਤੀ, ਜਿਸਤੋਂ ਬਾਅਦ ਉਹ ਅਧਿਆਪਕ ਲੱਗ ਗਏ। 1918 ਵਿੱਚ ਪਹਿਲਾਂ ਉਸਨੇ ਜਿਲ੍ਹਾ ਬੋਰਡ ਚੱਕਰੀ ਦੇ ਸਕੂਲ ਵਿੱਚ ਅਤੇ ਫਿਰ ਰਾਵਲਪਿੰਡੀ ਜਿਲ੍ਹੇ ਦੇ ਕਹੂਟਾ ਤਹਿਸੀਲ ਦੇ ਕੱਲਰ ਕਸਬੇ ਦੇ ਖਾਲਸਾ ਹਾਈ ਸਕੂਲ ਵਿੱਚ ਅਧਿਆਪਕ ਦੀਆਂ ਸੇਵਾਵਾਂ ਨਿਭਾਈਆਂ। ਇਸ ਤੋਂ ਬਾਅਦ ਐਸ.ਵੀ. ਦੀ ਸਿਖਿਆ ਪਾਸ ਕਰ ਲਈ ਤੇ ਹੈਡ ਵਰਨੈਕੂਲਰ ਅਧਿਆਪਕ ਲੱਗ ਗਏ। ਚਾਰ ਸਾਲ ਬਤੌਰ ਅਧਿਆਪਕ ਅਤੇ ਹੈਡਮਾਸਟਰ ਦੀਆਂ ਸੇਵਾਵਾਂ ਨਿਭਾਈਆਂ। ਉਸਤੋਂ ਬਾਅਦ ਅਸਤੀਫ਼ਾ ਦੇ ਕੇ ਮਾਸਟਰ ਤਾਰਾ ਸਿੰਘ ਦੇ ਨਾਲ ਧਾਰਮਿਕ ਸੁਧਾਰ ਲਹਿਰ ਵਿੱਚ ਸ਼ਾਮਲ ਹੋ ਗਏ। ਉਸਦਾ ਵਿਆਹ ਰਣਜੀਤ ਕੌਰ ਨਾਲ 1912 ਵਿੱਚ ਹੋਇਆ। ਉਨ੍ਹਾਂ ਦੇ 7 ਲੜਕੇ ਅਤੇ ਤਿੰਨ ਲੜਕੀਆਂ ਸਨ, ਜਿਨ੍ਹਾਂ ਵਿੱਚੋਂ ਦੋ ਲੜਕੇ ਅਤੇ ਇੱਕ ਲੜਕੀ  ਬਿਮਾਰੀ ਕਾਰਨ ਜਲਦੀ ਸਵਰਗ ਸਿਧਾਰ ਗਏ ਸਨ। ਰਣਜੀਤ ਕੌਰ ਗਿਆਨੀ ਗੁਰਮੁਖ ਸਿੰਘ ਦੀ ਗ਼ੈਰਹਾਜ਼ਰੀ ਵਿੱਚ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਰਹੇ। ਇਸ ਸਮੇਂ ਉਨ੍ਹਾਂ ਦੀ ਇੱਕੋ ਲੜਕੀ ਜੋਗਿੰਦਰ ਕੌਰ ਜ਼ਿੰਦਾ ਹਨ, ਜੋ ਚੰਡੀਗੜ੍ਹ ਰਹਿੰਦੇ ਹਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>