ਅੰਮ੍ਰਿਤਸਰ – ਸਮਾਣਾਂ ਤੋਂ ਪਹੁੰਚੇ ਸਮਾਜ ਸੇਵੀ ਅਤੇ ਕੌਮੀ ਚਿੰਤਕ ਭੁਪਿੰਦਰ ਸਿੰਘ ਜੀ ਗਿੰਨੀ ਵੱਲੋਂ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਨਤਮਸਤਕ ਹੋਣ ਉਪਰੰਤ ਅੱਜ ਧਰਮ ਪਰਿਵਰਤਨ ਦੇ ਸੰਵੇਦਨਸ਼ੀਲ ਅਤੇ ਗੰਭੀਰ ਮਸਲੇ ਨੂੰ ਲੈ ਕੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਸਿੱਖ ਤੇ ਹੋਰ ਧਰਮ ਛੱਡ ਕੇ ਇਸਾਈ ਧਰਮ ਅਪਣਾਂ ਚੁੱਕੇ ਪਰਿਵਾਰਾਂ ਦੀ ਘਰ ਵਾਪਸੀ ਸਬੰਧੀ ਆਪਣਾਂ ਸਪਸ਼ਟ ਦ੍ਰਿਸ਼ਟੀਕੋਣ ਅਤੇ ਕਾਰਜ ਯੋਜਨਾਂ ਸਾਹਮਣੇਂ ਰੱਖੀ। ਭਾਈ ਭੁਪਿੰਦਰ ਸਿੰਘ ਗਿੰਨੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਕਈ ਇਲਾਕਿਆਂ ਖ਼ਾਸਕਰ ਜਿਲਾ ਅੰਮ੍ਰਿਤਸਰ ਵਿੱਚ ਆਰਥਿਕ ਤੰਗੀ, ਬੇਰੁਜ਼ਗਾਰੀ, ਬਿਮਾਰੀਆਂ ਅਤੇ ਸਮਾਜਿਕ ਮਜਬੂਰੀਆਂ ਦਾ ਫਾਇਦਾ ਚੁੱਕ ਕੇ ਗਰੀਬ ਅਤੇ ਕਮਜ਼ੋਰ ਵਰਗਾਂ ਨੂੰ ਯੋਜਨਾਬੱਧ ਢੰਗ ਨਾਲ ਧਰਮ ਪਰਿਵਰਤਨ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਅਜਿਹੇ ਪਰਿਵਾਰ ਧਰਮ ਨਾਲ ਗੱਦਾਰੀ ਨਹੀਂ ਕਰਦੇ, ਸਗੋਂ ਮਜਬੂਰੀਆਂ ਦੇ ਹੱਥੋਂ ਮਜਬੂਰ ਹੋ ਕੇ ਗਲ਼ਤ ਫੈਸਲੇ ਲੈ ਬੈਠਦੇ ਹਨ। ਉਨ੍ਹਾਂ ਇਸ ਸੰਦਰਭ ਵਿੱਚ ਸਿੱਖ ਸੰਸਥਾਵਾਂ ਦੀਆਂ ਕੁਝ ਕਮਜ਼ੋਰੀਆਂ ਵੱਲ ਵੀ ਝਾਤ ਪਾਉਂਦਿਆਂ ਕਿਹਾ ਕਿ ਕਈ ਵਾਰ ਲੋੜਵੰਦ ਪਰਿਵਾਰਾਂ ਤੱਕ ਸਮੇਂ ਸਿਰ ਮਦਦ, ਮਾਰਗਦਰਸ਼ਨ ਅਤੇ ਸਮਾਜਿਕ ਸਹਾਰਾ ਨਹੀਂ ਪਹੁੰਚ ਪਾਂਉੰਦਾ, ਜਿਸ ਕਾਰਨ ਦੁਖੀ ਮਨੁੱਖ ਖੁਦ ਨੂੰ ਇਕੱਲਾ ਮਹਿਸੂਸ ਕਰਦਾ ਹੈ। ਇਨ੍ਹਾਂ ਖਾਮੀਆਂ ਦਾ ਲਾਭ ਚੁੱਕ ਕੇ ਕੁਝ ਤਾਕਤਾਂ ਲੋਕਾਂ ਨੂੰ ਧਰਮ ਪਰਿਵਰਤਨ ਵੱਲ ਧੱਕਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਿੱਖ ਸੰਸਥਾਵਾਂ ਆਪਣੀ ਜ਼ਿੰਮੇਵਾਰੀ ਨੂੰ ਹੋਰ ਗੰਭੀਰਤਾ ਨਾਲ ਸਮਝਣ ਅਤੇ ਮੈਦਾਨੀ ਪੱਧਰ ’ਤੇ ਕਮਜ਼ੋਰ ਵਰਗਾਂ ਦੀ ਬਾਂਹ ਫੜਨ। ਉਨ੍ਹਾਂ ਕਿਹਾ ਕਿ ਅਜਿਹੇ ਪਰਿਵਾਰਾਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਉਨ੍ਹਾਂ ਦੇ ਦੁੱਖ ਨੂੰ ਸਮਝਣਾਂ, ਉਨ੍ਹਾਂ ਨੂੰ ਸਹਾਰਾ ਦੇਣਾਂ ਅਤੇ ਉਨ੍ਹਾਂ ਦੀ ਸਿੱਖ ਧਰਮ ਵਿੱਚ ਸਤਿਕਾਰਯੋਗ ਵਾਪਸੀ ਯਕੀਨੀ ਬਣਾਉਣਾ ਸਾਰੀ ਸਿੱਖ ਕੌਮ ਦੀ ਨੈਤਿਕ ਅਤੇ ਧਾਰਮਿਕ ਜ਼ਿੰਮੇਵਾਰੀ ਹੈ। ਇਸ ਮੌਕੇ ਭਾਈ ਭੁਪਿੰਦਰ ਸਿੰਘ ਗਿੰਨੀ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਆਏ ਧਰਮ ਪਰਿਵਰਤਨ ਦੇ ਹੜ ਨੂੰ ਬੰਨ੍ਹ ਲਾਉਣ ਲਈ ਇੱਕ ਸੁਚੱਜੀ, ਲਗਾਤਾਰ ਅਤੇ ਜੜ੍ਹ ਤੋਂ ਹੱਲ ਕੱਢਣ ਵਾਲੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜਿਸ ਦਾ ਮਕਸਦ ਸਿਰਫ਼ ਘਰ ਵਾਪਸੀ ਕਰਵਾਉਣਾ ਹੀ ਨਹੀਂ, ਸਗੋਂ ਭਵਿੱਖ ਵਿੱਚ ਕਿਸੇ ਵੀ ਪਰਿਵਾਰ ਨੂੰ ਮਜਬੂਰੀ ਵੱਸ ਧਰਮ ਪਰਿਵਰਤਨ ਕਰਨ ਤੋਂ ਰੋਕਣਾਂ ਵੀ ਹੋਵੇਗਾ। ਭਾਈ ਗਿੰਨੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਿੱਖ ਧਰਮ ਵਿੱਚ ਘਰ ਵਾਪਸੀ ਕਰਵਾਉਣ ਲਈ ਜੇਕਰ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਆਰਥਿਕ, ਸਮਾਜਿਕ ਜਾਂ ਵਿਅਕਤੀਗਤ ਕੀਮਤ ਅਦਾ ਕਰਨੀ ਪਈ, ਤਾਂ ਉਹ ਉਸ ਤੋਂ ਪਿੱਛੇ ਨਹੀਂ ਹੱਟਣਗੇ। ਇਸ ਮੌਕੇ ਉਨ੍ਹਾਂ ਨੇ ਪੂਰੀ ਪਾਰਦਰਸ਼ਤਾ ਨਾਲ ਆਪਣੇਂ ਮੋਬਾਈਲ ਨੰਬਰ ( 7860786660 ) ਜਨਤਕ ਕਰਦਿਆਂ ਕਿਹਾ ਕਿ ਜੋ ਵੀ ਪਰਿਵਾਰ ਜਾਂ ਵਿਅਕਤੀ ਕਿਸੇ ਲਾਲਚ, ਡਰ ਜਾਂ ਮਜਬੂਰੀ ਕਾਰਨ ਦੂਸਰੇ ਧਰਮ ਵਿੱਚ ਚਲਾ ਗਿਆ ਹੈ ਅਤੇ ਹੁਣ ਆਪਣੇਂ ਮੂਲ ਸਿੱਖ ਜਾਂ ਹੋਰ ਧਰਮ ਵਿੱਚ ਵਾਪਸੀ ਕਰਨਾਂ ਚਾਹੁੰਦਾ ਹੈ, ਉਹ ਬਿਨਾਂ ਕਿਸੇ ਸੰਕੋਚ ਦੇ ਸਿੱਧਾ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮਾਜਿਕ ਸ਼ਰਮਿੰਦਗੀ ਦਾ ਸਾਹਮਣਾਂ ਨਹੀਂ ਕਰਨਾ ਪਵੇਗਾ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਸਹਾਇਤਾ ਸਿਰਫ਼ ਧਾਰਮਿਕ ਰਸਮਾਂ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਅਜਿਹੇ ਪਰਿਵਾਰਾਂ ਨੂੰ ਰੋਜ਼ਗਾਰ, ਸਿਹਤ, ਸਿੱਖਿਆ ਅਤੇ ਸਮਾਜਿਕ ਸਹਾਰੇ ਦੇ ਪੱਧਰ ’ਤੇ ਵੀ ਪੂਰੀ ਮਦੱਦ ਦਿੱਤੀ ਜਾਵੇਗੀ, ਤਾਂ ਜੋ ਉਹ ਮੁੜ ਕਿਸੇ ਮਜਬੂਰੀ ਜਾਂ ਦਬਾਅ ਦਾ ਸ਼ਿਕਾਰ ਨਾਂ ਬਨਣ। ਇਸ ਦੇ ਨਾਲ ਹੀ ਭਾਈ ਗਿੰਨੀ ਨੇ ਸਮੂਹ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਜਿਵੇਂ ਪੰਜਾਬ ਵਿੱਚ ਆਏ ਹੜਾਂ ਵੇਲੇ ਬਿਨਾਂ ਕਿਸੇ ਭੇਦਭਾਵ ਦੇ ਹੜਾਂ ਦੀ ਮਾਰ ਹੇਠ ਆਏ ਲੋਕਾਂ ਦੀ ਬਾਂਹ ਫੜੀ ਗਈ ਸੀ, ਓਸੇ ਤਰ੍ਹਾਂ ਅੱਜ ਮਜਬੂਰੀਆਂ ਕਾਰਨ ਧਰਮ ਪਰਿਵਰਤਨ ਕਰਕੇ ਇਸਾਈ ਧਰਮ ਵਿੱਚ ਜਾ ਚੁੱਕੇ ਸਿੱਖਾਂ ਅਤੇ ਹੋਰ ਧਰਮਾਂ ਦੇ ਲੋਕਾਂ ਨੂੰ ਵਾਪਸ ਲਿਆਉਣ ਲਈ ਵੀ ਇਕਸਾਰ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕਾਂ, ਸਮਾਜ ਸੇਵੀ ਸੰਗਠਨਾਂ ਅਤੇ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਇਸ ਮਸਲੇ ਨੂੰ ਸਿਆਸੀ ਤਣਾਅ ਦਾ ਰੂਪ ਦੇਣ ਦੀ ਥਾਂ ਕੌਮੀ ਅਤੇ ਪੰਥਕ ਜ਼ਿੰਮੇਵਾਰੀ ਸਮਝ ਕੇ ਇਕੱਠੇ ਹੋ ਕੇ ਕੰਮ ਕੀਤਾ ਜਾਵੇ। ਪ੍ਰੈਸ ਕਾਨਫਰੰਸ ਦੇ ਅੰਤ ਵਿੱਚ ਭੁਪਿੰਦਰ ਸਿੰਘ ਜੀ ਗਿੰਨੀ ਨੇ ਕਿਹਾ ਕਿ, “ਘਰ ਵਾਪਸੀ ਕੋਈ ਪ੍ਰਚਾਰਕ ਮੁਹਿੰਮ ਨਹੀਂ, ਸਗੋਂ ਗੁਰੂ ਸਾਹਿਬ ਦੀ ਗੋਦ ਵਿੱਚ ਭਟਕੇ ਹੋਏ ਬੱਚਿਆਂ ਨੂੰ ਮੁੜ ਲਿਆਉਣ ਦਾ ਪਵਿੱਤਰ ਕਾਰਜ ਹੈ ਅਤੇ ਮੈਂ ਇਸ ਮਿਸ਼ਨ ਨੂੰ ਅੰਤ ਤੱਕ ਲੈ ਕੇ ਜਾਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।”
ਸਿੱਖ ਧਰਮ ਛੱਡ ਇਸਾਈ ਧਰਮ ਅਪਣਾਂ ਚੁੱਕੇ ਪਰਿਵਾਰਾਂ ਦੀ ਘਰ ਵਾਪਸੀ ਲਈ ਪੰਥਕ ਮੁਹਿੰਮ ਦਾ ਐਲਾਨ
This entry was posted in ਪੰਜਾਬ, ਮੁਖੱ ਖ਼ਬਰਾਂ.
