ਕਲਾਕ੍ਰਿਤੀ ਪਟਿਆਲਾ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਉਤਰੀ ਖੇਤਰੀ ਸਭਿਆਚਾਰਕ ਕੇਂਦਰ ਦੇ ਸਹਿਯੋਗ ਨਾਲ 25 ਨਵੰਬਰ ਤੋਂ 1 ਦਸੰਬਰ 2025 ਤੱਕ ਕਾਲੀਦਾਸ ਆਡੋਟੋਰੀਅਮ ਵਿੱਚ ਆਯੋਜਤ ਕੀਤੇ ਗਏ ‘ਸਪਤਾਹਕ ਕੌਮੀ ਨਾਟਕ ਮੇਲੇ’ ਨੇ ਪਟਿਆਲਵੀਆਂ ਦਾ ਦਿਲ ਜਿੱਤ ਲਿਆ। ਹਫ਼ਤਾ ਭਰ ਚਲਣ ਵਾਲੇ ਇਸ ਮੇਲੇ ਵਿੱਚ ਦੇਸ਼ ਭਰ ਵਿੱਚੋਂ ਆਏ 80 ਕਲਾਕਾਰਾਂ ਨੇ ਆਪਣੀ ਕਲਾ ਦੇ ਵੱਖੋ-ਵੱਖਰੇ ਰੰਗਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਨਾਟਕ ਮੇਲੇ ਵਿੱਚ ਉਤਰ ਪ੍ਰਦੇਸ਼, ਰਾਜਸਥਾਨ, ਦਿੱਲੀ, ਚੰਡੀਗੜ੍ਹ ਅਤੇ ਪੰਜਾਬ ਦੇ ਕੌਮੀ ਪੱਧਰ ਦੇ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਹਫ਼ਤੇ ਵਿੱਚ ਸੱਤ ਨਾਟਕਾਂ ਦਾ ਮੰਚਨ ਕੀਤਾ ਗਿਆ। ਵਰਤਮਾਨ ਸਮੇਂ ਸਮਾਜ ਅਨੇਕ ਅਲਾਮਤਾਂ ਦਾ ਸ਼ਿਕਾਰ ਹੋਇਆ ਹੈ। ਨਾਟਕ ਮੇਲੇ ਵਿੱਚ ਇੱਕ ਨਾਟਕ ਮਾਨਵਤਾ ਦੇ ਹੱਕਾਂ ‘ਤੇ ਪਹਿਰਾ ਦੇਣ ਦੀ ਪ੍ਰੇਰਨਾ ਵਾਲਾ, ਇੱਕ ਨਾਟਕ ਗ਼ੈਰਕਾਨੂੰਨੀ ਢੰਗ ਨਾਲ ਪਰਵਾਸ ਕਰਨ ਵਾਲੇ ਪੰਜਾਬੀਆਂ ਦੇ ਸੰਤਾਪ ਦੇ ਦੁਖਾਂਤ ਅਤੇ ਬਾਕੀ ਪੰਜ ਨਾਲ ਮਨੁੱਖੀ ਰਿਸ਼ਤਿਆਂ ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਇਨਸਾਨੀ ਰਿਸ਼ਤਿਆਂ, ਜਿਨ੍ਹਾਂ ਵਿੱਚ ਮਾਂ-ਧੀ, ਪਤੀ-ਪਤਨੀ ਅਤੇ ਆਸ਼ਕ-ਮਾਸ਼ੂਕ ਦੇ ਰਿਸ਼ਤਿਆਂ ਵਿੱਚ ਆਈ ਗਿਰਾਵਟ ਨੂੰ ਦਰਸਾਉਣ ਵਾਲੇ ਸਨ, ਜਿਨ੍ਹਾਂ ਕਰਕੇ ਭਾਰਤੀ ਮਜ਼ਬੂਤ ਪਰਿਵਾਰਿਕ/ਸਮਾਜਿਕ ਤਾਣਾ-ਬਾਣਾ ਰਿਸ਼ਤਿਆਂ ਦੇ ਗਹਿਰੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇਸ ਨਾਟਕ ਮੇਲੇ ਦੀ ਖ਼ੂਬੀ ਰਹੀ ਕਿ ਮੇਲੇ ਦਾ ਆਗਾਜ਼ ਨੌਵੇਂ ਪਾਤਸ਼ਾਹ ਸ੍ਰੀ ਤੇਗ ਬਹਾਦਰ ਜੀ ਦੀ 350 ਵੇਂ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਪਹਿਲੇ ਦਿਨ 25 ਨਵੰਬਰ ਨੂੰ ਪ੍ਰਸਿੱਧ ਵਿਦਵਾਨ ਸ੍ਰੀ ਰਵਿੰਦਰ ਸਿੰਘ ਸੋਢੀ ਦੁਆਰਾ ਲਿਖਿਆ ਗਿਆ ਤੇ ਰੰਗ ਕਰਮੀ ਤੇ ਫ਼ਿਲਮ ਅਦਾਕਾਰ ਬਨਿੰਦਰਜੀਤ ਸਿੰਘ ਬਨੀ ਵੱਲੋਂ ਨਿਰਦੇਸ਼ਤ ਕੀਤਾ ਗਿਆ ‘ਹਿੰਦ ਦੀ ਚਾਦਰ’ ਖੇਡਿਆ ਗਿਆ। ਇੱਕ ਕਿਸਮ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜ਼ਲੀ ਭੇਂਟ ਕਰਕੇ ਨਾਟਕ ਮੇਲਾ ਸ਼ੁਰੂ ਕੀਤਾ ਗਿਆ। ਇਹ ਨਾਟਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ‘ਤੇ ਅਧਾਰਤ ਹੈ, ਜਿਸ ਵਿੱਚ ਵਿਖਾਇਆ ਗਿਆ ਹੈ ਕਿ ਉਨ੍ਹਾਂ ਨੇ ਮਾਨਵਤਾ ਦੇ ਹੱਕਾਂ ਦੀ ਰਾਖੀ ਲਈ ਆਪਣੀ ਜ਼ਿੰਦਗੀ ਦੀ ਆਹੂਤੀ ਦਿੱਤੀ ਸੀ। ਸੰਸਾਰ ਵਿੱਚ ਮਨੁੱਖੀ ਹੱਕਾਂ ਲਈ ਉਨ੍ਹਾਂ ਦੀ ਪਹਿਲੀ ਕੁਰਬਾਨੀ ਹੈ। ਹਿੰਦ ਦੀ ਚਾਦਰ ਨਾਟਕ ਮਨੁੱਖੀ ਹੱਕਾਂ ਦੀ ਹਿਫ਼ਾਜ਼ਤ ਲਈ ਲੜਾਈ ਲੜਨ ਦੀ ਪ੍ਰੇਰਨਾ ਦਿੰਦਾ ਹੈ। ਨਾਟਕ ਵਿੱਚ ਅਦਾਕਾਰਾਂ ਵੱਲੋਂ ਕੀਤੀ ਅਦਾਕਾਰੀ ਨੇ ਦਰਸ਼ਕਾਂ ਨੂੰ ਇਤਨਾ ਪ੍ਰਭਾਵਤ ਕੀਤਾ ਕਿ ਉਹ ਭਾਵਨਾਵਾਂ ਦੇ ਵਹਿਣ ਵਿੱਚ ਵਹਿੰਦੇ ਹੋਏ ਅਤਿਅੰਤ ਭਾਵਕ ਹੋ ਗਏ। ਇਹ ਨਾਟਕ ‘ਇਮਪੈਕਟ ਆਰਟਸ ਮੋਹਾਲੀ’ ਗਰੁਪ ਦੇ ਕਲਾਕਾਰਾਂ ਵੱਲੋਂ ਖੇਡਿਆ ਗਿਆ।
ਡਾ.ਕੁਲਦੀਪ ਸਿੰਘ ਦੀਪ ਦਾ ਲਿਖਿਆ ‘ਛੱਲਾ’ ਤੇ ਪਰਮਿੰਦਰ ਪਾਲ ਕੌਰ ਦਾ ਨਿਰਦੇਸ਼ਤ ਕੀਤਾ ਗਿਆ ਨਾਟਕ ਕਲਾਕ੍ਰਿਤੀ ਪਟਿਆਲਾ ਦੇ ਕਲਾਕਾਰਾਂ ਦੁਆਰਾ ਖੇਡਿਆ ਗਿਆ। ਪਹਿਲੀ ਵਾਰ ‘ਛੱਲਾ’ ਨੂੰ ਨਵੇਂ ਢੰਗ ਨਾਲ ਪੇਸ਼ ਕਰਕੇ ਕਲਾਕਾਰਾਂ ਨੇ ਪੰਜਾਬੀਆਂ ਨੂੰ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਲਈ ਮਾਪਿਆਂ ਦੀ ਅਗਵਾਈ ਅਤੇ ਸਲਾਹ ਅਨੁਸਾਰ ਵਿਚਰਣ ਦੀ ਪ੍ਰੇਰਨਾ ਕੀਤੀ ਹੈ। ਭਾਵਨਾਵਾਂ ਵਿੱਚ ਵਹਿਕੇ ਪਰਵਾਸ ਵੱਲ ਭੱਜਕੇ ਆਪਣੀ ਵਿਰਾਸਤ ਨਾਲੋਂ ਮੂੰਹ ਨਹੀਂ ਮੋੜਨਾ ਚਾਹੀਦਾ। ਇਸ ਨਾਟਕ ਦਾ ਵਿਸ਼ਾ ਪੰਜਾਬੀਆਂ ਦੇ ਗ਼ੈਰਕਾਨੂੰਨੀ ਢੰਗ ਨਾਲ ਪਰਵਾਸ ਜਾਣ ਦੀ ਤ੍ਰਾਸਦੀ ਦਾ ਦੁੱਖਦਾਈ ਅੰਤ ਵਿਖਾਇਆ ਗਿਆ ਹੈ, ਜਿਸ ਵਿੱਚ ਏਜੰਟਾਂ ਦੇ ਧੱਕੇ ਚੜ੍ਹਕੇ ਗਏ ਪੰਜਾਬੀਆਂ ਦੇ ਮਾਰੇ ਜਾਣ ਦੀ ਹਿਰਦੇਵੇਦਿਕ ਘਟਨਾ ਨੇ ਪੰਜਾਬੀਆਂ ਨੂੰ ਝੰਜੋੜਕੇ ਰੱਖ ਦਿੱਤਾ। ਉਨ੍ਹਾਂ ਦੇ ਪਿੱਛੇ ਰਹਿ ਗਏ ਮਾਪਿਆਂ ਦੇ ਦਰਦਨਾਕ ਦੁਖਾਂਤ ਨੇ ਦਰਸ਼ਕਾਂ ਨੂੰ ਪਸੀਜਕੇ ਰੱਖ ਦਿੱਤਾ, ਜਿਸਦਾ ਸਿੱਟਾ ਇਹ ਨਿਕਲਿਆ ਕਿ ਗ਼ੈਰਕਾਨੂੰਨੀ ਢੰਗ ਨਾਲ ਪਰਵਾਸ ਜਾਣਾ ਨਹੀਂ ਚਾਹੀਦਾ। ਨਾਟਕ ਦਾ ਸਮੁੱਚਾ ਘਟਨਾਕਰਮ ਉਨ੍ਹਾਂ ਸਾਰੇ ਛੱਲਿਆਂ ਦੇ ਨਾਂ ਸੀ ਜੋ ਘਰਾਂ ਤੋਂ ਜ਼ਿੰਦਗੀ ਦੀਆਂ ਝਨਾਵਾਂ ਤਰਨ ਲਈ ਨਿਕਲੇ, ਪ੍ਰੰਤੂ ਸਿਸਟਮ ਦੀ ਹਨ੍ਹੇਰੀ ਉਨ੍ਹਾਂ ਨੂੰ ਰਾਹ ਵਿੱਚ ਹੀ ਖਾ ਗਈ। ਦੁਆ ਕੀਤੀ ਗਈ ਕਿ ਮੁੜ ਇਸ ਧਰਤੀ ‘ਤੇ ਕਦੇ ਅਜਿਹੇ ਛੱਲੇ ਨਾ ਜੰਮਣ। ਇਸ ਹਨ੍ਹੇਰੀ ‘ਚੋਂ ਜਿਹੜਾ ਬਚਕੇ ਨਿਕਲਿਆ ਉਹ ਇਸ ਨਾਟਕ ਦਾ ਕਾਲਪਨਿਕ ਪਾਤਰ ਪ੍ਰੋਫ਼ੈਸਰ ਨੇ ਮਨੀ ਦੇ ਰੂਪ ਵਿੱਚ ਆਪਣੀਆਂ ਹੱਡ ਬੀਤੀਆਂ ਸੁਣਾਈਆਂ, ਜਿਨ੍ਹਾਂ ਨਾਲ ਨਾਟਕ ਦੇ ਦੁਖਾਂਤ ਨੇ ਦਰਸ਼ਕਾਂ ਨੂੰ ਝੰਜੋੜਕੇ ਰੱਖ ਦਿੱਤਾ। ਪਰਮਿੰਦਰ ਪਾਲ ਕੌਰ ਨੇ ਛੱਲੇ ਦੀ ਮਾਂ ਦਾ ਕਿਰਦਾਰ ਬਾਖ਼ੂਬੀ ਨਾਲ ਨਿਭਾਕੇ ਦਰਸ਼ਕਾਂ ਦੀਆਂ ਅੱਖਾਂ ਸੇਜਲ ਕਰ ਦਿੱਤੀਆਂ। ਪਰਮਿੰਦਰਪਾਲ ਕੌਰ ਦੀ ਨਿਰਦੇਸ਼ਨਾ ਨੇ ਕੁਲਦੀਪ ਸਿੰਘ ਦੀਪ ਦੀ ਲਿਖਤ ਨੂੰ ਚਾਰ ਚੰਦ ਲਾ ਦਿੱਤੇ।
ਪਾਲੀ ਭੁਪਿੰਦਰ ਸਿੰਘ ਦਾ ਲਿਖਿਆ ਤੇ ਪਰਵੀਨ ਅਰੋੜਾ ਦਾ ਨਿਰਦੇਸ਼ਤ ਕੀਤਾ ਹੋਇਆ ਨਾਟਕ ‘ਤੁਮਹੇ ਕੌਨ ਸਾ ਰੰਗ ਪਸੰਦ ਹੈ’ ‘ਨਤਿਆ ਵਾਸਤੂ ਸੰਸਕ੍ਰਿਤਿਕ ਤੇ ਸਮਾਜਿਕ ਸੰਸਥਾ ਕਾਨਪੁਰ’ ਉਤਰ ਪ੍ਰਦੇਸ਼ ਦੇ ਗਰੁਪ ਵੱਲੋਂ ਖੇਡਿਆ ਗਿਆ। ਇਸ ਨਾਟਕ ਵਿੱਚ ਬਹੁਤ ਹੀ ਸੰਵੇਦਨਸ਼ੀਲ ਵਿਸ਼ੇ, ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣਾਉਣ ਅਤੇ ਲਿਵ ਇਨ ਰਿਲੇਸ਼ਨ ਵਿੱਚ ਰਹਿਣ ਲਈ ਪ੍ਰਾਈਵੇਟ ਕੰਪਨੀਆਂ ਵੱਲੋਂ ਆਪਣੇ ਹਿਤਾਂ ਲਈ ਭਾਰਤ ਦੇ ਮਜ਼ਬੂਤ ਪਰਿਵਾਰਿਕ ਢਾਂਚੇ ਨੂੰ ਤਹਿਸ ਨਹਿਸ ਕਰਨ ਦੀ ਵਕਾਲਤ ਤੇ ਚਿੰਤਾ ਪ੍ਰਗਟ ਕੀਤੀ ਗਈ ਹੈ। ਜੇਕਰ ਭਾਰਤੀ ਅਨੈਤਿਕ ਸੰਬੰਧਾਂ ਦੀ ਪ੍ਰੜ੍ਹਤਾ ਕਰਨਗੇ ਤਾਂ ਉਨ੍ਹਾਂ ਦੀਆਂ ਸਮਾਜਿਕ ਪਰੰਪਰਾਵਾਂ ਲਈ ਬੜਾ ਵੱਡਾ ਖ਼ਤਰਾ ਪੈਦਾ ਹੋਵੇਗਾ। ਕਲਾਕਾਰਾਂ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਬਹੁਤ ਹੀ ਪ੍ਰਭਾਵਤ ਕੀਤਾ। ਇਹ ਨਾਟਕ ਮੇਲਾ ਕਲਾਕ੍ਰਿਤੀ ਪਟਿਆਲਾ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਪਾਂਸਰ ਅਤੇ ਉਤਰੀ ਖੇਤਰੀ ਸਭਿਅਚਾਰਕ ਕੇਂਦਰ ਦੇ ਸਹਿਯੋਗ ਨਾਲ ਕੀਤਾ ਗਿਆ।
ਕਾਸ਼ੀ ਨਾਥ ਸਿੰਘ ਅਤੇ ਵਿਨੋਦ ਮਿਸ਼ਰਾ ਦੀਆਂ ਕਹਾਣੀਆਂ ‘ਤੇ ਅਧਾਰਤ ਨਾਟਕ ‘ਰਿਲੇਸ਼ਨਸ਼ਿਪ ਰਿਦਮ 2.0’ ਰਾਜ ਨਰਾਇਣ ਦੀਕਸ਼ਤ ਦੁਆਰਾ ਨਿਰਦੇਸ਼ਤ ਕੀਤਾ ਗਿਆ। ਰੰਗਮੰਡਲ ਦਿੱਲੀ ਦੁਆਰਾ ਪ੍ਰਸਤੱਤ ਕੀਤੇ ਗਏ ਨਾਟਕ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ ਕਿਉਂਕਿ ਇਸ ਨਾਟਕ ਵਿੱਚ ਵਰਤਮਾਨ ਅਖੌਤੀ ਆਧੁਨਿਕਤਾ ਦੇ ਵਿੱਚ ਗ੍ਰਸਤ ਮਾਨਵਤਾ ਦੇ ਮਨੁੱਖੀ ਰਿਸ਼ਤਿਆਂ ਦੀਆਂ ਗੁੰਝਲਾਂ, ਜੋ ਪਿਆਰ ਅਤੇ ਸਰੀਰਕ ਇੱਛਾ ਸ਼ਕਤੀ ਵਿਚਕਾਰਲੇ ਸੰਕਟਮਈ ਸੰਘਰਸ਼ ਨੂੰ ਅਦਾਕਾਰਾਂ ਨੇ ਆਪਣੀ ਕਲਾ ਦੀ ਪਿਉਂਦ ਨਾਲ ਵਿਖਾਇਆ ਸੀ। ਪਾਤਰ ਆਪਣੀਆਂ ਭਾਵਨਾਵਾਂ ਅਤੇ ਉਮੀਦਾਂ ਵਿੱਚਕਾਰਲੇ ਦਵੰਦ ਵਿੱਚ ਫਸੇ ਹੋਏ ਜੀਵਨ ਦੀਆਂ ਹਕੀਕਤਾਂ ਦਾ ਪ੍ਰਗਟਾਵਾ ਕਰਦੇ ਸਨ।
ਕੌਮੀ ਨਾਟਕ ਮੇਲੇ ਦੇ ਛੇਵੇਂ ਦਿਨ ਸਅਦਤ ਹਸਨ ਮੰਟੋ ਦੀ ਪ੍ਰਸਿੱਧ ਰਚਨਾ ‘ਤੇ ਅਧਾਰਤ ‘ਬਾਦਸ਼ਾਹਤ ਦਾ ਖ਼ਾਤਮਾ’ ਦਾ ਮੰਚਨ ਰਾਜਸਥਾਨ ਦੇ ‘ਰੰਗ ਸੰਸਕਾਰ ਥੇਟਰ’ ਗਰੁਪ ਅਲਵਰ ਵੱਲੋਂ ਕੀਤਾ ਗਿਆ। ਇਹ ਨਾਟਕ ਅਖਤਾਰ ਅਲੀ ਵੱਲੋਂ ਅਡਾਪਟ ਕੀਤਾ ਅਤੇ ਡਾ.ਦੇਸ਼ਰਾਜ ਮੀਨਾ ਦੁਆਰਾ ਨਿਰਦੇਸ਼ਤ ਕੀਤਾ ਗਿਆ ਸੀ। ਇਸ ਨਾਟਕ ਦੀ ਕਮਾਲ ਰਹੀ ਕਿ ਇਹ ਨਾਟਕ ਸਿਰਫ ਦੋ ਪਾਤਰਾਂ ਵੱਲੋਂ ਖੇਡਿਆ ਗਿਆ, ਦੋਹਾਂ ਪਾਤਰਾਂ ਦੀ ਅਦਾਕਰੀ ਨੇ ਦਰਸ਼ਕਾਂ ਦੇ ਦਿਲ ਮੋਹ ਲਏ। ਇਹ ਕਹਾਣੀ ਦੋ ਥਾਵਾਂ ਦਫ਼ਤਰ ਅਤੇ ਘਰ ਤੋਂ ਸ਼ੁਰੂ ਹੁੰਦੀ ਹੈ।
ਅਸ਼ੋਕ ਸਿੰਘ ਵੱਲੋਂ ਲਿਖਿਆ ਤੇ ਡਾ.ਓਮਿੰਦਰਾ ਕੁਮਾਰ ਦਾ ਨਿਰਦੇਸ਼ਤ ਕੀਤਾ ਹੋਇਆ ਨਾਟਕ ‘ਕੋਈ ਏਕ ਰਾਤ’ ਅਨੁਕ੍ਰਿਤੀ ਕਾਨਪੁਰ ਉਤਰ ਪ੍ਰਦੇਸ਼ ਵੱਲੋਂ ਖੇਡਿਆ ਗਿਆ। ਇਸ ਨਾਟਕ ਵਿੱਚ ਮਾਂ ਪੂਰਵਾ ਤੇ ਬੇਟੀ ਸੁੰਮੀ ਦੇ ਵਿਚਾਲੇ ਉਸ ਇੱਕ ਰਾਤ ਦੀ ਕਹਾਣੀ ਵਿਚਲੇ ਤਕਰਾਰ, ਜਿਸ ਵਿੱਚ ਬੀਤੇ ਹੋਏ ਸਾਲਾਂ ਦਾ ਦਰਦ, ਸਮਝੌਤਾ ਅਤੇ ਨਰਾਜ਼ਗੀ ਦ੍ਰਿਸ਼ਟਾਂਤਿਕ ਰੂਪ ਵਿੱਚ ਵਿਖਾਈ ਦਿੰਦੀ ਸੀ। ਮਾਂ ਤੇ ਬੇਟੀ ਦੇ ਰਿਸ਼ਤੇ ਫ਼ਿਲਮੀ ਦੁਨੀਆਂ ਅਤੇ ਰੰਗਮੰਚ ਨਾਲ ਜੁੜਦੇ ਸਨ, ਪਰ ਉਨ੍ਹਾਂ ਦੀ ਸੋਚ, ਅਨੁਭਵ ਬਿਲਕੁਲ ਇੱਕ ਦੂਜੇ ਤੋਂ ਉਲਟ ਹੈ। ਮਾਂ ਨੇ ਫ਼ਿਲਮਾ ਵਿੱਚ ਕੰਮ ਕਰਨ ਲਈ ਅਨੇਕਾਂ ਗ਼ੈਰਕਾਨੂੰਨੀ ਸਮਝੌਤੇ ਕੀਤੇ, ਪਹਿਲਾਂ ਕੰਮ ਲੈਣ ਲਈ ਫਿਰ ਦੂਜਾ ਸਮਝੌਤਾ ਫ਼ਿਲਮ ਇੰਡਸਟੀ ਵਿੱਚ ਬਣੇ ਰਹਿਣ ਲਈ ਅਤੇ ਅੰਤ ਆਪਣੇ ਸਟੇਟਸ ਅਤੇ ਜੀਵਨ ਸ਼ੈਲੀ ਨੂੰ ਬਰਕਰਾਰ ਰੱਖਣ ਲਈ, ਪ੍ਰੰਤੂ ਬੇਟੀ ਆਤਮ ਸਨਮਾਨ ਨੂੰ ਸਰਵਉਚ ਮੰਨਦੀ ਹੋਈ ਸਮਝੌਤੇ ਨਹੀਂ ਕਰਦੀ। ਇਹ ਟਕਰਾਓ ਸਿਰਫ਼ ਦੋ ਸੋਚਾਂ ਦਾ ਨਹੀਂ ਸਗੋਂ ਸਮੁੱਚੀ ਇਸਤਰੀ ਜਾਤੀ ਦੇ ਆਤਮ ਸਨਮਾਨ ਦਾ ਹੈ।
‘ਅਜ਼ੀਬ ਦਾਸਤਾਂ’ ਨਾਟਕ ਅਲੋਕ ਸ਼ੁਕਲਾ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਹੋਇਆ ‘ਪ੍ਰਸੰਗਿਕ ਦਿੱਲੀ’ ਗਰੁਪ ਦੇ ਕਲਾਕਾਰਾਂ ਨੇ ਖੇਡਿਆ। ਇਹ ਨਾਟਕ ਮਹਾਂ ਨਗਰ ਮੁੰਬਈ ਦੇ ਰਹਿਣ ਵਾਲੇ ਦੋ ਤਲਾਕਸ਼ੁਦਾ ਜੋੜੀਆਂ ਦੇ ਆਲੇ ਦੁਆਲੇ ਘੁੰਮਦਾ ਹੈ,ਦੋਹਾਂ ਜੋੜੀਆਂ ਦੀਆਂ ਵੱਖੋ-ਵੱਖਰੇ ਹਾਲਾਤਾਂ ਕਰਕੇ, ਉਨ੍ਹਾਂ ਦੇ ਵਿਆਹ ਟੁੱਟ ਜਾਂਦੇ ਹਨ। ਦੋਵੇਂ ਔਰਤਾਂ ਸਮੱਸਿਆਵਾਂ ਦੇ ਹੱਲ ਲਈ ਇੱਕ ਔਰਤ ਦੋਸਤ ਦੇ ਰੂਪ ਵਿੱਚ ਸਾਥੀ ਲੱਭ ਲੈਂਦੀ ਤੇ ਦੂਜੀ ਦੁਬਾਰਾ ਵਿਆਹ ਕਰਕੇ ਸਮੱਸਿਆਵਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਪ੍ਰੰਤੂ ਸਮੱਸਿਆਵਾਂ ਜਿਉਂ ਦੀ ਤਿਉਂ ਰਹਿੰਦੀਆਂ। ਉਨ੍ਹਾਂ ਵਿੱਚੋਂ ਇੱਕ ਦਾ ਬੱਚਾ ਨਸ਼ੇ ਕਰਨ ਲੱਗਦਾ ਹੈ ਤੇ ਹਾਲਾਤ ਵਿਗੜਨ ਕਰਕੇ ਉਸ ਬੱਚੇ ਨੂੰ ਪੁਨਰਵਾਸ ਕੇਂਦਰ ਵਿੱਚ ਭੇਜ ਦਿੱਤਾ ਜਾਂਦਾ ਹੈ। ਇਹ ਨਾਟਕ ਰਿਸ਼ਤਿਆਂ ਦੇ ਟੁੱਟਣ, ਨਵੀਂ ਸ਼ੁਰੂਆਤ, ਆਧੁਨਿਕ ਮਹਾਂ ਨਗਰ ਜੀਵਨ ਦੀਆਂ ਗੁੰਝਲਾਂ ਅਤੇ ਉਨ੍ਹਾਂ ਦਾ ਵਿਵਾਹਕ ਪਰਿਵਾਰਾਂ ‘ਤੇ ਪੈਣ ਵਾਲੇ ਭਾਵਨਾਤਮਿਕ ਪ੍ਰਭਾਵਾਂ ਦੀ ਸੰਵੇਦਨਸ਼ੀਲਤਾ ਦੀ ਕਹਾਣੀ ਪੇਸ਼ ਕਰਦਾ ਹੈ।
