ਸਮਾਜ ਅਤੇ ਦੇਸ਼ ਲਈ ਸਭ ਤੋਂ ਵੱਡਾ ਅੰਦਰੂਨੀ ਖਤਰਾ–ਅਰਬਨ ਨੈਕਸਲ

ਭਾਰਤ ਵਰਗੇ ਵਿਸ਼ਾਲ ਲੋਕਤੰਤਰ ਵਿੱਚ ਅੰਦਰੂਨੀ ਸੁਰੱਖਿਆ ਦਾ ਸਭ ਤੋਂ ਵੱਡਾ ਖ਼ਤਰਾ ਅੱਜ ਕੱਲ੍ਹ “ਅਰਬਨ ਨੈਕਸਲ” ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਇਹ ਉਹ ਸ਼ਹਿਰੀ ਬੁੱਧੀਜੀਵੀ, ਐਕਟਿਵਿਸਟ, ਲੇਖਕ, ਪੱਤਰਕਾਰ, ਵਕੀਲ ਅਤੇ ਅਧਿਆਪਕ ਹਨ ਜੋ ਖੁੱਲ੍ਹੇ ਤੌਰ ਤੇ ਹਥਿਆਰ ਨਹੀਂ ਚੁੱਕਦੇ, ਪਰ ਆਪਣੀਆਂ ਲਿਖਤਾਂ, ਭਾਸ਼ਣਾਂ, ਸੋਸ਼ਲ ਮੀਡੀਆ ਅਤੇ ਸੰਗਠਨਾਤਮਕ ਸ਼ਕਤੀ ਰਾਹੀਂ ਮਾਓਵਾਦੀ-ਨੈਕਸਲਵਾਦੀ ਵਿਚਾਰਧਾਰਾ ਨੂੰ ਸਮਾਜ ਵਿੱਚ ਫੈਲਾਉਂਦੇ ਹਨ। ਇਹ ਲੋਕ ਦੇਸ਼ ਦੀਆਂ ਸਾਰੀਆਂ ਸਹੂਲਤਾਂ–ਸਿੱਖਿਆ, ਸਿਹਤ, ਸੁਰੱਖਿਆ, ਆਜ਼ਾਦੀ ਦਾ ਲਾਭ ਲੈਂਦੇ ਹਨ ਪਰ ਉਨ੍ਹਾਂ ਦਾ ਦਿਲ ਅਤੇ ਦਿਮਾਗ ਬਾਹਰੀ ਦੁਸ਼ਮਣ ਦੇਸ਼ਾਂ ਅਤੇ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲਿਆ ਹੋਇਆ ਹੁੰਦਾ ਹੈ। ਇਹ ਅਰਬਨ ਨੈਕਸਲ ਸਮਾਜ ਅਤੇ ਦੇਸ਼ ਲਈ ਸਭ ਤੋਂ ਖ਼ਤਰਨਾਕ ਹਨ ਕਿਉਂਕਿ ਇਹ ਬਾਹਰੋਂ ਦਿਸਦੇ ਤਾਂ ਬੁੱਧੀਜੀਵੀ ਹਨ ਪਰ ਅੰਦਰੋਂ ਦੇਸ਼ ਦੀ ਜੜ੍ਹ ਖੋਦਣ ਵਾਲੇ ਵਿਨਾਸ਼ਕਾਰੀ ਕੀੜੇ ਹਨ।

ਅਰਬਨ ਨੈਕਸਲਾਂ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਇਹ ਸਿੱਧੇ ਹਥਿਆਰ ਨਹੀਂ ਚੁੱਕਦੇ, ਇਸ ਲਈ ਇਹ ਕਾਨੂੰਨ ਦੀਆਂ ਅੱਖਾਂ ਵਿੱਚ ਆਸਾਨੀ ਨਾਲ ਬਚ ਜਾਂਦੇ ਹਨ। ਪਰ ਇਹ ਜੰਗਲ ਵਿੱਚ ਬੰਦੂਕ ਚੁੱਕਣ ਵਾਲੇ ਨੈਕਸਲਾਂ ਨੂੰ ਬੌੱਧਿਕ, ਵਿੱਤੀ ਅਤੇ ਸਮਾਜਿਕ ਸਹਾਰਾ ਦਿੰਦੇ ਹਨ। ਜਦੋਂ ਵੀ ਸੁਰੱਖਿਆ ਬਲ ਕਿਸੇ ਵੱਡੇ ਨੈਕਸਲੀ ਨੂੰ ਮਾਰਦੇ ਹਨ ਤਾਂ ਸ਼ਹਿਰਾਂ ਵਿੱਚ ਇਹੀ ਅਰਬਨ ਨੈਕਸਲ ਸੜਕਾਂ ਤੇ ਉਤਰ ਕੇ ਮੋਮਬੱਤੀਆਂ ਜਗਾਉਂਦੇ ਹਨ, ਧਰਨੇ ਦਿੰਦੇ ਹਨ ਅਤੇ ਮੀਡੀਆ ਵਿੱਚ ਉਸ ਨੂੰ “ਸਮਾਜ ਸੁਧਾਰਕ” ਜਾਂ “ਆਦਿਵਾਸੀ ਹੱਕਾਂ ਦਾ ਰਾਖਾ” ਦੱਸਦੇ ਹਨ। ਉਦਾਹਰਨ ਵਜੋਂ ਹਾਲ ਹੀ ਵਿੱਚ ਛੱਤੀਸਗੜ੍ਹ ਵਿੱਚ ਸੁਰੱਖਿਆ ਬਲਾਂ ਨੇ ਵੱਡੇ ਮਾਓਵਾਦੀ ਆਗੂ ਹਿਡਮਾ ਨੂੰ ਮਾਰ ਗਿਰਾਇਆ। ਇਸ ਤੋਂ ਬਾਅਦ ਦਿੱਲੀ, ਮੁੰਬਈ, ਕੋਲਕਾਤਾ ਅਤੇ ਹੋਰ ਸ਼ਹਿਰਾਂ ਵਿੱਚ ਅਰਬਨ ਨੈਕਸਲਾਂ ਨੇ ਹਿਡਮਾ ਦੇ ਹੱਕ ਵਿੱਚ ਪ੍ਰਦਰਸ਼ਨ ਕੀਤੇ, ਉਸ ਨੂੰ “ਸ਼ਹੀਦ” ਕਿਹਾ ਅਤੇ ਸੁਰੱਖਿਆ ਬਲਾਂ ‘ਤੇ “ਰਾਜ ਵਿੱਚ ਦਹਿਸ਼ਤ ਫੈਲਾਉਣ” ਦਾ ਇਲਜ਼ਾਮ ਲਗਾਇਆ। ਇਹ ਉਹੀ ਹਿਡਮਾ ਸੀ ਜਿਸ ਦੇ ਹੁਕਮਾਂ ਤੇ ਸੈਂਕੜੇ ਜਵਾਨ ਸ਼ਹੀਦ ਹੋਏ, ਸਕੂਲ ਉਡਾਏ ਗਏ, ਰੇਲਵੇ ਪਟੜੀਆਂ ਉਖਾੜੀਆਂ ਗਈਆਂ ਅਤੇ ਵਿਕਾਸ ਦੀ ਹਰ ਕੋਸ਼ਿਸ਼ ਨੂੰ ਖ਼ੂਨ ਨਾਲ ਰੋਕਿਆ ਗਿਆ। ਫਿਰ ਵੀ ਅਰਬਨ ਨੈਕਸਲਾਂ ਲਈ ਉਹ “ਹੀਰੋ” ਸੀ। ਇਸ ਤੋਂ ਵੱਡੀ ਦੇਸ਼ਧ੍ਰੋਹੀ ਸੋਚ ਕੀ ਹੋ ਸਕਦੀ ਹੈ?

ਅਰਬਨ ਨੈਕਸਲਾਂ ਦੀ ਦੂਜੀ ਵੱਡੀ ਖ਼ਤਰਨਾਕ ਗਤੀਵਿਧੀ, ਵਿਦੇਸ਼ੀ ਮੁੱਦਿਆਂ ਨੂੰ ਭਾਰਤ ਵਿੱਚ ਲਿਆ ਕੇ ਸਮਾਜ ਨੂੰ ਵੰਡਣਾ ਹੈ । ਉਹ ਭਾਰਤ ਦੇ ਅੰਦਰਲੇ ਮੁੱਦਿਆਂ ਤੇ ਚੁੱਪ ਰਹਿੰਦੇ ਹਨ ਪਰ ਫ਼ਲਸਤੀਨ, ਗਾਜ਼ਾ ਜਾਂ ਕਸ਼ਮੀਰ ਵਿੱਚ ਹੋਣ ਵਾਲੀਆਂ ਘਟਨਾਵਾਂ ਤੇ ਭਾਰਤੀ ਸ਼ਹਿਰਾਂ ਵਿੱਚ ਅੱਗ ਲਗਾ ਦਿੰਦੇ ਹਨ। ਇਸੇ ਸੋਚ ਕਾਰਨ ਟਾਟਾ ਗਰੁੱਪ ਵਰਗੀਆਂ ਦੇਸ਼ ਦੀਆਂ ਮੋਹਰੀ ਕੰਪਨੀਆਂ ਦੇ ਉਤਪਾਦਾਂ ਦਾ ਬਾਈਕਾਟ ਕੀਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਦਾ ਕੋਈ ਵਿਦੇਸ਼ੀ ਕਾਰੋਬਾਰ ਇਜ਼ਰਾਈਲ ਨਾਲ ਹੈ। ਟਾਟਾ ਨੇ ਭਾਰਤ ਨੂੰ ਏਅਰਲਾਈਨਜ਼, ਸਟੀਲ, ਕਾਰਾਂ, ਨਮਕ ਤੋਂ ਲੈ ਕੇ ਸਾਫਟਵੇਅਰ ਤੱਕ ਦਿੱਤਾ, ਲੱਖਾਂ ਨੌਕਰੀਆਂ ਪੈਦਾ ਕੀਤੀਆਂ, ਕੈਂਸਰ ਹਸਪਤਾਲ ਬਣਾਏ ਪਰ ਅਰਬਨ ਨੈਕਸਲਾਂ ਲਈ ਇਹ ਸਭ ਕੁਝ ਬੇਮਾਇਨੇ ਹੈ। ਉਨ੍ਹਾਂ ਦਾ ਮਕਸਦ ਸਿਰਫ਼ ਦੇਸ਼ ਅੰਦਰ ਅਰਾਜਕਤਾ ਫੈਲਾਉਣਾ ਹੈ, ਭਾਵੇਂ ਇਸ ਨਾਲ ਭਾਰਤੀ ਅਰਥਵਿਵਸਥਾ ਨੂੰ ਕਰੋੜਾਂ ਦਾ ਨੁਕਸਾਨ ਹੋਵੇ।

ਅਰਬਨ ਨੈਕਸਲਾਂ ਦੀ ਸੋਚ ਤੋਂ ਸਭ ਤੋਂ ਵੱਡਾ ਖ਼ਤਰਾ ਨੌਜਵਾਨ ਪੀੜ੍ਹੀ ਨੂੰ ਹੈ। ਯੂਨੀਵਰਸਿਟੀਆਂ ਵਿੱਚ ਇਹ ਲੋਕ “ਅਜ਼ਾਦੀ” ਦੇ ਨਾਅਰੇ ਲਗਵਾ ਕੇ, ਭਾਰਤ ਮਾਤਾ ਦੀਆਂ ਜੈਕਾਰਾਂ ਨੂੰ “ਫਾਸ਼ੀਵਾਦ” ਕਹਿ ਕੇ ਨੌਜਵਾਨਾਂ ਨੂੰ ਭਟਕਾਉਂਦੇ ਹਨ। ਜੇਐਨਯੂ, ਜਾਮੀਆ, ਜਾਧਵਪੁਰ ਵਰਗੀਆਂ ਯੂਨੀਵਰਸਿਟੀਆਂ ਵਿੱਚ ਇਹ ਲੋਕ ਖੁੱਲ੍ਹੇਆਮ “ਭਾਰਤ ਤੇਰੇ ਟੁਕੜੇ ਹੋਂਗੇ” ਵਰਗੇ ਨਾਅਰੇ ਲਗਵਾਉਂਦੇ ਹਨ ਅਤੇ ਫਿਰ ਉਨ੍ਹਾਂ ਨੂੰ “ਅਭਿਵਿਅਕਤੀ ਦੀ ਆਜ਼ਾਦੀ” ਦਾ ਨਾਮ ਦਿੰਦੇ ਹਨ। ਇਹੀ ਨੌਜਵਾਨ ਬਾਅਦ ਵਿੱਚ ਸ਼ਹਿਰਾਂ ਵਿੱਚ ਅਰਾਜਕਤਾ ਫੈਲਾਉਂਦੇ ਹਨ, ਪੁਲਿਸ ਤੇ ਪੱਥਰ ਮਾਰਦੇ ਹਨ, ਜਨਤਕ ਜਾਇਦਾਦ ਨੂੰ ਅੱਗ ਲਗਾਉਂਦੇ ਹਨ।
ਅਰਬਨ ਨੈਕਸਲਾਂ ਦੀ ਸੋਚ ਦਾ ਸਭ ਤੋਂ ਡਰਾਉਣਾ ਰੂਪ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਦੇਸ਼ ਤੇ ਸੰਕਟ ਆਉਂਦਾ ਹੈ। ਪਹਿਲਗਾਮ ਵਿੱਚ ਆਤੰਕੀ ਹਮਲੇ ਹੋਣ, ਜਵਾਨਾਂ ਦੀਆਂ ਬੱਸਾਂ ਉਡਾਈਆਂ ਜਾਣ, ਲਾਲ ਕਿਲ੍ਹੇ ਤੇ ਹਮਲਾ ਹੋਵੇ ਜਾਂ ਪੁਲਵਾਮਾ ਵਰਗੀ ਘਟਨਾ ਵਾਪਰੇ–ਅਰਬਨ ਨੈਕਸਲਾਂ ਦੀ ਪਹਿਲੀ ਪ੍ਰਤੀਕਿਰਿਆ “ਭਾਰਤ ਸਰਕਾਰ ਦੀ ਗਲਤੀ” ਹੁੰਦੀ ਹੈ। ਉਹ ਕਸ਼ਮੀਰੀ ਪੰਡਿਤਾਂ ਦੇ ਕਤਲੇਆਮ ਤੇ ਚੁੱਪ, ਪਾਕਿਸਤਾਨੀ ਆਤੰਕੀਆਂ ਦੇ ਹੱਕ ਵਿੱਚ ਬਿਆਨ, ਅਤੇ ਭਾਰਤੀ ਫੌਜ ਤੇ “ਜ਼ੁਲਮ” ਦੇ ਇਲਜ਼ਾਮ ਲਗਾਉਂਦੇ ਹਨ। ਇਹ ਲੋਕ ਦੇਸ਼ ਦੀ ਹਰ ਸਫਲਤਾ ਨੂੰ “ਫਾਸ਼ੀਵਾਦ” ਅਤੇ ਹਰ ਅਸਫਲਤਾ ਨੂੰ “ਸਬੂਤ” ਬਣਾ ਕੇ ਪੇਸ਼ ਕਰਦੇ ਹਨ।

ਇਸ ਲਈ ਸਮਾਜ ਅਤੇ ਦੇਸ਼ ਦੀ ਸੁਰੱਖਿਆ ਲਈ ਸਰਕਾਰ ਨੂੰ–ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ–ਅਰਬਨ ਨੈਕਸਲ ਸੋਚ ਵਾਲੇ ਵਿਅਕਤੀਆਂ ਵਿਰੁੱਧ ਸਭ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਹ ਲੋਕ ਸਿਰਫ਼ ਆਪਣੀ ਵਿਚਾਰਧਾਰਾ ਨਹੀਂ ਫੈਲਾਉਂਦੇ, ਬਲਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਸਿੱਧਾ ਚੁਣੌਤੀ ਦਿੰਦੇ ਹਨ। ਜੇ ਅੱਜ ਇਨ੍ਹਾਂ ਤੇ ਸਖ਼ਤੀ ਨਾ ਕੀਤੀ ਗਈ ਤਾਂ ਕੱਲ੍ਹ ਇਹੀ ਲੋਕ ਸਾਡੇ ਬੱਚਿਆਂ ਨੂੰ ਹਥਿਆਰ ਚੁੱਕਣ ਲਈ ਤਿਆਰ ਕਰ ਰਹੇ ਹੋਣਗੇ। ਦੇਸ਼ ਦੀ ਸੁਰੱਖਿਆ ਸਰਬਪ੍ਰਥਮ ਹੈ–ਇਸ ਵਿੱਚ ਕੋਈ ਸਮਝੌਤਾ ਨਹੀਂ ਹੋ ਸਕਦਾ। ਅਰਬਨ ਨੈਕਸਲ ਸੋਚ ਦਾ ਹਰ ਰੂਪ, ਹਰ ਚਿਹਰਾ, ਹਰ ਸੰਗਠਨ–ਚਾਹੇ ਉਹ ਐਨਜੀਓ ਹੋਵੇ, ਯੂਨੀਵਰਸਿਟੀ ਹੋਵੇ ਜਾਂ ਮੀਡੀਆ ਹਾਊਸ–ਨੂੰ ਬੇਨਕਾਬ ਕਰਕੇ, ਕਾਨੂੰਨੀ ਕਾਰਵਾਈ ਕਰਕੇ ਖ਼ਤਮ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

ਕਿਉਂਕਿ ਜਦੋਂ ਦੇਸ਼ ਦੀ ਰਾਖੀ ਦੀ ਗੱਲ ਆਉਂਦੀ ਹੈ ਤਾਂ ਨਾ ਕੋਈ ਵਿਚਾਰਧਾਰਾ ਬਚਦੀ ਹੈ, ਨਾ ਅਭਿਵਿਅਕਤੀ ਦੀ ਆਜ਼ਾਦੀ ਦੀ ਦੁਹਾਈ ਅਤੇ ਨਾ ਹੀ “ਮਨੁੱਖੀ ਅਧਿਕਾਰਾਂ” ਦਾ ਝੂਠਾ ਲੇਬਲ। ਦੇਸ਼ ਸਭ ਤੋਂ ਉੱਤੇ ਹੈ–ਹਮੇਸ਼ਾ ਰਹੇਗਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>