ਫ਼ਤਹਿਗੜ੍ਹ ਸਾਹਿਬ – “ਕਿਉਂਕਿ ਪੰਜਾਬ ਸੂਬੇ ਦੀ ਮਾਲੀ ਅਤੇ ਵਪਾਰਕ ਹਾਲਤ ਜ਼ਿੰਮੀਦਾਰਾਂ, ਆੜਤੀਆ ਤੇ ਵਪਾਰੀਆ ਦੇ ਆਪਸੀ ਪਰਿਵਾਰਿਕ ਸੰਬੰਧਾਂ ਤੇ ਇਕ-ਦੂਸਰੇ ਨੂੰ ਸਹਿਯੋਗ ਦੇਣ ਉਤੇ ਹੀ ਨਿਰੰਤਰ ਨਿਰਭਰ ਰਹਿੰਦੀ ਹੈ । ਹੁਣ ਜਦੋ ਕਣਕ ਦੀ ਫ਼ਸਲ ਮੰਡੀਆਂ ਵਿਚ ਆਉਣੀ ਸੁਰੂ ਹੋ ਗਈ ਹੈ, ਤਾਂ ਆੜਤੀਏ ਵਰਗ ਵੱਲੋ ਇਸ ਸਮੇ ਕਿਸੇ ਤਰ੍ਹਾਂ ਦੀ ਸਟ੍ਰਾਈਕ ਕਰਨ ਦੇ ਅਮਲ ਤਾਂ ਜਿੰਮੀਦਾਰਾਂ, ਆੜਤੀਆ, ਵਪਾਰੀਆ, ਟਰਾਸਪੋਰਟਰਾਂ ਦੇ ਆਪਸੀ ਲੰਮੇ ਸਮੇ ਤੋ ਚੱਲਦੇ ਆ ਰਹੇ ਮਜਬੂਤ ਰਿਸਤੇ ਨੂੰ ਸੱਟ ਮਾਰਨ ਵਾਲੇ ਅਤੇ ਪੰਜਾਬ ਸੂਬੇ ਦੀ ਮਾਲੀ ਹਾਲਤ ਨੂੰ ਨੁਕਸਾਨ ਕਰਨ ਵਾਲੇ ਹੋਣਗੇ । ਇਸ ਲਈ ਅਜਿਹੇ ਸਮੇ ਆੜਤੀਆ ਨੂੰ ਆਪਣੀ ਸਟ੍ਰਾਈਕ ਖਤਮ ਕਰਕੇ ਜਿੰਮੀਦਾਰਾਂ ਦੀ ਫਸਲ ਨੂੰ ਸਾਂਭਣ, ਤੋਲਣ ਅਤੇ ਗੋਦਾਮਾਂ ਵਿਚ ਸਹੀ ਸਮੇ ਤੇ ਪਹੁੰਚਾਉਣ ਦੀ ਜਿੰਮੇਵਾਰੀ ਬਣਦੀ ਹੈ । ਅਜਿਹਾ ਅਮਲ ਕਰਕੇ ਹੀ ਉਹ ਆਪਣੇ ਪਰਿਵਾਰਾਂ, ਜਿੰਮੀਦਾਰ, ਮਜਦੂਰਾਂ ਅਤੇ ਟਰਾਸਪੋਰਟਰਾਂ ਦੇ ਪਰਿਵਾਰਾਂ ਦੀ ਮਾਲੀ ਹਾਲਤ ਨੂੰ ਹੋਰ ਬਿਹਤਰ ਬਣਾ ਸਕਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਆੜਤੀਆ ਵੱਲੋਂ ਕੀਤੀ ਗਈ ਸਟ੍ਰਾਈਕ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਆੜਤੀ ਵਰਗ ਨੂੰ ਇਹ ਸਟ੍ਰਾਈਕ ਤੁਰੰਤ ਖਤਮ ਕਰਕੇ ਫਸਲਾਂ ਸਾਂਭਣ ਅਤੇ ਆਪਣੇ ਕਿਸਾਨ ਵਰਗ ਨਾਲ ਨਿਰੰਤਰ ਸਦੀਆਂ ਤੋ ਚੱਲਦੇ ਆ ਰਹੇ ਸੰਬੰਧਾਂ ਅਤੇ ਉਨ੍ਹਾਂ ਦੇ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਵਿਚ ਯੋਗਦਾਨ ਪਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਆੜਤੀਆ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਕਿਸਾਨ ਵਰਗ ਆਪਣੀਆ ਘਰੇਲੂ, ਪਰਿਵਾਰਿਕ, ਸਮਾਜਿਕ ਲੋੜਾਂ ਨੂੰ ਪੂਰਨ ਕਰਨ ਲਈ ਸਮੇ-ਸਮੇ ਤੇ ਆੜਤੀਆ ਤੋ ਪੈਸੇ ਲੈਕੇ ਆਪਣੇ ਪਰਿਵਾਰਾਂ ਦੇ ਜੀਵਨ ਨਿਰਵਾਹ ਨੂੰ ਸਹੀ ਢੰਗ ਨਾਲ ਚਲਾਉਦਾ ਹੈ । ਫਿਰ ਕਿਸਾਨ ਵਰਗ ਆਪਣੇ ਲਏ ਹੋਏ ਉਧਾਰੇ ਪੈਸਿਆ ਨੂੰ ਉਨ੍ਹਾਂ ਕੋਲ ਫਸਲ ਦੇ ਕੇ ਅਤੇ ਆਪਣੇ ਪਿਛਲੇ ਬਕਾਏ ਦਾ ਉਧਾਰ ਚੁਕਾ ਕੇ ਆੜਤੀਆ ਦੇ ਪਰਿਵਾਰਾਂ ਦੀ ਮਾਲੀ ਹਾਲਤ ਨੂੰ ਵੀ ਬਿਹਤਰ ਬਣਾਉਣ ਵਿਚ ਯੋਗਦਾਨ ਪਾਉਦਾ ਆ ਰਿਹਾ ਹੈ । ਕਹਿਣ ਤੋ ਭਾਵ ਹੈ ਕਿ ਕਿਸਾਨ ਤੇ ਆੜਤੀਆ ਵਰਗ ਇਕ ਦੂਸਰੇ ਦੇ ਪੂਰਕ ਵੀ ਹਨ ਅਤੇ ਭਰਾਵਾਂ ਦੀ ਤਰ੍ਹਾਂ ਵਿਚਰਦੇ ਆ ਰਹੇ ਹਨ । ਇਸ ਲਈ ਜਦੋਂ ਦੋਵਾਂ ਵਰਗਾਂ ਦੀ ਮਾਲੀ ਹਾਲਤ ਅਤੇ ਪਰਿਵਾਰਿਕ ਹਾਲਤ ਇਕ-ਦੂਸਰੇ ਤੇ ਨਿਰਭਰ ਹੈ ਤਾਂ ਮਹੀਨੇ ਡੇਢ ਮਹੀਨੇ ਦੇ ਕਣਕ ਦੇ ਸੀਜਨ ਵਿਚ ਆੜਤੀਏ ਵਰਗ ਨੂੰ ਅਜਿਹੀ ਸਟ੍ਰਾਈਕ ਨਾ ਕਰਕੇ ਫਸਲਾਂ ਸੰਬੰਧੀ ਆਪਣੀਆ ਜਿੰਮੇਵਾਰੀਆ ਪੂਰਨ ਕਰਨੀਆ ਬਣਦੀਆ ਹਨ । ਸ. ਮਾਨ ਨੇ ਆੜਤੀਆ ਦੀਆਂ ਮੰਗਾਂ ਨਾਲ ਵੀ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਜੋ ਉਨ੍ਹਾਂ ਦੀਆਂ ਮੁਸਕਿਲਾਂ ਹਨ, ਉਹ ਵੀ ਪਹਿਲ ਦੇ ਆਧਾਰ ਤੇ ਸਰਕਾਰ ਵੱਲੋ ਹੱਲ ਹੋਣੀਆ ਚਾਹੀਦੀਆ ਹਨ । ਪਰ ਆਪਣੀਆ ਜਾਇਜ ਮੰਗਾਂ ਨੂੰ ਪੂਰਨ ਕਰਵਾਉਣ ਲਈ ਉਨ੍ਹਾਂ ਨੂੰ ਆੜਤੀਆ ਤੇ ਜਿੰਮੀਦਾਰ ਵਰਗ ਦੇ ਸੰਬੰਧਾਂ ਵਿਚ ਜਾਂ ਉਨ੍ਹਾਂ ਦੀ ਮਾਲੀ ਹਾਲਤ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀ ਪੈਣ ਦੇਣੀ ਚਾਹੀਦੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੇ ਆੜਤੀ ਵਰਗ ਕਣਕ ਦੇ ਸੀਜਨ ਨੂੰ ਮੁੱਖ ਰੱਖਕੇ ਆਪਣੀ ਸਟ੍ਰਾਈਕ ਨੂੰ ਕਣਕ ਦੇ ਸੀਜਨ ਤੱਕ ਮੁਲਤਵੀ ਕਰ ਦੇਣਗੇ ਅਤੇ ਆਪਣੇ ਸੰਬੰਧਾਂ ਨੂੰ ਹੋਰ ਮਜਬੂਤ ਬਣਾਉਣਗੇ ।
