*ਖਾਲਸਾ ਮੇਰੋ ਰੂਪ ਹੈ ਖਾਸ॥*

*ਸਿੱਖ ਵਿਰਾਸਤੀ ਮਹੀਨੇ ਤੇ ਵਿਸ਼ੇਸ਼

‘ਖਾਲਸਾ’ ਤੋਂ ਭਾਵ ਹੈ- ‘ਖ਼ਾਲਸ’ ਜਾਂ ‘ਸ਼ੁਧ’। ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਖਾਲਸਾ ਦੇ ਅਰਥ ਇਸ ਤਰ੍ਹਾਂ ਕੀਤੇ ਹਨ- ਸ਼ੁਧ, ਖਾਲਸ, ਬਿਨਾ ਮਿਲਾਵਟ ਤੋਂ, ਗੁਰੂ ਨਾਨਕ ਪੰਥੀ, ਧਰਮੀ, ਜਾਂ ਉਹ ਜ਼ਮੀਨ ਜੋ ਕਿਸੇ ਬਾਦਸ਼ਾਹ ਜਾਂ ਜਗੀਰਦਾਰ ਦੇ ਅਧੀਨ ਨਾ ਹੋਵੇ। ਸੋਲਾਂ ਸੌ ਨੜਿਨਵੇਂ ਦੀ ਵਿਸਾਖੀ ਨੂੰ, ਅਨੰਦਪੁਰ ਸਾਹਿਬ ਦੀ ਧਰਤੀ ਤੇ, ਗੁਰੂੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਾਜ ਕੇ ਇੱਕ ਖ਼ਾਲਸ ਤੇ ਨਿਆਰੀ ਕੌਮ ਤਿਆਰ ਕੀਤੀ। ਐਸੀ ਕੌਮ- ਜਿਸ ਦੀ ਸ਼ਖ਼ਸੀਅਤ ਵਿੱਚ ਕੋਈ ਖੋਟ ਨਾ ਹੋਵੇ, ਜੋ ਪੂਰਨ ਤੌਰ ਤੇ ਆਜ਼ਾਦ ਹੋਵੇ, ਜਿਸ ਨੇ ਵਿਸ਼ੇ ਵਿਕਾਰਾਂ ਤੇ ਕਾਬੂ ਪਾਇਆ ਹੋਵੇ ਤੇ ਜੋ ਇੱਕ ਅਕਾਲ ਪੁਰਖ ਨੂੰ ਮੰਨੇ। ਜੋ ਲੋੜ ਪੈਣ ਤੇ ਮਜ਼ਲੂਮਾਂ ਦੀ ਰੱਖਿਆ ਕਰ ਸਕੇ।

*ਖਾਲਸੇ ਦੀ ਘਾੜਤ*

ਖਾਲਸੇ ਦਾ ਬੀਜ ਤਾਂ ਲੋਕਾਈ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਭਗਤਾਂ ਨੇ ਹੀ ਬੀਜ ਦਿੱਤਾ ਸੀ, ਜੋ ਸਮਾਂ ਪਾ ਕੇ ਦਰੱਖਤ ਬਣਿਆਂ। ਇਹ ਕੋਈ ਇੱਕ ਦਿਨ ਦੀ ਤਿਆਰੀ ਨਹੀਂ ਸੀ- ਇਸ ਲਈ ਤਕਰੀਬਨ ਢਾਈ ਸੌ ਸਾਲ ਲੱਗੇ ਸਨ। ਗੁਰੂੁ ਨਾਨਕ ਦੇਵ ਜੀ ਨੂੰ ਅਜੇਹੀ ਕੌਮ ਤਿਆਰ ਕਰਨ ਲਈ ਦਸ ਜਾਮੇ ਧਾਰਨ ਕਰਨੇ ਪਏ। ਸਦੀਆਂ ਤੋਂ ਚਲੀ ਆ ਰਹੀ ਵਰਣ- ਵੰਡ ਕਾਰਨ, ਲੋਕ ਵਹਿਮਾਂ- ਭਰਮਾਂ ਵਿੱਚ ਗ੍ਰੱਸੇ ਹੋਏ ਸਨ।

ਸਾਹਿਬ ਸ੍ਰੀ ਗੁਰੂੁ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਰਾਹੀਂ, ਲੋਕਾਂ ਨੂੰ ਤਰਕ ਨਾਲ ਸਮਝਾਇਆ ਅਤੇ ਕਰਮ ਕਾਂਡਾਂ ਚੋਂ ਕੱਢ ਕੇ- ਇਸ ਸ੍ਰਿਸ਼ਟੀ ਦੇ ਰਚਨਹਾਰੇ ‘ਇਕ ਓਅੰਕਾਰ’ ਨਾਲ ਜੋੜਿਆ। ‘ਕਿਰਤ ਕਰੋ- ਨਾਮ ਜਪੋ- ਵੰਡ ਛਕੋ’ ਦਾ ਸਰਲ ਸਿਧਾਂਤ ਦੇ ਕੇ ਇੱਕ ਨਵੇਂ ਵਿਗਿਆਨਕ ਧਰਮ ਦੀ ਨੀਂਹ ਰੱਖੀ। ਉਹਨਾਂ ਬਾਬਰ ਨੂੰ ਜਾਬਰ ਅਤੇ- ਰਾਜੇ ਸੀਹ ਮੁਕਦਮ ਕੁਤੇ।। ਕਹਿ ਕੇ ਵੰਗਾਰਿਆ। ਸ਼ਬਦ ਦੀ ਚੋਟ ਨਾਲ- ਕੁਕਰਮ ਕਰਨ ਵਾਲਿਆਂ ਦਾ ਕਾਇਆ ਕਲਪ ਕੀਤਾ। ਲੋਕ ਇਸ ਤੋਂ ਬਹੁਤ ਪ੍ਰਭਾਵਤ ਹੋਏ ਅਤੇ- ਕਾਬਲ, ਕੰਧਾਰ, ਅਫਗਾਨਿਸਤਾਨ ਤੋਂ ਲੈ ਕੇ, ਅਸਾਮ, ਨੈਪਾਲ, ਚੀਨ, ਤਿੱਬਤ ਤੇ ਸ੍ਰੀ ਲੰਕਾ ਤੱਕ ਲੋਕਾਂ ਨੇ ਸਿੱਖੀ ਧਾਰਨ ਕਰ ਲਈ। ਇਹ ਇੱਕ ਖ਼ਾਲਸ ਮਨੁੱਖ ਦੀ ਨੀਂਹ ਹੀ ਤਾਂ ਸੀ। ਸੀਸ ਉਹਨਾਂ ਨੇ ਵੀ ਮੰਗਿਆ ਸੀ-

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰ ਧਰ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰ ਧਰੀਜੈ।।
ਸਿਰੁ ਦੀਜੈ ਕਾਣਿ ਨ ਕੀਜੈ।। (ਅੰਗ 1412)

ਇਸ ਤੋਂ ਪਹਿਲਾਂ ਕਬੀਰ ਸਾਹਿਬ ਨੇ ਵੀ ਆਪਣੀ ਬਾਣੀ ਵਿੱਚ ਖਾਲਸੇ ਦੀ ਗੱਲ ਕੀਤੀ ਹੈ-
ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥ (ਸੋਰਠਿ ਭਗਤ ਕਬੀਰ ਜੀ, ਅੰਗ ੬੫੫)
ਇੱਥੇ ਉਹਨਾਂ ਨੇ ਪ੍ਰੇਮਾ ਭਗਤੀ ਕਾਰਨ- ਮੌਤ ਦੇ ਸਹਿਮ ਤੋਂ ਆਜ਼ਾਦ ਹੋਣ ਵਾਲੇ ਨੂੰ ਖਾਲਸਾ ਕਿਹਾ ਹੈ।
ਕਬੀਰ ਸਾਹਿਬ ਦੀ ਇੱਕ ਹੋਰ ਤੁਕ ਦਾ ਵੀ ਕਈਆਂ ਨੂੰ ਦਸ਼ਮੇਸ਼ ਪਿਤਾ ਦੀ ਤੁਕ ਹੋਣ ਦਾ ਭੁਲੇਖਾ ਪੈਂਦਾ ਹੈ-
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥

ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ ( ਮਾਰੂ ਭਗਤ ਕਬੀਰ ਜੀ, ਅੰਗ ੧੧੦੫)

ਸੋ ਉਹਨਾਂ ਦੀ ਬਾਣੀ ਵੀ ਨਾਨਕ ਬਾਣੀ ਵਾਂਗ- ਗਰੀਬਾਂ ਦੀ ਰੱਖਿਆ ਕਰਨ ਤੇ ਜ਼ੁਲਮ ਦਾ ਵਿਰੋਧ ਕਰਨ ਦੀ ਸਿੱਖਿਆ ਦਿੰਦੀ ਹੈ।

ਸੋ ਇਸ ਤਰ੍ਹਾਂ ਹੌਲੀ ਹੌਲੀ ਭਗਤਾਂ ਤੇ ਬਾਬੇ ਨਾਨਕ ਦਾ ਬੀਜਿਆ ਖਾਲਸੇ ਦਾ ਬੀਜ ਜਾਂ ਕਹਿ ਲਓ ਸਿੱਖੀ ਦਾ ਬੀਜ, ਪੌਦਾ ਬਨਣ ਲੱਗਾ। ਗੁਰੂ ਸਾਹਿਬ ਨੇ ਆਪਣੇ ਦੂਜੇ, ਤੀਜੇ ਤੇ ਚੌਥੇ ਜਾਮੇ ਵਿੱਚ, ਇਸ ਪੌਦੇ ਦੀ ਗੋਡੀ ਕੀਤੀ, ਪਾਣੀ ਪਾਇਆ ਤੇ ਇਸ ਨੂੰ ਛਾਂਦਾਰ ਰੁੱਖ ਬਨਾਉਣ ਦੀ ਕੋਸ਼ਿਸ਼ ਜਾਰੀ ਰੱਖੀ। ਇਸ ਸਿੱਖੀ ਦੇ ਬੂਟੇ ਨੂੰ ਸਮੇਂ ਦੇ ਹਾਕਮਾਂ ਨੇ, ਜ਼ੁਲਮ ਦੀ ਹਨ੍ਹੇਰੀ ਨਾਲ ਜੜ੍ਹੋਂ ਪੁੱਟਣ ਦੀ ਕੋਸ਼ਿਸ਼ ਵੀ ਕੀਤੀ, ਪਰ ਸ਼ਹੀਦਾਂ ਦੇ ਸਰਤਾਜ- ਪੰਚਮ ਪਾਤਸ਼ਾਹ ਨੇ ਸਿਦਕ ਦਿਲੀ ਨਾਲ ਆਪਣੇ ਸਰੀਰ ਤੇ ਤਸ਼ੱਦਦ ਸਹਿ ਕੇ, ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ। ਫਿਰ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ, ਇਸ ਪੌਦੇ ਦੀ ਰੱਖਿਆ ਕੀਤੀ। ਸੱਤਵੇਂ ਤੇ ਅੱਠਵੇਂ ਜਾਮੇ ਵਿੱਚ ਗੁਰੂੁ ਸਾਹਿਬ ਨੇ ਫਿਰ ਇਸ ਦੀ ਸੇਵਾ ਸੰਭਾਲ ਕੀਤੀ ਤੇ ਇਸ ਨੂੰ ਹਰਿਆ- ਭਰਿਆ ਰੱਖਣ ਦੇ ਯਤਨ ਕੀਤੇ। ਨੌਵੇਂ ਪਾਤਸ਼ਾਹ ਤੇ ਹੋਰ ਸਿਦਕੀ ਸਿੱਖਾਂ ਨੇ ਇਸ ਦੀ ਜੜ੍ਹ ਨੂੰ ਆਪਣੇ ਖੂਨ ਨਾਲ ਸਿੰਜਿਆ। ਤੇ ਇਸ ਤਰ੍ਹਾਂ ਜਦੋਂ ਇਹ ਬੂਟਾ ਆਪਣੇ ਭਰ ਜੋਬਨ ਤੇ ਆਇਆ, ਤਾਂ ਦਸਮੇਂ ਜਾਮੇ ਵਿੱਚ ਪਹੁੰਚੇ ਗੁਰੂ ਨਾਨਕ ਭਾਵ ਗੁਰੂੁ ਗੋਬਿੰਦ ਸਿੰਘ ਜੀ ਨੇ ਇਸ ਨੂੰ ‘ਅੰਮ੍ਰਿਤ ਦੀ ਦਾਤ’ ਦੀ ਪਿਉਂਦ ਦੇ ਕੇ- ਇੱਕ ਵੱਖਰੀ ਪਹਿਚਾਣ ਦੇ ਦਿੱਤੀ। ਜੋ ਇਸ ਦੁਨੀਆਂ ਦੇ ਬਾਗ ਵਿੱਚ, ਆਪਣੇ ਸੁੰਦਰ ਸਰੂਪ ਤੇ ਗੁਣਾਂ ਕਾਰਨ ਦੂਰੋਂ ਹੀ ਪਛਾਣਿਆ ਜਾ ਸਕੇ।

*ਖਾਲਸੇ ਦਾ ਪ੍ਰਗਟ ਹੋਣਾ- ਇਕ ਅਨੋਖੀ ਘਟਨਾ*

ਗੁਰੂ ਗੋਬਿੰਦ ਸਿੰਘ ਜੀ ਇੱਕ ਵਿਦਵਾਨ, ਸੁਹਿਰਦ, ਦੂਰ-ਅੰਦੇਸ਼, ਦਰਵੇਸ਼, ਯੋਧੇ, ਸੈਨਾਪਤੀ, ਮਹਾਨ ਕਵੀ ਤੇ ਲੇਖਕ ਹੀ ਨਹੀਂ ਸਨ, ਸਗੋਂ ਉਹਨਾਂ ਦੀ ਸੋਚ ਵੀ ਬਹੁਤ ਸੈਕੂਲਰ ਸੀ, ਅਤੇ ਪੰਜ ਪਿਆਰਿਆਂ ਦੀ ਚੋਣ ਕਰਨ ਦਾ ਢੰਗ ਵੀ ਬੜਾ ਨਿਰਾਲਾ ਸੀ।
1699 ਦੀ ਵਿਸਾਖੀ ਵਾਲੇ ਦਿਨ, ਅਨੰਦਪੁਰ ਸਾਹਿਬ ਵਿਖੇ ਕੀ ਵਾਪਰਿਆ? ਇਸ ਬਾਰੇ ਵੱਖ ਵੱਖ ਵਿਦਵਾਨਾਂ ਦੇ ਵੱਖੋ ਵੱਖ ਮੱਤ ਹਨ। ਪਰ ਕੁੱਝ ਸਰੋਤਾਂ ਤੋਂ ਖੋਜ ਕਰਨ ਤੇ, ਉਸ ਵੇਲੇ ਦੇ ਚਸ਼ਮਦੀਦ ਗਵਾਹ, ਔਰੰਗਜ਼ੇਬ ਦੇ ਜਸੂਸ, ਅਬਉਲ ਤਰਾਨੀ ਦੀ ਔਰੰਗਜ਼ੇਬ ਨੂੰ ਭੇਜੀ ਹੋਈ ਆਖਰੀ ਰਿਪੋਰਟ, ਜੋ 1998 ਵਿੱਚ ਸਾਹਮਣੇ ਆਈ, ਜਿਸ ਵਿੱਚ ਉਸ ਦਿਨ ਦਾ ਅੱਖੀਂ ਡਿੱਠਾ ਹਾਲ ਮਿਲਦਾ ਹੈ। ਇਹ ਲਿਖਤ ਉਸ ਦੀ ਪੁਸਤਕ- “ਮਾਅਸਿਰ- ਏ- ਆਲਮਗੀਰੀ” ਵਿੱਚ ਦਰਜ ਹੈ, ਜੋ ਔਰੰਗਜ਼ੇਬ ਦੇ ਰਾਜਕਾਲ ਨਾਲ ਸੰਬੰਧਿਤ ਸਭ ਇਤਿਹਾਸਕ ਪੁਸਤਕਾਂ ਵਿੱਚੋਂ ਸ਼੍ਰੋਮਣੀ ਲਿਖਤ ਮੰਨੀ ਜਾਂਦੀ ਹੈ। ਇਹ ਪੁਸਤਕ ਅਲੀਗੜ੍ਹ ਯੂਨੀਵਰਸਿਟੀ ਦੀ ਲਾਇਬਰੇਰੀ ਵਿੱਚ ਦੱਸੀ ਜਾਂਦੀ ਹੈ। ਇਸ ਦਾ ਫਾਰਸੀ ਤੋਂ ਉਰਦੂ ਅਤੇ ਅੰਗਰੇਜ਼ੀ ਵਿੱਚ  ਅਨੁਵਾਦ ਹੋ ਕੇ, ਸਾਕੀ ਮੁਸਤਾਦ ਖ਼ਾਂ ਦੁਆਰਾ ਪੰਜਾਬੀ ਅਨੁਵਾਦ ਕੀਤਾ ਗਿਆ- ਜਿਸ ਦਾ ਜ਼ਿਕਰ, ਵੈਦ ਗੁਰਬਚਨ ਸਿੰਘ ‘ਰੁੜਕੀ’ ਨੇ ਆਪਣੀ ਪੁਸਤਕ “ਵੈਸਾਖੀ ਦੀ ਸਾਖੀ”, ਬਖਸ਼ੀ ਸਿੰਘ ‘ਆਦਿਲ’ ਬਟਾਲਾ ਵਾਲਿਆਂ ਨੇ ਆਪਣੀ ਪੁਸਤਕ “ਰਾਮਗੜ੍ਹੀਆ ਇਤਿਹਾਸ” ਅਤੇ ਭਾਈ ਵੀਰ ਸਿੰਘ ਜੀ ਨੇ ਵੀ “ਕਲਗੀਧਰ ਚਮਤਕਾਰ” ਵਿੱਚ ਕੀਤਾ ਹੈ।

ਉਸ ਦੀ ਲੰਬੀ ਆਖਰੀ ਰਿਪੋਰਟ ਦਾ ਸੰਖੇਪ ਸਾਰ ਇਸ ਤਰ੍ਹਾਂ ਹੈ- “ਕਿ ਗੁਰੂ ਸਾਹਿਬ ਦੇ ਤਖਤ ਦਾ ਜਲੌਅ ਉਸ ਦਿਨ, ਮੁਗਲਾਂ ਦੇ ਚਾਰੇ ਤਖਤਾਂ ਨੂੰ ਮਾਤ ਪਾਉਂਦਾ ਸੀ। ਗੁਰੂ ਦੇ ਚਿਹਰੇ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ। ਗੁਰੂ ਨੇ ਤਲਵਾਰ ਹਵਾ ਵਿੱਚ ਲਹਿਰਾ ਕੇ, ਲਲਕਾਰ ਕੇ, ਵਾਰੋ ਵਾਰੀ ਪੰਜ ਸੀਸ ਮੰਗੇ। 80 ਹਜਾਰ ਦੇ ਇਕੱਠ ਵਿੱਚੋਂ, ਇੱਕ ਇੱਕ ਕਰਕੇ ਪੰਜ ਸਿੱਖ ਸਿਰ ਦੇਣ ਲਈ ਉੱਠੇ।  ਗੁਰੂ ਨੇ ਉਹਨਾਂ ਦੇ ਸਿਰ ਧੜ ਤੋਂ ਅਲੱਗ ਕਰਨ, ਤੇ ਜੋੜਨ ਦਾ ਕੌਤਕ ਵਰਤਾਇਆ। ਫੇਰ ਉਹਨਾਂ ਦੇ ਇੱਕੋ ਜਿਹੇ ਬਾਣੇ ਪਾ ਕੇ ਤੰਬੂ ਤੋਂ ਬਾਹਰ ਲਿਆਏ ਅਤੇ ਪਾਣੀ ਵਿੱਚ, ਤਲਵਾਰ (ਖੰਡਾ) ਫੇਰ ਕੇ, ਕਲਮਾਂ ਪੜ੍ਹੀਆਂ, ਅਤੇ ਆਬੇ ਹਯਾਤ ਤਿਆਰ ਕੀਤਾ, ਜਿਸ ਨੂੰ ਉਹਨਾਂ ਪੰਜਾਂ ਨੂੰ ਪਿਲਾਉਣ ਬਾਅਦ, ਫਿਰ ਆਪ ਵੀ ਉਹਨਾਂ ਤੋਂ ਆਬੇ ਹਯਾਤ ਦੀ ਯਾਚਨਾ ਕੀਤੀ। ਉਨਾਂ ਦੇ ਨਾਮ ਬਦਲ ਕੇ – ਦਇਆ ਸਿੰਘ, ਧਰਮ ਸਿੰਘ, ਸਿੰਘ, ਮੋਹਕਮ ਸਿੰਘ, ਅਤੇ ਸਾਹਿਬ ਸਿੰਘ ਰੱਖ ਦਿੱਤੇ। ਉਨਾਂ ਤੋਂ ਆਬੇ ਹਯਾਤ ਲੈ ਕੇ, ਆਪਣਾ ਨਾਮ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਰੱਖ ਲਿਆ। ਫਿਰ ਆਬੇ ਹਯਾਤ ਲੈਣ ਵਾਲਿਆਂ ਦੀਆਂ ਲਾਈਨਾਂ ਲੱਗ ਗਈਆਂ। ਮੇਰੇ ਤੋਂ ਵੀ ਰਿਹਾ ਨਹੀਂ ਗਿਆ, ਅਤੇ ਮੈਂ ਵੀ ਕਿਸੇ ਮਿਕਨਾਤੀਸੀ ਖਿੱਚ ਕਾਰਨ, ਗੁਰੂ ਦੇ ਚਰਨਾਂ ਤੇ ਢਹਿ ਕੇ, ਆਬੇ ਹਯਾਤ ਦੀ ਮੰਗ ਕੀਤੀ। ਗੁਰੂ, ਜੋ ਮੇਰੇ ਪਖੰਡ ਨੂੰ ਸ਼ਾਇਦ ਪਹਿਲਾਂ ਤੋਂ ਹੀ ਜਾਣਦਾ ਸੀ, ਉਸ ਨੇ ਮੁਸਕਰਾ ਕੇ ਮੇਰੀ ਪਿੱਠ ਤੇ ਥਾਪੜਾ ਦਿੱਤਾ ਤੇ ਮੈਨੂੰ ਵੀ ਆਬੇ ਹਯਾਤ ਦੇ ਕੇ ਅਬਉਲ ਤਰਾਨੀ ਤੋਂ ਅਜਮੇਰ ਸਿੰਘ ਬਣਾ ਦਿੱਤਾ ਅਤੇ ਮੈਂ ਵੀ ਗੁਰੂ ਦੀ ਫੌਜ ਵਿੱਚ ਭਰਤੀ ਹੋ ਗਿਆ।” ਇਤਿਹਾਸ ਗਵਾਹ ਹੈ ਕਿ ਇਹ ਅਬਉਲ ਤੁਰਾਨੀ, ਅੰਮ੍ਰਿਤ ਛੱਕ ਕੇ, ਅਜਮੇਰ ਸਿੰਘ ਬਣ ਕੇ, ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਇਆ।

ਖੋਜ ਕਰਨ ਤੇ ਪਤਾ ਲੱਗਦਾ ਹੈ ਕਿ ਇਹ ਸੀਸ ਭੇਟ ਕਰਨ ਵਾਲੇ ਪੰਜ ਪਿਆਰੇ, ਕੋਈ ਪਹਿਲੇ ਦਿਨ ਸੰਗਤ ਚ ਨਹੀਂ ਸੀ ਆਏ। ਇਤਿਹਾਸਕਾਰ ਬੇਅੰਤ ਸਿੰਘ ਕਲੇਰਾਂ ਵਾਲਿਆਂ ਦੀਆਂ ਪੰਜ ਪਿਆਰਿਆਂ ਤੇ ਲਿਖੀਆਂ ਖੋਜ ਭਰਪੂਰ ਪੰਜ ਪੁਸਤਕਾਂ ਨੂੰ ਪੜ੍ਹਨ ਤੇ ਤੇ ਪਤਾ ਲੱਗਦਾ ਹੈ ਕਿ- ਕਿ ਇਨ੍ਹਾਂ ਦੇ ਵੱਡੇ ਵਡੇਰੇ ਕਈ ਪੁਸ਼ਤਾਂ ਤੋਂ ਗੁਰੂ ਘਰ ਦੇ ਪ੍ਰੇਮੀ ਸਨ ਅਤੇ ਉਹਨਾਂ ਨੇ ਸ਼ਬਦ ਦੀ ਕਮਾਈ ਕੀਤੀ ਹੋਈ ਸੀ। ਗੁਰਮਤਿ ਵਿੱਚ ਸ਼ਬਦ ਹੀ ਪ੍ਰੇਮ ਹੈ, ਸ਼ਬਦ ਹੀ ਗਿਆਨ ਹੈ, ਸ਼ਬਦ ਹੀ ਗੁਰੂ ਹੈ, ਅਤੇ ਸ਼ਬਦ ਹੀ ਮਨੁੱਖ ਨੂੰ ਪਰਉਪਕਾਰੀ ਤੇ ਸਦਾਚਾਰੀ ਬਣਾਉਂਦਾ ਹੈ। ਇਹਨਾਂ ਪੰਜਾਂ ਨੂੰ ਇਹ ਸ਼ਬਦ ਦੀ ਗੁੜ੍ਹਤੀ ਜਨਮ ਤੋਂ ਹੀ ਮਿਲੀ ਹੋਈ ਸੀ- ਜਿਸ ਨੇ ਇਨ੍ਹਾਂ ਨੂੰ ਧਰਮ, ਕੌਮ ਅਤੇ ਗੁਰੂ ਤੋਂ ਕੁਰਬਾਨ ਹੋਣ ਦੀ ਪ੍ਰੇਰਨਾ ਦਿੱਤੀ ਅਤੇ ਇਹ ਆਪਣੇ ਸੀਸ ਭੇਟ ਕਰਨ ਦਾ ਹੀਆ ਕਰ ਸਕੇ।  ਦੇਸ਼ ਦੇ ਵੱਖੋ ਵੱਖ ਕੋਨਿਆਂ ਤੋਂ ਆਏ, ਵੱਖੋ ਵੱਖ ਜਾਤਾਂ ਦੇ ਪੰਜ ਪਿਆਰਿਆਂ ਨੂੰ,  ਇੱਕੋ ਬਾਟੇ ‘ਚੋਂ ਅੰਮ੍ਰਿਤ ਦੀ ਦਾਤ ਦੇਣ ਉਪਰੰਤ- ਆਪ ਵੀ ਉਹਨਾਂ ਦੇ ਹੱਥੋਂ ਅੰਮ੍ਰਿਤ ਛਕਣ ਉਪਰੰਤ, ਗੁਰੂ ਸਾਹਿਬ ਨੇ ਇਸ ਨਿਆਰੇ ਪੰਥ ਦੀ ਨੀਂਹ ਰੱਖੀ। ‘ਆਪੇ ਗੁਰ ਚੇਲਾ’ ਦੀ ਮਿਸਾਲ ਦੁਨੀਆਂ ਵਿੱਚ ਹੋਰ ਕਿਧਰੇ ਨਹੀਂ ਮਿਲਦੀ।

ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ।।
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।। (ਭਾਈ ਗੁਰਦਾਸ ਜੀ, ਵਾਰ ੪੧, ਪਉੜੀ ੧੭)

ਗੁਰੂੁ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਿਖਰ ਤੇ ਪਹੁੰਚਾਉਂਦਿਆਂ ਹੋਇਆਂ, ਮਨੂੰ ਦੀ ਵਰਣ ਵੰਡ ਨੂੰ ਮੁੱਢੋਂ ਨਕਾਰਦਿਆਂ, ਉਹਨਾਂ-

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ॥ ( ਸੋਰਠ ਮ:੫, ਅੰਗ ੬੧੧ ) ਨੂੰ ਅੰਤਿਮ ਛੋਹ ਪ੍ਰਦਾਨ ਕੀਤੀ।

ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ, ਨਹੀਂ ਮੋ ਸੇ ਗਰੀਬ ਕ੍ਰੋਰ ਪਰੇ॥ (ਖਾਲਸਾ ਮਹਿਮਾ, ਦਸਮ ਗ੍ਰੰਥ)

-ਦੇ ਬੋਲਾਂ ਰਾਹੀਂ ਪੰਜ ਪਿਆਰਿਆਂ ਨੂੰ ਮਾਣ ਦੇਣਾ! ਕਿੰਨੀ ਨਿਰਮਾਣਤਾ ਸੀ ਸਰਬ-ਕਲਾ ਸਮਰੱਥ ਗੁਰੂ ਗੋਬਿੰਦ ਸਿੰਘ ਜੀ ਵਿੱਚ! ਇਸ ਦਾ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਹੋ। ਖਾਲਸੇ ਦੇ ਪ੍ਰਗਟ ਹੋਣ ਨੂੰ ਗੁਰੂ ਸਾਹਿਬ ਪਰਮਾਤਮਾ ਦਾ ਹੁਕਮ ਦੇ ਮੰਨਦੇ ਹਨ-

ਖਾਲਸਾ ਅਕਾਲ ਪੁਰਖ ਕੀ ਫੌਜ।।
ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ।। (ਬਚਿੱਤਰ ਨਾਟਕ)

*ਖਾਲਸੇ ਦੀ ਵਿਲੱਖਣਤਾ ਜਾਂ ਨਿਆਰਾਪਨ*

ਖਾਲਸਾ ਪੰਥ ਸਾਜ ਕੇ, ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇੱਕ ਵੱਖਰੀ ਪਹਿਚਾਣ ਦੇ ਦਿੱਤੀ। ਹੁਣ ਲੱਖਾਂ ਚ ਤੁਰੇ ਜਾਂਦੇ ਵੀ ਦੂਰੋਂ ਹੀ ਪਹਿਚਾਣੇ ਜਾਂਦੇ ਸਨ।

ਦਸ਼ਮੇਸ਼ ਪਿਤਾ ਨੇ ਭਗਤੀ ਤੇ ਸ਼ਕਤੀ ਦਾ ਸੁਮੇਲ ਕਰਕੇ- ਇਹ ਖਾਲਸਾ ਪੰਥ ਸਾਜਿਆ ਸੀ, ਜੋ ਗੁਰੂ ਸਾਹਿਬ ਵਾਂਗ ਹੀ ਸੰਤ- ਸਿਪਾਹੀ ਹੋਵੇ। ਖਾਲਸੇੇ ਲਈ ਦਸ਼ਮੇਸ਼ ਪਿਤਾ ਦੇ ਬੋਲ ਹਨ-

ਜਾਗਤ ਜੋਤਿ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਆਨੈ॥
ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜ੍ਹੀ ਮੱਟ ਭੂਲ ਨ ਮਾਨੈ॥
ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ॥
ਪੂਰਨ ਜੋਤ ਜਗੈ ਘਟ ਮੈਂ, ਤਬ ਖ਼ਾਲਸ ਤਾਹਿ ਨਖ਼ਾਲਸ ਜਾਨੈ॥ ( ਸਵਈਏ, ਦਸਮ ਗ੍ਰੰਥ )

ਉਹਨਾਂ ਖਾਲਸੇ ਨੂੰ- ਪੂਜਾ ਅਕਾਲ ਕੀ- ਪਰਚਾ ਸ਼ਬਦ ਕਾ- ਦੀਦਾਰ ਖਾਲਸੇ ਕਾ- ਦਾ ਉਪਦੇਸ਼ ਦਿੱਤਾ।

‘ਖਾਲਸਾ’ ਉਹ- ਜੋ ਸ਼ਬਦ ਦੀ ਕਮਾਈ ਕਰਕੇ,  ਉੱਚੇ ਸੁੱਚੇ ਆਚਰਣ ਦਾ ਮਾਲਕ ਹੋਵੇ। ਜੋ ਨਾ ਕਿਸੇ ਤੋਂ ਡਰੇ ਤੇੇ ਨਾ ਡਰਾਵੇ। ਜੋ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਉਪਾਸ਼ਕ ਹੋਵੇ- ਭਾਵ ਮੜ੍ਹੀ ਮਸਾਣਾਂ ਜਾਂ ਦੇਵੀ ਦੇਵਤਿਆਂ ਨੂੰ ਨਾ ਪੂਜੇ। ਜੋ ਸਾਹਿਬ ਸ੍ਰੀ ਗੁਰੂੁ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਅੱਗੇ ਸੀਸ ਨਾ ਝੁਕਾਵੇ। ਜੋ ਸ਼ਬਦ ਚੋਂ ਗਿਆਨ ਲੈ ਕੇ- ਆਪਣੇ ਅੰਦਰ ਦੇ ਅਗਿਆਨਤਾ ਦੇ ਹਨ੍ਹੇਰੇ ਨੂੰ ਦੂਰ ਕਰੇ। ਜੋ ਕਹਿਣੀ ਤੇ ਕਰਨੀ ਦਾ ਪੂਰਾ ਹੋਵੇ। ਜੋ ਮਜ਼ਲੂਮਾਂ ਤੇ ਜ਼ੁਲਮ ਹੁੰਦਾ ਵੇਖ ਚੁੱਪ ਨਾ ਬੈਠੇ- ਸਗੋਂ ਉਹਨਾਂ ਦੀ ਮਦਦ ਕਰੇ। ਜੋ ਸੁੱਚੀ ਕਿਰਤ ਕਮਾਈ ਕਰੇ ਤੇ ਦਸਵੰਧ ਨੂੰ ਲੋੜਵੰਦਾਂ ਦੇ ਲੇਖੇ ਲਾਵੇ। ਜੋ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੇ, ਬਾਣੀ ਪੜ੍ਹੇ, ਵਿਚਾਰੇ ਅਤੇ ਬਾਣੀ ਅਨੁਸਾਰ ਜੀਵਨ ਜਾਚ ਅਪਨਾਏ। ਜੋ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤ ਹੋਵੇ। ਜੋ ਕਿਸੇ ਨਾਲ ਵੈਰ ਵਿਰੋਧ ਜਾਂ ਈਰਖਾ ਕਰਨ ਤੋਂ ਕੋਹਾਂ ਦੂਰ ਰਹੇ। ਜੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਪੰਜੇ ਵਿਕਾਰਾਂ ਤੇ ਕਾਬੂ ਪਾ ਕੇ ਰੱਖੇ। ਜੋ ਮਨ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਬਾਣੀ ਤੇ ਬਾਣੇ ਦਾ ਸਤਿਕਾਰ ਕਰੇ- ਪਰ ਧਰਮ ਨੂੰ ਧੰਦਾ ਨਾ ਬਣਾਏ। ਉਸ ਵਿੱਚ ਨਿਮਰਤਾ, ਮਿਠਾਸ, ਨੇਕੀ, ਪਰਉਪਕਾਰ, ਭਲਾਈ ਵਰਗੇ ਗੁਣ ਵੀ ਬਿਰਾਜਮਾਨ ਹੋਣ। ਹਰ ਔਰਤ ਦਾ ਸਤਿਕਾਰ ਕਰੇ। ਅਕਾਲ ਪੁਰਖ ਦਾ ਸ਼ੁਕਰਾਨਾ ਤੇ ਉਸ ਅੱਗੇ ਹੀ ਅਰਦਾਸ ਕਰੇ।

ਗੁਰੂ ਸਾਹਿਬ ਨੇ ਸਦੀਆਂ ਤੋਂ ਲਿਤਾੜੇ ਲੋਕਾਂ ਨੂੰ, ਅੰਮ੍ਰਿਤ ਦੀ ਦਾਤ ਦੇ ਕੇ ਗਿੱਦੜਾਂ ਤੋਂ ਸ਼ੇਰ ਬਣਾ ਦਿੱਤਾ। ਉਹਨਾਂ ਨੂੰ ਸਵੈਮਾਣ ਤੇ ਅਣਖ ਨਾਲ ਜੀਉਣ ਦੀ ਜਾਚ ਸਿਖਾ ਦਿੱਤੀ। ਉਹਨਾਂ ਗੁਰੂੁ ਨਾਨਕ ਨਾਮ ਲੇਵਾ ਸਿੱਖਾਂ ਨੂੰ ਸਮੁੱਚੇ ਤੌਰ ਤੇ ‘ਖਾਲਸਾ ਪੰਥ’ ਦਾ ਨਾਮ ਦਿੱਤਾ। ਇੱਕ ਦੂਜੇ ਨੂੰ ਮਿਲਣ ਤੇ-

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥

-ਕਹਿਣ ਦੀ ਹਦਾਇਤ ਕੀਤੀ। ਉਹਨਾਂ ਉਸ ਦਿਨ ਤੋਂ ਇਹ ਐਲਾਨ ਕਰ ਦਿੱਤਾ, ਕਿ ਖਾਲਸਾ ਗੁਰੂੁ ਹੈ ਤੇ ਗੁਰੂੁ ਖਾਲਸੇ ਵਿੱਚ ਵੱਸਦਾ ਹੈ। ਕੋਈ ਵੀ ਸਿੱਖ ਗੁਰੂੁ ਤੇ ਖਾਲਸੇ ਵਿੱਚ ਕੋਈ ਵੀ ਫਰਕ ਨਾ ਸਮਝੇ। ਉਹਨਾਂ ਦਾ ਫੁਰਮਾਨ ਹੈ-

ਖਾਲਸਾ ਮੇਰੋ ਰੂਪ ਹੈ ਖਾਸ॥
ਖਾਲਸੇ ਮਹਿ ਹਉ ਕਰਉ ਨਿਵਾਸ॥
ਖਾਲਸਾ ਮੇਰੋ ਪਿੰਡ ਪਰਾਨ॥
ਖਾਲਸਾ ਮੇਰੀ ਜਾਨ ਕੀ ਜਾਨ॥
ਖਾਲਸਾ ਮੇਰੋ ਸਤਿਗੁਰ ਪੂਰਾ॥ ਖਾਲਸਾ ਮੇਰੋ ਸੱਜਣ ਸੂਰਾ॥
ਯਾ ਮੈਂ ਰੰਚ ਨ ਮਿਥਿਆ ਭਾਖੀ॥ ਪਾਰਬ੍ਰਹਮ ਗੁਰੁ ਨਾਨਕ ਸਾਖੀ॥ ( ਸਰਬ ਲੋਹ ਗ੍ਰੰਥ)

ਖਾਲਸੇ ਦੀ ਵਿਲੱਖਣਤਾ ਬਾਰੇ, ਭਾਈ ਨੰਦ ਲਾਲ ਜੀ ਦੀ ਲਿਖਤ ‘ਤਨਖਾਹ ਨਾਮਾ’ ਵਿੱਚ ਵੀ ਪ੍ਰਸ਼ਨ ਉੱਤਰ ਦੀ ਸ਼ਕਲ ਵਿੱਚ, ਕਾਫੀ ਸ਼ਿਅਰ ਲਿਖੇ ਮਿਲਦੇ ਹਨ। ਖਾਲਸੇ ਦੇ ਨਿਆਰੇਪਨ ਦਾ ਜ਼ਿਕਰ ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਆਪਣੀ 128 ਪੰਨਿਆਂ ਦੀ ਪੁਸਤਕ- ‘ਹਮ ਹਿੰਦੂ ਨਹੀ’ ਵਿੱਚ, ਗਿਆਨੀ ਗਿਆਨ ਸਿੰਘ ਜੀ ਨੇ ‘ਪੰਥ ਪ੍ਰਕਾਸ਼’ ਵਿੱਚ, ਅਤੇ ਭਾਈ ਸੰਤੋਖ ਸਿੰਘ ਜੀ ਨੇ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿੱਚ ਵੀ ਸਪਸ਼ਟ ਸ਼ਬਦਾਂ ਵਿੱਚ ਕੀਤਾ ਹੈ।

*ਨਿਆਰੇ ਖਾਲਸੇ ਦੀ ਸ਼ਕਤੀ*

ਖਾਸਲਾ ਪੰਥ ਦੀ ਸਾਜਨਾ ਨਾਲ, ਸਿੱਖਾਂ ਵਿੱਚ ਇੱਕ ਨਵੀਂ ਰੂਹ ਫੂਕੀ ਗਈ। ਇੱਕ ਇੱਕ ਸਿੰਘ ਸ਼ਸਤਰਧਾਰੀ ਹੋ ਕੇ, ਜ਼ੁਲਮ ਜਬਰ ਵਿਰੁੱਧ ਜੂਝਣ ਲਈ ਤਿਆਰ-ਬਰ ਤਿਆਰ ਹੋ ਗਿਆ। ਸਿੱਖ ਪੰਜ ਕਕਾਰਾਂ- ਕੇਸ, ਕੰਘਾ, ਕੜਾ, ਕਿਰਪਾਨ ਤੇ ਕੱਛ- ਦੇ ਧਾਰਨੀ ਹੋ ਕੇ, ‘ਸਿੰਘ’ ਸਜ ਗਏ ਤੇ ਸਿੰਘਣੀਆਂ ‘ਕੌਰ’ ਬਣ ਗਈਆਂ। ‘ਸਿੰਘ’ ਦਾ ਮਤਲਬ ਸ਼ੇਰ ਤੇ ‘ਕੌਰ’ ਤੋਂ ਭਾਵ ਸ਼ਹਿਜ਼ਾਦੀ ਹੁੰਦਾ ਹੈ। ਇਹਨਾਂ ਪੰਜ ਕਕਾਰਾਂ ਦੇ ਨਾਲ ਹੀ ਖਾਲਸੇ ਨੂੰ ਚਾਰ ਬਜਰ ਕੁਰਹਿਤਾਂ ਤੋਂ ਵੀ ਵਰਜਿਆ ਗਿਆ। ਇਹ ਕੁਰਹਿਤਾਂ ਸਨ- ਪਰ ਇਸਤ੍ਰੀ ਦਾ ਸੰਗ ਕਰਨਾ, ਕੁੱਠਾ ਮਾਸ ਖਾਣਾ, ਤਮਾਕੂ ਦਾ ਸੇਵਨ ਅਤੇ ਕੇਸਾਂ ਦੀ ਬੇਅਦਬੀ।

ਇਹ ਅੰਮ੍ਰਿਤ ਦੀ ਸ਼ਕਤੀ ਦੀ ਕਰਾਮਾਤ ਸੀ ਕਿ ਇੱਕ ਇੱਕ ਸਿੰਘ ਲੱਖਾਂ ਨਾਲ ਜੂਝਣ ਲਈ ਤਿਆਰ ਹੋ ਗਿਆ। ਗੁਰੂ ਸਾਹਿਬ ਦੇ ਕਥਨ ਅਨੁਸਾਰ-

ਚਿੜੀਓ ਸੇ ਮੈਂ ਬਾਜ ਤੁੜਾਊਂ॥
ਸਵਾ ਲਾਖ ਸੇ ਏਕ ਲੜਾਊ॥
ਤਬੈ ਗੋਬਿੰਦ ਸਿੰਘ ਨਾਮ ਕਹਾਊ॥ (ਚੰਡੀ ਦੀ ਵਾਰ)

ਚਮਕੌਰ ਦੀ ਜੰਗ ਵਿੱਚ ਕੇਵਲ ਚਾਲੀ ਸਿੰਘਾਂ ਨੇ, ਦਸ ਲੱਖ ਦੁਸ਼ਮਣ ਦੀ ਫੌੋਜ ਦਾ ਮੁਕਾਬਲਾ ਕੀਤਾ। ਜਿੰਨੀਆਂ ਜੰਗਾਂ ਵੀ ਗੁਰੂੁ ਸਾਹਿਬ ਤੇ ਥੋਪੀਆਂ ਗਈਆਂ, ਸਭ ਵਿੱਚ ਜਿੱਤ ਖਾਲਸੇੇ ਦੀ ਹੀ ਹੁੰਦੀ। ਮੁੱਠੀ ਭਰ ਸਿੰਘ, ਮੁਗਲ ਸੈਨਾ ਤੇ ਪਹਾੜੀ ਰਾਜਿਆਂ ਦੀ ਅਥਾਹ ਸ਼ਕਤੀ ਅੱਗੇ ਡੱਟ ਜਾਂਦੇ। ਇੱਥੇ ਇਹ ਵੀ ਜਾਣਕਾਰੀ ਦੇ ਦਿਆਂ ਕਿ- ਗੁਰੂ ਸਾਹਿਬ ਨੂੰ 42 ਸਾਲ ਦੀ ਆਯੂ ਦੌਰਾਨ, ਇੱਕ ਦਰਜਣ ਤੋਂ ਵੱਧ ਜੰਗਾਂ ਦਾ ਸਾਹਮਣਾ ਕਰਨਾ ਪਿਆ। ਜੇ ਕਿਧਰੇ ਉਹਨਾਂ ਨੂੰ ਸ਼ਾਂਤ ਮਹੌਲ ਮਿਲਦਾ, ਤਾਂ ਸਾਡੀ ਕੌਮ ਦੇ ਹਾਲਾਤ ਕੁੱਝ ਹੋਰ ਹੁੰਦੇ।

ਗੁਰੂੁ ਸਾਹਿਬ ਨੇ ਖਾਲਸੇ ਨੂੰ ਆਪਣੇ ਪੁੱਤਰਾਂ ਤੋਂ ਵੀ ਵੱਧ ਪਿਆਰ ਦਿੱਤਾ। ਚਮਕੌਰ ਦੀ ਜੰਗ ਵੇਲੇ, ਜਦੋਂ ਸਿੰਘਾਂ ਨੇ ਉਹਨਾਂ ਨੂੰ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਗੜ੍ਹੀ ‘ਚੋਂ ਨਿਕਲ ਜਾਣ ਦੀ ਸਲਾਹ ਦਿੱਤੀ ਤਾਂ ਉਹਨਾਂ ਇਨਕਾਰ ਕਰਦੇ ਹੋਏ ਕਿਹਾ ਕਿ- ‘ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੋ’। ਆਪਣੇ ਪੁੱਤਰਾਂ ਨੂੰ ਆਪਣੇ ਹੱਥੀਂ ਤਿਆਰ ਕਰਕੇ, ਸਿੰਘਾਂ ਦੇ ਨਾਲ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਣ ਲਈ ਭੇਜਣਾ, ਤੇ ਪੁੱਤਰਾਂ ਦੀਆਂ ਲਾਸ਼ਾਂ ਤੇ ਬਿਨਾ ਕੱਫਨ ਪਾਏ ਤੁਰ ਜਾਣਾ- ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਖਾਲਸੇ ਤੇ ਪੁੱਤਰਾਂ ਵਿੱਚ ਕਦੇ ਕੋਈ ਫਰਕ ਨਹੀਂ ਸਮਝਿਆ।

ਦਸ਼ਮੇਸ਼ ਪਿਤਾ ਜੀ ਨੇ ਖਾਲਸੇ ਨੂੰ ‘ਖ਼ਾਲਸ’ ਰਹਿਣ ਲਈ, ਸਾਵਧਾਨ ਕਰਦੇ ਫੁਰਮਾਨ ਜਾਰੀ ਕੀਤਾ-

ਜਬ ਲਗ ਖਾਲਸਾ ਰਹੇ ਨਿਆਰਾ॥
ਤਬ ਲਗ ਤੇਜ ਦੀਉ ਮੈਂ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ॥
ਮੈਂ ਨ ਕਰੋੋਂ ਇਨ ਕੀ ਪ੍ਰਤੀਤ॥ (ਸਰਬ ਲੋਹ ਗ੍ਰੰਥ)

ਇਹ ਖਾਲਸੇ ਦੇ ‘ਨਿਆਰੇਪਨ’ ਤੇ ਗਰੂ ਸਾਹਿਬ ਦੇ ‘ਤੇਜ’ ਦਾ ਹੀ ਨਤੀਜਾ ਸੀ ਕਿ- ਖਾਲਸੇ ਨੇ ਜ਼ੁਲਮ ਜਬਰ ਅੱਗੇ ਕਦੇ ਗੋਡੇ ਨਾ ਟੇਕੇ। ਜ਼ਕਰੀਆ ਖਾਨ ਵੇਲੇ ਵੀ, ਤੇ ਵਿਦੇਸ਼ੀ ਧਾੜਵੀਆਂ ਵੇਲੇ ਵੀ ਖਾਲਸਾ, ਜੰਗਲਾਂ ‘ਚ ਇੱਕ ਮੁੱਠ ਛੋਲਿਆਂ ਦੀ ਚੱਬ ਕੇ, ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦਾ ਹੋਇਆ ਵੀ, ਵਿਦੇਸ਼ੀ ਧਾੜਵੀਆਂ ਤੋਂ ਹਿੰਦੁਸਤਾਨੀਆਂ ਦੀਆਂ ਬਹੂ ਬੇਟੀਆਂ ਛੁਡਾ ਲਿਆਉਂਦਾ ਤੇ ਵਾਰਸਾਂ ਦੇ ਹਵਾਲੇ ਕਰਦਾ। ਜਿੱਥੇ ਸਿੰਘ ਨਿਡਰ ਹੋ ਕੇ ਮੌਤ ਨੂੰ ਮਖੌਲਾਂ ਕਰਨ ਲੱਗੇ- ਉਥੇ ਸਿੰਘਣੀਆਂ ਵੀ ਪਿੱਛੇ ਨਹੀਂ ਰਹੀਆਂ। ਮੀਰ ਮੰਨੂ ਦੇ ਸਮੇਂ ਸਿਦਕੀ ਸਿੰਘਣੀਆਂ ਦੇ ਸਿਦਕ ਦੀ ਮਿਸਾਲ ਵੀ, ਸਿੱਖ ਇਤਿਹਾਸ ਤੋਂ ਬਿਨਾ ਹੋਰ ਕਿਤੇ ਨਹੀਂ ਮਿਲ ਸਕਦੀ।

*ਅਜੋਕੇ ਸਮੇਂ ਦੀ ਲੋੜ*

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ- ਜਿਸ ਸਿੱਖੀ ਦੇ ਮਹਿਲ ਨੂੰ ਉਸਾਰਨ ਲਈ ਦਸ਼ਮੇਸ਼ ਪਿਤਾ ਨੇ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ- ਕੀ ਅਸੀਂ ਉਸ ਮਹਿਲ ਦੀ ਸਾਂਭ ਸੰਭਾਲ ਕਰ ਰਹੇ ਹਾਂ? ਕੀ ਖਾਲਸੇੇ ਦਾ ਨਿਆਰਾਪਨ ਕਿਤੇ ਗੁਆਚਦਾ ਤਾਂ ਨਹੀਂ ਜਾ ਰਿਹਾ? ਕਿਤੇ ਅਸੀਂ ‘ਬਿਪਰਨ ਕੀ ਰੀਤ’ ਵੱਲ ਤਾਂ ਨਹੀਂ ਤੁਰ ਪਏ? ਕਿਤੇ ਅਸੀਂ ਗੁਰੂੁ ਸਾਹਿਬ ਨਾਲ ਕੀਤੇ ‘ਬਜਰ ਕੁਰਹਿਤਾਂ’ ਦੇ ਪ੍ਰਣ ਤਾਂ ਨਹੀਂ ਭੁੱਲ ਗਏ? ਅੱਜ ਲੋੜ ਹੈ- ਆਪਣੇ ਅੰਦਰ ਝਾਤ ਮਾਰਨ ਦੀ। ਬੜਾ ਦੁੱਖ ਹੁੰਦਾ ਹੈ ਖਾਲਸਾ ਜੀ- ਜਦੋਂ ਅਸੀਂ ਬਾਣੇ ਪਹਿਨ ਕੇ, ਸਿੱਖੀ ਨੂੰ ਲਾਜ ਲਾਉਣ ਵਾਲੇ ਕੁਕਰਮ ਕਰ ਬੈਠਦੇ ਹਾਂ ਤੇ ਦੂਜਿਆਂ ਲਈ ਮਜ਼ਾਕ ਦੇ ਪਾਤਰ ਬਣਦੇ ਹਾਂ।
ਅਜੇ ਵੀ ਵੇਲਾ ਹੈ ਸੰਭਲ ਜਾਈਏ। ‘ਖਾਲਸਾ ਸਾਜਨਾ ਦਿਵਸ’ ਤੇ ਕੇਵਲ ਸਟਾਲ ਲਾ ਕੇ, ਤਰ੍ਹਾਂ ਤਰ੍ਹਾਂ ਦੇ ਖਾਣਿਆਂ ਦਾ ਤੇ ਮੇਲੇ ਦਾ ਅਨੰਦ ਮਾਣ ਕੇ ਹੀ ਨਾ ਚਲੇ ਜਾਈਏ, ਦਸ਼ਮੇਸ਼ ਪਿਤਾ ਨਾਲ ਕੀਤੇ ਕੌਲ ਕਰਾਰ ਵੀ ਯਾਦ ਕਰੀਏ। ਆਪਣੀ ਕੌਮ ਦਾ ਨਿਆਰਾਪਨ ਬਰਕਰਾਰ ਰੱਖੀਏ। ਭਾਵੇਂ ਸਾਡੀ ਕੌਮ ਵਿੱਚ ਕਾਫੀ ਨਿਘਾਰ ਆ ਗਿਆ ਹੈ- ਪਰ ਅੱਜ ਵੀ, ਪਿੰਗਲਵਾੜਾ ਸੰਸਥਾ, ਮਨੁੱਖਤਾ ਦੀ ਸੇਵਾ ਸੋਸਾਇਟੀ, ਅਪਾਹਜ ਆਸ਼ਰਮ ਸਰਾਭਾ, ਅਤੇ  ‘ਖਾਲਸਾ ਏਡ’ ਵਰਗੀਆਂ ਕੁੱਝ ਇੱਕ ਸੰਸਥਾਵਾਂ, ਸਿੱਖੀ ਪਰੰਪਰਾਵਾਂ ਤੇ ਪਹਿਰਾ ਦੇ ਰਹੀਆਂ ਹਨ। ਧੰਨ ਨੇ ਉਹ ਵੀਰ- ਜੋ ਵਰ੍ਹਦੀਆਂ ਗੋਲੀਆਂ ਵਿੱਚ ਜਾ ਕੇ ਭੁੱਖਿਆਂ ਨੂੰ ਖਾਣਾ, ਲੋੜਵੰਦਾਂ ਨੂੰ ਦਵਾਈਆਂ ਤੇ ਕੱਪੜੇ ਵੰਡ ਕੇ, ਸਿੱਖ ਕੌਮ ਦਾ ਨਾਂ ਦੁਨੀਆਂ ਵਿੱਚ ਰੌਸ਼ਨ ਕਰ ਰਹੇ ਹਨ। ਅਜੇ ਉਹਨਾਂ ਲੋਕਾਂ ਦੀ ਵੀ ਕਮੀ ਨਹੀਂ.. ਜੋ ਆਪਣੇ ਉੱਚੇ ਸੁੱਚੇ ਕਿਰਦਾਰ, ਇਮਾਨਦਾਰੀ ਤੇ ਨਿਸ਼ਕਾਮ ਸੇਵਾ ਕਾਰਨ, ਦੇਸ਼-ਵਿਦੇਸ਼ ‘ਚ ਇੱਕ ਵੱਖਰੀ ਪਛਾਣ ਬਣਾਈ ਬੈਠੇ ਹਨ!

ਅੱਜ ਲੋੜ ਹੈ ਸਾਨੂੰ ਅਜੇਹੇ ਲੋਕਾਂ ਨੂੰ ਆਪਣੇ ਰੋਲ-ਮਾਡਲ ਬਣਾ, ਮੁੜ ‘ਖਾਲਸ’ ਬਣ, ਦਸ਼ਮੇਸ਼ ਪਿਤਾ  ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਨਾਲ ਨਾਲ, ਗੁਰੂੁ ਨਾਨਕ ਦੀ ਲਾਈ ਸਿੱਖੀ ਦੀ ਫੁੱਲਵਾੜੀ ਦੀ ਮਹਿਕ ਚਾਰੇ ਪਾਸੇ ਖਿੰਡਾਉਣ ਵਿੱਚ, ਆਪਣਾ ਵੀ ਥੋੜ੍ਹਾ ਬਹੁਤ ਯੋਗਦਾਨ ਜਰੂਰ ਪਾਈਏ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>