*ਇਹ ਬਸਤਰ ਸਾਂਭ ਕੇ ਰੱਖਿਓ, ਇਹ ਸ਼ਸ਼ਤਰ ਸਾਂਭ ਕੇ ਰੱਖਿਓ*

Screenshot_2026-04-28_12-32-25.resizedਕੈਲਗਰੀ : ਈ ਦੀਵਾਨ ਸੋਸਾਇਟੀ ਵੱਲੋਂ ਖ਼ਾਲਸਾ ਸਾਜਨਾ ਦਿਵਸ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਇੱਕ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਦੇਸ਼ਾਂ ਤੋਂ ਆਏ ਪੰਥਕ ਕਵੀਆਂ ਨੇ ਹਿੱਸਾ ਲਿਆ। ਇਹ ਸੋਸਾਇਟੀ ਦਸ਼ਮੇਸ਼ ਪਿਤਾ ਦੀ ਚਲਾਈ ਹੋਈ ਕਵੀ ਦਰਬਾਰਾਂ ਦੀ ਪਰੰਪਰਾ ਨੂੰ ਅੱਗੇ ਤੋਰਨ ਲਈ, ਆਪਣਾ ਅਹਿਮ ਯੋਗਦਾਨ ਪਾ ਰਹੀ ਹੈ।

ਸਭ ਤੋਂ ਪਹਿਲਾਂ  ਅਨੁਰੀਤ ਕੌਰ ਟੋਰੰਟੋ ਨੇ ਸ਼ਬਦ “ਅਬ ਹਮ ਚਲੀ ਠਾਕੁਰ ਪਹਿ ਹਾਰਿ।।” ਸਬਦ ਗਾਇਨ ਕਰਕੇ ਸਮਾਗਮ ਦੀ ਆਰੰਭਤਾ ਕੀਤੀ। ਜੈਪੁਰ ਤੋਂ ਬ੍ਰਿਜਮਿੰਦਰ ਕੌਰ ਨੇ “ਸਾ ਰਸਨਾ ਧਨੁ ਧੰਨੁ ਹੈ ਮੇਰੀ ਜਿੰਦੁੜੀਏ..।।” ਸ਼ਬਦ ਨਾਲ ਹਾਜ਼ਰੀ ਲਵਾਈ। ਸੋਸਾਇਟੀ ਦੇ ਸੰਸਥਾਪਕ ਡਾਕਟਰ ਜਗਬੀਰ ਸਿੰਘ ਨੇ ਕਵੀ ਦਰਬਾਰ ਦਾ ਆਯੋਜਨ ਦੱਸਦੇ ਹੋਏ ਕਵੀਆਂ ਨੂੰ ‘ਜੀ ਆਇਆਂ’ ਕਿਹਾ। ਕੁੱਝ ਸਮਾਂ ਪਹਿਲਾਂ ਵਿੱਛੜੇ ਸੋਸਾਇਟੀ ਦੇ ਬਾਨੀ ਸੰਸਥਾਪਕ ਡਾਕਟਰ ਸੁਰਜੀਤ ਸਿੰਘ ਭੱਟੀ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ।

GridArt_20260428_182537661.resizedਕਵੀ ਦਰਬਾਰ ਦੇ ਸ਼ੁਰੂ ਵਿੱਚ, ਪਰਨੀਤ ਕੌਰ, ਸਿਮਰਲੀਨ ਕੌਰ ਅਤੇ ਪਰਮਜੀਤ ਸਿੰਘ ਟੋਰਾਂਟੋ ਨੇ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਗੀਤ “ਛੇੜ ਮਰਦਾਨਿਆ ਰਬਾਬ ਬਾਣੀ ਆਈ ਏ” ਸਾਜ਼ਾਂ ਨਾਲ ਸੁਣਾ ਕੇ ਸੁਰਮਈ ਵਾਤਾਵਰਣ ਸਿਰਜ ਦਿੱਤਾ। ਪਟਿਆਲੇ ਤੋਂ ਕੁਲਵੰਤ ਸਿੰਘ ਸੈਦੋਕੇ ਜੀ ਨੇ ਬੈਂਤ ਛੰਦ ਵਿਚ ਕਵਿਤਾ ਸੁਣਾ ਕੇ, ਖ਼ਾਲਸਾ ਸਾਜਨਾ ਦੇ ਬਿਰਤਾਂਤ ਨੂੰ ਅੱਖਾਂ ਅੱਗੇ ਰੂਪਮਾਨ ਕਰ ਦਿੱਤਾ। ਆਨੰਦਪੁਰ ਸਾਹਿਬ ਤੋਂ ਪੰਥਕ ਸ਼ਾਇਰ ਸ. ਨਿਰਵੈਰ ਸਿੰਘ ਅਰਸ਼ੀ ਨੇ ਆਪਣੀ ਭਾਵਪੂਰਤ ਕਵਿਤਾ “ਤੇਰਾ ਖ਼ਾਲਸਾ” ਸਟੇਜੀ ਅੰਦਾਜ਼ ਵਿੱਚ ਸੁਣਾਈ। ਸਿਆਟਲ ਤੋਂ ਆਏ ਸ. ਅਵਤਾਰ ਸਿੰਘ ਆਦਮਪੁਰੀ ਨੇ “ਪਾਹੁਲ ਖੰਡੇਧਾਰ ਦਾਤਾ ਕੈਸੀ ਤੂੰ ਪਿਲਾ ਗਿਆ” ਗੀਤ ਰਾਹੀਂ ਖ਼ਾਲਸੇ ਦੇ ਗੁਣਾਂ ਨੂੰ ਯਾਦ ਕੀਤਾ। ਗੁਰੂ ਨਾਨਕ ਜੀ ਦੇ ਚੋਜਾਂ ਨੂੰ “ਤੇਰੇ ਕਿਹੜੇ ਕਿਹੜੇ ਦੱਸਾਂ ਚੋਜ਼ ਕਈ ਦਾਤਿਆ” ਰਾਹੀਂ ਸ. ਬਲਕਾਰ ਸਿੰਘ ਬੱਲ ਇਟਲੀ ਨੇ ਆਪਣੀ ਸੁੰਦਰ ਅਵਾਜ਼ ਰਾਹੀਂ ਪ੍ਰਗਟ ਕੀਤਾ । ਲੁਧਿਆਣੇ ਤੋਂ ਸ. ਜਸਵਿੰਦਰ ਸਿੰਘ ਰੁਪਾਲ ਨੇ  “ਗੁਰੂ ਨਾਨਕ ਤੇਰੀ ਬਾਣੀ” ਰਦੀਫ਼ ਨਾਲ ਸੁਣਾਈ ਗ਼ਜ਼ਲ ਰਾਹੀਂ ਗੁਰੂ ਨਾਨਕ ਦੀ ਬਾਣੀ ਦੀ ਇਨਕਲਾਬੀ ਸ਼ਕਤੀ ਦੀ ਮਹਾਨਤਾ ਦਰਸਾਈ। ਪ੍ਰਿੰ. ਚਰਨਦੀਪ ਕੌਰ ਕੈਲਗਰੀ ਨੇ ਕਵਿਤਾ “ਦਿਨ ਵਿਸਾਖੀ ਸਤਿਗੁਰ ਮੇਰੇ ਖੜ੍ਹ ਗਏ ਤੇਗਾ ਫੜ ਕੇ” ਪੇਸ਼ ਕੀਤੀ ਅਤੇ ਇੱਕ ਕਵਿਤਾ ਗੁਰੂ ਨਾਨਕ ਜੀ ਤੇ ਵੀ ਸੰਗਤ ਨਾਲ ਸਾਂਝੀ ਕੀਤੀ। ਸ਼ਬਦਾਂ ਦੇ ਜਾਦੂਗਰ ਸ. ਮਨਜੀਤ ਸਿੰਘ ਚਾਤ੍ਰਿਕ ਜੀ ਨੇ ਅਨੁਪ੍ਰਾਸ ਛੰਦ ਦੀ ਬਹੁ ਵਰਤੋਂ ਕਰਦੇ ਹੋਏ ਤੇਜ਼ ਰਵਾਨੀ ਵਾਲੀ ਕਵਿਤਾ ਸੰਖ-ਨਾਦ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਛੋਟੀ ਬੱਚੀ ਨੂਰ ਕੌਰ ਗਰੇਵਾਲ ਨੇ ਕਵਿਤਾ “ਮੈ ਹਾਂ ਸਾਹਿਬ ਕੌਰ ਦੀ ਧੀ ” ਅਤੇ ਸਿਦਕ ਸਿੰਘ ਗਰੇਵਾਲ ਨੇ “ਅਸੀਂ ਸਰਦਾਰ ਹਾਂ ” ਕਵਿਤਾ ਸੁਣਾ ਕੇ ਸਿੱਖੀ ਦੇ ਸੋਹਣੇ ਭਵਿੱਖ ਨੂੰ ਪ੍ਰਗਟਾ ਦਿੱਤਾ। ਸੁਖਮਿੰਦਰ ਸਿੰਘ ਗਿੱਲ ਕੈਲਗਰੀ ਨੇ  ਸਾਜ਼ ਅਤੇ ਆਵਾਜ਼ ਦੇ ਸੁੰਦਰ ਸੁਮੇਲ  ਰਾਹੀਂ, “ਇਹ ਬਸਤਰ ਸਾਂਭ ਕੇ ਰੱਖਿਓ, ਇਹ ਸ਼ਸਤਰ ਸਾਂਭ ਕੇ ਰੱਖਿਓ” ਦਾ ਇੱਕ ਸਾਰਥਕ ਸੰਦੇਸ਼ ਦਿੱਤਾ। ਗੁਰਦੀਸ਼ ਕੌਰ ਗਰੇਵਾਲ ਨੇ ਆਪਣਾ ਗੀਤ “ਖਾਲਸੇ ਦਾ ਰੁਤਬਾ ਬੜਾ ਮਹਾਨ ਹੈ” ਤਰੰਨਮ ਵਿਚ ਪੇਸ਼ ਕੀਤਾ ਅਤੇ ਸ. ਸੁਜਾਨ ਸਿੰਘ ਸੁਜਾਨ ਨੇ ਗੀਤ “ਦਸਮੇ ਗੁਰਾਂ ਤੋਂ ਕਿਉ ਨਾ ਬਲਿਹਾਰੇ ਜਾਈਏ ” ਗਾ ਕੇ ਸੁਣਾਇਆ।

ਅੰਤ ਤੇ ‘ਸਾਂਝੀ ਵਿਰਾਸਤ’ ਮੈਗਜ਼ੀਨ ਦੇ ਸੰਪਾਦਕ ਡਾਕਟਰ ਕਾਬਲ ਸਿੰਘ ਨੇ, ਕਵੀਆਂ ਦਾ ਧੰਨਵਾਦ ਕਰਦੇ ਹੋਏ, ਕਵੀਆਂ ਨੂੰ ਮੈਗਜ਼ੀਨ ਲਈ ਕਵਿਤਾਵਾਂ ਭੇਜਣ ਦੀ ਬੇਨਤੀ ਕੀਤੀ।

ਕਵੀ ਦਰਬਾਰ ਦਾ ਸੰਚਾਲਨ ਸੁਜਾਨ ਸਿੰਘ ਸੁਜਾਨ ਅਤੇ ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਜੀ ਨੇ ਸਾਂਝੇ ਤੌਰ ਤੇ ਕੀਤਾ ।ਸੋਸਾਇਟੀ ਦੀ ਮਰਿਯਾਦਾ ਅਨੁਸਾਰ ਆਨੰਦ ਸਾਹਿਬ ਦਾ ਪਾਠ ਅਤੇ ਅਰਦਾਸ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ।

ਵਧੇਰੇ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ- ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਕੈਲਗਰੀ  +1(403) 404-1450

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>