ਮਹਾਦਾਨੀ

ਭੂਰੋ ਅਤੇ ਭੋਲੀ ਸਰਦਾਰ ਕਰਨੈਲ ਸਿਓਂ ਦੇ ਖੇਤ ਵਿੱਚੋਂ ਖੜੇ ਕਣਕ ਦੇ ਗਾਹੜ ‘ਚੋਂ ਬੱਲੀਆਂ ਚੁੱਗ ਰਹੀਆਂ ਸਨ। ਇੰਨੇ ਨੂੰ ਕਰਨੈਲ ਸਿਓਂ ਆ ਗਿਆ। “ਨੀ ਆ ਕਿਹੜੀਆਂ ਤੁਸੀਂ, ਖੇਤ ‘ਚੋਂ ਬਾਹਰ ਨਿਕਲੋ। ਇੱਥੇ ਹੀ ਕਰੋ ਖਾਲੀ ਬੋਰੀਆਂ। ਕਿਵੇਂ ਉਜਾੜਾ ਕੀਤਾ ਐ। ਕੰਪਾਈਨ ਮਗਰੋਂ ਵੱਢ ਕੇ ਨਿਕਲਦੀ ਐ, ਕਤੀੜ ਪਹਿਲਾਂ ਆ ਜਾਂਦੀ ਐ”, ਕਰਨੈਲ ਸਿਓਂ ਨੇ ਦਬਕਾਉਂਦਿਆਂ ਕਿਹਾ।

“ਸਰਦਾਰਾ ਕਣਕ ਤਾਂ ਤੇਰੀ ਵੱਢੀ ਪਈ ਐ। ਤੇਰੇ ਕਾਹਦਾ ਘਾਟਾ, ਸਾਡੇ ਦੋ ਸੇਰ ਦਾਣੇ ਕੰਮ ਆ ਜਾਣਗੇ। ਤੈਨੂੰ ਜਵਾਕ ਵੀ ਅਸੀਸਾਂ ਦੇਣਗੇ”, ਭੂਰੋ ਨੇ ਤਰਲੇ ਨਾਲ ਕਿਹਾ।

“ਸਿਟੋ ਬੋਰੀਆਂ, ਜਾਤ ਕਿਹੜਾ ਸੁਣਦੀ ਹੈਗੀ। ਤੁਸੀਂ ਬੀਜ ਕੇ ਗਈਆਂ ਸੀ। ਦਿਹਾੜੀ ਕਰਕੇ ਖਾਵੋ। ਬਾਹਰ ਨਿਕਲੋ…”,

ਕਰਨੈਲ ਸਿਓਂ ਨੇ ਗੁੱਸੇ ਨਾਲ ਕਿਹਾ। ਭੁਰੋ ਤੇ ਭੋਲੀ ਨੇ ਬੋਰੀਆਂ ਵਿਚਲੀਆਂ ਬੱਲੀਆਂ ਉੱਥੇ ਹੀ ਢੇਰੀ ਕਰ ਦਿੱਤੀਆਂ।

“ਨਹੀਂ ਭੋਲੀ ਕੱਲ੍ਹ ਗੁਰਦੁਆਰੇ ਬਾਬਾ ਬੋਲਿਆ ਸੀ ਬਈ ਕਰਨੈਲ ਸਿਓਂ ਨੇ ਗੁਰਦੂਆਰੇ ਪੰਜ ਕੁਆਂਟਲ ਕਣਕ ਦਾਨ ਕੀਤੀ ਐ। ਜੇ ਆਪਣੀਆਂ ਚੁੱਗੀਆਂ ਬੱਲੀਆਂ ਆਪਾਂ ਨੂੰ ਹੀ ਦੇ ਦਿੰਦਾ ਆਪਣੇ ਢਿੱਡ ਵੀ ਅਸੀਸਾਂ ਦਿੰਦੇ”।

“ਨੀ ਭੂਰੋ ਤੂੰ ਤਾਂ ਕਮਲੀ ਐ। ਹੁਣ ਉਹ ਲੋਕ ਨਾ ਰਹੇ। ਚੌਧਰ ਦਾ ਟੈਮ ਐ। ਗੁਰਦੁਆਰੇ ਕਣਕ ਤਾਂ ਦਿੱਤੀ ਉੱਥੇ ਤਾਂ ਸਰਦਾਰ ਦਾ ਨਾਂਓ ਪੱਥਰ ‘ਤੇ ਲਿਖਿਆ ਜਾਵੇਗਾ। ਆਪਣੀਆਂ ਅਸੀਸਾਂ ਦਾ ਉਹਨੇ ਅਚਾਰ ਪਾਣਾ। ਆਪਾਂ ਗਰੀਬ, ਉੱਥੇ ਸਾਰੀ ਦੁਨੀਆ ‘ਚ ਦਾਨੀ ਕਹਾਉਣਾ। ਪੱਥਰ ‘ਤੇ ਨਾਂਓ ਸਾਰੀ ਦੁਨੀਆ ਪੜ੍ਹੇਗੀ ਤੇ ਆਪਾਂ ਨੂੰ ਤਾਂ ਰੇਤੇ ‘ਤੇ ਵੀ ਨਹੀਂ ਲਿਖਣਾ ਆਉਂਦਾ। ਤੁਰ ਆ ਚੁਪ ਕਰਕੇ, ਰੱਬ ਤੇ ਡੋਰੀਆਂ ਰੱਖ”, ਭੋਲੀ ਨੇ ਕਿਹਾ।

“ਨੀ ਰੱਬ ਕਿਹੜਾ… ਹੁਣ ਤਾਂ ਰੱਬ ਵੀ ਪੱਥਰਾਂ ਤੇ ਨਾਂਓ ਪੜ੍ਹ ਕੇ ਹੀ ਭਲਾ ਕਰਦਾ ਐ। ਰੱਬ ਤਾਂ ਖਰੀਦ ਲਿਆ ਇਨ੍ਹਾਂ ਪੈਸੇ ਵਾਲਿਆਂ ਨੇ”, ਭੂਰੋ ਨੇ ਉੱਥੇ ਖਾਲੀ ਬੋਰੀ ਸੁੱਟਦਿਆਂ ਕਿਹਾ ‘ਤੇ ਪੈਰ ਘਸੀੜਦੀ ਹੋਈ ਪਿੰਡ ਵੱਲ ਤੁਰ ਪਈ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>