ਤੁਰ ਗਿਆ ਨਿਸ਼ਾਨੇਬਾਜ਼ੀ ਦਾ ਬਾਦਸ਼ਾਹ ਰਾਜਾ ਰਣਧੀਰ ਸਿੰਘ

2159ef5a-7b0b-4012-86f7-f65914f60cb4.resized ਓਲੰਪਿਕ ਖੇਡਾਂ ਵਿਚ ਭਾਰਤ ਦੀ ਪੰਜ ਵਾਰ ਨੁਮਾਇੰਦਗੀ ਕਰਨ ਵਾਲੇ ਨਿਸ਼ਾਨੇਬਾਜ਼ੀ ਦੇ ਬਾਦਸ਼ਾਹ ਰਾਜਾ ਰਣਧੀਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ 80 ਸਾਲ ਦੇ ਸਨ। ਉਨ੍ਹਾਂ ਦੇ ਤੁਰ ਜਾਣ ਨਾਲ ਖੇਡ ਇਤਿਹਾਸ ਦੇ ਸੁਨਹਿਰੇ ਯੁਗ ਦਾ ਅੰਤ ਹੋ ਗਿਆ ਹੈ। 1978 ਵਿੱਚ ਏਸ਼ੀਆਈ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ ਸੋਨ ਤਮਗਾ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਸਨ। ਫਿਰ ਉਨ੍ਹਾਂ ਲਗਾਤਾਰ 1982 ਤੱਕ ਪੰਜ ਵਾਰੀ ਤਮਗੇ ਜਿੱਤਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਉਹ ਭਾਰਤੀ ਖਿਡਾਰੀਆਂ ਲਈ ਪ੍ਰੇਰਨ ਸਰੋਤ ਬਣੇ ਸਨ। ਉਹ ਅੰਤਰਰਾਸ਼ਟਰੀ ਪੱਧਰ ਦੇ ਨਿਸ਼ਾਨੇਬਾਜ਼ ਅਤੇ ਖੇਡ ਪ੍ਰਬੰਧਕ ਸਨ, ਜਿਸ ਕਰਕੇ ਰਾਜਾ ਰਣਧੀਰ ਸਿੰਘ ਨੂੰ 8 ਸਤੰਬਰ 2024 ਨੂੰ ਓਲੰਪਿਕ ਕੌਂਸਲ ਆਫ਼ ਏਸ਼ੀਆ ਦਾ ਪ੍ਰਧਾਨ ਚੁਣਿਆਂ ਗਿਆ ਸੀ। ਉਹ ਪਹਿਲਾ ਭਾਰਤੀ ਸੀ, ਜਿਸਨੂੰ ਇਹ ਮਾਣ ਪ੍ਰਾਪਤ ਹੋਇਆ ਸੀ। ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਖੇਡ ਵਿਰਾਸਤ ਬਹੁਤ ਅਮੀਰ ਹੈ। ਰਾਜਾ ਰਣਧੀਰ ਸਿੰਘ ਦਾ ਜਨਮ ਪਟਿਆਲਾ ਵਿਖੇ ਸ਼ਾਹੀ ਖਾਨਦਾਨ ਵਿਚ ਮਹਾਰਾਜਾ ਭੁਪਿੰਦਰ ਸਿੰਘ ਦੇ ਸਪੁੱਤਰ ਰਾਜਾ ਭਲਿੰਦਰਾ ਸਿੰਘ ਦੇ ਘਰ 18 ਅਕਤੂਬਰ 1946 ਨੂੰ ਹੋਇਆ ਸੀ। ਉਸਦੇ ਪਿਤਾ ਰਾਜਾ ਭਲਿੰਦਰਾ ਸਿੰਘ ਆਈ.ਓ.ਸੀ ਦੇ 1947 ਤੋਂ 1992 ਤੱਕ ਪ੍ਰਧਾਨ ਰਹੇ ਹਨ। ਉਨ੍ਹਾਂ ਦੀਆਂ ਕੋਸ਼ਿਸਾਂ ਸਦਕਾ ਹੀ ਦਿੱਲੀ ਵਿਖੇ 1982 ਵਿਚ ਨੌਵੀਂਆਂ ਏਸ਼ੀਅਨ ਗੇਮਜ਼ ਹੋਈਆਂ ਸਨ। ਉਹ ਵੀ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਨੂੰ ਸਰਪਰਸਤੀ ਦਿੰਦੇ ਰਹੇ ਹਨ।  ਰਾਜਾ ਰਣਧੀਰ ਸਿੰਘ ਨੇ ਮੁੱਢਲੀ ਪੜ੍ਹਾਈ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਅਤੇ ਕਰਨਲ ਬਰਾਊਨ ਸਕੂਲ ਦੇਹਰਾਦੂਨ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਚ ਪੜ੍ਹਾਈ ਬੀ.ਏ ਹਿਸਟਰੀ ਸੇਂਟ ਸਟੀਫ਼ਨ ਕਾਲਜ ਦਿੱਲੀ ਤੇਂ ਪਾਸ ਕੀਤੀ। ਤੀਰ ਅੰਦਾਜ਼ੀ ਤੇ ਨਿਸ਼ਾਨੇਬਾਜ਼ੀ ਸ਼ਾਹੀ ਪਰਿਵਾਰ ਦੀ ਸ਼ਾਹੀ ਖੇਡ ਹੈ, ਜਿਸ ਕਰਕੇ ਰਾਜਾ ਰਣਧੀਰ ਸਿੰਘ ਨੂੰ ਬਚਪਨ ਵਿਚ ਹੀ ਤੀਰ ਅੰਦਾਜ਼ੀ ਤੇ ਨਿਸ਼ਾਨੇਬਾਜ਼ੀ ਦਾ ਸ਼ੌਕ ਪੈਦਾ ਹੋ ਗਿਆ ਸੀ। ਪਟਿਆਲਾ ਦੇ ਸ਼ਾਹੀ ਘਰਾਣੇ ਦੀ ਖੇਡਾਂ ਦੇ ਖੇਤਰ ਵਿਚ ਵੱਖਰੀ ਪਛਾਣ ਹੈ। ਘੋੜ ਸਵਾਰੀ, ਕ੍ਰਿਕਟ, ਪੋਲੋ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਦੇ ਸ਼ੌਕ ਕਰਕੇ ਪੈਪਸੂ ਦੇ ਖਿਡਾਰੀ ਸੰਸਾਰ ਵਿਚ ਪਟਿਆਲਾ ਦਾ ਨਾਂ ਰੌਸ਼ਨ ਕਰਦੇ ਰਹੇ ਹਨ। ਰਾਜਾ ਰਣਧੀਰ ਸਿੰਘ ਨੇ ਪਹਿਲੀ ਵਾਰ 1964 ਵਿਚ ਇੰਡੀਅਨ ਨੈਸ਼ਨਲ ਚੈਂਪੀਅਨਸ਼ਿਪ ਵਿਚ 18 ਸਾਲ ਦੀ ਉਮਰ ਵਿਚ ਹਿੱਸਾ ਲਿਆ। 1967 ਵਿਚ ਪਹਿਲੀ ਵਾਰ ਸਕੀਟ ਸ਼ੂਟਿੰਗ ਵਿਚ ਵਿਅਕਤੀਗਤ ਜਿੱਤ ਪ੍ਰਾਪਤ ਕੀਤੀ ਸੀ। ਇਸ ਤੋਂ ਬਾਅਦ ਸਕੀਟ ਅਤੇ ਟਰੈਪ ਸ਼ੂਟਿੰਗ ਵਿਚ ਕੌਮੀ ਪੱਧਰ ਤੇ ਕਈ ਜਿੱਤਾਂ ਪ੍ਰਾਪਤ ਕੀਤੀਆਂ। ਰਾਜਾ ਰਣਧੀਰ ਸਿੰਘ ਕਮਾਲ ਦੇ ਨਿਸ਼ਾਨੇਬਾਜ ਸਨ, ਜਿਹੜੇ 6 ਵਾਰ ਓਲੰਪਿਕ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕਰਦੇ ਰਹੇ ਸਨ। ਰਾਸ਼ਟਰਮੰਡਲ ਖੇਡਾਂ ਵਿਚ ਉਨ੍ਹਾਂ ਨੇ 1978 ਵਿਚ ਸੋਨੇ ਦਾ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ 5 ਵਾਰ ਏਸ਼ੀਅਨ ਖੇਡਾਂ ਵਿਚ ਵੀ ਆਪਣੀ ਸਰਦਾਰੀ ਕਾਇਮ ਕੀਤੀ। 1982 ਦੀਆਂ ਏਸ਼ੀਅਨ ਖੇਡਾਂ ਵਿਚ ਉਨ੍ਹਾਂ ਨੇ ਚਾਂਦੀ ਅਤੇ ਕਾਂਸੀ ਦਾ ਤਮਗਾ ਜਿੱਤਿਆ ਸੀ।

ਭਾਰਤ ਸਰਕਾਰ ਨੇ ਉਨ੍ਹਾਂ ਦੀਆਂ ਸ਼ਲਾਘਾਯੋਗ ਪ੍ਰਾਪਤੀਆਂ ਕਰਕੇ 1979 ਵਿਚ ਅਰਜੁਨਾ ਅਵਾਰਡ ਦੇ ਕੇ ਸਨਮਾਨਿਆਂ ਸੀ। ਪੰਜਾਬ ਸਰਕਾਰ ਨੇ ਵੀ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇ ਕੇ ਸਨਮਾਨਿਤ ਕੀਤਾ ਸੀ। ਆਮ ਤੌਰ ‘ਤੇ ਖਿਡਾਰੀ ਆਪਣੀ ਖੇਡ ਦੇ ਹੀ ਮਾਹਿਰ ਹੁੰਦੇ ਹਨ, ਪ੍ਰੰਤੂ ਰਾਜਾ ਰਣਧੀਰ ਸਿੰਘ ਕੁਸ਼ਲ ਖੇਡ ਪ੍ਰਬੰਧਕ ਤੌਰ ਤੇ ਵੀ  ਨਾਮਣਾ ਖੱਟ ਚੁੱਕੇ ਸਨ। 1987 ਤੋਂ 2014 ਤੱਕ ਉਹ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਹੇ ਹਨ। ਰਾਜਾ ਰਣਧੀਰ ਸਿੰਘ 1991 ਤੋਂ 2015 ਤੱਕ ਓਲੰਪਿਕ ਕੌਂਸਲ ਆਫ਼ ਏਸ਼ੀਆ ਦੇ ਵੀ ਜਨਰਲ ਸਕੱਤਰ ਰਹੇ ਸਨ। ਐਫ਼ਰੋ ਏਸ਼ੀਅਨ ਗੇਮਜ਼ ਕੌਂਸਲ ਦੇ ਉਹ ਪਹਿਲੇ ਫ਼ਾਊਂਡਰ ਸਕੱਤਰ ਜਨਰਲ ਸਨ, ਜਿਹੜੇ 1998 ਤੋਂ 2007 ਤੱਕ ਇਸ ਅਹੁਦੇ ਤੇ ਰਹੇ। 2003 ਵਿਚ ਹੈਦਰਾਬਾਦ ਵਿਚ ਹੋਈਆਂ ਐਫ਼ਰੋ ਏਸ਼ੀਅਨ ਗੇਮਜ਼ ਦੀ ਉਸਨੇ ਅਗਵਾਈ ਕੀਤੀ ਸੀ। 2010 ਦੀਆਂ ਕਾਮਨ ਵੈਲਥ ਏਸ਼ੀਅਨ ਗੇਮਜ਼ ਭਾਰਤ ਵਿਚ ਕਰਵਾਉਣ ਦਾ ਸਿਹਰਾ ਵੀ ਰਾਜਾ ਰਣਧੀਰ ਸਿੰਘ ਨੂੰ ਹੀ ਜਾਂਦਾ ਹੈ, ਇਨ੍ਹਾਂ ਗੇਮਜ਼ ਦੀ ਆਰਗੇਨਾਈਜੇਸ਼ਨ ਕਮੇਟੀ ਦੇ ਉਹ ਉਪ ਪ੍ਰਧਾਨ ਸਨ। ਕਾਮਨ ਵੈਲਥ ਗੇਮਜ਼ ਬਾਰੇ ਬਹੁਤ ਸਾਰੇ ਵਾਦ ਵਿਵਾਦ ਹੋਏ ਸਨ। ਇਥੋਂ ਤੱਕ ਕਿ ਭਰਿਸ਼ਟਾਚਾਰ ਦੇ ਇਲਜ਼ਾਮ ਖੇਡ ਪ੍ਰਬੰਧਕਾਂ ਅਤੇ ਸਿਆਸਤਦਾਨਾ ਤੇ ਲੱਗੇ, ਪ੍ਰੰਤੂ ਰਾਜਾ ਰਣਧੀਰ ਸਿੰਘ ਦਾ ਅਕਸ ਇਨ੍ਹਾਂ ਗੇਮਾਂ ਵਿਚ ਸਵੱਛ ਰਿਹਾ। ਉਸਨੂੰ 6ਵੀਂ ਵਾਰ ਓ.ਸੀ.ਏ ਦਾ ਸਕੱਤਰ ਜਨਰਲ ਚੁਣਿਆਂ ਗਿਆ ਸੀ। ਇਸ ਤੋਂ ਇਲਾਵਾ ਉਹ ਵਰਲਡ ਐਂਟੀ ਡੋਪਿੰਗ ਏਜੰਸੀ ਫਾਊਂਡੇਸ਼ਨ ਬੋਰਡ ਦੇ 2003 ਤੋਂ 2005 ਤੱਕ, ਓਲੰਪਿਕ ਗੇਮਜ਼ ਸਟੱਡੀ 2002 ਤੋਂ 2003, ਸਪੋਰਟ ਫਾਰ ਆਲ 2004, ਵਿਮੈਨ ਐਂਡ ਸਪੋਰਟ 2006, ਕੋਆਰਡੀਨੇਸ਼ਨ ਫਾਰ ਫਸਟ ਸਮਰ ਯੂਥ ਗੇਮਜ਼ ਸਿੰਘਾਪੁਰ 2010 ਅਤੇ ਓਲੰਪਿਕ ਟਰੂਸ ਫਾਊਂਡੇਸ਼ਨ 2007 ਦੇ ਮੈਂਬਰ ਰਹੇ ਸਨ।  2006 ਵਿਚ ਲਕਸ਼ਮੀ ਬਾਈ ਨੈਸ਼ਨਲ ਇਨਸਟੀਚਿਊਟ ਆਫ ਫਿਜੀਕਲ ਐਜੂਕੇਸ਼ਨ ਗਵਾਲੀਅਰ ਨੇ ਉਸਨੂੰ ਉਸਦੀਆਂ ਸਪੋਰਟਸ ਦੇ ਵਿਕਾਸ ਲਈ ਕੀਤੀਆਂ ਸੇਵਾਵਾਂ ਕਰਕੇ ਡੀ.ਲਿਟ.ਇਨ.ਸਪੋਰਟਸ ਸਾਇੰਸ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ। 26 ਅਗਸਤ 2011 ਵਾਲੇ ਦਿਨ ਉਸਨੇ ਖੇਡਣ ਤੋਂ ਸੇਵਾ ਮੁਕਤੀ ਲੈ ਲਈ ਸੀ, ਪ੍ਰੰਤੂ ਉਹ ਖੇਡਾਂ ਦੇ ਪ੍ਰਬੰਧ ਅਤੇ ਆਯੋਜਨ ਵਿਚ ਸਲਾਹਕਾਰ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਰਹੇ ਸਨ। ਅੰਤਰਾਸ਼ਟਰੀ ਖੇਡਾਂ ਦੇ ਖੇਤਰ ਵਿਚ ਉਹ ਇੱਕ ਕੁਸ਼ਲ ਖੇਡ ਪ੍ਰਬੰਧਕ ਦੇ ਤੌਰ ਤੇ ਵੀ ਜਾਣੇ ਜਾਂਦੇ ਸਨ। ਕੌਮਾਂਤਰੀ ਓਲੰਪਿਕ ਸੰਘ ਦੇ ਲੰਮਾ ਸਮਾਂ ਮੈਂਬਰ ਰਹੇ ਸਨ। ਉਸ ਦੀਆਂ ਸ਼ਲਾਘਾਯੋਗ ਪ੍ਰਾਪਤੀਆਂ ਕਰਕੇ ਓਲੰਪਿਕ ਸੰਘ ਵੱਲੋਂ ਓਲੰਪਿਕ ਆਰਡਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਸਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਉਮਰ ਭਰ ਲਈ ਪ੍ਰਧਾਨ ਬਣਾਕੇ ਸਨਮਾਨ ਦਿੱਤਾ ਸੀ। ਰਾਜਾ ਰਣਧੀਰ ਸਿੰਘ ਦੇ ਖੇਡ ਪ੍ਰਬੰਧਕ ਦੇ ਤਜ਼ਰਬੇ ਦੇ ਆਧਾਰ ਤੇ ਉਨ੍ਹਾਂ ਨੂੰ ਏਸ਼ੀਆਈ ਓਲੰਪਿਕ ਪ੍ਰੀਸ਼ਦ ਨੇ 2022 ਵਿਚ ਚੀਨ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੀ ਤਾਲਮੇਲ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਸੀ। ਇਹ ਨਿਯੁਕਤੀ ਭਾਰਤ ਦੇ ਖੇਡ ਜਗਤ ਲਈ ਮਾਣ ਵਾਲੀ ਗੱਲ ਸੀ। ਉਹ 1991 ਤੋਂ 2015 ਤੱਕ 24 ਸਾਲ ਏਸ਼ੀਆਈ ਓਲੰਪਿਕ ਪ੍ਰੀਸ਼ਦ ਦੇ ਜਨਰਲ ਸਕੱਤਰ ਦੇ ਅਹੁਦੇ ਤੇ ਰਹਿ ਚੁੱਕੇ ਹਨ। ਰਾਜਾ ਰਣਧੀਰ ਸਿੰਘ ਚੰਗੇ ਨਿਸ਼ਾਨੇਬਾਜ਼ ਹੋਣ ਕਰਕੇ ਪੰਜ ਵਾਰ ਓਲੰਪਿਕ ਖੇਡਾਂ ਵਿਚ ਹਿੱਸਾ ਲੈ ਚੁੱਕੇ ਸਨ। ਇਸ ਤੋਂ ਇਲਾਵਾ ਉਹ ਭਾਰਤੀ ਓਲੰਪਿਕ ਸੰਘ ਦੇ ਜਨਰਲ ਸਕੱਤਰ ਅਤੇ 2001 ਤੋਂ 2014 ਤੱਕ ਕੌਮਾਂਤਰੀ ਓਲੰਪਿਕ ਸੰਮਤੀ ਦੇ ਮੈਂਬਰ ਵੀ ਰਹੇ ਸਨ। ਕਰਨੀ ਸਿੰਘ ਤੋਂ ਬਾਅਦ ਮਿਕਸਡ ਟਰੈਪ ਵਿਚ ਉਨ੍ਹਾਂ ਦਾ ਨਾਮ ਆਉਂਦਾ ਹੈ।

ਰਾਜਾ ਰਣਧੀਰ ਸਿੰਘ ਭਾਵੇਂ ਸ਼ਾਹੀ ਪਰਿਵਾਰ ਦੇ ਮੈਂਬਰ ਸਨ, ਪ੍ਰੰਤੂ ਉਸਦਾ ਸੁਭਾਅ ਅਤੇ ਵਿਕਅਤਿਤਵ ਬਹੁਤ ਹੀ ਨਮਰਤਾ, ਮਿਲਾਪੜਾ, ਖ਼ੁਸ਼ਦਿਲ ਅਤੇ ਹਲੀਮੀ ਵਾਲਾ ਸੀ। ਉਨ੍ਹਾਂ ਨੇ ਸਿਆਸਤ ਵਿਚ ਬਿਲਕੁਲ ਹੀ ਦਿਲਚਸਪੀ ਨਹੀਂ ਲਈ, ਹਾਲਾਂਕਿ ਭਾਰਤ ਦੇ ਸ਼ਾਹੀ ਪਰਿਵਾਰਾਂ ਦੇ ਮੈਂਬਰ ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਿਚ ਆਪੋ ਆਪਣਾ ਯੋਗਦਾਨ ਪਾ ਰਹੇ ਹਨ। ਰਾਜਾ ਰਣਧੀਰ ਸਿੰਘ ਦਾ ਚਚੇਰਾ ਭਰਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਦੋ ਵਾਰ ਮੁੱਖ ਮੰਤਰੀ ਰਿਹਾ, ਭਰਜਾਈ ਮਹਾਰਾਣੀ ਪਰਨੀਤ ਕੌਰ ਕੇਂਦਰੀ ਮੰਤਰੀ ਰਹੇ, ਪ੍ਰੰਤੂ ਰਾਜਾ ਰਣਧੀਰ ਸਿੰਘ ਨੇ ਸਿਆਸਤ ਵਿੱਚ ਦਿਲਚਸਪੀ ਨਹੀਂ ਵਿਖਾਈ। ਸਿਰਫ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਵਿੱਚ ਉਹ ਪ੍ਰਚਾਰ ਕਰਨ ਲਈ ਆਏ ਸਨ, ਪ੍ਰੰਤੂ ਕਦੀ ਭਾਸ਼ਣ ਕਿਸੇ ਚੋਣ ਜਲਸੇ ਵਿੱਚ ਨਹੀਂ ਦਿੱਤਾ। ਸਿਰਫ ਹੱਥ ਜੋੜਕੇ ਹੀ ਫਤਿਹ ਬੁਲਾ ਦਿੰਦੇ ਸਨ। ਉਹ ਸਬਰ ਸੰਤੋਖ ਵਾਲੇ ਸੁਦ੍ਰਿੜ੍ਹ, ਇਮਾਨਦਾਰ, ਮਿਹਨਤੀ ਅਤੇ ਇਰਾਦੇ ਦੇ ਮਜ਼ਬੂਤ ਵਿਅਕਤੀ ਸਨ। ਸਪੋਰਟਮੈਨ ਹੋਣ ਕਰਕੇ ਸਮਾਜ ਦੇ ਹਰ ਖੇਤਰ ਵਿਚ ਅਨੁਸ਼ਾਸਨ ਨਾਲ ਵਿਚਰਣ ਵਿਚ ਵਿਸ਼ਵਾਸ ਰੱਖਦੇ ਸਨ। ਉਹ ਸੰਗੀਤ ਪ੍ਰੇਮੀ ਵੀ ਸਨ। ਗੀਤ ਅਤੇ ਗ਼ਜ਼ਲਾਂ ਆਪ ਵੀ ਗਾਉਂਦੇ ਸਨ। ਪਟਿਆਲਾ ਦਾ ਸ਼ਾਹੀ ਪਰਿਵਾਰ ਸੰਸਾਰ ਵਿਚ ਖੇਡ ਪ੍ਰੇਮੀ ਦੇ ਤੌਰ ਤੇ ਪ੍ਰਸਿੱਧ ਹੈ। ਉਸਦੇ ਚਾਚਾ ਮਹਾਰਾਜਾ ਯਾਦਵਿੰਦਰ ਸਿੰਘ ਵੀ ਖੇਡ ਪ੍ਰੇਮੀ ਸਨ, ਜਿਨ੍ਹਾਂ ਦਿੱਲੀ ਵਿਖੇ ਪਹਿਲੀਆਂ ਏਸ਼ੀਅਨ ਗੇਮਜ਼ 1951 ਵਿਚ ਆਯੋਜਤ ਕਰਵਾਈਆਂ ਸਨ। ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਚਚੇਰੇ ਭਰਾ ਹਾਰਸ ਪੋਲੋ ਦੇ ਖਿਡਾਰੀ ਅਤੇ ਖੇਡ ਪ੍ਰੇਮੀ ਹਨ, ਜਿਨ੍ਹਾਂ ਨੇ ਪਟਿਆਲਾ ਵਿਖੇ 2004 ਵਿਚ  ਹਿੰਦ-ਪਾਕਿ ਖੇਡਾਂ ਆਯੋਜਤ ਕਰਵਾਈਆਂ ਸਨ। ਨੈਸ਼ਨਲ ਇਨਸਟੀਚਿਊਟ ਆਫ਼ ਸਪੋਰਟਸ ਦੀ ਇਮਾਰਤ ਵੀ ਸ਼ਾਹੀ ਪਰਿਵਾਰ ਨੇ ਮੁਫ਼ਤ ਵਿਚ ਕੇਂਦਰ ਸਰਕਾਰ ਨੂੰ ਇਹ ਸਪੋਰਟਸ ਸੰਸਥਾ ਸਥਾਪਤ ਕਰਨ ਲਈ ਦਾਨ ਵੱਜੋਂ ਦਿੱਤੀ ਸੀ। ਅੰਗਰੇਜ਼ਾਂ ਦੇ ਰਾਜ ਵਿਚ ਵੀ ਇਹ ਪਰਿਵਾਰ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਦਾ ਰਿਹਾ ਹੈ। ਰੁਸਤਮੇ ਹਿੰਦ ਰਹੇ ਕੇਸਰ ਸਿੰਘ ਪਹਿਲਵਾਨ ਵਰਗੇ ਅਨੇਕਾਂ ਖਿਡਾਰੀ ਇਸ ਪਰਿਵਾਰ ਦੀ ਦੇਣ ਸਨ। ਸਾਈਕਲ, ਕ੍ਰਿਕਟ, ਸ਼ੂਟਿੰਗ ਅਤੇ ਹਾਰਸ ਪੋਲੋ ਦੀਆਂ ਖੇਡਾਂ ਵਿਚ ਪਟਿਆਲਾ ਸ਼ਾਹੀ ਘਰਾਣੇ ਦੀ ਸਰਪਰਤੀ ਨੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਾਸ਼ਟਰੀ ਖਿਡਾਰੀ ਪੈਦਾ ਕੀਤੇ ਹਨ। ਇਸ ਪਰਿਵਾਰ ਨਾਲ ਸੰਬੰਧਤ ਰਾਜਾ ਰਣਧੀਰ ਸਿੰਘ ਖੇਡ ਸੰਸਾਰ ਦਾ ਜਾਣਿਆਂ ਪਛਾਣਿਆਂ ਅੰਤਰਾਸ਼ਟਰੀ ਪੱਧਰ ਦਾ ਨਿਸ਼ਾਨੇਬਾਜ,  ਅਜਿਹਾ ਖਿਡਾਰੀ ਸੀ, ਜਿਸਨੇ ਪਟਿਆਲਾ ਦਾ ਨਾਂ ਦੁਨੀਆਂ ਦੇ ਨਕਸ਼ੇ ਤੇ ਲਿਆਂਦਾ ਸੀ। ਰਾਜਾ ਰਣਧੀਰ ਸਿੰਘ ਇਸ ਸਮੇਂ ਦਿੱਲੀ ਵਿਚ ਰਹਿੰਦੇ ਸਨ। ਉਸਦੀਆਂ ਚਾਰ ਲੜਕੀਆਂ ਹਨ। ਉਹ 27 ਮਈ 2026 ਨੂੰ ਦਿੱਲੀ ਵਿਖੇ ਆਪਣੇ ਘਰ ਵਿਖੇ ਹੀ ਲੰਬੀ ਬਿਮਾਰੀ ਤੋਂ ਬਾਅਦ ਸਵਰਗਵਾਸ ਹੋ ਗਏ ਸਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>