ਭਵਿੱਖ ਵਿੱਚ ਚੰਦਰਮਾ ਤੇ ਕਬਜਾ ਕਰਨ ਦੀ ਵੱਖ-ਵੱਖ ਦੇਸ਼ਾਂ ਵਿੱਚ ਹੋੜ ਲੱਗ ਸਕਦੀ ਹੈ

ਬੱਚਿਆਂ ਦਾ ਚੰਦਾ ਮਾਮਾ ਸ਼ੁਰੂ ਤੋਂ ਹੀ ਬੱਚਿਆਂ ਦੀ ਖਿੱਚ ਦਾ ਕੇਂਦਰ ਰਹਿੰਦਾ ਹੈ। ਸਿਰਫ ਬੱਚਿਆਂ ਦਾ ਹੀ ਨਹੀਂ ਇਹ ਮਨੁੱਖਾਂ ਅਤੇ ਵਿਗਿਆਨੀਆਂ ਦੀ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਧਰਤੀ ਦੇ ਨੇੜੇ ਹੋਣ ਕਾਰਨ ਇਹ ਸਾਨੂੰ ਜਿਆਦਾ ਸੁੰਦਰ ਦਿਖਾਈ ਦਿੰਦਾ ਹੈ। ਚੰਦਰਮਾ ਦੇ ਇਸੇ ਖਿੱਚ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਦੀਆਂ ਪੁਲਾੜੀ ਗੱਡੀਆਂ ਜਾਂ ਤਾਂ ਚੰਦਰਮਾ ਤੇ ਗੇੜਾ ਲਾ ਆਈਆਂ ਹਨ ਜਾਂ ਉਸਦੇ ਆਲੇ ਦੁਆਲੇ ਚੱਕਰ ਕੱਢ ਆਈਆਂ ਹਨ। ਅਮਰੀਕਾ ਦੇ ਵਿਗਿਆਨੀ ਤਾਂ ਉਥੇ ਕਦਮਤਾਲ ਵੀ ਕਰ ਆਏ ਹਨ।

ਪਰ ਸਵਾਲ ਉੱਠਦਾ ਹੈ ਕਿ ਜਦੋਂ ਚੰਦਰਮਾ ਦੇ ਉੱਤੇ ਹਾਲਾਤ ਰਹਿਣ ਯੋਗ ਹੀ ਨਹੀਂ ਹਨ, ਨਾ ਉੱਥੇ ਆਕਸੀਜਨ ਹੈ ਅਤੇ ਨਾ ਹੀ ਸਹੀ ਮਾਤਰਾ ਵਿੱਚ ਪਾਣੀ। ਨਾ ਉਥੇ ਵਾਯੂਮੰਡਲ ਹੈ ਅਤੇ ਨਾ ਹੀ ਉਥੇ ਕੋਈ ਉਗਾਉਣ ਲਈ ਫਸਲ ਅੰਨ ਹੈ। ਉਸ ਦੇ ਕਈ ਖੇਤਰ ਤਾਂ ਅਜਿਹੇ ਹਨ ਜਿੱਥੇ ਕਦੇ ਸੂਰਜ ਦੀ ਰੋਸ਼ਨੀ ਵੀ ਨਹੀਂ ਪਹੁੰਚੀ। ਇੰਨ੍ਹੇ ਉਲਟ ਹਾਲਾਤ ਹੋਣ ਦੇ ਬਾਵਜੂਦ ਵੀ ਸਾਡੇ ਵਿਗਿਆਨੀ ਚੰਦਰਮਾ ਦੀ ਖਿੱਚ ਵੱਲ ਕਿਉਂ ਵਧੇ ਜਾ ਰਹੇ ਹਨ?

ਚੰਦਰਮਾ ਦੀ ਸਤਾ ਦੇ ਉੱਤੇ ਸੂਰਜ ਦੀ ਰੋਸ਼ਨੀ ਸਿੱਧੀ ਪੈਂਦੀ ਹੈ। ਸੂਰਜ ਦੀ ਰੋਸ਼ਨੀ ਨੂੰ ਚੰਦਰਮਾ ਦੀ ਸਤਾ ਤੱਕ ਪਹੁੰਚਣ ਲਈ ਵਾਤਾਵਰਨ ਦੀ ਰੁਕਾਵਟ ਨਹੀਂ ਆਉਂਦੀ ਕਿਉਂਕਿ ਚੰਦਰਮਾ ਦੇ ਉੱਤੇ ਵਾਤਾਵਰਨ ਹੈ ਹੀ ਨਹੀਂ। ਇਸ ਦਾ ਫਾਇਦਾ ਚੁੱਕ ਕੇ ਚੰਦਰਮਾ ਦੀ ਸਤ੍ਹਾ ਦੇ ਉੱਤੇ ਵੱਡੇ ਸੋਲਰ ਪੈਨਲ ਲਗਾ ਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਪਰ ਸਵਾਲ ਫੇਰ ਉਹੀ ਹੈ ਕਿ ਉਥੇ ਇਸ ਦਾ ਕੀ ਫਾਇਦਾ ਜਾਂ ਇਹ ਧਰਤੀ ਤੇ ਪੁੱਜੇਗੀ ਕਿਵੇਂ?

ਚੰਦਰਮਾ ਉੱਤੇ ਹੀਲੀਅਮ-3 ਬਹੁਤ ਜਿਆਦਾ ਮਾਤਰਾ ਵਿੱਚ ਹੈ। ਇਸ ਦੀ ਵਰਤੋਂ ਨਾਭਿਕੀ ਸੰਯੋਜਨ ਕਿਰਿਆ ਵਿਚ ਕੀਤੀ ਜਾਂਦੀ ਹੈ। ਇਸ ਕਿਰਿਆ ਰਾਹੀਂ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਸੂਰਜ ਵਿੱਚ ਵੀ ਨਾਭਿਕੀ ਸੰਯੋਜਨ ਕਿਰਿਆ ਹੀ ਹੁੰਦੀ ਹੈ। ਪਰ ਫਰਕ ਸਿਰਫ ਇੰਨਾ ਹੈ ਕਿ ਉਥੇ ਹਾਈਡਰੋਜਨ ਦੇ ਨਾਭਿਕਾਂ ਦਾ ਸੰਯੋਜਨ ਹੁੰਦਾ ਹੈ ਪਰ ਚੰਦਰਮਾ ਤੋਂ ਮਿਲਣ ਵਾਲੇ ਹੀਲੀਅਮ ਦੇ ਨਾਭਿਕਾਂ ਦਾ ਸੰਯੋਜਨ ਕਰਵਾ ਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਇਹ ਬਿਜਲੀ ਵਾਤਾਵਰਨ ਪੱਖੀ ਤੇ ਪ੍ਰਦੂਸ਼ਣ ਮੁਕਤ ਹੋਵੇਗੀ। ਪਰ ਸਵਾਲ ਇਹ ਉੱਠਦਾ ਹੈ ਕਿ ਇਹ ਧਰਤੀ ਤੇ ਪੁੱਜੇਗੀ ਕਿਵੇਂ?

ਪਿੱਛੇ ਜਿਹੇ ਅਮਰੀਕੀ ਰੱਖਿਆ ਖੋਜ ਏਜੰਸੀ ਨੇ ਲੇਜਰ ਤਕਨੀਕ ਦੀ ਵਰਤੋਂ ਕਰਕੇ ਬਿਨਾਂ ਤਾਰ ਤੋਂ ਪੰਜ ਮੀਲ ਦੂਰ ਬਿਜਲੀ ਭੇਜਣ ਦਾ ਸਫਲਤਾ ਪੂਰਵਕ ਪ੍ਰਯੋਗ ਕੀਤਾ ਸੀ। ਫਿਨਲੈਂਡ ਦੇ ਵਿਗਿਆਨਿਕਾਂ ਨੇ ਵੀ ਬਿਨਾਂ ਤਾਰਾਂ ਤੋਂ ਹਵਾ ਵਿੱਚ ਬਿਜਲੀ ਇੱਕ ਥਾਂ ਤੋਂ ਦੂਜੀ ਥਾਂ ਭੇਜਣ ਦਾ ਸਫਲ ਪ੍ਰਯੋਗ ਕੀਤਾ ਹੈ। ਹਾਲਾਂਕਿ ਉਹਨਾਂ ਵੱਲੋਂ ਕੀਤੇ ਪ੍ਰਯੋਗ ਵਿੱਚ ਬਿਜਲੀ ਜਿਆਦਾ ਦੂਰੀ ਤਾਂ ਤੈਅ ਨਹੀਂ ਕਰਦੀ ਪਰ ਹਵਾ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਸਕਦੀ ਹੈ। ਅਸਲ ਵਿੱਚ ਇਹ ਪ੍ਰਯੋਗ ਆਵਾਜ਼ ਦੀਆਂ ਤਰੰਗਾਂ, ਲੇਜ਼ਰ ਕਿਰਨਾਂ ਅਤੇ ਰੇਡੀਓ ਫਰੀਕੁਐਂਸੀ ਦਾ ਇਸਤੇਮਾਲ ਕਰਦਾ ਹੈ। ਇਸ ਤਕਨੀਕ ਨੂੰ ਹੋਰ ਵਿਕਸਿਤ ਕਰਨ ਦੇ ਉਪਰਾਲੇ ਕੀਤੇ ਜਾ ਸਕਦੇ ਹਨ ਤਾਂ ਕਿ ਬਿਜਲੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਬਿਨਾਂ ਤਾਰਾਂ ਦੇ ਹਵਾ ਰਾਹੀਂ ਜਿਆਦਾ ਦੂਰੀ ਤੱਕ ਭੇਜਿਆ ਜਾ ਸਕੇ। ਜੇ ਇਹ ਪ੍ਰਯੋਗ ਸਫਲ ਸਿੱਧ ਹੁੰਦੇ ਹਨ ਅਤੇ ਲੰਬੀ ਦੂਰੀ ਤੱਕ ਬਿਜਲੀ ਭੇਜਣਾ ਸੰਭਵ ਹੋ ਸਕਿਆ ਤਾਂ ਹੋ ਸਕਦਾ ਹੈ ਭਵਿੱਖ ਵਿੱਚ ਚੰਦਰਮਾ ਤੋਂ ਇਸੇ ਤਕਨੀਕ ਦੇ ਰਾਹੀਂ ਬਿਜਲੀ ਧਰਤੀ ਤੇ ਭੇਜ ਦਿੱਤੀ ਜਾਵੇ। ਚੰਦਰਮਾ ਦੀ ਸਤ੍ਹਾ ਉੱਤੇ ਸਥਾਪਿਤ ਕੀਤੇ ਜਾਣ ਵਾਲੇ ਸੋਲਰ ਪੈਨਲਾਂ ਤੋਂ ਇਸ ਤਕਨੀਕ ਨਾਲ ਬਿਜਲੀ ਧਰਤੀ ਤੇ ਭੇਜ ਕੇ ਕ੍ਰਾਂਤੀਕਾਰੀ ਕਦਮ ਚੁੱਕੇ ਜਾ ਸਕਦੇ ਹਨ।

ਇਸ ਤੋਂ ਇਲਾਵਾ ਚੰਦਰਮਾ ਦੀ ਸਤ੍ਹਾ ਦੇ ਅੰਦਰ ਬਹੁਤ ਸਾਰੀਆਂ ਵਡਮੁੱਲੀਆਂ ਧਾਤਾਂ ਵੀ ਹਨ ਜਿਨਾਂ ਵਿੱਚੋਂ ਟਾਈਟੇਨੀਅਮ, ਲੋਹਾ ਆਦਿ ਪ੍ਰਮੁੱਖ ਹਨ। ਇਹਨਾਂ ਦਾ ਖਨਨ ਕਰਕੇ ਅਤੇ ਇਹਨਾਂ ਨੂੰ ਧਰਤੀ ਤੇ ਲਿਆ ਕੇ ਇਸ ਦੀ ਧਰਤੀ ਉੱਤੇ ਵਧੀਆ ਵਰਤੋਂ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਦੇਸ਼ਾਂ ਦੀ ਅੱਖ ਚੰਦ ਦੇ ਖਣਿਜ ਭੰਡਾਰਾਂ ਤੇ ਵੀ ਹੋ ਸਕਦੀ ਹੈ ।

ਇਸ ਸਾਰੇ ਤੋਂ ਇੱਕ ਗੱਲ ਤਾਂ ਲੱਗਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਚੰਦਰਮਾ ਉੱਤੇ ਕਬਜ਼ਾ ਕਰਨ ਦੀ ਵੱਖ-ਵੱਖ ਦੇਸ਼ਾਂ ਵਿੱਚ ਹੋੜ ਲੱਗ ਜਾਵੇਗੀ। ਹਰ ਦੇਸ਼ ਉਥੋਂ ਦੀਆਂ ਧਾਤਾਂ ਖਣਿਜਾਂ ਉੱਤੇ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ। ਸ਼ਾਇਦ ਵੱਖ ਵੱਖ ਦੇਸ਼ ਇਸੇ ਸੋਚ ਦੇ ਕਾਰਨ ਹੀ ਚੰਦਰਮਾ ਵੱਲ ਵਹੀਰਾਂ ਘਤ ਰਹੇ ਹਨ। ਜੇ ਅਜਿਹਾ ਸੰਭਵ ਹੋ ਸਕਿਆ ਤਾਂ ਧਰਤੀ ਤੇ ਚੰਦਰਮਾ ਦੇ ਖਣਿਜ ਅਤੇ ਧਾਤਾਂ ਲਿਆ ਕੇ ਧਰਤੀ ਤੇ ਜੀਵਨ ਤਾਂ ਸੁਖਾਲਾ ਕੀਤਾ ਜਾ ਸਕਦਾ ਹੈ ਪਰ ਇਸ ਨਾਲ ਪੁਲਾੜ ਯੁੱਧ ਲੱਗ ਜਾਵੇਗਾ। ਵੱਖ-ਵੱਖ ਦੇਸ਼ ਪੁਲਾੜ ਵਿੱਚ ਜੰਗ ਲੜਨਗੇ ਅਤੇ ਆਪਣੀ ਅਹਿਮੀਅਤ ਅਤੇ ਸੁਪਰਮੇਸੀ ਸਿੱਧ ਕਰਨ ਲਈ ਸਪੇਸ ਵਾਰ ਦਾ ਹਿੱਸਾ ਬਣਨਗੇ। ਆਉਣ ਵਾਲਾ ਭਵਿੱਖ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰਦਾ ਚੁੱਕੇਗਾ ਅਤੇ ਇਹਨਾਂ ਦੇ ਜਵਾਬ ਸਾਨੂੰ ਦਵੇਗਾ। ਆਓ ਚੰਗੇ ਭਵਿਖ ਦੀ ਕਾਮਨਾ ਕਰੀਏ ।

 

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>