ਦਿੱਲੀ ਦੇ ਉਪ-ਰਾਜਪਾਲ ਸੰਧੂ ਤੇ ਮੁਖ ਮੰਤਰੀ ਭੂਪੇਂਦਰ ਪਟੇਲ ਵੱਲੋਂ ਸ. ਤੇਜਾ ਸਿੰਘ ਸਮੁੰਦਰੀ ਬਾਰੇ ਗੁਜਰਾਤੀ ’ਚ ਪੁਸਤਕ ਰਿਲੀਜ਼

Screenshot_2026-10-26_14-28-37ਅੰਮ੍ਰਿਤਸਰ : ਦਿੱਲੀ ਦੇ ਉਪ-ਰਾਜਪਾਲ ਸ੍ਰੀ ਤਰਨਜੀਤ ਸਿੰਘ ਸੰਧੂ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਭੂਪੇਂਦਰ ਪਟੇਲ ਨੇ ਅਹਿਮਦਾਬਾਦ ਵਿਖੇ ਸਾਬਰਮਤੀ ਅੰਤਰਰਾਸ਼ਟਰੀ ਪੁਸਤਕ ਮੇਲੇ ਦੌਰਾਨ ਸਿੱਖ ਆਗੂ ਅਤੇ ਆਜ਼ਾਦੀ ਸੰਗਰਾਮੀ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਜੀਵਨ ਅਤੇ ਯੋਗਦਾਨ ਬਾਰੇ ਗੁਜਰਾਤੀ ਭਾਸ਼ਾ ਵਿੱਚ ਪ੍ਰਕਾਸ਼ਿਤ ਪੁਸਤਕ ਰਿਲੀਜ਼ ਕੀਤੀ। ਨੈਸ਼ਨਲ ਬੁੱਕ ਟਰੱਸਟ ਵੱਲੋਂ ਗੁਜਰਾਤ ਸਰਕਾਰ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਇਸ ਪੁਸਤਕ ਨੂੰ ਦੋਵਾਂ ਆਗੂਆਂ ਨੇ ਸਾਂਝੇ ਤੌਰ ’ਤੇ ਲੋਕ ਅਰਪਣ ਕੀਤਾ।

ਇਸ ਦੌਰੇ ਦੌਰਾਨ ਸ੍ਰੀ ਨਵਲ ਕਿਸ਼ੋਰ, ਦਪਿੰਦਰ ਸਿੰਘ ਅਤੇ ਸ੍ਰੀ ਤਿਆਗੀ ਨੇ ਅਹਿਮ ਭੂਮਿਕਾ ਨਿਭਾਈ। ਅਹਿਮਦਾਬਾਦ ਪਹੁੰਚਣ ’ਤੇ ਸ੍ਰੀ ਤਿਆਗੀ ਵੱਲੋਂ ਸ੍ਰੀ ਤਰਨਜੀਤ ਸਿੰਘ ਸੰਧੂ ਦਾ ਨਿੱਘਾ ਸਵਾਗਤ ਕੀਤਾ ਗਿਆ। ਨਵਲ ਕਿਸ਼ੋਰ, ਦਪਿੰਦਰ ਸਿੰਘ ਅਤੇ ਸ੍ਰੀ ਤਿਆਗੀ ਪੂਰੇ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਰਹੇ ਅਤੇ ਪ੍ਰੋਗਰਾਮਾਂ ਦੇ ਪ੍ਰਬੰਧਾਂ ਤੇ ਸਫ਼ਲਤਾ ਵਿੱਚ ਸਰਗਰਮ ਸਹਿਯੋਗ ਦਿੱਤਾ।

ਅੱਜ ਦਿੱਲੀ ਵਾਪਸੀ ਤੋਂ ਪਹਿਲਾਂ ਸ੍ਰੀ ਤਰਨਜੀਤ ਸਿੰਘ ਸੰਧੂ ਗੋਵਿੰਦ ਧਾਮ ਗੁਰਦੁਆਰਾ ਸਾਹਿਬ, ਅਹਿਮਦਾਬਾਦ ਵਿਖੇ ਨਤਮਸਤਕ ਹੋਏ ਅਤੇ ਸਮੁੱਚੀ ਸੰਗਤ ਨਾਲ ਮਿਲ ਕੇ ਅਹਿਮਦਾਬਾਦ, ਗੁਜਰਾਤ, ਦਿੱਲੀ ਅਤੇ ਪੂਰੇ ਦੇਸ਼ ਦੀ ਸ਼ਾਂਤੀ, ਖ਼ੁਸ਼ਹਾਲੀ ਤੇ ਬਿਹਤਰੀ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦਾ ‘ਵੰਡ ਛਕੋ ਅਤੇ ਸੇਵਾ ਕਰੋ’ ਦਾ ਸੰਦੇਸ਼ ਸਾਨੂੰ ਸੇਵਾ, ਸਾਂਝ ਅਤੇ ਸਮਾਜਿਕ ਸਦਭਾਵਨਾ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ।

ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਸ੍ਰੀ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਨਾਲ ਉਨ੍ਹਾਂ ਦਾ ਵਿਸ਼ੇਸ਼ ਨਾਤਾ ਹੈ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਉਨ੍ਹਾਂ ਦੇ ਦਾਦਾ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਯਾਦ ਅਤੇ ਪੰਥ ਲਈ ਕੀਤੀਆਂ ਸੇਵਾਵਾਂ ਦਾ ਵਿਲੱਖਣ ਪ੍ਰਤੀਕ ਹੈ। ਉਨ੍ਹਾਂ ਦੀ ਅਗਵਾਈ ਅਤੇ ਸਰਗਰਮ ਭੂਮਿਕਾ ਗੁਰਦੁਆਰਾ ਸੁਧਾਰ ਲਹਿਰ ਅਤੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀ ਰਹੀ। ਉਨ੍ਹਾਂ ਨੇ ਸਿੱਖਿਆ ਦੇ ਪ੍ਰਸਾਰ, ਸਮਾਜ ਦੇ ਲੋਕਤੰਤਰੀਕਰਨ ਅਤੇ ਮਹਿਲਾਵਾਂ, ਨੌਜਵਾਨਾਂ ਤੇ ਦਲਿਤ ਭਾਈਚਾਰੇ ਦੇ ਸਸ਼ਕਤੀਕਰਨ ਲਈ ਵੀ ਮਹੱਤਵਪੂਰਨ ਕੰਮ ਕੀਤਾ।
ਸ੍ਰੀ ਸੰਧੂ ਨੇ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਸਿੱਖਾਂ ਵੱਲੋਂ ਚਾਬੀਆਂ ਦਾ ਮੋਰਚਾ ਫ਼ਤਹਿ ਕੀਤੇ ਜਾਣ ਨੂੰ ਇਤਿਹਾਸਕ ਪ੍ਰਾਪਤੀ ਦੱਸਿਆ। ਉਨ੍ਹਾਂ ਕਿਹਾ ਕਿ ਇਸ ਜਿੱਤ ’ਤੇ ਮਹਾਤਮਾ ਗਾਂਧੀ ਨੇ ਸਿੱਖ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਸੀ ਕਿ “ਹਿੰਦੁਸਤਾਨ ਦੀ ਆਜ਼ਾਦੀ ਦੀ ਪਹਿਲੀ ਜੰਗ ਜਿੱਤੀ ਗਈ ਹੈ।” ਇਹ ਕਥਨ ਗੁਰਦੁਆਰਾ ਸੁਧਾਰ ਲਹਿਰ ਦੀ ਇਤਿਹਾਸਕ ਮਹੱਤਤਾ ਅਤੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ, ਮਦਨ ਮੋਹਨ ਮਾਲਵੀਆ ਅਤੇ ਹੋਰ ਕੌਮੀ ਆਗੂਆਂ ਨਾਲ ਸਿੱਖਾਂ ਦੇ ਇਤਿਹਾਸਕ ਸਬੰਧਾਂ ਅਤੇ ਆਜ਼ਾਦੀ ਦੀ ਲਹਿਰ ਵਿੱਚ ਸਿੱਖ ਭਾਈਚਾਰੇ ਦੀਆਂ ਕੁਰਬਾਨੀਆਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਬੇਹੱਦ ਜ਼ਰੂਰੀ ਹੈ। ਸਰਦਾਰ ਤੇਜਾ ਸਿੰਘ ਸਮੁੰਦਰੀ ਬਾਰੇ ਗੁਜਰਾਤੀ ਭਾਸ਼ਾ ਵਿੱਚ ਪੁਸਤਕ ਦਾ ਪ੍ਰਕਾਸ਼ਨ ਇਸੇ ਦਿਸ਼ਾ ਵਿੱਚ ਮਹੱਤਵਪੂਰਨ ਉਪਰਾਲਾ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਵਾ, ਸਿੱਖਿਆ ਅਤੇ ਕੁਰਬਾਨੀ ਲਈ ਪ੍ਰੇਰਿਤ ਕਰਦਾ ਰਹੇਗਾ।

ਸ੍ਰੀ ਤਰਨਜੀਤ ਸਿੰਘ ਸੰਧੂ ਨੇ ਗੋਵਿੰਦ ਧਾਮ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਸੰਗਤ ਵੱਲੋਂ ਮਿਲੇ ਪਿਆਰ, ਸਤਿਕਾਰ ਅਤੇ ਨਿੱਘੇ ਸਵਾਗਤ ਲਈ ਧੰਨਵਾਦ ਕੀਤਾ। ਖਾਸ ਕਰਕੇ ਸ੍ਰੀ ਸੰਧੂ ਨੇ ਅਹਿਮਦਾਬਾਦ ਦੌਰੇ ਦੌਰਾਨ ਪ੍ਰਬੰਧਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ੍ਰੀ ਨਵਲ ਕਿਸ਼ੋਰ, ਦਪਿੰਦਰ ਸਿੰਘ ਅਤੇ ਸ੍ਰੀ ਤਿਆਗੀ ਦਾ ਵਿਸ਼ੇਸ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਗੁਜਰਾਤ ਜਿਸ ਤਰ੍ਹਾਂ ਤਰੱਕੀ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ ਅਤੇ ਇੱਥੇ ਵੱਸਦਾ ਸਿੱਖ ਭਾਈਚਾਰਾ ਖ਼ੁਸ਼ਹਾਲ ਹੈ, ਇਹ ਖ਼ੁਸ਼ੀ ਦੀ ਗੱਲ ਹੈ। ਉਨ੍ਹਾਂ ਕਾਮਨਾ ਕੀਤੀ ਕਿ ਗੁਜਰਾਤ ਹੋਰ ਤਰੱਕੀ ਕਰੇ, ਸਿੱਖ ਭਾਈਚਾਰਾ ਹੋਰ ਖ਼ੁਸ਼ਹਾਲ ਹੋਵੇ ਅਤੇ ਪੂਰੇ ਦੇਸ਼ ਵਿੱਚ ਸ਼ਾਂਤੀ, ਆਪਸੀ ਸਦਭਾਵਨਾ ਤੇ ਖ਼ੁਸ਼ਹਾਲੀ ਬਣੀ ਰਹੇ।

This entry was posted in ਭਾਰਤ, ਮੁਖੱ ਖ਼ਬਰਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>