ਭਗਵਾਨ ਸ਼੍ਰੀ ਰਾਮ : ਸਾਂਝੀਵਾਲਤਾ, ਕਰਮ ਅਤੇ ਧਰਮ

ਅੱਜ ਸਾਡਾ ਸਮਾਜ ਧਰਮਾਂ ਦੇ ਬਖੇੜੇ ਵਿੱਚ ਫਸਿਆ ਹੋਇਆ ਹੈ। ਅਸਲ ਵਿੱਚ ਅਸੀਂ ਧਰਮ ਦੀ ਸਹੀ ਅਤੇ ਉਚਿਤ ਪਰਿਭਾਸ਼ਾ ਨੂੰ ਜਾਣ ਹੀ ਨਹੀਂ ਸਕੇ ਜਾਂ ਭੁੱਲ ਚੁੱਕੇ ਹਾਂ। ਧਰਮ ਸ਼ਾਸਤਰ ਦੇ ਅਨੁਸਾਰ, ਜੋ ਸਹੀ ਹੈ, ਉਚਿਤ ਹੈ ਅਤੇ ਸੱਚ ਹੈ ਉਹੀ ਧਰਮ ਹੈ। ਕਰਮ ਵੀ ਧਰਮ ਹੀ ਹੈ। ਸੂਰਜ ਦਾ ਕੰਮ ਰੋਸ਼ਨੀ ਅਤੇ ਤਪਸ ਦੇਣਾ ਹੈ। ਜੇ ਸੂਰਜ ਸਾਨੂੰ ਰੋਸ਼ਨੀ ਅਤੇ ਗਰਮੀ ਨਹੀਂ ਦਿੰਦਾ ਤਾਂ ਇਸ ਦਾ ਮਤਲਬ ਹੈ ਕਿ ਉਹ ਆਪਣੇ ਧਰਮ ਤੋਂ ਵਿਮੁੱਖ ਹੋ ਚੁੱਕਾ ਹੈ। ਇਕ ਵਿਦਿਆਰਥੀ ਦਾ ਧਰਮ ਪੜ੍ਹਨਾ ਹੈ, ਸਿਖਣਾ ਹੈ, ਜਾਣਨਾ ਹੈ, ਪਰ ਜੇ ਵਿਦਿਆਰਥੀ ਇਹਨਾਂ ਕਾਰਜਾਂ ਨੂੰ ਨਹੀਂ ਕਰਦਾ ਤਾਂ ਇਸ ਦਾ ਮਤਲਬ ਹੈ ਕਿ ਉਹ ਆਪਣੇ ਵਿਦਿਆਰਥੀ ਧਰਮ ਦਾ ਪਾਲਨ ਨਹੀਂ ਕਰ ਰਿਹਾ।

ਭਗਵਾਨ ਸ਼੍ਰੀ ਰਾਮ ਚੰਦਰ ਜੀ ਜਿਨ੍ਹਾਂ ਨੂੰ ਪਰਮਾਤਮਾ ਦਾ ਰੂਪ ਮੰਨਿਆ ਜਾਂਦਾ ਹੈ, ਵਿਸ਼ਨੂੰ ਭਗਵਾਨ ਜੀ ਦਾ ਅਵਤਾਰ ਮੰਨਿਆ ਜਾਂਦਾ ਹੈ, ਉਹ ਵੀ ਕਰਮ ਨੂੰ ਹੀ ਧਰਮ ਮੰਨਦੇ ਹਨ। ਸਾਰੀ ਜ਼ਿੰਦਗੀ ਉਹ ਪੂਰੀ ਖ਼ਲਕਤ ਨੂੰ ਕਰਮ ਕਰਨ ਦੀ ਸਿੱਖਿਆ ਅਤੇ ਸੁਨੇਹਾ ਹੀ ਦਿੰਦੇ ਹਨ। ਪਰਮਾਤਮਾ ਦਾ ਸਰੂਪ ਹੁੰਦੇ ਹੋਏ ਵੀ ਉਹ ਕਦੇ ਵੀ ਚਮਤਕਾਰ ਨਾ ਤਾਂ ਦਿਖਾਉਂਦੇ ਹਨ ਅਤੇ ਨਾ ਹੀ ਕਿਸੇ ਨੂੰ ਇਹਨਾਂ ਚਮਤਕਾਰਾਂ ਵਿੱਚ ਫਸਾਉਣ ਦੀ ਕੋਸ਼ਸ਼ ਕਰਦੇ ਹਨ। ਰਾਖਸਾਂ ਨਾਲ਼ ਲੜ੍ਹਦੇ ਹਨ, ਉਹਨਾਂ ਨੂੰ ਸੋਧਦੇ ਹਨ, ਰਾਵਣ ਦੀ ਸਾਰੀ ਫੌਜ਼ ਨੂੰ ਖਤਮ ਕਰਨ ਦੇ ਲਈ ਕਿਤੇ ਵੀ ਜਾਦੂ ਦੀ ਛੜੀ ਦੀ ਵਰਤੋਂ ਨਹੀਂ ਕਰਦੇ। ਸਗੋਂ ਖੁਦ ਜੰਗ ਭੂਮੀ ਵਿੱਚ ਨਿਤਰਦੇ ਹਨ। ਭਾਵ ਪੂਰੀ ਖ਼ਲਕਤ ਨੂੰ ਕਰਮ ਕਰਕੇ ਦਿਖਾਉਂਦੇ ਹਨ। ਕਰਮ ਹੀ ਧਰਮ ਹੈ ਦੇ ਸਿਧਾਂਤ ਦੀ ਪਾਲਣਾ ਕਰਦੇ ਹਨ। ਪਹਿਲਾਂ ਇਕ ਰਾਜਕੁਮਾਰ ਹੁੰਦੇ ਹੋਏ, ਫਿਰ ਬਨਵਾਸੀ ਹੁੰਦੇ ਹੋਏ ਅਤੇ ਬਾਅਦ ਵਿੱਚ ਰਾਜਾ ਹੁੰਦੇ ਹੋਏ ਵੀ ਉਹ ਕਦੇ ਵੀ ਬਿਲਾਸਤਾ ਪੂਰਨ ਜੀਵਨ ਬਤੀਤ ਕਰਦੇ ਹੋਏ ਵਿਖਾਈ ਨਹੀਂ ਦਿੰਦੇ। ਜਦੋਂ ਉਹਨਾਂ ਨੂੰ ਬਨਵਾਸ ਹੋਇਆ ਉਸ ਵੇਲੇ ਉਹ ਇਕ ਅਜਿਹੇ ਮਹਾਰਾਜਾ ਦੇ ਪੁੱਤਰ ਸਨ ਜਿਸ ਦਾ ਡੰਕਾ ਚਾਰਾਂ ਦਿਸ਼ਾਵਾਂ ਵਿੱਚ ਵੱਜਦਾ ਸੀ। ਉਹ ਚਾਹੁੰਦੇ ਤਾਂ ਅਯੋਧਿਆ ਤੋਂ ਨਿਕਲ ਕੇ ਕਿਸੇ ਵੀ ਦੂਜੇ ਸ਼ਾਹੀ ਪਰਿਵਾਰ ਵਿੱਚ ਜਾ ਕੇ ਆਪਣਾ ਸਮਾਂ ਅਰਾਮ ਨਾਲ਼ ਬਤੀਤ ਕਰ ਸਕਦੇ ਸਨ। ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਸਗੋਂ ਸੱਚ ਦੇ ਰਸਤੇ ’ਤੇ ਚਲਦੇ ਹੋਏ ਬਨਵਾਸ ਦਾ ਸਮਾਂ ਬਨ ਭਾਵ ਜੰਗਲਾਂ ਵਿੱਚ ਹੀ ਬਤੀਤ ਕੀਤਾ ਅਤੇ ਸ਼ਹਿਰੀ ਖੇਤਰ ਤੋਂ ਹਮੇਸ਼ਾ ਦੂਰ ਰਹੇ। ਅਯੋਧਿਆ ਤੋਂ ਲੈ ਕੇ ਲੰਕਾ ਤੱਕ ਜਿੰਨੇ ਵੀ ਸੂਬਿਆਂ ਦੇ ਵਿਚੋਂ ਦੀ, ਜਿੰਨੀਆਂ ਵੀ ਰਿਆਸਤਾਂ ਦੇ ਵਿਚੋਂ ਦੀ ਉਹ ਲੰਘੇ, ਜੇ ਉਹ ਚਾਹੁੰਦੇ ਤਾਂ ਕਿਸੇ ਤੋਂ ਵੀ ਸਹਾਇਤਾ ਲੈ ਸਕਦੇ ਸਨ। ਪਰ ਉਹਨਾਂ ਨੇ ਆਪਣਾ ਸਾਰਾ ਸਫ਼ਰ ਤੁਰਦੇ ਹੋਏ ਤੈਅ ਕੀਤਾ। ਆਪਣੇ ਰਸਤੇ ਵਿੱਚ ਆਈਆਂ ਸਾਰੀਆਂ ਰੁਕਾਵਟਾਂ ਦਾ ਟਾਕਰਾ ਵੀ ਉਹਨਾਂ ਨੇ ਖੁਦ ਹੀ ਕੀਤਾ। ਲੰਕਾ ’ਤੇ ਚੜ੍ਹਾਈ ਕਰਨ ਲਈ ਉਹਨਾਂ ਨੇ ਅਯੋਧਿਆ ਤੋਂ ਸੈਨਾ (ਫੌਜ) ਨਹੀਂ ਮੰਗਵਾਈ। ਨਾ ਹੀ ਰਸਤੇ ਦੇ ਕਿਸੇ ਰਾਜੇ ਤੋਂ ਮਦਦ ਮੰਗੀ। ਸਗੋਂ ਉਹਨਾਂ ਨੇ ਉਸ ਵੇਲੇ ਆਪਣੇ ਸਰੋਤ ਪੈਦਾ ਕੀਤੇ, ਦੋਸਤੀ ਵਧਾਈ ’ਤੇ ਉਸ ਦੀ ਵਰਤੋਂ ਕੀਤੀ। ਬਨਵਾਸ ਦੇ ਸਮੇਂ ਵਿੱਚ ਉਹਨਾਂ ਵੱਲੋਂ ਉਨਾਂ ਲੋਕਾਂ ਦੀ ਸਹਾਇਤਾ ਲਈ ਅਤੇ ਉਨਾਂ ਲੋਕਾਂ ਨੂੰ ਸਹਾਇਤਾ ਦਿੱਤੀ ਜਿਹੜੇ ਸਮਾਜ ਵਿੱਚ ਦੱਬੇ-ਕੁਚਲੇ, ਵਿਚਾਰੇ, ਮਜ਼ਬੂਰ ਅਤੇ ਸਾਧਨਹੀਣ ਲੋਕ ਮੰਨੇ ਜਾਂਦੇ ਹਨ। ਚਾਹੇ ਕਿਸ਼ਤੀ ਰਾਹੀਂ ਨਦੀ ਪਾਰ ਕਰਾਉਣ ਵਾਲ਼ੇ ਕੇਵਟ ਦੀ ਗੱਲ ਹੋਵੇ ਜਾਂ ਉਹਨਾਂ ਦੇ ਜਮਾਤੀ ਨਿਸ਼ਾਦਰਾਜ ਦੀ, ਚਾਹੇ ਭੀਲ ਜਾਤੀ ਦੀ ਪਹਿਲੀ ਸਾਧਵੀ ਭੀਲਣੀ ਦੀ ਕੁਟੀਆ ਵਿੱਚ ਜਾਣ ਦੀ ਹੋਵੇ ਜਾਂ ਭਰਾ ਵੱਲੋਂ ਦੁਤਕਾਰੇ ਦੱਬੇ-ਕੁਚਲੇ ਸੁਗ੍ਰੀਵ ਨੂੰ ਮਿਲਣ ਦੀ ਹੋਵੇ। ਉਹਨਾਂ ਨੇ ਇਹਨਾਂ ਲੋਕਾਂ ਤੋਂ ਮਦਦ ਲੈ ਕੇ ਇਹਨਾਂ ਨੂੰ ਦਰਸ਼ਾਇਆ ਕਿ ਉਹ ਵੀ ਹਰ ਕਾਰਜ ਕਰਨ ਦੇ ਯੋਗ ਹਨ। ਹਰ ਨਾਮੁਮਕਿਨ* ਕਾਰਜ ਕਰ ਸਕਦੇ ਹਨ। ਜੇ ਉਹ ਚਾਹੁੰਦੇ ਤਾਂ ਉਸ ਵੇਲੇ ਦੇ ਮਹਾਂਬਲੀ ਰਾਵਣ ਨੂੰ ਆਪਣੀ ਕੱਛ ਵਿੱਚ ਦੱਬ ਕੇ ਘੁਮਾਉਣ ਵਾਲ਼ੇ ਸੁਗ੍ਰੀਵ ਦੇ ਵੱਡੇ ਭਰਾ ਬਾਲੀ ਤੋਂ ਵੀ ਜੰਗ ਲਈ ਸਹਾਇਤਾ ਬੜੀ ਅਸਾਨੀ ਨਾਲ਼ ਲੈ ਸਕਦੇ ਸਨ। ਪਰ ਉਹਨਾਂ ਨੇ ਸੁਗ੍ਰੀਵ ਨੂੰ ਦੋਸਤ ਬਣਾ ਕੇ ਉਸ ਵਿੱਚ ਦੱਬੀ ਹੋਈ ਸ਼ਕਤੀ ਨੂੰ ਜਗਾਇਆ ਭਾਵ ਹੌਂਸਲੇ ਨਾਲ਼ ਸ਼ਕਤੀ ਦਾ ਸੰਚਾਰ ਕੀਤਾ ’ਤੇ ਉਸ ਨੂੰ ਦਰਸ਼ਾਇਆ ਕਿ ਉਹ ਕਿਸੇ ਤੋਂ ਘੱਟ ਨਹੀਂ।

ਇਹ ਸਾਰਾ ਕੁਝ ਕਰਕੇ ਉਹਨਾਂ ਨੇ ਦੱਬੇ ਸਮਾਜ ਨੂੰ ਉੱਪਰ ਚੁੱਕਣ ਦਾ ਸੁਨੇਹਾ ਦਿੱਤਾ। ਦੱਬੇ ਅਤੇ ਆਦਿਵਾਸੀਆਂ ਆਦਿ ਤੋਂ ਸਹਾਇਤਾ ਲੈ ਕੇ ਉਹਨਾਂ ਦੇ ਘਰ ਜਾ ਕੇ ਬਰਾਬਰੀ ਦਾ ਸੁਨੇਹਾ ਦਿੱਤਾ। ਕੇਵਟ ਰਾਹੀਂ ਉਹਨਾਂ ਨੇ ਇਹ ਸੰਦੇਸ਼ ਦਿੱਤਾ ਕਿ ਕਰਮ ਕਰਕੇ ਇਕ ਕਛੂਆ ਵੀ ਸਦਗਤੀ** ਪ੍ਰਾਪਤ ਕਰ ਸਕਦਾ ਹੈ। ਨਿਸ਼ਾਦਰਾਜ ਰਾਹੀਂ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਦੋਸਤੀ ਸਭ ਤੋਂ ਵੱਡੀ ਅਤੇ ਵੱਡਮੁੱਲੀ ਦਾਤ ਹੈ। ਸਾਨੂੰ ਦੋਸਤ-ਕਰਮ ਨਿਭਾਉਂਦੇ ਰਹਿਣਾ ਚਾਹੀਦਾ ਹੈ। ਭੀਲਣੀ ਰਾਹੀਂ ਉਹਨਾਂ ਨੇ ਇਹ ਸੁਨੇਹਾ ਦਿੱਤਾ ਕਿ ਭਗਤੀ-ਕਰਮ ਕਰਕੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਸੋ ਗਰੀਬ ਰਾਹੀਂ ਉਹਨਾਂ ਨੇ ਦੋਸਤੀ ਦਾ ਫਰਜ਼ ਹਮੇਸ਼ਾ ਨਿਭਾਉਣ ਦਾ ਸੁਨੇਹਾ ਦਿੱਤਾ ਹੈ। ਵਿਭੀਸ਼ਣ ਰਾਹੀਂ ਉਹਨਾਂ ਨੇ ਇਹ ਸੰਦੇਸ਼ ਦਿੱਤਾ ਹੈ ਕਿ ਭਗਤੀ-ਕਰਮ ਹਮੇਸ਼ਾ ਲਾਹੇਵੰਦ ਹੀ ਹੁੰਦਾ ਹੈ ’ਤੇ ਸਾਡੇ ਬਚਾਓ ਅਤੇ ਉੱਪਰ ਉੱਠਣ ਦਾ ਕਾਰਨ ਬਣਦਾ ਹੈ। ਰਾਵਣ ਰਾਹੀਂ ਉਹਨਾਂ ਨੇ ਇਹ ਸੁਨੇਹਾ ਦਿੱਤਾ ਕਿ ਅੱਤ ਦਾ ਹਮੇਸ਼ਾ ਅੰਤ ਹੀ ਹੁੰਦਾ ਹੈ। ਚਾਹੇ ਉਹ ਕਿੱਡਾ ਵੀ ਮਜ਼ਬੂਤ ਕਿਉਂ ਨਾ ਹੋਵੇ। ਫ਼ਰਕ ਸਿਰਫ਼ ਇੰਨ੍ਹਾ ਹੀ ਹੈ ਕਿ ਅੱਤ ਦੇ ਵਿਰੁੱਧ ਆਵਾਜ਼ ਚੁੱਕੀ ਜਾਣੀ ਚਾਹੀਦੀ ਹੈ ’ਤੇ ਉਸ ਨੂੰ ਖਤਮ ਕਰਨ ਲਈ ਕੋਸ਼ਸ਼ ਕਰਦੇ ਰਹਿਣਾ ਚਾਹੀਦਾ ਹੈ। ਹਨੂੰਮਾਨ ਜੀ ਰਾਹੀਂ ਉਨ੍ਹਾਂ ਨੇ ਦੋਸਤੀ ਅਤੇ ਸਮਰਪਣ ਨਾਲ਼ ਭਗਵਤ ਪ੍ਰਾਪਤੀ ਦਾ ਰਾਹ ਦਿਖਾਇਆ।

ਜਦੋਂ ਲਛਮਣ ਜੀ ਜੰਗ ਵਿੱਚ ਫੱਟੜ ਹੋ ਜਾਣ ਤੋਂ ਬਾਅਦ ਬੇਹੋਸ਼ ਹੋ ਜਾਂਦੇ ਹਨ ਤਾਂ ਹਨੂੰਮਾਨ ਜੀ ਰਾਹੀਂ ਉਹ ਉਸ ਵੇਲ਼ੇ ਦੇ ਸਭ ਤੋਂ ਵਧੀਆ ਡਾਕਟਰ (ਵੈਦ) ਨੂੰ ਬੁਲਾਉਦੇ ਹਨ। ਦਵਾਈ ਮੰਗਵਾਉਦੇ ਹਨ, ’ਤੇ ਉਹ ਦਵਾਈ ਲਛਮਣ ਜੀ ਨੂੰ ਦਿੱਤੀ ਜਾਂਦੀ ਹੈ। ਭਾਵ ਕਿਤੇ ਵੀ ਕੋਈ ਚਮਤਕਾਰ ਨਹੀਂ ਦਿਖਾਇਆ। ਜਿਹੜਾ ਕਿ ਇਹ ਦਰਸ਼ਾਉਦਾ ਹੈ ਜਿਹੜਾ ਇਨਸਾਨੀ ਜਾਮੇ ਵਿੱਚ ਆਇਆ ਹੈ, ਉਸ ਨੂੰ ਕਰਮ ਕਰਨਾ ਹੀ ਪੈਂਦਾ ਹੈ, ਚਾਹੇ ਉਹ ਭਗਵਾਨ ਖੁਦ ਹੀ ਕਿਉ ਨਾ ਹੋਵੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>