ਨਾਨਕ ਦੇਖਾਂ ਨਾਨਕ ਆਖਾਂ ਨਾਨਕ ਸੁਣ-ਸੁਣ ਜੀਵਾਂ,
ਨਾਨਕ ਲਿਖਾਂ ਨਾਨਕ ਪੜ੍ਹਾਂ ਨਾਨਕ ਸੋਚ ਸਚੀਵਾਂ।
ਨਾਨਕ ਇਕ ਅਜਿਹਾ ਨਾਮ ਹੈ ਜਿਹੜਾ ਰੋਮਰੋਮ ’ਚ ਵਾਸਾ ਕਰਦਾ ਹੈ।
ਰੋਮ ਰੋਮ ਮੇਰਾ ਨਾਨਕ ਵਸੇ
ਨਾਨਕ ਨਾਨਕ ਆਖਾਂ।
ਧੰਨ ਗੁਰ ਨਾਨਕ ਧੰਨ ਗੁਰ ਨਾਨਕ
ਇਹੀਉ ਰਾਗ ਅਲਾਪਾਂ।
(ਉਪਰੋਕਤ ਸਤਰਾਂ ਡਾ. ਤਾਰਾ ਸਿੰਘ ਆਲਮ ਰਚਿਤ ਹਨ )
ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਜਿਹੇ ਸਮੇਂ ’ਚ ਹੋਇਆ ਜਦੋਂ ਚਾਰੇ ਪਾਸੇ ਅਗਿਆਨਤਾ ਦਾ ਘੁੱਪ ਹਨੇਰਾ ਪਸਰਿਆ ਹੋਇਆ ਸੀ। ਮਨੁਖਤਾਂ ਵਹਿਮਾਂ ਭਰਮਾਂ ’ਚ ਫਸੀ ਅਤੇ ਉਲਝੀ ਹੋਈ ਸੀ। ਇਹ ਸੁਲਤਾਨਾਂ ਦਾ ਸਮਾਂ ਸੀ। ਸੁਲਤਾਨਾਂ ਦੇ ਸਮੇਂ ਤੱਕ ਭਾਰਤ ਵਿੱਚ ਮੁਸਲਮਾਨਾਂ ਨੂੰ ਰਹਿੰਦੇ ਕਾਫੀ ਸਮਾਂ ਹੋ ਚੁੱਕਾ ਸੀ। ਉਨ੍ਹਾਂ ਹਿੰਦੂ ਧਰਮ ਨੂੰ ਕਾਫੀ ਪ੍ਰਭਾਵਿਤ ਕੀਤਾ ਅਤੇ ਇਸਤੇ ਆਪਣਾ ਪ੍ਰਭਾਓ ਛੱਡਣ ’ਚ ਕੋਈ ਕਸਰ ਬਾਕੀ ਨਾ ਛੱਡੀ। ਇਸ ਕਾਰਨ ਦੇਸ਼ ਵਿੱਚ ਇਕ ਨਵੀਂ ਧਾਰਮਿਕ ਲਹਿਰ ਚੱਲੀ। ਉਤਰੀ ਭਾਰਤ ਵਿੱਚ ਇਸ ਲਹਿਰ ਦੇ ਮੁੱਖ ਸੰਚਾਲਕ ਭਗਤ ਕਬੀਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਨ। ਇਨ੍ਹਾਂ ਨੇ ਇਕ ਰੱਬ ਦੀ ਭਗਤੀ ਕਰਨ ’ਤੇ ਜ਼ੋਰ ਦਿੱਤਾ ਅਤੇ ਜਾਤ ਪਾਤ ਦਾ ਖੰਡਨ ਕੀਤਾ। ਇਸ ਲਹਿਰ ਦੇ ਬਾਨੀਆਂ ਵਿੱਚ ਗੁਰੂ ਰਵਿਦਾਸ, ਭਗਤ ਸ੍ਰੀ ਰਾਮਾ ਨੰਦ, ਭਗਤ ਨਾਮਦੇਵ ਜੀ, ਸੈਣ ਭਗਤ ਵੀ ਸ਼ਾਮਿਲ ਸਨ। ਇਨ੍ਹਾਂ ਮਹਾਂਪੁਰਸ਼ਾਂ ਦੇ ਉਪਦੇਸ਼ਾਂ ਸਦਕਾ ਹੀ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਆਪਸੀ ਪਿਆਰ ਵਧਿਆ ਅਤੇ ਇਕ ਦੂਸਰੇ ਦੇ ਕਰੀਬ ਆਉਣੇ ਸ਼ੁਰੂ ਹੋ ਗਏ।
ਸੁਣੀ ਪੁਕਾਰਿ ਦਾਤਾਰ ਪ੍ਰਭੁ
ਗੁਰੁ ਨਾਨਕ ਜਗ ਮਾਹਿ ਪਠਾਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਸੰਮਤ 1526, ਸੰਨ 1469 ਈ: ਨੂੰ ਰਾਏ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਪਿਤਾ ਸ੍ਰੀ ਮਹਿਤਾ ਕਾਲੂ ਦੇ ਘਰ ਮਾਤਾ ਤਿ੍ਰਪਤਾ ਜੀ ਦੀ ਕੁੱਖੋਂ ਹੋਇਆ। ਇਹ ਸਥਾਂਨ ਅੱਜ ਕੱਲ੍ਹ ਪਾਕਿਸਤਾਨ ਵਿਚ ਹੈ,
ਗੁਰੂ ਨਾਨਕ ਦੇਵ ਜੀ ਦੇ ਆਗਮਨ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ :
ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ
ਤਾਰੇ ਛਪੇ ਅੰਧੇਰ ਪਲੋਆ॥
’ਤੇ ਫਿਰ
ਕਲਿਜੁਗ ਬਾਬੇ ਤਾਰਿਆ
ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ।
ਕਲਿ ਤਾਰਣ ਗੁਰੁ ਨਾਨਕ ਆਇਆ॥
ਉਰਦੂ ਦੇ ਪ੍ਰਸਿੱਧ ਸ਼ਾਇਰ ਡਾ. ਇਕਬਾਲ ਨੇ ਗੁਰੂ ਨਾਨਕ ਦੇਵ ਜੀ ਬਾਰੇ ਲਿਖਿਆ ਹੈ ਕਿ :
ਫਿਰ ਉਠੀ ਸਦਾ ਤੌਹੀਦ ਕੀ ਪੰਜਾਬ ਸੇ,
ਹਿੰਦ ਕੇ ਇਕ ਮਰਦਿ ਕਾਮਲ ਨੇ ਜਗਾਇਆ ਖਾਬ ਸੇ।
ਇਸ ਬਾਰੇ ਜੇਕਰ ਮੈਂ ਇੰਝ ਕਹਾ ਤਾਂ ਇਸ ’ਚ ਕੋਈ ਅਤਿਕਥਨੀ ਨਹੀਂ ਹੋਵੇਗੀ:
ਉੱਠੀਆਂ ਸੀ ਜਦੋਂ ਨ੍ਹੇਰੇ ਅਗਿਆਨਤਾ ਦੀਆਂ
ਕੁੜ ਲਪਟਾਂ ਪੰਜਾਬ ’ਚੋ,
ਮਾਨਵ ਨੂੰ ਜਗਾਇਆ ਸੀ ਵਕਤ ਉਸ
ਗੁਰ ਨਾਨਕ ਨੇ ਖ਼ਾਬ ’ਚੋ।
ਬਾਲ ਅਵਸਥਾ ਵਿੱਚ ਹੀ ਆਪ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਸੱਚਾ ਸੌਦਾ ਕਰਕੇ ਇਕ ਨਵੀਂ ਪਰੰਪਰਾ ਦੀ ਨੀਂਵ ਰੱਖ ਦਿੱਤੀ। ਅਸਲ ’ਚ ਗੁਰੂ ਨਾਨਕ ਇਕ ਇਨਸਾਨ ਦਾ ਨਾਮ ਨਹੀਂ ਹੈ, ਇਹ ਇਕ ਫਲਸਫੇ ਦਾ, ਮਰਿਆਦਾ ਦਾ, ਜੀਵਨ ਜਾਂਚ ਦਾ ਅਤੇ ਕਰਮ ਦਾ ਨਾਮ ਹੈ। ਉਹ ਹਰੇਕ ਬੰਦੇ ਨੂੰ ਜ਼ਿੰਦਗੀ ਵਿੱਚ ਕਰਮ ਕਰਕੇ ਆਪਣੇ ਕਾਰਜ ਨੇਪਰੇ ਚਾੜਨ ਦਾ ਸੁਨੇਹਾ ਦਿੰਦੇ ਹਨ। ਉਹ ਸਾਨੂੰ ਪਾਖੰਡਵਾਦ ਤੋਂ ਦੂਰ ਕਰਦੇ ਹਨ ਭਾਵ ਪਖੰਡਾਂ ਤੋਂ ਦੂਰ ਕਰਨ ਦਾ ਨਾਂ ਨਾਨਕ ਹੈ। ਸੱਚੇ ਮਾਰਗ ਚੱਲਣ ਦਾ ਅਤੇ ਸੱਚ ਦਾ ਸੁਨੇਹਾ ਹਰ ਕਿਸੇ ਨੂੰ ਦੇਣ ਦਾ ਨਾਮ ਨਾਨਕ ਹੈ। ਉਹਨਾਂ ਦੀਆਂ ਉਦਾਸੀਆਂ ਸੱਚ ਦਾ ਸੁਨੇਹਾ ਹੀ ਤਾਂ ਦਿੰਦੀਆਂ ਹਨ। ਜਿਹੜੀਆਂ ਕਿ ਸੱਚੀ ਜ਼ਿੰਦਗੀ ਜਿਉਣ ਦੀ ਕਲਾ ਸਿਖਾਉਂਦੀਆਂ ਹਨ।
ਪੰਜਾਬ ਵਿੱਚ ਕੋਈ ਮੰਨੇ ਚਾਹੇ ਨਾ ਮੰਨੇ, ਹਰ ਕੋਈ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦਾ, ਉਹਨਾਂ ਦੀ ਮਰਿਆਦਾ ਦਾ ਪਾਲਣ ਕਰਦਾ ਹੈ। ਚਾਹੇ ਉਹ ਹਿੰਦੂ ਹੀ ਕਿਉਂ ਨਾ ਹੋਵੇ। ਹਿੰਦੂ ਧਰਮ ਵਿੱਚ ਬੱਚੇ ਦੇ ਜਨੇਊ ਪਾਉਣ ਦੀ ਰਸਮ ਕੀਤੀ ਜਾਂਦੀ ਹੈ। ਪਰ ਜਦੋਂ ਗੁਰੂ ਨਾਨਕ ਸਾਹਿਬ ਨੇ ਇਸ ਨੂੰ ਧਾਰਨ ਕਰਨ ਤੋਂ ਇਨਕਾਰ ਕੀਤਾ ਹੈ ਤਾਂ ਸਾਰੀ ਪੰਜਾਬੀਅਤ ਉਸ ਸਮੇਂ ਤੋਂ ਉਹਨਾਂ ਦਾ ਅਨੁਸਰਨ* ਕਰਦੀ ਆਈ ਹੈ। ਅੱਜ ਵੀ ਪੰਜਾਬ ਦਾ ਕੋਈ ਵੀ ਹਿੰਦੂ ਜਨੇਊ ਧਾਰਨ ਨਹੀਂ ਕਰਦਾ। ਸਿੱਖ ਪਰਿਵਾਰਾਂ ਦੇ ਨਾਲ਼-ਨਾਲ਼ ਹਜ਼ਾਰਾਂ ਹਿੰਦੂ ਪਰਿਵਾਰ ਵੀ ਅਜਿਹੇ ਹਨ ਜਿਹੜੇ ਨਾਨਕ ਸਾਹਿਬ ਦੀ ਬਾਣੀ ਸੁਣਦੇ ਅਤੇ ਮੰਨਦੇ ਆਏ ਹਨ।
ਗੁਰੂ ਨਾਨਕ ਦੀ ਮਰਿਆਦਾ ਕਿਰਤ ਕਰਨ ਦੀ ਹੈ, ਵੰਡ ਕੇ ਛਕਣ ਦੀ ਹੈ, ਸੱਚੇ ਰਸਤੇ ਤੇ ਚੱਲਣ ਦੀ ਹੈ ਅਤੇ ਸਰਬਤ ਦੇ ਭਲੇ ਦੀ ਹੈ। ਸਾਨੂੰ ਸਿਰਫ਼ ਗੁਰੂ ਘਰਾਂ ਵਿੱਚ ਜਾ ਕੇ ਮੱਥਾ ਹੀ ਨਹੀਂ ਟੇਕਣਾ ਚਾਹੀਦਾ ਸਗੋਂ ਉਹਨਾਂ ਦੇ ਇਸ ਫਲਸਫੇ, ਇਸ ਬਾਣੀ ਨੂੰ ਧਾਰਨ ਵੀ ਕਰਨਾ ਚਾਹੀਦਾ ਹੈ।
ਗੁਰੂ ਨਾਨਕ ਸਾਹਿਬ ਕਣ ਕਣ ਵਿੱਚ ਪ੍ਰਮਾਤਮਾ ਦਾ ਵਾਸਾ ਅਤੇ ਸਭ ਕੁਝ ਉਸਦਾ ਹੀ ਮੰਨਦੇ ਹਨ। ਤੇਰਾ ਹੀ ਤੇਰਾ।
ਤੇਰਾ ਤੂਝ ਕੋ ਸੌਂਪ ਦੂ ਕਿਆ ਲਾਗੇ ਮੇਰਾ।
ਜਦੋਂ ਉਹ ਵੱਡੀ ਭੈਣ ਬੇਬੇ ਨਾਨਕੀ ਜੀ ਪਾਸ ਸੁਲਤਾਨਪੁਰ ਗਏ ਤਾਂ ਮੋਦੀ ਖਾਨੇ ਨੌਕਰੀ ਕੀਤੀ। ਉਸ ਬਾਰੇ ਗੁਰੂ ਘਰ ਨਾਨਕਸਰ ਦੇ ਸੇਵਕ ਰਹੇ ਮਸ਼ਹੂਰ ਕਵਿ ਡਾ. ਤਾਰਾ ਸਿੰਘ ਆਲਮ ਲਿਖਦੇ ਹਨ:
ਮੋਦੀ ਖਾਨਾ ਪਤਾ ਦੱਸੇ ਤੇਰਾ ਤੇਰਾ ਤੋਲਦਾ
ਕੌੜਾ ਰੀਠਾ ਅਜੇ ਤੱਕ ਮਿੱਠਾ ਮਿੱਠਾ ਬੋਲਦਾ।
ਇਥੇ ਹੀ ਆਪ ਜੀ ਨੇ ਕਾਜੀ ਅਤੇ ਨਵਾਬ ਨਾਲ਼ ਮਸੀਤ ਜਾਣਾ, ਉਨ੍ਹਾਂ ਨੂੰ ਖੁਦਾ ਦੀ ਇਬਾਦਤ ਕਰਨ ਦਾ ਭੇਤ ਸਮਝਾਉਣਾ ਆਦਿ ਕਈ ਕੌਤਕ ਕੀਤੇ। ਕਾਫ਼ੀ ਸਮਾਂ ਸੁਲਤਾਨਪੁਰ ਰਹਿੰਦੇ, ਇਕ ਦਿਨ ਉਹਨਾਂ ਤੱਕਿਆ ਕਿ ਲੋਕਾਈ ਈਰਖਾ ਦੀ ਅੱਗ ਵਿੱਚ ਸੜ ਕੇ ਮਰੀ ਜਾ ਰਹੀ ਹੈ।
ਬਾਬਾ ਦੇਖੈ ਧਿਆਨ ਧਰਿ,
ਜਲਤੀ ਸਭਿ ਪਿ੍ਰਥਵੀ ਦਿਸਿ ਆਈ।
ਜਿਸ ਮਕਸਦ ਵਾਸਤੇ ਆਪ ਨੇ ਅਵਤਾਰ ਧਾਰਨ ਕੀਤਾ ਸੀ, ਉਸ ਉਦੇਸ਼ ਨੂੰ ਲੈ ਕੇ ਪਹਿਲੀ ਉਦਾਸੀ ਦਾ ਆਰੰਭ ਕਰਨਾ ਅਤੇ ਮਰਦਾਨੇ ਨੂੰ ਕਹਿਣ ਲੱਗੇ ਚੱਲ ਤੈਨੂੰ ਭਗਤੀ ਦਾ ਘਰ ਦਿਖਾਈਏ। ਉਸ ਸਮੇਂ ਕੋਈ ਕਿਸੇ ਦਾ ਸਤਿਕਾਰ ਨਹੀਂ ਕਰਦਾ ਸੀ। ਊਚ ਨੀਚ ਦਾ ਕੋਈ ਵਿਚਾਰ ਨਾ ਰਿਹਾ। ਵੇਲ਼ੇ ਦੇ ਦੇਸ਼ ਦੇ ਬਾਦਸ਼ਾਹ ਅਧਰਮੀ ਅਤੇ ਬੇਇਨਸਾਫ਼ੀ ਹੋ ਗਏ ਸਨ। ਇਸ ਤਰ੍ਹਾਂ ਕਸਾਈ ਬਣ ਅਤੇ ਜ਼ਾਲਮ ਹੋ ਕੇ ਪਰਜਾ ’ਤੇ ਜ਼ੁਲਮ ਢਾਉਣ ਲੱਗੇ ਸਨ। ਇਸ ਤਰ੍ਹਾਂ ਸਿ੍ਰਸ਼ਟੀ ਸ਼ੁਭ ਕਰਮਾਂ ਤੋਂ ਹੀਣ ਹੋ ਗਈ।
ਜਿੱਥੇ ਧਰਮ ਦਾ ਪਤਨ ਹੋ ਚੁੱਕਾ ਸੀ, ਉਥੇ ਲੋਕਾਂ ਨਾਲ਼ ਰਾਜਸੀ ਧੱਕਾ ਵੀ ਸਿਖਰਾਂ ’ਤੇ ਸੀ। ਜੇਕਰ ਹਿੰਦੂ ਜਨਤਾ ਮੁਸਲਮ ਹਾਕਮਾਂ ਦੀ ਕੱਟੜਤਾ ਤੋਂ ਦੁਖੀ ਸੀ ਤਾਂ ਗਰੀਬ ਮੁਸਲਮ ਜਨਤਾ ਵੀ ਘੱਟ ਦੁਖੀ ਨਹੀਂ ਸੀ। ਰਾਜੇ ਕਸਾਈ ’ਤੇ ਅਨਿਆਈ ਸਨ। ਦੁਖੀ ਦੁਨੀਆਂ ਦੀ ਪੁਕਾਰ ਸੁਣਕੇ ਅਜਿਹੀਆਂ ਪ੍ਰਸਥਿਤੀਆਂ ਵਿੱਚ ਗੁਰੂ ਨਾਨਕ ਦੇਵ ਜੀ ਵਰਗੇ ਦੈਵੀ ਮਹਾਂਪੁਰਸ਼ ਨੂੰ ਦਾਤਾਰ ਪ੍ਰਭੂ ਨੇ ਸ਼ਿ੍ਰਸ਼ਟੀ ਦੇ ਕਲਿਆਣ ਲਈ ਭੇਜਿਆ। ਇਸ ਤਰ੍ਹਾਂ ਗੁਰੂ ਨਾਨਕ ਅਵਤਾਰ ਕਲਯੁਗ ਦੇ ਲੋਕਾ ਨੂੰ ਤਾਰਨ ਵਾਸਤੇ ਆਏ। ਅਗਿਆਨਤਾ ਦੂਰ ਹੋ ਗਈ ਅਤੇ ਗਿਆਨ ਦਾ ਚਾਰੇ ਪਾਸੇ ਪਸਾਰਾ ਹੋਇਆ।
ਗੁਰੂ ਨਾਨਕ ਦੇਵ ਜੀ ਅਕਾਲ ਰੂਪ ਸਨ, ਕਿਉਂਕਿ ਉਹ ਅਕਾਲ ਪੁਰਖ ਨਾਲ਼ ਇਕ ਮਿੱਕ ਸਨ। ਉਹ ਅਕਾਲ ਪੁਰਖ ਵੱਲੋਂ ਵਰੋਸਾਇ ਹੋਣ ਕਰਕੇ ਜਗਤ ਗੁਰੂ ਆਖੇ ਜਾ ਸਕਦੇ ਹਨ, ਕਿਉਂਕਿ ਉਨ੍ਹਾਂ ਨੂੰ ਦੋਹਾਂ ਕੌਮਾਂ ਹਿੰਦੂ ਅਤੇ ਮੁਸਲਮਾਨ ਨੂੰ ਇਕ ਕਰਕੇ ‘ਧੁਰ ਕੀ ਬਾਣੀ’ ਉਚਾਰ ਕੇ ਬਿਨ੍ਹਾਂ ਮਜ਼ਹਬ ਦੁਨੀਆਂ ਦਾ ਆਧਾਰ ਸਥਾਪਿਤ ਕੀਤਾ। ਆਪ ਜੀ ਨੇ ਭਾਈ ਲਾਲੋ ਦੇ ਘਰ ਪਹੁੰਚ ਕੇ ਉਸ ਦੀ ਰੁੱਖੀ ਮਿੱਸੀ ਰੋਟੀ ਦਾ ਭੋਗ ਲਾਇਆ ਅਤੇ ਮਲਕ ਭਾਗੋ ਦੀ ਰੋਟੀ ਵਿੱਚੋਂ ਹੰਕਾਰ ਰੂਪੀ ਲਹੂ ਦੇ ਤੁਪਕੇ ਕੱਢੇ।
ਆਪਜੀ ਨੇ ਸੱਜਣ ਠੱਗ, ਕੌਡੇ ਰਾਕਸ਼ ਅਤੇ ਵਲੀ ਕੰਧਾਰੀ ਜਿਹੇ ਆਦਮ ਖੋਰਾਂ ਨੂੰ ਆਪਣੇ ਪ੍ਰਬਚਨਾਂ ਸਦਕਾ ਇਕ ਨਵੀਂ ਜੀਵਨ ਜਾਂਚ ਦਿੱਤੀ ਅਤੇ ਗਰੀਬਾਂ ਨੂੰ ਆਪਣੇ ਗਲੇ ਲਾਇਆ। ਬਾਬਰ ਨੂੰ ਜਾਬਰ ਕਿਹਾ, ਗੱਲ ਕੀ ਸੱਚ ਬੋਲਣਾ ਅਤੇ ਸੱਚ ’ਤੇ ਪਹਿਰਾ ਦੇਣਾ ਉਹ ਵੀ ਬਿਨਾਂ ਕਿਸੇ ਡਰ ਤੋਂ। ਵਹਿਮਾਂ ਭਰਮਾਂ ਅਤੇ ਪਾਖੰਡਾ ਤੋਂ ਲੋਕਾਂ ਨੂੰ ਲਗਾਤਾਰ ਸੁਚੇਤ ਕਰਦੇ ਰਹੇ। ਆਪ ਜੀ ਦੇ ਵੇਲੇ ਜਦੋਂ ਹਿੰਦੂ ਧਰਮ ਪੂਰੀ ਤਰ੍ਹਾਂ ਨਿਘਾਰ ਵੱਲ ਸੀ ਅਤੇ ਮੁਸਲਮਾਨ ਵੀ ਇਨ੍ਹਾਂ ਪਖੰਡਾਂ ਆਦਿ ਦੇ ਸ਼ਿਕਾਰ ਹੋ ਗਏ ਸਨ ਤਾਂ ਗੁਰੂ ਜੀ ਦੇ ਸ਼ਬਦਾ ’ਚ :
ਸਰਮੁ ਧਰਮੁ ਦੁਇ ਛਪਿ ਖਲੋਏ
ਕੂੜੁ ਫਿਰੈ ਪਰਧਾਨੁ ਵੇ ਲਾਲੋ ॥
ਕਾਜੀਆ ਬਾਮਣਾ ਕੀ ਗਲ ਥਕੀ
ਅਗਦੁ ਪੜੈ ਸੈਤਾਨੁ ਵੇ ਲਾਲੋ ॥
ਮੁਸਲਮਾਨੀਆ ਪੜਹਿ ਕਤੇਬਾ
ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ (੭੨੨)
ਉਨ੍ਹਾਂ ਦੇ ਸਾਥੀ ਮਰਦਾਨਾ ਜੀ ਰਬਾਬ ਦੇ ਤਾਰ ਛੱਡਦੇ ਤਾਂ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਪ੍ਰਤੀ ਬਿਰਾਗ ਪੈਦਾ ਕਰਦੇ ਅਤੇ ਉਸ ਅਕਾਲ ਪੁਰਖ ਦੀ ਸਿਫ਼ਤ ਸਲਾਹ ਆਪਣੇ ਪਵਿੱਤਰ ਮੁਖਾਰਬਿੰਦ ’ਚੋਂ ਉਚਾਰਦੇ ਤਾਂ ਲੋਕਾਂ ਦੇ ਮਨਾਂ ’ਚ ਪਈਆਂ ਗਲਤ ਧਾਰਨਾਵਾਂ ਦੀਆਂ ਗੰਢਾਂ ਖੁੱਲ੍ਹਦੀਆਂ। ਉਹ ਧੰਨ ਗੁਰੂ ਨਾਨਕ ਆਖਦੇ। ਇਸੇ ਬਾਰੇ ਇਕ ਹੋਰ ਥਾਂ ਡਾ. ਤਾਰਾ ਸਿੰਘ ਲਿਖਦੇ ਹਨ:
ਉਹਦੇ ਮੁਖੜੇ ’ਤੇ ਲਾਲੀ, ਉਹਦਾ ਨੂਰ ਹੈ ਨਿਰਾਲਾ।
ਮਰਦਾਨਾ ਸੱਜੇ ਪਾਸੇ, ਉਹਦੇ ਖੱਬੇ ਹੱਥ ਬਾਲਾ।
ਮਰਦਾਨਾ ਰਬਾਬ ਵਜਾਏ ਬਾਲਾ ਚੌਰ ਨੂੰ ਝੁਲਾਵੇ।
ਗੁਰੂ ਮਿੱਠਾ ਮਿੱਠਾ ਗਾਵੇ ਉਹਨੂੰ ਬਾਣੀ ਧੁਰੋਂ ਆਵੇ।
ਵਾਹਿਗੁਰੂ ਜਪੋ ਫੇਰੋ ਸਵਾਸਾਂ ਵਾਲੀ ਮਾਲਾ॥।
ਸਾਨੂੰ ਗੁਰੂ ਨਾਨਕ ਦੇਵ ਜੀ ਦੇ ਸਮੁੱਚੇ ਜੀਵਨ ’ਚੋਂ ਸਾਨੂੰ ਸੱਚੇ ਰਸਤੇ ’ਤੇ ਚੱਲ ਕੇ ਅਤੇ ਪਾਖੰਡ ਤੋਂ ਦੂਰ ਰਹਿ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦੀ ਜਾਚ ਮਿਲਦੀ ਹੈ। ਅਜਿਹੀ ਸਮਦਰਸ਼ੀ, ਪਵਿੱਤਰ ਆਤਮਾ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਜਨਮ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਨੂੰ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ। ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਦੀਵਾਨ ਸਜਾਏ ਜਾਂਦੇ ਹਨ ਅਤੇ ਦੀਪਮਾਲਾ ਕੀਤੀ ਜਾਂਦੀ ਹੈ ਅਤੇ ਸਰਬੱਤ ਦੇ ਭਲੇ ਲਈ ਗਾਇਆ ਜਾਂਦਾ ਹੈ:
ਨਾਨਕ ਨਾਮ ਚੜਦੀ ਕਲਾ।
ਤੇਰੇ ਭਾਣੇ ਸਰਬਤ ਦਾ ਭਲਾ।
